Print Page Options
Previous Prev Day Next DayNext

Revised Common Lectionary (Semicontinuous)

Daily Bible readings that follow the church liturgical year, with sequential stories told across multiple weeks.
Duration: 1245 days
Punjabi Bible: Easy-to-Read Version (ERV-PA)
Version
ਕੂਚ 3:1-15

ਬਲਦੀ ਹੋਈ ਝਾੜੀ

ਮੂਸਾ ਦੇ ਸੌਹਰੇ ਦਾ ਨਾ ਯਿਥਰੋ ਸੀ। (ਯਿਥਰੋ ਮਿਦਯਾਨ ਦਾ ਜਾਜਕ ਸੀ।) ਮੂਸਾ ਯਿਥਰੋ ਦੀਆਂ ਭੇਡਾਂ ਦੀ ਰੱਖਵਾਲੀ ਕਰਦਾ ਸੀ। ਇੱਕ ਦਿਨ ਮੂਸਾ ਭੇਡਾਂ ਨੂੰ ਮਾਰੂਥਲ ਦੇ ਪੱਛਮ ਵਾਲੇ ਪਾਸੇ ਲੈ ਗਿਆ। ਮੂਸਾ ਹੋਰੇਬ (ਸਿਨਈ) ਨਾਂ ਦੇ ਪਰਬਤ ਉੱਪਰ ਗਿਆ, ਜਿਹੜਾ ਪਰਮੇਸ਼ੁਰ ਦਾ ਪਰਬਤ ਸੀ। ਉਸ ਪਰਬਤ ਉੱਤੇ, ਮੂਸਾ ਨੇ ਯਹੋਵਾਹ ਦੇ ਦੂਤ ਨੂੰ ਬਲਦੀ ਹੋਈ ਝਾੜੀ ਵਿੱਚ ਦੇਖਿਆ। ਇਹ ਇਉਂ ਵਾਪਰਿਆ।

ਮੂਸਾ ਨੇ ਇੱਕ ਝਾੜੀ ਦੇਖੀ ਜਿਹੜੀ ਭਸਮ ਹੋਣ ਤੋਂ ਬਿਨਾ ਬਲ ਰਹੀ ਸੀ। ਇਸ ਲਈ ਮੂਸਾ ਨੇ ਝਾੜੀ ਦੇ ਨੇੜੇ ਜਾਣ ਤੇ ਇਹ ਦੇਖਣ ਦਾ ਨਿਆਂ ਕੀਤਾ ਕਿ ਕੋਈ ਝਾੜੀ ਭਸਮ ਹੋਣ ਤੋਂ ਬਿਨਾ ਬਲਦੀ ਕਿਵੇਂ ਰਹਿ ਸੱਕਦੀ ਹੈ।

ਯਹੋਵਾਹ ਨੇ ਦੇਖਿਆ ਕਿ ਮੂਸਾ ਝਾੜੀ ਵੱਲ ਦੇਖਣ ਲਈ ਆ ਰਿਹਾ ਸੀ। ਇਸ ਲਈ ਪਰਮੇਸ਼ੁਰ ਨੇ ਮੂਸਾ ਨੂੰ ਝਾੜੀ ਵਿੱਚੋਂ ਅਵਾਜ਼ ਦਿੱਤੀ। ਪਰਮੇਸ਼ੁਰ ਨੇ ਆਖਿਆ, “ਮੂਸਾ, ਮੂਸਾ।”

ਅਤੇ ਮੂਸਾ ਨੇ ਆਖਿਆ, “ਹਾਂ ਯਹੋਵਾਹ।”

ਤਾਂ ਯਹੋਵਾਹ ਨੇ ਆਖਿਆ, “ਹੋਰ ਨੇੜੇ ਨਾ ਆਵੀਂ। ਆਪਣੀਆਂ ਜੁੱਤੀਆਂ ਲਾਹ ਲੈ। ਜਿਸ ਥਾਂ ਉੱਤੇ ਤੂੰ ਖਲੋਤਾ ਹੈਂ, ਉਹ ਮੇਰੇ ਇਸ ਥਾਂ ਤੇ ਹੋਣ ਕਾਰਣ ਪਵਿੱਤਰ ਹੈ। ਮੈਂ ਤੇਰੇ ਪੁਰਖਿਆਂ ਦਾ ਪਰਮੇਸ਼ੁਰ ਹਾਂ। ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਤੇ ਯਾਕੂਬ ਦਾ ਪਰਮੇਸ਼ੁਰ ਹਾਂ।”

ਮੂਸਾ ਨੇ ਆਪਣਾ ਚਿਹਰਾ ਕੱਜ ਲਿਆ ਕਿਉਂਕਿ ਉਹ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ।

ਤਾਂ ਯਹੋਵਾਹ ਨੇ ਆਖਿਆ, “ਮੈਂ ਆਪਣੇ ਲੋਕਾਂ ਦੀਆਂ ਉਹ ਮੁਸੀਬਤਾਂ ਦੇਖੀਆਂ ਹਨ ਜੋ ਉਨ੍ਹਾਂ ਨੇ ਮਿਸਰ ਵਿੱਚ ਝੱਲੀਆਂ ਹਨ। ਅਤੇ ਜਦੋਂ ਮਿਸਰੀਆਂ ਨੇ ਉਨ੍ਹਾਂ ਨੂੰ ਦੁੱਖ ਦਿੱਤੇ ਮੈਂ ਉਨ੍ਹਾਂ ਦੀ ਪੁਕਾਰ ਸੁਣ ਲਈ ਹੈ। ਮੈਨੂੰ ਉਨ੍ਹਾਂ ਦੇ ਦੁੱਖ ਦਾ ਪਤਾ ਹੈ। ਹੁਣ ਮੈਂ ਹੇਠਾਂ ਜਾਵਾਂਗਾ ਅਤੇ ਆਪਣੇ ਲੋਕਾਂ ਨੂੰ ਮਿਸਰੀਆਂ ਤੋਂ ਬਚਾਵਾਂਗਾ। ਮੈਂ ਉਨ੍ਹਾਂ ਨੂੰ ਇਸ ਧਰਤੀ ਤੋਂ ਕੱਢ ਕੇ ਉਸ ਧਰਤੀ ਤੇ ਲੈ ਜਾਵਾਂਗਾ ਜੋ ਚੰਗੀ ਅਤੇ ਵਿਸ਼ਾਲ ਹੈ ਅਤੇ ਦੁੱਧ ਅਤੇ ਸ਼ਹਿਦ ਜਿਹੀਆਂ ਚੰਗੀਆਂ ਚੀਜ਼ਾਂ ਨਾਲ ਭਰਪੂਰ ਹੈ। ਭਿੰਨ-ਭਿੰਨ ਕੌਮਾਂ ਦੇ ਲੋਕ ਉੱਥੇ ਰਹਿੰਦੇ ਹਨ, ਉਹ ਹਨ; ਕਨਾਨੀ, ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ। ਮੈਂ ਇਸਰਾਏਲ ਦੇ ਲੋਕਾਂ ਦੀ ਪੁਕਾਰ ਸੁਣ ਲਈ ਹੈ। ਮੈਂ ਦੇਖ ਲਿਆ ਹੈ ਕਿ ਮਿਸਰੀਆਂ ਨੇ ਕਿਵੇਂ ਉਨ੍ਹਾਂ ਦਾ ਜਿਉਣਾ ਹਰਾਮ ਕਰ ਦਿੱਤਾ ਹੈ। 10 ਇਸ ਲਈ ਹੁਣ ਮੈਂ ਤੈਨੂੰ ਫ਼ਿਰਊਨ ਵੱਲ ਭੇਜ ਰਿਹਾ ਹਾਂ। ਜਾਹ, ਮੇਰੇ ਬੰਦਿਆਂ, ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਜਾਣ ਵਿੱਚ ਅਗਵਾਈ ਕਰ।”

11 ਪਰ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਮੈਂ ਕੋਈ ਵੱਡਾ ਆਦਮੀ ਨਹੀਂ ਹਾਂ। ਫ਼ਿਰਊਨ ਕੋਲ ਜਾਣ ਵਾਲਾ ਅਤੇ ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਅਗਵਾਈ ਕਰਨ ਵਾਲਾ ਬੰਦਾ ਮੈਂ ਕਿਵੇਂ ਹੋ ਸੱਕਦਾ ਹਾਂ?”

12 ਪਰਮੇਸ਼ੁਰ ਨੇ ਆਖ਼ਿਆ, “ਤੂੰ ਅਜਿਹਾ ਕਰ ਸੱਕਦਾ ਹੈਂ ਕਿਉਂਕਿ ਮੈਂ ਤੇਰੇ ਅੰਗ-ਸੰਗ ਹੋਵਾਂਗਾ। ਇਹ ਸਬੂਤ ਹੋਵੇਗਾ ਕਿ ਮੈਂ ਤੈਨੂੰ ਭੇਜ ਰਿਹਾ ਹਾਂ; ਜਦੋਂ ਤੂੰ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਵੇਂਗਾ, ਤੂੰ ਆਕੇ ਇਸ ਪਰਬਤ ਤੇ ਮੇਰੀ ਉਪਾਸਨਾ ਕਰੇਂਗਾ।”

13 ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਪਰ ਜੇ ਮੈਂ ਇਸਰਾਏਲ ਦੇ ਲੋਕਾਂ ਕੋਲ ਜਾਵਾਂ ਤੇ ਉਨ੍ਹਾਂ ਨੂੰ ਆਖਾਂ, ‘ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਮੈਨੂੰ ਭੇਜਿਆ ਹੈ।’ ਤਾਂ ਲੋਕ ਪੁੱਛਣਗੇ, ‘ਉਸਦਾ ਕੀ ਨਾਮ ਹੈ?’ ਮੈਂ ਉਨ੍ਹਾਂ ਨੂੰ ਕੀ ਦੱਸਾਂ?”

14 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਉਨ੍ਹਾਂ ਨੂੰ ਦੱਸੀ ‘ਮੈਂ ਹਾ ਜੋ ਮੈਂ ਹਾਂ’ ਜਦੋਂ ਤੂੰ ਇਸਰਾਏਲ ਦੇ ਲੋਕਾਂ ਕੋਲ ਜਾਵੇ ਤਾਂ ਉਨ੍ਹਾਂ ਨੂੰ ਆਖੀਂ ‘ਮੈਂ ਹਾਂ’ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ।” 15 ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਤੈਨੂੰ ਲੋਕਾਂ ਨੂੰ ਇਹ ਆਖਣਾ ਚਾਹੀਦਾ ਹੈ; ‘ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹੈ। ਮੇਰਾ ਨਾਮ ਹਮੇਸ਼ਾ ਯਾਹਵੇਹ ਹੋਵੇਗਾ। ਇਸੇ ਤਰ੍ਹਾਂ ਲੋਕ ਪੀੜੀਆਂ ਦਰ ਪੀੜੀਆਂ ਤੱਕ ਮੈਨੂੰ ਜਾਨਣਗੇ।’ ਲੋਕਾਂ ਨੂੰ ਦੱਸ, ‘ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।’”

ਜ਼ਬੂਰ 105:1-6

105 ਯਹੋਵਾਹ ਦਾ ਧੰਨਵਾਦ ਕਰੋ। ਉਸ ਦੇ ਨਾਮ ਦੀ ਉਪਾਸਨਾ ਕਰੋ।
    ਕੌਮਾਂ ਨੂੰ ਉਸ ਦੇ ਚਮਤਕਾਰਾਂ ਬਾਰੇ ਦੱਸੋ।
ਯਹੋਵਾਹ ਲਈ ਗੀਤ ਗਾਵੋ।
    ਉਸਦੀ ਉਸਤਤਿ ਗਾਵੋ ਉਸ ਦੇ ਚਮਤਕਾਰਾਂ ਬਾਰੇ ਦੱਸੋ।
ਯਹੋਵਾਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ।
    ਤੁਸੀਂ ਜਿਹੜੇ ਯਹੋਵਾਹ ਦੀ ਤਲਾਸ਼ ਵਿੱਚ ਆਏ ਸੀ ਖੁਸ਼ ਹੋ ਜਾਵੋ।
ਯਹੋਵਾਹ ਪਾਸੋਂ ਸ਼ਕਤੀ ਮੰਗੋ,
    ਹਮੇਸ਼ਾ ਸਹਾਇਤਾ ਲਈ ਉਸ ਵੱਲ ਤੱਕੋ।
ਉਸ ਦੇ ਕਰਿਸ਼ਮਿਆਂ ਅਤੇ ਸਿਆਣੇ ਨਿਆਂਇਆਂ ਨੂੰ ਚੇਤੇ ਰੱਖੋ।
ਤੁਸੀਂ ਉਸ ਦੇ ਨੌਕਰ ਅਬਰਾਹਾਮ ਦੀ ਔਲਾਦ ਹੋ।
    ਤੁਸੀਂ ਯਾਕੂਬ ਦੀ ਔਲਾਦ ਹੋ, ਜਿਸ ਬੰਦੇ ਨੂੰ ਪਰਮੇਸ਼ੁਰ ਨੇ ਚੁਣਿਆ ਸੀ।

ਜ਼ਬੂਰ 105:23-26

23 ਫ਼ੇਰ ਇਸਰਾਏਲ ਮਿਸਰ ਵਿੱਚ ਆਇਆ,
    ਯਾਕੂਬ ਹੈਮ ਦੇ ਦੇਸ਼ ਵਿੱਚ ਰਹਿੰਦਾ ਸੀ।
24 ਯਾਕੂਬ ਦਾ ਪਰਿਵਾਰ ਬਹੁਤ ਵੱਡਾ ਹੋ ਗਿਆ।
    ਉਹ ਆਪਣੇ ਦੁਸ਼ਮਣਾਂ ਨਾਲੋਂ ਵੱਧੇਰੇ ਸ਼ਕਤੀਸ਼ਾਲੀ ਹੋ ਗਏ।
25 ਇਸ ਲਈ ਮਿਸਰਿਆਂ ਨੇ ਯਾਕੂਬ ਦੇ ਪਰਿਵਾਰ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ।
    ਉਨ੍ਹਾਂ ਨੇ ਉਨ੍ਹਾਂ ਦੇ ਗੁਲਾਮਾਂ ਦੇ ਖਿਲਾਫ਼ ਵਿਉਂਤਾ ਬਣਾਈਆਂ।
26 ਇਸ ਲਈ ਪਰਮੇਸ਼ੁਰ ਨੇ ਆਪਣੇ ਸੇਵਕ ਮੂਸਾ ਨੂੰ
    ਅਤੇ ਪਰਮੇਸ਼ੁਰ ਦੇ ਚੁਣੇ ਜਾਜਕ ਹਾਰੂਨ ਨੂੰ ਭੇਜਿਆ।

ਜ਼ਬੂਰ 105:45

45 ਪਰਮੇਸ਼ੁਰ ਨੇ ਅਜਿਹਾ ਕਿਉਂ ਕੀਤਾ?
ਤਾਂ ਜੋ ਉਸ ਦੇ ਲੋਕ ਉਸ ਦੇ ਨੇਮਾਂ ਦੀ ਪਾਲਣਾ ਕਰ ਸੱਕਣ।
    ਤਾਂ ਜੋ ਉਹ ਧਿਆਨ ਨਾਲ ਉਸ ਦੇ ਉਪਦੇਸ਼ਾਂ ਨੂੰ ਮੰਨਣ।
ਯਹੋਵਾਹ ਦੀ ਉਸਤਿਤ ਕਰੋ!

ਰੋਮੀਆਂ ਨੂੰ 12:9-21

ਤੁਹਾਡਾ ਪਿਆਰ ਸੱਚਾ ਹੋਵੇ, ਬਦੀ ਨੂੰ ਨਫ਼ਰਤ ਕਰੋ, ਸਿਰਫ਼ ਚੰਗੀਆਂ ਗੱਲਾਂ ਹੀ ਕਰੋ। 10 ਇੱਕ ਦੂਜੇ ਨਾਲ ਕੁਦਰਤੀ ਪਰਿਵਾਰਾਂ ਵਾਂਗ ਭੈਣਾਂ ਭਰਾਂਵਾਂ ਜਿੰਨਾ ਪਿਆਰ ਕਰੋ। ਤੁਸੀਂ ਆਪਣੇ-ਆਪ ਤੋਂ ਵੱਧ ਜਿੰਨਾ ਕਿ ਤੁਸੀਂ ਆਪਣੇ ਲਈ ਮਾਨ ਚਾਹੁੰਦੇ ਹੋ, ਉਸ ਤੋਂ ਵੱਧ ਮਾਨ ਆਪਣੇ ਭੈਣਾਂ ਭਰਾਵਾਂ ਨੂੰ ਦੇਵੋ। 11 ਜਦੋਂ ਤੁਹਾਨੂੰ ਪਰਮੇਸ਼ੁਰ ਲਈ, ਜਿੰਨਾ ਤੁਸੀਂ ਕਰ ਸੱਕਦੇ ਹੋ, ਕੰਮ ਕਰਨ ਦੀ ਜ਼ਰੂਰਤ ਪਵੇ ਤਾਂ ਆਲਸ ਮਹਿਸੂਸ ਨਾ ਕਰੋ। ਆਤਮਕ ਤੌਰ ਤੇ ਉਤਸਾਹਿਤ ਹੋਕੇ ਉਸਦੀ ਸੇਵਾ ਵਿੱਚ ਲੀਨ ਰਹੋ। 12 ਆਸ ਵਿੱਚ ਖੁਸ਼ ਰਹੋ ਅਤੇ ਸੰਕਟ ਵਿੱਚ ਧੀਰਜ ਰੱਖੋ। ਹਰ ਵਕਤ ਪ੍ਰਾਰਥਨਾ ਕਰੋ। 13 ਪਰਮੇਸ਼ੁਰ ਦੇ ਉਨ੍ਹਾਂ ਲੋਕਾਂ ਨਾਲ ਚੀਜ਼ਾਂ ਸਾਂਝੀਆਂ ਕਰੋ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਵੇਖੋ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਆਪਣੇ ਘਰੀਂ ਨਿਉਂਤਾ ਦਿਉ।

14 ਉਨ੍ਹਾਂ ਲੋਕਾਂ ਨੂੰ ਵੀ ਚੰਗੀਆਂ ਗੱਲਾਂ ਹੀ ਆਖੋ ਜੋ ਤੁਹਾਡੇ ਨਾਲ ਮਾੜਾ ਸਲੂਕ ਕਰਨ, ਅਤੇ ਉਨ੍ਹਾਂ ਨੂੰ ਸਰਾਪ ਨਾ ਦਿਉ। 15 ਜਦੋਂ ਦੂਜੇ ਲੋਕ ਖੁਸ਼ ਹੋਣ, ਉਨ੍ਹਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਵੇ ਜੇਕਰ ਉਹ ਉਦਾਸ ਹੋਣ, ਉਨ੍ਹਾਂ ਦੀ ਉਦਾਸੀ ਸਾਂਝੀ ਕਰੋ। 16 ਇੱਕ ਦੂਜੇ ਨਾਲ ਅਮਨ ਸ਼ਾਂਤੀ ਵਿੱਚ ਰਹੋ। ਘਮੰਡੀ ਨਾ ਬਣੋ। ਸਾਧਾਰਣ ਲੋਕਾਂ ਨਾਲ ਦੋਸਤੀ ਕਰਨ ਦੇ ਚਾਹਵਾਨ ਬਣੋ। ਆਪਣੇ ਗਿਆਨ ਦਾ ਜ਼ਿਆਦਾ ਅੰਦਾਜ਼ਾ ਨਾ ਲਾਓ।

17 ਜੇਕਰ ਤੁਹਾਡੇ ਨਾਲ ਕੋਈ ਗਲਤ ਕੰਮ ਕਰੇ ਉਸ ਦੇ ਜਵਾਬ ਵਿੱਚ ਉਸ ਨਾਲ ਬੁਰਾ ਨਾ ਕਰੋ। ਆਪਣਾ ਉਹੀ ਉਦੇਸ਼ ਬਣਾਓ ਜੋ ਸਭ ਲਈ ਚੰਗਾ ਹੈ। 18 ਜਿੰਨਾ ਹੋ ਸੱਕੇ, ਸਾਰੇ ਲੋਕਾਂ ਨਾਲ ਸ਼ਾਂਤੀ ਵਿੱਚ ਰਹਿਣ ਲਈ, ਕਰੋ। 19 ਮੇਰੇ ਮਿੱਤਰੋ, ਜਦੋਂ ਕੋਈ ਤੁਹਾਡੇ ਨਾਲ ਬੁਰਾ ਕਰੇ ਉਸ ਦੇ ਬਦਲੇ ਵਿੱਚ ਉਸ ਨੂੰ ਸਜ਼ਾ ਨਾ ਦੇਵੋ ਸਗੋਂ ਇੰਤਜ਼ਾਰ ਕਰੋ ਕਿ ਪਰਮੇਸ਼ੁਰ ਆਪੇ ਉਨ੍ਹਾਂ ਨੂੰ ਆਪਣੀ ਕਰੋਪੀ ਨਾਲ ਦੰਡਿਤ ਕਰੇਗਾ। ਇਹ ਲਿਖਤ ਵਿੱਚ ਹੈ; “ਪ੍ਰਭੂ ਆਖਦਾ ਹੈ, ਮੈਂ ਹੀ ਹਾਂ ਜੋ ਦੰਡਿਤ ਕਰਦਾ ਹਾਂ। ਮੈਂ ਹੀ ਲੋਕਾਂ ਤੋਂ ਬਦਲਾ ਲਵਾਂਗਾ।” [a] 20 ਪਰ ਤੁਹਾਨੂੰ ਇਵੇਂ ਕਰਨਾ ਚਾਹੀਦਾ ਹੈ,

“ਜੇਕਰ ਤੇਰਾ ਦੁਸ਼ਮਣ ਭੁੱਖਾ ਹੈ,
    ਉਸ ਨੂੰ ਭੋਜਨ ਦੇ।
ਜੇਕਰ ਤੇਰਾ ਵੈਰੀ ਪਿਆਸਾ ਹੈ,
    ਉਸ ਨੂੰ ਕੁਝ ਪੀਣ ਲਈ ਦੇ।
ਇੰਝ ਕਰਨ ਨਾਲ ਤੂੰ ਉਸ ਨੂੰ ਸ਼ਰਮਿੰਦਗੀ ਦਾ ਅਹਿਸਾਸ ਕਰਾਵੇਗਾ।” (A)

21 ਬਦੀ ਤੋਂ ਨਾ ਹਾਰੋ, ਪਰ ਚੰਗਿਆਈ ਕਰਕੇ ਬਦੀ ਨੂੰ ਹਰਾਓ।

ਮੱਤੀ 16:21-28

ਯਿਸੂ ਆਪਣੀ ਮੌਤ ਬਾਰੇ ਅਗੰਮ ਵਾਕ ਕਰਦਾ(A)

21 ਉਸ ਸਮੇਂ ਤੋਂ, ਯਿਸੂ ਨੇ ਆਪਣੇ ਚੇਲਿਆਂ ਨੂੰ ਵਰਨਣ ਕਰਨਾ ਸ਼ੁਰੂ ਕੀਤਾ ਕਿ ਉਸ ਨੂੰ ਯਰੂਸ਼ਲਮ ਜਰੂਰ ਜਾਣਾ ਪਵੇਗਾ, ਅਤੇ ਬਜੁਰਗ ਯਹੂਦੀ ਆਗੂਆਂ, ਪਰਧਾਨ ਜਾਜਕਾਂ, ਅਤੇ ਨੇਮ ਦੇ ਉਪਦੇਸ਼ਕਾਂ ਦੁਆਰਾ ਬਹੁਤ ਕਸ਼ਟ ਝੱਲਣੇ ਪੈਣਗੇ। ਅਤੇ ਇਹ ਵੀ ਦੱਸਿਆ ਕਿ ਉਹ ਮਾਰਿਆ ਜਾਵੇਗਾ ਪਰ ਮਰਨ ਦੇ ਤੀਜੇ ਦਿਨ ਉਹ ਫ਼ੇਰ ਜੀ ਉੱਠੇਗਾ।

22 ਤਦ ਪਤਰਸ ਉਸ ਨੂੰ ਇੱਕ ਪਾਸੇ ਲਿਜਾਕੇ ਝਿੜਕਣ ਲੱਗਾ, “ਪ੍ਰਭੂ, ਪਰਮੇਸ਼ੁਰ ਤੁਹਾਨੂੰ ਉਨ੍ਹਾਂ ਗੱਲਾਂ ਤੋਂ ਬਚਾਵੇ। ਇਹ ਕਦੇ ਵੀ ਤੁਹਾਡੇ ਨਾਲ ਨਾ ਵਾਪਰੇ!”

23 ਯਿਸੂ ਮੁੜਿਆ ਅਤੇ ਪਤਰਸ ਨੂੰ ਆਖਿਆ, “ਹੇ ਸ਼ੈਤਾਨ, ਮੈਥੋਂ ਦੂਰ ਚੱਲਿਆ ਜਾ। ਤੂੰ ਮੇਰੀ ਸਹਾਇਤਾ ਨਹੀਂ ਕਰ ਰਿਹਾ, ਤੂੰ ਪਰਮੇਸ਼ੁਰ ਦੇ ਬਚਨਾਂ ਦਾ ਧਿਆਨ ਨਹੀਂ ਕਰ ਰਿਹਾ ਸਗੋਂ ਤੂੰ ਉਨ੍ਹਾਂ ਗੱਲਾਂ ਲਈ ਫ਼ਿਕਰਮੰਦ ਹੈਂ ਜਿਨ੍ਹਾਂ ਨੂੰ ਲੋਕ ਜਰੂਰੀ ਸਮਝਦੇ ਹਨ।”

24 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਸ ਨੂੰ ਉਨ੍ਹਾਂ ਗੱਲਾਂ ਨੂੰ ‘ਨਾਂਹ’ ਆਖਣੀ ਪਵੇਗੀ ਜਿਨ੍ਹਾਂ ਨੂੰ ਉਹ ਚਾਹੁੰਦਾ ਹੈ। ਉਸ ਵਿਅਕਤੀ ਨੂੰ ਉਹ ਸਲੀਬ ਕਬੂਲ ਕਰਨੀ ਚਾਹੀਦੀ ਹੈ ਜੋ ਉਸ ਨੂੰ ਦਿੱਤੀ ਗਈ ਹੈ ਅਤੇ ਮੇਰਾ ਪਿੱਛਾ ਕਰਨਾ ਚਾਹੀਦਾ ਹੈ। 25 ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣਾ ਚਾਹੇਗਾ ਉਹ ਉਸ ਨੂੰ ਗੁਆ ਦੇਵੇਗਾ। ਅਤੇ ਹਰ ਉਹ ਵਿਅਕਤੀ ਜੋ ਮੇਰੇ ਲਈ ਆਪਣੀ ਜਾਨ ਗੁਆਵੇਗਾ ਉਹ ਉਸ ਨੂੰ ਪਾ ਲਵੇਗਾ। 26 ਕਿਸੇ ਵਿਅਕਤੀ ਨੂੰ ਕੀ ਲਾਭ ਹੋਵੇਗਾ ਜੇਕਰ ਉਹ ਸਾਰੀ ਦੁਨੀਆਂ ਜਿੱਤ ਲਵੇ, ਪਰ ਆਪਣੇ ਪ੍ਰਾਣ ਗੁਆ ਲਵੇ? ਵਿਅਕਤੀ ਆਪਣੇ ਪ੍ਰਾਣ ਵਾਪਸ ਲੈਣ ਲਈ ਕੁਝ ਵੀ ਨਹੀਂ ਦੇ ਸੱਕਦਾ। 27 ਮਨੁੱਖ ਦਾ ਪੁੱਤਰ ਆਪਣੇ ਦੂਤਾਂ ਸਮੇਤ ਅਤੇ ਪਿਤਾ ਦੀ ਮਹਿਮਾ ਨਾਲ ਮੁੜ ਆਵੇਗਾ। ਅਤੇ ਉਸ ਵਕਤ ਮਨੁੱਖ ਦਾ ਪੁੱਤਰ ਹਰ ਇੱਕ ਨੂੰ ਉਸਦੀ ਕਰਨੀ ਦਾ ਫ਼ਲ ਦੇਵੇਗਾ। 28 ਮੈਂ ਸੱਚ-ਮੁੱਚ ਤੁਹਾਨੂੰ ਸੱਚ ਆਖਦਾ ਹਾਂ ਕਿ ਇੱਥੇ ਖੜ੍ਹੇ ਲੋਕਾਂ ਵਿੱਚੋਂ ਕੁਝ ਲੋਕ ਮਰਨ ਤੋਂ ਪਹਿਲਾਂ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਨਾਲ ਆਉਂਦਾ ਦੇਖਣਗੇ।”

Punjabi Bible: Easy-to-Read Version (ERV-PA)

2010 by World Bible Translation Center