Revised Common Lectionary (Semicontinuous)
105 ਯਹੋਵਾਹ ਦਾ ਧੰਨਵਾਦ ਕਰੋ। ਉਸ ਦੇ ਨਾਮ ਦੀ ਉਪਾਸਨਾ ਕਰੋ।
ਕੌਮਾਂ ਨੂੰ ਉਸ ਦੇ ਚਮਤਕਾਰਾਂ ਬਾਰੇ ਦੱਸੋ।
2 ਯਹੋਵਾਹ ਲਈ ਗੀਤ ਗਾਵੋ।
ਉਸਦੀ ਉਸਤਤਿ ਗਾਵੋ ਉਸ ਦੇ ਚਮਤਕਾਰਾਂ ਬਾਰੇ ਦੱਸੋ।
3 ਯਹੋਵਾਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ।
ਤੁਸੀਂ ਜਿਹੜੇ ਯਹੋਵਾਹ ਦੀ ਤਲਾਸ਼ ਵਿੱਚ ਆਏ ਸੀ ਖੁਸ਼ ਹੋ ਜਾਵੋ।
4 ਯਹੋਵਾਹ ਪਾਸੋਂ ਸ਼ਕਤੀ ਮੰਗੋ,
ਹਮੇਸ਼ਾ ਸਹਾਇਤਾ ਲਈ ਉਸ ਵੱਲ ਤੱਕੋ।
5 ਉਸ ਦੇ ਕਰਿਸ਼ਮਿਆਂ ਅਤੇ ਸਿਆਣੇ ਨਿਆਂਇਆਂ ਨੂੰ ਚੇਤੇ ਰੱਖੋ।
6 ਤੁਸੀਂ ਉਸ ਦੇ ਨੌਕਰ ਅਬਰਾਹਾਮ ਦੀ ਔਲਾਦ ਹੋ।
ਤੁਸੀਂ ਯਾਕੂਬ ਦੀ ਔਲਾਦ ਹੋ, ਜਿਸ ਬੰਦੇ ਨੂੰ ਪਰਮੇਸ਼ੁਰ ਨੇ ਚੁਣਿਆ ਸੀ।
7 ਯਹੋਵਾਹ ਹੀ ਸਾਡਾ ਪਰਮੇਸ਼ੁਰ ਹੈ।
ਯਹੋਵਾਹ ਸਾਰੀ ਦੁਨੀਆਂ ਉੱਤੇ ਰਾਜ ਕਰਦਾ ਹੈ।
8 ਪਰਮੇਸ਼ੁਰ ਦੇ ਕਰਾਰ ਨੂੰ ਹਮੇਸ਼ਾ ਚੇਤੇ ਰੱਖੋ।
ਉਸ ਦੇ ਹੁਕਮਾਂ ਨੂੰ ਆਉਣ ਵਾਲੀਆਂ ਹਜ਼ਾਰਾਂ ਪੀੜੀਆਂ ਤੱਕ ਯਾਦ ਕਰਦੇ ਰਹੋ।
9 ਪਰਮੇਸ਼ੁਰ ਨੇ ਅਬਰਾਹਾਮ ਨਾਲ ਇਕਰਾਰ ਕੀਤਾ ਸੀ।
ਪਰਮੇਸ਼ੁਰ ਨੇ ਇਸਹਾਕ ਨੂੰ ਵਾਅਦਾ ਦਿੱਤਾ ਸੀ।
10 ਫ਼ੇਰ ਉਸ ਨੇ ਇਸ ਨੂੰ ਯਾਕੂਬ ਲਈ ਨੇਮ ਬਣਾ ਦਿੱਤਾ ਸੀ।
ਪਰਮੇਸ਼ੁਰ ਨੇ ਜੋ ਕਰਾਰ ਇਸਰਾਏਲ ਨਾਲ ਕੀਤਾ ਸੀ ਸਦਾ ਲਈ ਜਾਰੀ ਰਹੇਗਾ।
11 ਪਰਮੇਸ਼ੁਰ ਨੇ ਆਖਿਆ ਸੀ, “ਮੈਂ ਤੁਹਾਨੂੰ ਕਨਾਨ ਦੀ ਧਰਤੀ ਦੇਵਾਂਗਾ।
ਉਹ ਧਰਤੀ ਤੁਹਾਡੀ ਮਲਕੀਅਤ ਹੋਵੇਗੀ।”
45 ਪਰਮੇਸ਼ੁਰ ਨੇ ਅਜਿਹਾ ਕਿਉਂ ਕੀਤਾ?
ਤਾਂ ਜੋ ਉਸ ਦੇ ਲੋਕ ਉਸ ਦੇ ਨੇਮਾਂ ਦੀ ਪਾਲਣਾ ਕਰ ਸੱਕਣ।
ਤਾਂ ਜੋ ਉਹ ਧਿਆਨ ਨਾਲ ਉਸ ਦੇ ਉਪਦੇਸ਼ਾਂ ਨੂੰ ਮੰਨਣ।
ਯਹੋਵਾਹ ਦੀ ਉਸਤਿਤ ਕਰੋ!
ਯਾਕੂਬ ਦਾ ਪਰਿਵਾਰ ਵੱਧਦਾ ਹੈ
31 ਯਹੋਵਾਹ ਨੇ ਦੇਖਿਆ ਕਿ ਲੇਆਹ ਦੀ ਅਣਗਹਿਲੀ ਹੁੰਦੀ ਸੀ। ਇਸ ਲਈ ਯਹੋਵਾਹ ਨੇ ਲੇਆਹ ਨੂੰ ਬੱਚੇ ਪੈਦਾ ਕਰਨ ਦਿੱਤੇ। ਪਰ ਰਾਖੇਲ ਦੇ ਬੱਚੇ ਪੈਦਾ ਨਾ ਹੋਏ।
32 ਲੇਆਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਇਸਦਾ ਨਾਮ ਰਊਬੇਨ ਰੱਖਿਆ। ਲੇਆਹ ਨੇ ਇਸਦਾ ਇਹ ਨਾਮ ਇਸ ਲਈ ਰੱਖਿਆ ਕਿਉਂਕਿ ਉਸ ਨੇ ਆਖਿਆ, “ਯਹੋਵਾਹ ਨੇ ਮੇਰੀਆਂ ਮੁਸ਼ਕਿਲਾਂ ਦੇਖ ਲਈਆਂ ਹਨ। ਮੇਰਾ ਪਤੀ ਮੈਨੂੰ ਪਿਆਰ ਨਹੀਂ ਕਰਦਾ। ਇਸ ਲਈ ਸ਼ਾਇਦ ਹੁਣ ਮੇਰਾ ਪਤੀ ਮੈਨੂੰ ਪਿਆਰ ਕਰੇ।”
33 ਲੇਆਹ ਫ਼ੇਰ ਤੋਂ ਗਰਭਵਤੀ ਹੋ ਗਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸਦਾ ਨਾਮ ਸ਼ਿਮਓਨ [a] ਰੱਖਿਆ। ਲੇਆਹ ਨੇ ਆਖਿਆ, “ਯਹੋਵਾਹ ਜਾਣਦਾ ਕਿ ਮੇਰਾ ਪਤੀ ਮੇਰੀ ਅਣਗਹਿਲੀ ਕਰਦਾ ਹੈ, ਇਸ ਲਈ ਉਸ ਨੇ ਮੈਨੂੰ ਇਹ ਪੁੱਤਰ ਦਿੱਤਾ ਹੈ।”
34 ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋ ਗਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਇਸ ਪੁੱਤਰ ਦਾ ਨਾਮ ਲੇਵੀ ਰੱਖਿਆ। ਲੇਆਹ ਨੇ ਆਖਿਆ, “ਹੁਣ ਅਵੱਸ਼ ਹੀ ਮੇਰਾ ਪਤੀ ਮੇਰੇ ਨਾਲ ਜੁੜ ਜਾਵੇਗਾ। ਮੈਂ ਉਸ ਨੂੰ ਤਿੰਨ ਪੁੱਤਰ ਦਿੱਤੇ ਹਨ।”
35 ਫ਼ੇਰ ਲੇਆਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਉਸ ਨੇ ਉਸਦਾ ਨਾਮ ਯਹੂਦਾਹ ਰੱਖਿਆ। ਲੇਆਹ ਨੇ ਉਸਦਾ ਇਹ ਨਾਮ ਇਸ ਲਈ ਰੱਖਿਆ ਕਿਉਂਕਿ ਉਸ ਨੇ ਆਖਿਆ, “ਹੁਣ ਮੈਂ ਯਹੋਵਾਹ ਦੀ ਉਸਤਤਿ ਕਰਾਂਗੀ।” ਫ਼ੇਰ ਲੇਆਹ ਨੇ ਸੰਤਾਨ ਪੈਦਾ ਕਰਨੀ ਬੰਦ ਕਰ ਦਿੱਤੀ।
30 ਰਾਖੇਲ ਨੇ ਦੇਖਿਆ ਕਿ ਉਹ ਯਾਕੂਬ ਨੂੰ ਕੋਈ ਸੰਤਾਨ ਨਹੀਂ ਦੇ ਰਹੀ ਸੀ। ਰਾਖੇਲ ਆਪਣੀ ਭੈਣ ਲੇਆਹ ਨਾਲ ਈਰਖਾ ਕਰਨ ਲਗੀ। ਇਸ ਲਈ ਰਾਖੇਲ ਨੇ ਯਾਕੂਬ ਨੂੰ ਆਖਿਆ, “ਮੈਨੂੰ ਬੱਚੇ ਦਿਉ ਨਹੀਂ ਤਾਂ ਮੈਂ ਮਰ ਜਾਵਾਂਗੀ!”
2 ਯਾਕੂਬ ਰਾਖੇਲ ਨਾਲ ਨਾਰਾਜ਼ ਹੋ ਗਿਆ। ਉਸ ਨੇ ਆਖਿਆ, “ਮੈਂ ਪਰਮੇਸ਼ੁਰ ਨਹੀਂ ਹਾਂ। ਇਹ ਪਰਮੇਸ਼ੁਰ ਹੀ ਹੈ ਜਿਸ ਨੇ ਤੈਨੂੰ ਬੱਚਿਆਂ ਦੀ ਦਾਤ ਨਹੀਂ ਦਿੱਤੀ।”
3 ਫ਼ੇਰ ਰਾਖੇਲ ਨੇ ਆਖਿਆ, “ਤੂੰ ਮੇਰੀ ਦਾਸੀ ਬਿਲਹਾਹ ਨਾਲ ਸੰਬੰਧ ਬਣਾ ਸੱਕਦਾ ਹੈਂ। ਉਸ ਨਾਲ ਸੌਂ ਅਤੇ ਉਹ ਮੇਰੇ ਲਈ ਬੱਚਾ ਪੈਦਾ ਕਰੇਗੀ। ਫ਼ੇਰ ਮੈਂ ਉਸ ਦੇ ਕਾਰਣ ਮਾਂ ਬਣ ਜਾਵਾਂਗੀ।”
4 ਇਸ ਲਈ ਰਾਖੇਲ ਨੇ ਬਿਲਹਾਹ ਨੂੰ ਆਪਣੇ ਪਤੀ, ਯਾਕੂਬ ਨੂੰ ਉਸਦੀ ਪਤਨੀ ਹੋਣ ਲਈ ਦੇ ਦਿੱਤਾ। ਯਾਕੂਬ ਨੇ ਬਿਲਹਾਹ ਨਾਲ ਜਿਸਨੀ ਸੰਬੰਧ ਬਣਾਏ। 5 ਬਿਲਹਾਹ ਗਰਭਵਤੀ ਹੋ ਗਈ ਅਤੇ ਯਾਕੂਬ ਨੂੰ ਇੱਕ ਪੁੱਤਰ ਦਿੱਤਾ।
6 ਰਾਖੇਲ ਨੇ ਆਖਿਆ, “ਪਰਮੇਸ਼ੁਰ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ। ਉਸ ਨੇ ਮੈਨੂੰ ਪੁੱਤਰ ਦੇਣ ਦਾ ਨਿਆਂ ਕੀਤਾ ਹੈ।” ਇਸ ਲਈ ਰਾਖੇਲ ਨੇ ਇਸ ਪੁੱਤਰ ਦਾ ਨਾਮ ਦਾਨ ਰੱਖਿਆ।
7 ਬਿਲਹਾਹ ਇੱਕ ਵਾਰੀ ਫ਼ੇਰ ਗਰਭਵਤੀ ਹੋ ਗਈ ਅਤੇ ਯਾਕੂਬ ਨੂੰ ਦੂਸਰਾ ਪੁੱਤਰ ਦਿੱਤਾ। 8 ਰਾਖੇਲ ਨੇ ਆਖਿਆ, “ਮੈਂ ਆਪਣੀ ਭੈਣ ਨਾਲ ਕੜਾ ਸੰਘਰਸ਼ ਕੀਤਾ ਹੈ। ਅਤੇ ਮੈਂ ਜਿੱਤ ਗਈ ਹਾਂ।” ਇਸ ਲਈ ਉਸ ਨੇ ਉਸ ਪੁੱਤਰ ਦਾ ਨਾਮ ਨਫ਼ਤਾਲੀ ਰੱਖਿਆ।
9 ਲੇਆਹ ਨੇ ਦੇਖਿਆ ਕਿ ਉਹ ਬੱਚੇ ਪੈਦਾ ਕਰਨੋ ਹਟ ਗਈ ਸੀ। ਇਸ ਲਈ ਉਸ ਨੇ ਆਪਣੀ ਦਾਸੀ ਜ਼ਿਲਫ਼ਾਹ ਯਾਕੂਬ ਦੇ ਹਵਾਲੇ ਕਰ ਦਿੱਤੀ। 10 ਤਾਂ ਜ਼ਿਲਫ਼ਾਹ ਨੇ ਪੁੱਤਰ ਨੂੰ ਜਨਮ ਦਿੱਤਾ। 11 ਲੇਆਹ ਨੇ ਆਖਿਆ, “ਮੈਂ ਖੁਸ਼ਕਿਸਮਤ ਹਾਂ।” ਇਸ ਲਈ ਉਸ ਨੇ ਪੁੱਤਰ ਦਾ ਨਾਮ ਗਾਦ ਰੱਖਿਆ। 12 ਜ਼ਿਲਫ਼ਾਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। 13 ਲੇਆਹ ਨੇ ਆਖਿਆ, “ਮੈਂ ਬਹੁਤ ਖੁਸ਼ ਹਾਂ! ਹੁਣ ਔਰਤਾਂ ਮੈਨੂੰ ਖੁਸ਼ਕਿਸਮਤ ਆਖਣਗੀਆਂ।” ਇਸ ਲਈ ਉਸ ਨੇ ਉਸ ਪੁੱਤਰ ਦਾ ਨਾਮ ਆਸ਼ੇਰ ਰੱਖਿਆ।
14 ਕਣਕ ਦੀ ਵਾਢੀ ਸਮੇਂ, ਰਊਬੇਨ ਖੇਤਾਂ ਵਿੱਚ ਗਿਆ ਅਤੇ ਉਸ ਨੂੰ ਕੁਝ ਖਾਸ ਕਿਸਮ ਦੇ ਫ਼ੁੱਲ ਮਿਲੇ। ਰਊਬੇਨ ਇਹ ਫ਼ੁੱਲ ਆਪਣੀ ਮਾਂ ਲੇਆਹ ਕੋਲ ਲੈ ਆਇਆ। ਪਰ ਰਾਖੇਲ ਨੇ ਲੇਆਹ ਨੂੰ ਆਖਿਆ, “ਮਿਹਰਬਾਨੀ ਕਰਕੇ ਆਪਣੇ ਪੁੱਤਰ ਦੇ ਲਿਆਂਦੇ ਫ਼ੁੱਲ ਮੈਨੂੰ ਵੀ ਦੇ।”
15 ਲੇਆਹ ਨੇ ਜਵਾਬ ਦਿੱਤਾ, “ਤੂੰ ਤਾਂ ਪਹਿਲਾਂ ਹੀ ਮੇਰਾ ਪਤੀ ਮੇਰੇ ਕੋਲੋਂ ਖੋਹ ਲਿਆ ਹੈ। ਹੁਣ ਤੂੰ ਮੇਰੇ ਪੁੱਤਰ ਦੇ ਫ਼ੁੱਲ ਵੀ ਲੈਣਾ ਚਾਹੁੰਦੀ ਹੈਂ।”
ਪਰ ਰਾਖੇਲ ਨੇ ਜਵਾਬ ਦਿੱਤਾ, “ਜੇ ਤੂੰ ਆਪਣੇ ਪੁੱਤਰ ਦੇ ਫ਼ੁੱਲ ਮੈਨੂੰ ਦੇ ਦੇਵੇਂਗੀ ਤਾਂ ਤੂੰ ਅੱਜ ਦੀ ਰਾਤ ਯਾਕੂਬ ਨਾਲ ਸੌਂ ਸੱਕਦੀ ਹੈਂ।”
16 ਯਾਕੂਬ ਉਸ ਸਮੇਂ ਖੇਤਾਂ ਵਿੱਚੋਂ ਆਇਆ। ਲੇਆਹ ਨੇ ਉਸ ਨੂੰ ਦੇਖਿਆ ਅਤੇ ਉਸ ਨੂੰ ਮਿਲਣ ਲਈ ਬਾਹਰ ਗਈ। ਉਸ ਨੇ ਆਖਿਆ, “ਤੂੰ ਅੱਜ ਮੇਰੇ ਨਾਲ ਸੌਵੇਂਗਾ। ਮੈਂ ਆਪਣੇ ਪੁੱਤਰ ਦੇ ਫ਼ੁੱਲਾਂ ਨਾਲ ਤੇਰੀ ਕੀਮਤ ਅਦਾ ਕਰ ਦਿੱਤੀ ਹੈ।” ਇਸ ਲਈ ਯਾਕੂਬ ਉਸ ਰਾਤ ਲੇਆਹ ਨਾਲ ਸੁੱਤਾ।
17 ਪਰਮੇਸ਼ੁਰ ਦੀ ਰਜ਼ਾ ਨਾਲ ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋਈ। ਉਸ ਨੇ ਪੰਜਵੇਂ ਪੁੱਤਰ ਨੂੰ ਜਨਮ ਦਿੱਤਾ। 18 ਲੇਆਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਇਨਾਮ ਦਿੱਤਾ ਹੈ ਕਿਉਂਕਿ ਮੈਂ ਆਪਣੀ ਦਾਸੀ ਆਪਣੇ ਪਤੀ ਨੂੰ ਅਰਪਣ ਕਰ ਦਿੱਤੀ ਸੀ।” ਇਸ ਲਈ ਲੇਆਹ ਨੇ ਆਪਣੇ ਪੁੱਤਰ ਦਾ ਨਾਮ ਯਿੱਸਾਕਾਰ ਰੱਖਿਆ।
19 ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋਈ ਅਤੇ ਛੇਵੇਂ ਪੁੱਤਰ ਨੂੰ ਜਨਮ ਦਿੱਤਾ। 20 ਲੇਆਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਬਹੁਤ ਸੁੰਦਰ ਤੋਹਫ਼ਾ ਦਿੱਤਾ। ਹੈ। ਹੁਣ ਜ਼ਰੂਰ ਯਾਕੂਬ ਮੇਰੇ ਬਾਰੇ ਚੰਗਾ ਸੋਚੇਗਾ ਕਿਉਂਕਿ ਮੈਂ ਉਸ ਨੂੰ ਛੇ ਪੁੱਤਰ ਦਿੱਤੇ ਹਨ।” ਇਸ ਲਈ ਲੇਆਹ ਨੇ ਆਪਣੇ ਪੁੱਤਰ ਦਾ ਨਾਮ ਜ਼ਬੂਲੁਨ ਧਰਿਆ।
21 ਬਾਦ ਵਿੱਚ ਲੇਆਹ ਨੇ ਇੱਕ ਧੀ ਜੰਮੀ। ਉਸ ਨੇ ਉਸ ਧੀ ਦਾ ਨਾਮ ਦੀਨਾਹ ਰੱਖਿਆ।
22 ਫ਼ੇਰ ਪਰਮੇਸ਼ੁਰ ਨੇ ਰਾਖੇਲ ਦੀ ਪ੍ਰਾਰਥਨਾ ਸੁਣ ਲਈ ਪਰਮੇਸ਼ੁਰ ਨੇ ਰਾਖੇਲ ਨੂੰ ਸੰਤਾਨ ਪੈਦਾ ਕਰਨ ਦੇ ਯੋਗ ਬਣਾ ਦਿੱਤਾ। 23-24 ਰਾਖੇਲ ਫ਼ਿਰ ਗਰਭਵਤੀ ਹੋਈ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਰਾਖੇਲ ਨੇ ਆਖਿਆ, “ਪਰਮੇਸ਼ੁਰ ਨੇ ਮੇਰੀ ਸ਼ਰਮ ਦੂਰ ਕਰ ਦਿੱਤੀ ਹੈ ਅਤੇ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਹੈ।” ਇਸ ਲਈ ਰਾਖੇਲ ਨੇ ਪੁੱਤਰ ਦਾ ਨਾਮ ਯੂਸੁਫ਼ ਰੱਖਿਆ।
ਯਹੂਦੀਆਂ ਨੇ ਯਿਸੂ ਤੋਂ ਨਿਸ਼ਾਨ ਮੰਗਿਆ(A)
38 ਤਦ ਕੁਝ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਪੁੱਛਿਆ, “ਗੁਰੂ, ਅਸੀਂ ਤੈਥੋਂ ਨਿਸ਼ਾਨ ਵਜੋਂ ਕੋਈ ਕਰਿਸ਼ਮਾ ਵੇਖਣਾ ਚਾਹੁੰਦੇ ਹਾਂ।”
39 ਯਿਸੂ ਨੇ ਉੱਤਰ ਦਿੱਤਾ, “ਦੁਸ਼ਟ ਅਤੇ ਪਾਪੀ ਲੋਕ ਹੀ ਨਿਸ਼ਾਨ ਵਜੋਂ ਕਰਿਸ਼ਮਾ ਵੇਖਣਾ ਲੋਚਦੇ ਹਨ। ਪਰ ਉਨ੍ਹਾਂ ਲੋਕਾਂ ਨੂੰ ਸਬੂਤ ਵਜੋਂ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ, ਸਿਵਾ ਉਸ ਨਿਸ਼ਾਨ ਦੇ, ਜੋ ਨਬੀ ਯੂਨਾਹ ਨਾਲ ਵਾਪਰਿਆ। 40 ਜਿਵੇਂ ਕਿ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਵੱਡੀ ਮੱਛੀ ਦੇ ਢਿਡ ਵਿੱਚ ਰਿਹਾ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਰਹੇਗਾ। 41 ਨੀਨਵਾਹ ਦੇ ਲੋਕ ਅਤੇ ਉਹ ਲੋਕ ਜੋ ਅੱਜ ਜਿਉਂਦੇ ਹਨ, ਨਿਆਂ ਦੇ ਦਿਨ ਉੱਠ ਖੜ੍ਹੇ ਹੋਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਯੂਨਾਹ ਦਾ ਪ੍ਰਚਾਰ ਸੁਣਕੇ ਉਨ੍ਹਾਂ ਨੇ ਆਪਣੇ ਜੀਵਨ ਬਦਲ ਲਏ। ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਯੂਨਾਹ ਤੋਂ ਵੀ ਵੱਡਾ ਇੱਥੇ ਹੈ।
42 “ਦੱਖਣ ਦੀ ਰਾਣੀ ਵੀ ਇਸ ਪੀੜ੍ਹੀ ਦੇ ਲੋਕਾਂ ਨਾਲ ਨਿਆਂ ਦੇ ਦਿਨ ਉੱਠ ਖੜ੍ਹੀ ਹੋਵੇਗੀ ਅਤੇ ਉਹ ਦਿਖਾਵੇਗੀ ਕੋ ਤੁਸੀਂ ਗਲਤ ਹੋ। ਕਿਉਂਕਿ ਉਹ ਦੂਰ-ਦੁਰਾਡਿਉਂ ਸੁਲੇਮਾਨ ਦਾ ਉਪਦੇਸ਼ ਸੁਨਣ ਆਈ ਸੀ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਸੁਲੇਮਾਨ ਤੋਂ ਵੀ ਵੱਡਾ ਇੱਥੇ ਹੈ।
2010 by World Bible Translation Center