Print Page Options
Previous Prev Day Next DayNext

Revised Common Lectionary (Semicontinuous)

Daily Bible readings that follow the church liturgical year, with sequential stories told across multiple weeks.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 105:1-6

105 ਯਹੋਵਾਹ ਦਾ ਧੰਨਵਾਦ ਕਰੋ। ਉਸ ਦੇ ਨਾਮ ਦੀ ਉਪਾਸਨਾ ਕਰੋ।
    ਕੌਮਾਂ ਨੂੰ ਉਸ ਦੇ ਚਮਤਕਾਰਾਂ ਬਾਰੇ ਦੱਸੋ।
ਯਹੋਵਾਹ ਲਈ ਗੀਤ ਗਾਵੋ।
    ਉਸਦੀ ਉਸਤਤਿ ਗਾਵੋ ਉਸ ਦੇ ਚਮਤਕਾਰਾਂ ਬਾਰੇ ਦੱਸੋ।
ਯਹੋਵਾਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ।
    ਤੁਸੀਂ ਜਿਹੜੇ ਯਹੋਵਾਹ ਦੀ ਤਲਾਸ਼ ਵਿੱਚ ਆਏ ਸੀ ਖੁਸ਼ ਹੋ ਜਾਵੋ।
ਯਹੋਵਾਹ ਪਾਸੋਂ ਸ਼ਕਤੀ ਮੰਗੋ,
    ਹਮੇਸ਼ਾ ਸਹਾਇਤਾ ਲਈ ਉਸ ਵੱਲ ਤੱਕੋ।
ਉਸ ਦੇ ਕਰਿਸ਼ਮਿਆਂ ਅਤੇ ਸਿਆਣੇ ਨਿਆਂਇਆਂ ਨੂੰ ਚੇਤੇ ਰੱਖੋ।
ਤੁਸੀਂ ਉਸ ਦੇ ਨੌਕਰ ਅਬਰਾਹਾਮ ਦੀ ਔਲਾਦ ਹੋ।
    ਤੁਸੀਂ ਯਾਕੂਬ ਦੀ ਔਲਾਦ ਹੋ, ਜਿਸ ਬੰਦੇ ਨੂੰ ਪਰਮੇਸ਼ੁਰ ਨੇ ਚੁਣਿਆ ਸੀ।

ਜ਼ਬੂਰ 105:23-26

23 ਫ਼ੇਰ ਇਸਰਾਏਲ ਮਿਸਰ ਵਿੱਚ ਆਇਆ,
    ਯਾਕੂਬ ਹੈਮ ਦੇ ਦੇਸ਼ ਵਿੱਚ ਰਹਿੰਦਾ ਸੀ।
24 ਯਾਕੂਬ ਦਾ ਪਰਿਵਾਰ ਬਹੁਤ ਵੱਡਾ ਹੋ ਗਿਆ।
    ਉਹ ਆਪਣੇ ਦੁਸ਼ਮਣਾਂ ਨਾਲੋਂ ਵੱਧੇਰੇ ਸ਼ਕਤੀਸ਼ਾਲੀ ਹੋ ਗਏ।
25 ਇਸ ਲਈ ਮਿਸਰਿਆਂ ਨੇ ਯਾਕੂਬ ਦੇ ਪਰਿਵਾਰ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ।
    ਉਨ੍ਹਾਂ ਨੇ ਉਨ੍ਹਾਂ ਦੇ ਗੁਲਾਮਾਂ ਦੇ ਖਿਲਾਫ਼ ਵਿਉਂਤਾ ਬਣਾਈਆਂ।
26 ਇਸ ਲਈ ਪਰਮੇਸ਼ੁਰ ਨੇ ਆਪਣੇ ਸੇਵਕ ਮੂਸਾ ਨੂੰ
    ਅਤੇ ਪਰਮੇਸ਼ੁਰ ਦੇ ਚੁਣੇ ਜਾਜਕ ਹਾਰੂਨ ਨੂੰ ਭੇਜਿਆ।

ਜ਼ਬੂਰ 105:45

45 ਪਰਮੇਸ਼ੁਰ ਨੇ ਅਜਿਹਾ ਕਿਉਂ ਕੀਤਾ?
ਤਾਂ ਜੋ ਉਸ ਦੇ ਲੋਕ ਉਸ ਦੇ ਨੇਮਾਂ ਦੀ ਪਾਲਣਾ ਕਰ ਸੱਕਣ।
    ਤਾਂ ਜੋ ਉਹ ਧਿਆਨ ਨਾਲ ਉਸ ਦੇ ਉਪਦੇਸ਼ਾਂ ਨੂੰ ਮੰਨਣ।
ਯਹੋਵਾਹ ਦੀ ਉਸਤਿਤ ਕਰੋ!

ਕੂਚ 3:16-22

16 ਯਹੋਵਾਹ ਨੇ ਇਹ ਵੀ ਆਖਿਆ, “ਜਾਹ ਅਤੇ ਲੋਕਾਂ ਦੇ ਬਜ਼ੁਰਗਾਂ ਨੂੰ ਇੱਕਸਾਥ ਇਕੱਠਿਆਂ ਕਰ ਅਤੇ ਉਨ੍ਹਾਂ ਨੂੰ ਦੱਸ, ‘ਯਾਹਵੇਹ, ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ, ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਮੈਨੂੰ ਪ੍ਰਗਟ ਹੋਇਆ ਅਤੇ ਉਸ ਨੇ ਆਖਿਆ; ਮੈਂ ਤੁਹਾਡੇ ਅਤੇ ਉਨ੍ਹਾਂ ਗੱਲਾਂ ਵੱਲ ਧਿਆਨ ਦਿੱਤਾ ਹੈ ਜੋ ਤੁਹਾਡੇ ਨਾਲ ਮਿਸਰ ਵਿੱਚ ਵਾਪਰ ਰਹੀਆਂ ਹਨ। 17 ਅਤੇ ਮੈਂ ਨਿਆਂ ਕੀਤਾ ਹੈ ਕਿ ਮੈਂ ਤੁਹਾਨੂੰ ਉਨ੍ਹਾਂ ਮੁਸੀਬਤਾਂ ਵਿੱਚੋਂ ਕੱਢ ਲਵਾਂ ਜਿਹੜੀਆਂ ਤੁਸੀਂ ਮਿਸਰ ਵਿੱਚ ਸਹਾਰ ਰਹੇ ਹੋ। ਮੈਂ ਤੁਹਾਨੂੰ ਉਸ ਧਰਤੀ ਤੇ ਲੈ ਜਾਵਾਂਗਾ ਜਿਹੜੀ ਹੁਣ ਬਹੁਤ ਸਾਰੇ ਲੋਕਾਂ; ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਹੈ। ਮੈਂ ਤੁਹਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਤੇ ਲੈ ਜਾਵਾਂਗਾ।’

18 “ਬਜ਼ੁਰਗ ਤੇਰੀ ਗੱਲ ਸੁਣਨਗੇ। ਤੂੰ ਤੇ ਬਜ਼ੁਰਗ ਵੀ ਮਿਸਰ ਦੇ ਰਾਜੇ ਕੋਲ ਜਾਵੋਂਗੇ ਅਤੇ ਉਸ ਨੂੰ ਦੱਸੋਂਗੇ, ‘ਯਹੋਵਾਹ ਇਬਰਾਨੀ ਲੋਕਾਂ ਦਾ ਪਰਮੇਸ਼ੁਰ ਸਾਡੇ ਕੋਲ ਆਇਆ ਅਤੇ ਸਾਨੂੰ ਤਿੰਨ ਦਿਨ ਮਾਰੂਥਲ ਵਿੱਚ ਸਫ਼ਰ ਕਰਨ ਲਈ ਆਖਿਆ। ਓੱਥੇ ਸਾਨੂੰ ਯਾਹਵੇਹ, ਸਾਡੇ ਪਰਮੇਸ਼ੁਰ ਨੂੰ ਬਲੀਆਂ ਜ਼ਰੂਰ ਚੜ੍ਹਾਉਣੀਆਂ ਚਾਹੀਦੀਆਂ ਹਨ।’

19 “ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਜਾਣ ਨਹੀਂ ਦੇਵੇਗਾ। ਸਿਰਫ਼ ਕੋਈ ਮਹਾਨ ਸ਼ਕਤੀ ਹੀ ਉਸ ਨੂੰ ਮਜਬੂਰ ਕਰੇਗੀ ਤਾਂ ਕਿ ਉਹ ਤੁਹਾਨੂੰ ਜਾਣ ਦੇਵੇ। 20 ਇਸ ਲਈ ਮੈਂ ਆਪਣੀ ਮਹਾਨ ਸ਼ਕਤੀ ਮਿਸਰ ਦੇ ਖਿਲਾਫ਼ ਵਰਤਾਂਗਾ। ਮੈਂ ਉਸ ਧਰਤੀ ਉੱਤੇ ਹੈਰਾਨੀ ਭਰੀਆਂ ਗੱਲਾਂ ਕਰਾਂਗਾ। ਜਦੋਂ ਮੈਂ ਅਜਿਹਾ ਕਰਾਂਗਾ ਤਾਂ ਉਹ ਤੁਹਾਨੂੰ ਜਾਣ ਦੇਵੇਗਾ। 21 ਅਤੇ ਮੈਂ ਮਿਸਰੀ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਲਈ ਮਿਹਰਬਾਨ ਬਣਾ ਦਿਆਂਗਾ। ਜਦੋਂ ਤੁਹਾਡੇ ਲੋਕ ਮਿਸਰ ਤੋਂ ਜਾਣਗੇ ਮਿਸਰੀ ਲੋਕ ਉਨ੍ਹਾਂ ਨੂੰ ਬਹੁਤ ਸਾਰੀਆਂ ਸੁਗਾਤਾਂ ਦੇਣਗੇ।

22 “ਸਾਰੀਆਂ ਇਬਰਾਨੀ ਔਰਤਾਂ ਨੂੰ ਆਪਣੇ ਮਿਸਰੀ ਗੁਆਂਢੀਆਂ ਅਤੇ ਆਪਣੇ ਘਰਾਂ ਵਿੱਚ ਰਹਿੰਦੀਆਂ ਮਿਸਰੀ ਔਰਤਾਂ ਪਾਸੋਂ ਚਾਂਦੀ ਸੋਨਾ ਅਤੇ ਵੱਧੀਆ ਕੱਪੜੇ ਮੰਗਣੇ ਚਾਹੀਦੇ ਹਨ। ਜਦੋਂ ਤੁਸੀਂ ਮਿਸਰ ਛੱਡੋਂ, ਉਨ੍ਹਾਂ ਸੁਗਾਤਾਂ ਨੂੰ ਆਪਣੇ ਬੱਚਿਆਂ ਉੱਪਰ ਪਾ ਦਿਓ। ਇਸ ਤਰ੍ਹਾਂ ਤੁਸੀਂ ਮਿਸਰੀਆਂ ਦੀ ਦੌਲਤ ਆਪਣੇ ਨਾਲ ਲੈ ਜਾਵੋਂਗੇ।”

2 ਥੱਸਲੁਨੀਕੀਆਂ ਨੂੰ 2:7-12

ਬਦੀ ਦੀ ਗੁਪਤ ਸ਼ਕਤੀ ਹੁਣ ਪਹਿਲਾਂ ਹੀ ਸੰਸਾਰ ਵਿੱਚ ਕਾਰਜ ਕਰ ਰਹੀ ਹੈ ਪਰ ਇੱਥੇ ਇੱਕ ਅਜਿਹਾ ਵੀ ਹੈ ਜਿਹੜਾ ਬਦੀ ਦੀ ਇਸ ਗੁਪਤ ਸ਼ਕਤੀ ਨੂੰ ਰੋਕ ਰਿਹਾ ਹੈ। ਉਹ ਇਸ ਨੂੰ ਉਦੋਂ ਤੱਕ ਰੋਕਦਾ ਰਹੇਗਾ ਜਦੋਂ ਤੱਕ ਉਹ ਹਟਾਇਆ ਨਹੀਂ ਜਾਂਦਾ। ਫ਼ੇਰ ਕੁਧਰਮੀ ਪ੍ਰਗਟ ਹੋਵੇਗਾ ਅਤੇ ਪ੍ਰਭੂ ਯਿਸੂ ਮਸੀਹ ਉਸ ਕੁਧਰਮੀ ਨੂੰ ਆਪਣੇ ਮੂੰਹ ਵਿੱਚੋਂ ਨਿਕਲਣ ਵਾਲੇ ਸਾਹ ਨਾਲ ਮਾਰ ਦੇਵੇਗਾ। ਪਭੂ ਯਿਸੂ ਕੁਧਰਮੀ ਨੂੰ ਆਪਣੀ ਮਹਿਮਾਮਈ ਆਮਦ ਨਾਲ ਤਬਾਹ ਕਰ ਦੇਵੇਗਾ।

ਕੁਧਰਮੀ ਸ਼ੈਤਾਨ ਦੀ ਸ਼ਕਤੀ ਨਾਲ ਆਵੇਗਾ ਉਸ ਕੋਲ ਬਹੁਤ ਵੱਡੀ ਸ਼ਕਤੀ ਹੋਵੇਗੀ, ਅਤੇ ਉਹ ਕਈ ਤਰ੍ਹਾਂ ਦੇ ਝੂਠੇ ਕਰਿਸ਼ਮੇ, ਨਿਸ਼ਾਨ ਅਤੇ ਅਚੰਭੇ ਕਰੇਗਾ। 10 ਕੁਧਰਮੀ ਉਨ੍ਹਾਂ ਲੋਕਾਂ ਨਾਲ ਧੋਖਾ ਕਰਨ ਲਈ ਹਰ ਤਰ੍ਹਾਂ ਦਾ ਛਲ ਕਪਟ ਕਰੇਗਾ ਜਿਹੜੇ ਪਹਿਲਾਂ ਹੀ ਗੁਆਚੇ ਹੋਏ ਹਨ। ਉਹ ਲੋਕ ਇਸ ਲਈ ਗੁਆਚੇ ਹੋਏ ਹਨ ਕਿਉਂਕਿ ਉਨ੍ਹਾਂ ਨੇ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕੀਤਾ ਹੈ। ਜੇ ਉਹ ਸੱਚ ਨੂੰ ਪਿਆਰ ਕਰਦੇ, ਉਹ ਬਚ ਜਾਂਦੇ। 11 ਪਰ ਉਨ੍ਹਾਂ ਲੋਕਾਂ ਨੇ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕੀਤਾ ਇਸ ਲਈ ਪਰਮੇਸ਼ੁਰ ਉਨ੍ਹਾਂ ਵੱਲ ਅਜਿਹੀ ਸ਼ਕਤੀ ਸ਼ਾਲੀ ਚੀਜ਼ ਭੇਜਦਾ ਹੈ ਜਿਹੜੀ ਉਨ੍ਹਾਂ ਨੂੰ ਸੱਚ ਤੋਂ ਦੂਰ ਲੈ ਜਾਂਦੀ ਹੈ। ਪਰਮੇਸ਼ੁਰ ਇਹ ਸ਼ਕਤੀ ਉਨ੍ਹਾਂ ਵੱਲ ਇਸ ਲਈ ਭੇਜਦਾ ਹੈ ਤਾਂ ਜੋ ਉਹ ਕਿਸੇ ਅਜਿਹੀ ਚੀਜ਼ ਵਿੱਚ ਵਿਸ਼ਵਾਸ ਕਰਨ, ਜਿਹੜੀ ਸੱਚ ਨਹੀਂ ਹੈ। 12 ਇਸ ਲਈ ਉਹ ਸਾਰੇ ਲੋਕ ਜਿਹੜੇ ਸੱਚ ਵਿੱਚ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਦਾ ਨਿਆਂ ਦੋਸ਼ੀਆਂ ਵਾਂਗ ਹੋਵੇਗਾ। ਉਨ੍ਹਾਂ ਨੇ ਸੱਚ ਵਿੱਚ ਵਿਸ਼ਵਾਸ ਨਹੀਂ ਕੀਤਾ, ਇਸ ਲਈ ਉਨ੍ਹਾਂ ਨੇ ਬਦੀ ਕਰਦਿਆਂ ਆਨੰਦ ਮਾਣਿਆ।

Punjabi Bible: Easy-to-Read Version (ERV-PA)

2010 by World Bible Translation Center