Print Page Options
Previous Prev Day Next DayNext

Revised Common Lectionary (Semicontinuous)

Daily Bible readings that follow the church liturgical year, with sequential stories told across multiple weeks.
Duration: 1245 days
Punjabi Bible: Easy-to-Read Version (ERV-PA)
Version
ਉਤਪਤ 24:34-38

ਰਿਬਕਾਹ ਲਈ ਸੌਦੇਬਾਜ਼ੀ

34 ਨੌਕਰ ਨੇ ਆਖਿਆ, “ਮੈਂ ਅਬਰਾਹਾਮ ਦਾ ਨੌਕਰ ਹਾਂ। 35 ਯਹੋਵਾਹ ਨੇ ਮੇਰੇ ਸੁਆਮੀ ਉੱਤੇ ਹਰ ਤਰ੍ਹਾਂ ਦੀ ਬਖਸ਼ਿਸ਼ ਕੀਤੀ ਹੈ। ਮੇਰਾ ਸੁਆਮੀ ਇੱਕ ਮਹਾਨ ਇਨਸਾਨ ਬਣ ਗਿਆ ਹੈ। ਯਹੋਵਾਹ ਨੇ ਅਬਰਾਹਾਮ ਨੂੰ ਭੇਡਾਂ ਦੇ ਕਈ ਇੱਜੜ ਅਤੇ ਪਸ਼ੂਆਂ ਦੇ ਕਈ ਵੱਗ ਦਿੱਤੇ ਹਨ। ਅਬਰਾਹਾਮ ਕੋਲ ਕਾਫ਼ੀ ਸੋਨਾ-ਚਾਂਦੀ ਅਤੇ ਨੌਕਰ ਹਨ। ਅਬਰਾਹਾਮ ਕੋਲ ਬਹੁਤ ਸਾਰੇ ਊਠ ਅਤੇ ਖੋਤੇ ਹਨ। 36 ਮੇਰੇ ਸੁਆਮੀ ਦੀ ਪਤਨੀ ਦਾ ਨਾਮ ਸਾਰਾਹ ਸੀ। ਜਦੋਂ ਉਹ ਬਹੁਤ ਬੁੱਢੀ ਸੀ ਤਾਂ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਅਤੇ ਮੇਰੇ ਸੁਆਮੀ ਨੇ ਆਪਣੀ ਸਾਰੀ ਜਾਇਦਾਦ ਦਾ ਉਸ ਪੁੱਤਰ ਨੂੰ ਵਾਰਿਸ ਬਣਾ ਦਿੱਤਾ ਹੈ। 37 ਮੇਰੇ ਸੁਆਮੀ ਨੇ ਮੇਰੇ ਕੋਲੋਂ ਇੱਕ ਬਚਨ ਲਿਆ ਸੀ। ਮੇਰੇ ਸੁਆਮੀ ਨੇ ਮੈਨੂੰ ਆਖਿਆ ਸੀ, ‘ਤੂੰ ਮੇਰੇ ਪੁੱਤਰ ਨੂੰ ਕਿਸੇ ਕਨਾਨੀ ਕੁੜੀ ਨਾਲ ਵਿਆਹ ਨਾ ਕਰਨ ਦੇਵੀਂ। ਅਸੀਂ ਇਨ੍ਹਾਂ ਲੋਕਾਂ ਦਰਮਿਆਨ ਰਹਿੰਦੇ ਜ਼ਰੂਰ ਹਾਂ ਪਰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਕਨਾਨੀ ਕੁੜੀ ਨਾਲ ਵਿਆਹ ਕਰੇ। 38 ਇਸ ਲਈ ਤੂੰ ਮੇਰੇ ਪਿਤਾ ਦੇ ਦੇਸ਼ ਜਾਣ ਦਾ ਬਚਨ ਦੇ। ਮੇਰੇ ਪਰਿਵਾਰ ਕੋਲ ਜਾਹ ਅਤੇ ਮੇਰੇ ਪੁੱਤਰ ਲਈ ਵਹੁਟੀ ਲੱਭ ਕੇ ਲਿਆ।’

ਉਤਪਤ 24:42-49

42 “ਅੱਜ ਮੈਂ ਇਸ ਖੂਹ ਉੱਤੇ ਆਇਆ ਅਤੇ ਆਖਿਆ, ‘ਯਹੋਵਾਹ, ਮੇਰੇ ਸੁਆਮੀ, ਅਬਰਾਹਾਮ ਦੇ ਪਰਮੇਸ਼ੁਰ, ਕਿਰਪਾ ਕਰਕੇ ਮੇਰੀ ਯਾਤਰਾ ਸਫ਼ਲ ਕਰ। 43 ਮੈਂ ਇਸ ਖੂਹ ਉੱਤੇ ਖਲੋਤਾ ਰਹਾਂਗਾ ਅਤੇ ਪਾਣੀ ਲਿਆਉਣ ਲਈ ਇੱਥੇ ਆਈ ਕਿਸੇ ਮੁਟਿਆਰ ਦੀ ਉਡੀਕ ਕਰਾਂਗਾ। ਫ਼ੇਰ ਮੈਂ ਆਖਾਂਗਾ, “ਮਿਹਰਬਾਨੀ ਕਰਕੇ ਮੈਨੂੰ ਆਪਣੇ ਘੜੇ ਵਿੱਚੋਂ ਥੋੜਾ ਜਿਹਾ ਪਾਣੀ ਪਿਲਾ।” 44 ਢੁਕਵੀਂ ਮੁਟਿਆਰ ਇੱਕ ਖਾਸ ਢੰਗ ਨਾਲ ਜਵਾਬ ਦੇਵੇਗੀ। ਉਹ ਆਖੇਗੀ, “ਇਹ ਪਾਣੀ ਪੀਓ, ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਾਣੀ ਪਿਲਾ ਦਿੰਦੀ ਹਾਂ।” ਇਸ ਤਰ੍ਹਾਂ ਮੈਂ ਜਾਣ ਜਾਵਾਂਗਾ ਕਿ ਇਹੀ ਉਹ ਮੁਟਿਆਰ ਹੈ ਜਿਸ ਨੂੰ ਯਹੋਵਾਹ ਨੇ ਮੇਰੇ ਸੁਆਮੀ ਦੇ ਪੁੱਤਰ ਲਈ ਚੁਣਿਆ ਹੈ।’

45 “ਮੇਰੇ ਪ੍ਰਾਰਥਨਾ ਖਤਮ ਕਰਨ ਤੋਂ ਪਹਿਲਾਂ, ਰਿਬਕਾਹ ਖੂਹ ਉੱਤੇ ਪਾਣੀ ਭਰਨ ਲਈ ਆ ਗਈ। ਉਸ ਦੇ ਮੋਢੇ ਉੱਤੇ ਪਾਣੀ ਵਾਲਾ ਘੜਾ ਸੀ ਅਤੇ ਉਹ ਖੂਹ ਤੋਂ ਪਾਣੀ ਭਰਨ ਲਈ ਜਾ ਰਹੀ ਸੀ। ਮੈਂ ਉਸ ਕੋਲੋਂ ਕੁਝ ਪਾਣੀ ਮੰਗਿਆ। 46 ਉਸ ਨੇ ਛੇਤੀ ਨਾਲ ਮੋਢੇ ਤੋਂ ਘੜਾ ਹੇਠਾਂ ਲਾਹਿਆ ਅਤੇ ਮੈਨੂੰ ਥੋੜਾ ਜਿਹਾ ਪਾਣੀ ਪਿਲਾਇਆ। ਫ਼ੇਰ ਉਸ ਨੇ ਆਖਿਆ, ‘ਇਹ ਪੀ ਲਵੋ ਅਤੇ ਮੈਂ ਥੋੜਾ ਪਾਣੀ ਤੁਹਾਡੇ ਊਠਾਂ ਵਾਸਤੇ ਵੀ ਲੈ ਕੇ ਆਉਂਦੀ ਹੈ।’ ਇਸ ਲਈ ਮੈਂ ਪਾਣੀ ਪੀਤਾ ਅਤੇ ਉਸ ਨੇ ਮੇਰੇ ਊਠਾਂ ਨੂੰ ਵੀ ਪਾਣੀ ਪਿਲਾਇਆ। 47 ਫ਼ੇਰ ਮੈਂ ਉਸ ਨੂੰ ਪੁੱਛਿਆ, ‘ਤੇਰੇ ਪਿਤਾ ਦਾ ਕੀ ਨਾਮ ਹੈ?’ ਉਸ ਨੇ ਜਵਾਬ ਦਿੱਤਾ, ‘ਮੇਰਾ ਪਿਤਾ ਮਿਲਕਾਹ ਅਤੇ ਨਾਹੋਰ ਦਾ ਪੁੱਤਰ ਬਥੂਏਲ ਹੈ।’ ਫ਼ੇਰ ਮੈਂ ਉਸ ਨੂੰ ਅੰਗੂਠੀ ਅਤੇ ਬਾਜ਼ੂਬੰਦ ਦਿੱਤੇ। 48 ਮੈਂ ਆਪਣਾ ਸੀਸ ਝੁਕਾ ਕੇ ਯਹੋਵਾਹ ਦਾ ਧੰਨਵਾਦ ਕੀਤਾ। ਮੈਂ ਯਹੋਵਾਹ ਆਪਣੇ ਸੁਆਮੀ ਅਬਰਾਹਾਮ ਦੇ ਪਰਮੇਸ਼ੁਰ ਨੂੰ ਅਸੀਸ ਦਿੱਤੀ। ਮੈਂ ਉਸਦਾ ਧੰਨਵਾਦ ਕੀਤਾ ਕਿ ਉਸ ਨੇ ਮੇਰੇ ਸੁਆਮੀ ਦੇ ਭਰਾ ਦੀ ਪੋਤੀ ਨੂੰ ਉਸ ਦੇ ਪੁੱਤਰ ਦੀ ਵਹੁਟੀ ਬਨਾਉਣ ਲਈ ਮੇਰੀ ਅਗਵਾਈ ਕੀਤੀ। 49 ਹੁਣ, ਮੈਨੂੰ ਦੱਸੋ, ਕਿ ਤੁਸੀਂ ਮੇਰੇ ਸੁਆਮੀ ਦੇ ਪ੍ਰਤਿ ਮਿਹਰਬਾਹ ਅਤੇ ਵਫ਼ਾਦਾਰ ਹੋਵੋਂਗੇ ਅਤੇ ਉਸ ਨੂੰ ਆਪਣੀ ਧੀ ਦਾ ਸਾਕ ਦਿਉਂਗੇ? ਜਾਂ ਤੁਸੀਂ ਆਪਣੀ ਧੀ ਦਾ ਸਾਕ ਕਰਨ ਤੋਂ ਇਨਕਾਰ ਕਰੋਂਗੇ? ਮੈਨੂੰ ਦੱਸ ਦਿਉ ਤਾਂ ਜੋ ਮੈਂ ਇਹ ਜਾਣ ਲਵਾਂ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ?”

ਉਤਪਤ 24:58-67

58 ਉਨ੍ਹਾਂ ਨੇ ਰਿਬਕਾਹ ਨੂੰ ਸੱਦਿਆ ਅਤੇ ਉਸ ਨੂੰ ਪੁੱਛਿਆ, “ਕੀ ਤੂੰ ਇਸ ਬੰਦੇ ਨਾਲ ਹੁਣੇ ਜਾਣਾ ਚਾਹੁੰਦੀ ਹੈਂ?”

ਰਿਬਕਾਹ ਨੇ ਆਖਿਆ, “ਹਾਂ ਮੈਂ ਜਾਵਾਂਗੀ।”

59 ਇਸ ਲਈ ਉਨ੍ਹਾਂ ਨੇ ਰਿਬਕਾਹ ਨੂੰ ਅਬਰਾਹਾਮ ਦੇ ਨੌਕਰ ਅਤੇ ਉਸ ਦੇ ਬੰਦਿਆਂ ਨਾਲ ਜਾਣ ਦਿੱਤਾ। ਰਿਬਕਾਹ ਦੀ ਦਾਈ ਵੀ ਉਨ੍ਹਾਂ ਦੇ ਨਾਲ ਗਈ। 60 ਜਦੋਂ ਰਿਬਕਾਹ ਜਾ ਰਹੀ ਸੀ, ਉਨ੍ਹਾਂ ਨੇ ਉਸ ਨੂੰ ਆਖਿਆ,

“ਸਾਡੀਏ ਭੈਣੇ,
    ਤੂੰ ਬਹੁਤ ਸਾਰੇ ਲੋਕਾਂ ਦੀ ਮਾਂ ਬਣੇ
ਅਤੇ ਤੇਰੇ ਉੱਤਰਾਧਿਕਾਰੀ ਆਪਣੇ ਦੁਸ਼ਮਣਾ ਨੂੰ ਹਰਾ ਦੇਣ
    ਅਤੇ ਉਨ੍ਹਾਂ ਦੇ ਸ਼ਹਿਰਾਂ ਉੱਤੇ ਕਬਜ਼ਾ ਕਰ ਲੈਣ।”

61 ਫ਼ੇਰ ਰਿਬਕਾਹ ਅਤੇ ਉਸਦੀ ਦਾਈ ਊਠਾਂ ਉੱਪਰ ਚੜ੍ਹ ਗਈਆਂ ਅਤੇ ਨੌਕਰ ਅਤੇ ਉਸ ਦੇ ਬੰਦਿਆਂ ਦੇ ਪਿੱਛੇ ਚੱਲ ਪਈਆਂ। ਇਸ ਤਰ੍ਹਾਂ ਨੌਕਰ ਨੇ ਰਿਬਕਾਹ ਨੂੰ ਲਿਆ ਅਤੇ ਘਰ ਵਾਪਸੀ ਦੇ ਸਫ਼ਰ ਉੱਤੇ ਰਵਾਨਾ ਹੋ ਗਿਆ।

62 ਇਸਹਾਕ ਨੇ ਬਏਰ ਲਹੀ ਰੋਈ ਨੂੰ ਛੱਡ ਦਿੱਤਾ ਸੀ ਅਤੇ ਹੁਣ ਨੇਗੇਵ ਵਿੱਚ ਰਹਿ ਰਿਹਾ ਸੀ। 63 ਸ਼ਾਮ ਨੂੰ ਇਸਹਾਕ ਖੇਤਾਂ ਵੱਲ ਸੈਰ ਲਈ ਨਿਕਲ ਗਿਆ। ਇਸਹਾਕ ਨੇ ਨਜ਼ਰ ਮਾਰੀ ਅਤੇ ਦੂਰੋਂ ਆਉਂਦੇ ਊਠਾਂ ਵੱਲ ਦੇਖਿਆ।

64 ਰਿਬਕਾਹ ਨੇ ਇਸਹਾਕ ਵੱਲ ਦੇਖਿਆ। ਫ਼ੇਰ ਉਹ ਊਠ ਤੋਂ ਉੱਤਰ ਗਈ। 65 ਉਸ ਨੇ ਨੌਕਰ ਨੂੰ ਆਖਿਆ, “ਇਹ ਆਦਮੀ ਕੌਣ ਹੈ ਜਿਹੜਾ ਖੇਤਾਂ ਵਿੱਚ ਸਾਨੂੰ ਮਿਲਣ ਲਈ ਘੁੰਮ ਰਿਹਾ ਹੈ?”

ਨੌਕਰ ਨੇ ਆਖਿਆ, “ਇਹ ਮੇਰਾ ਸੁਆਮੀ ਹੈ।” ਇਸ ਲਈ ਰਿਬਕਾਹ ਨੇ ਆਪਣਾ ਮੂੰਹ ਪਰਦੇ ਨਾਲ ਕੱਜ ਲਿਆ।

66 ਨੌਕਰ ਨੇ ਇਸਹਾਕ ਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਜੋ ਵਾਪਰੀਆਂ ਸਨ। 67 ਫ਼ੇਰ ਇਸਹਾਕ ਕੁੜੀ ਨੂੰ ਆਪਣੀ ਮਾਂ ਦੇ ਤੰਬੂ ਵਿੱਚ ਲੈ ਆਇਆ। ਰਿਬਕਾਹ ਉਸੇ ਦਿਨ ਇਸਹਾਕ ਦੀ ਪਤਨੀ ਬਣ ਗਈ। ਇਸਹਾਕ ਉਸ ਨੂੰ ਬਹੁਤ ਪਿਆਰ ਕਰਦਾ ਸੀ ਇਸ ਲਈ ਇਸਹਾਕ ਨੂੰ ਆਪਣੀ ਮਾਂ ਦੇ ਦੇਹਾਂਤ ਤੋਂ ਬਾਦ ਹੌਂਸਲਾ ਮਿਲਿਆ।

ਜ਼ਬੂਰ 45:10-17

10 ਧੀਏ, ਮੈਨੂੰ ਸੁਣ, ਧਿਆਨ ਨਾਲ ਸੁਣੀ, ਅਤੇ ਤੂੰ ਸਮਝੀਂ।
    ਆਪਣੇ ਲੋਕਾਂ ਨੂੰ ਅਤੇ ਆਪਣੇ ਬਾਬਲ ਦੇ ਪਰਿਵਾਰਾਂ ਨੂੰ ਭੁੱਲ ਜਾ।
11     ਰਾਜਾ ਤੇਰੀ ਸੁੰਦਰਤਾ ਦੀ ਇੱਛਾ ਕਰਦਾ ਹੈ।
ਉਹ ਤੇਰਾ ਨਵਾਂ ਪਤੀ ਹੋਵੇਗਾ
    ਇਸ ਲਈ ਤੈਨੂੰ ਉਸਦਾ ਆਦਰ ਕਰਨਾ ਚਾਹੀਦਾ ਹੈ।
12 ਸੂਰ ਦੇ ਅਮੀਰ ਲੋਕ ਸੁਗਾਤਾਂ ਨਾਲ ਤੈਨੂੰ ਮਿਲਣ ਲਈ ਆਉਣਗੇ।

13 ਸ਼ਹਿਜ਼ਾਦੀ ਆਪਣੇ ਲਿਬਾਸ ਵਿੱਚ, ਜਿਹੜਾ ਖਾਲਸ ਸੋਨੇ ਦਾ ਬਣਿਆ ਹੈ।
    ਸੋਨੇ ਵਿੱਚ ਮੜ੍ਹੇ ਹੀਰੇ ਵਾਂਗ ਲੱਗਦੀ ਹੈ।
14 ਲਾੜੀ ਨੂੰ ਉਸਦੀ ਸੁੰਦਰ ਪੁਸ਼ਾਕ ਵਿੱਚ ਰਾਜੇ ਕੋਲ ਲਿਆਂਦਾ ਗਿਆ,
    ਅਤੇ ਲਾੜੀ ਦੀਆਂ ਸਹੇਲੀਆਂ ਉਸ ਦੇ ਪਿੱਛੇ-ਪਿੱਛੇ ਆਈਆਂ।
15 ਉਹ ਖੁਸ਼ੀ ਨਾਲ ਭਰੀਆਂ ਹੋਈਆਂ ਆਉਂਦੀਆਂ ਹਨ।
    ਉਹ ਖੁਸ਼ੀ ਨਾਲ ਭਰੀਆਂ ਰਾਜੇ ਦੇ ਮਹਿਲ ਵਿੱਚ ਦਾਖਲ ਹੁੰਦੀਆਂ ਹਨ।

16 ਰਾਜਾ ਤੁਹਾਡੇ ਪੁੱਤਰ ਤੁਹਾਡੇ ਪਿੱਛੋਂ ਰਾਜ ਕਰਨਗੇ।
    ਤੁਸੀਂ ਉਨ੍ਹਾਂ ਨੂੰ ਸਾਰੀ ਧਰਤੀ ਦਾ ਹਾਕਮ ਬਣਾ ਦੇਵੋਂਗੇ।
17 ਮੈਂ ਸਦਾ ਲਈ ਤੁਹਾਡਾ ਨਾਮ ਰੌਸ਼ਨ ਕਰਾਂਗਾ।
    ਲੋਕ ਸਦਾ-ਸਦਾ ਲਈ ਤੁਹਾਡੀ ਉਸਤਤਿ ਕਰਨਗੇ।

ਸਲੇਮਾਨ ਦਾ ਗੀਤ 2:8-13

ਉਹ ਫੇਰ ਬੋਲਦੀ ਹੈ

ਇਹ ਮੇਰੇ ਪ੍ਰੀਤਮ ਦੀ ਆਵਾਜ਼ ਹੈ!
    ਵੇਖੋ! ਉਹ ਇੱਥੇ, ਪਹਾੜਾਂ ਤੋਂ ਦੀ ਉੱਛਲਦਾ ਹੋਇਆ ਪਹਾੜੀਆਂ
    ਤੋਂ ਦੀ ਟੱਪਦਾ ਹੋਇਆ ਆ ਰਿਹਾ ਹੈ।
ਮੇਰਾ ਪ੍ਰੀਤਮ ਗਜ਼ੇਲ
    ਜਾਂ ਕਿਸੇ ਜਵਾਨ ਹਿਰਣ ਵਰਗਾ ਹੈ।
ਤੱਕੋ ਉਸ ਨੂੰ ਸਾਡੀ ਕੰਧ ਉਹਲੇ ਖੜ੍ਹੇ ਹੋਏ ਨੂੰ
    ਖਿੜਕੀ ਵਿੱਚੋਂ ਝਾਕਦੇ ਹੋਏ ਨੂੰ ਜਾਲੀ ਵਿੱਚੋਂ ਤਕਦੇ ਹੋਏ ਨੂੰ।
10 ਮੇਰੇ ਪ੍ਰੀਤਮ ਨੇ ਮੈਨੂੰ ਉੱਤਰ ਦਿੱਤਾ,
“ਉੱਠ ਮੇਰੀ ਮਹਿਬੂਬਾ ਮੇਰੀ ਸੁੰਦਰੀਏ
    ਮੇਰੇ ਨਾਲ ਚੱਲ।
11 ਦੇਖ! ਸਰਦੀ ਬੀਤ ਗਈ ਹੈ
    ਬਰੱਖਾ ਲੰਘ ਗਈ ਹੈ ਤੇ ਚਲੀ ਗਈ।
12 ਇਹ ਫੁੱਲ ਹਨ ਜਿਹੜੇ ਖੇਤਾਂ ਵਿੱਚ ਖਿੜੇ ਹੋਏ ਹਨ।
    ਸਮਾਂ ਹੈ ਇਹ ਪੰਛੀਆਂ ਲਈ ਗੀਤ ਗਾਉਣ ਦਾ।
    ਸੁਣੋ, ਅਸੀਂ ਆਪਣੀ ਧਰਤੀ ਅੰਦਰ ਘੁੱਗੀ ਨੂੰ ਸੁਣ ਸੱਕਦੇ ਹਾਂ।
13 ਅੰਜੀਰ ਦੇ ਰੁੱਖ, ਕੱਚੇ ਅੰਜੀਰ ਪੈਦਾ ਕਰ ਰਹੇ ਹਨ।
    ਵੇਲਾਂ ਅੰਗੂਰਾਂ ਦੇ ਫੁੱਲਾਂ ਦੀ ਸੁਗੰਧੀ ਦੇ ਰਹੀਆਂ ਹਨ।
ਉੱਠ, ਮੇਰੀ ਮਹਿਬੂਬਾ, ਮੇਰੀ ਸੋਹਣੀਏ
    ਅਤੇ ਮੇਰੇ ਨਾਲ ਚੱਲ!”

ਰੋਮੀਆਂ ਨੂੰ 7:15-25

15 ਮੈਨੂੰ ਨਹੀਂ ਸਮਝ ਆਉਂਦੀ ਕਿ ਮੈਂ ਕੀ ਕਰ ਰਿਹਾ ਹਾਂ। ਮੈਂ ਨੇਕੀ ਕਰਨਾ ਚਾਹੁੰਦਾ ਹਾਂ, ਪਰ ਮੈਂ ਇਹ ਨਹੀਂ ਕਰਦਾ। ਇਸਦੀ ਜਗ਼੍ਹਾ, ਮੈਂ ਉਹ ਕਰਦਾ ਹਾਂ ਜਿਸ ਨੂੰ ਮੈਂ ਨਫ਼ਰਤ ਕਰਦਾ ਹਾਂ। 16 ਅਤੇ ਜੇਕਰ ਮੈਂ ਬੁਰੇ ਕੰਮ ਨਹੀਂ ਕਰਨਾ ਚਾਹੁੰਦਾ, ਜੋ ਮੈਂ ਕਰਦਾ ਹਾਂ, ਇਸਦਾ ਮਤਲਬ ਇਹ ਹੈ ਕਿ ਮੈਂ ਸਹਿਮਤ ਹਾਂ ਕਿ ਸ਼ਰ੍ਹਾ ਚੰਗੀ ਹੈ। 17 ਪਰ ਮੈਂ ਉਹ ਇੱਕ ਨਹੀਂ ਹਾਂ ਜੋ ਬੁਰੇ ਕੰਮ ਕਰਦਾ ਹਾਂ। ਇਹ ਮੇਰੇ ਅੰਦਰ ਰਹਿੰਦਾ ਪਾਪ ਹੈ ਜੋ ਉਨ੍ਹਾਂ ਨੂੰ ਕਰਦਾ ਹੈ। 18 ਹਾਂ, ਮੈਨੂੰ ਪਤਾ ਕਿ ਮੇਰੇ ਅੰਦਰ ਕੁਝ ਵੀ ਚੰਗਾ ਨਹੀਂ ਰਹਿੰਦਾ ਹੈ। ਮੇਰਾ ਮਤਲਬ ਹੈ ਕਿ ਮੇਰੇ ਪਾਪੀ ਸੁਭਾਅ ਵਿੱਚ ਕੁਝ ਵੀ ਚੰਗਾ ਨਹੀਂ ਰਹਿੰਦਾ। ਮੈਂ, ਜੋ ਚੰਗਾ ਹੈ, ਉਹ ਕਰਨਾ ਚਾਹੁੰਦਾ ਹਾਂ, ਪਰ ਮੇਰੇ ਕੋਲ ਇਹ ਕਰਨ ਦੀ ਸ਼ਕਤੀ ਨਹੀਂ ਹੈ। 19 ਮੈਂ ਚੰਗੇ ਕੰਮ ਨਹੀਂ ਕਰਦਾ, ਜੋ ਮੈਂ ਕਰਨਾ ਚਾਹੁੰਦਾ ਹਾਂ, ਪਰ ਮੈਂ ਭੈੜੇ ਕੰਮ ਕਰਦਾ ਹਾਂ, ਜੋ ਮੈਂ ਨਹੀਂ ਕਰਨੇ ਚਾਹੁੰਦਾ। 20 ਇਸ ਲਈ ਜੇਕਰ ਮੈਂ ਉਹ ਕਰ ਰਿਹਾ ਹਾਂ ਜੋ ਨਹੀਂ ਕਰਨਾ ਚਾਹੁੰਦਾ, ਤਾਂ ਉਹ ਮੈਂ ਨਹੀਂ ਹਾਂ ਜੋ ਇਹ ਕਰ ਰਿਹਾ ਹੈ। ਇਹ ਪਾਪ ਹੈ ਜੋ ਮੇਰੇ ਅੰਦਰ ਰਹਿੰਦਾ ਹੈ ਤੇ ਇਹ ਕਰਦਾ ਹੈ।

21 ਸੋ ਮੈਂ ਇਹ ਅਸੂਲ ਸਿੱਖਿਆ ਹੈ: ਜਦੋਂ ਮੈਂ ਕੁਝ ਚੰਗਾ ਕਰਨਾ ਚਾਹੁੰਦਾ ਹਾਂ, ਤਾਂ ਉੱਥੇ ਦੁਸ਼ਟਤਾ ਮੇਰੇ ਨਾਲ ਹੈ। ਅਤੇ ਇਹ ਬੁਰੀਆਂ ਗੱਲਾਂ ਕਰਦੀ ਹੈ। 22 ਮੈਂ ਪਰਮੇਸ਼ੁਰ ਦੇ ਨੇਮ ਨਾਲ ਆਪਣੇ ਦਿਲ ਵਿੱਚ ਖੁਸ਼ੀ ਮਹਿਸੂਸ ਕੱਰਦਾ ਹਾਂ। 23 ਪਰ ਮੈਂ ਆਪਣੇ ਸਰੀਰ ਦੇ ਅੰਗਾਂ ਵਿੱਚ ਇੱਕ ਹੋਰ ਨਿਯਮ ਵੇਖਦਾ ਹਾਂ ਜੋ ਉਸ ਨੇਮ ਦੇ ਖਿਲਾਫ਼ ਲੜਦਾ ਹੈ ਜੋ ਮੇਰਾ ਮਨ ਕਬੂਲਦਾ ਹੈ। ਮੇਰੇ ਅੰਦਰ ਕੰਮ ਕਰ ਰਿਹਾ ਉਹ ਦੂਜਾ ਨਿਯਮ ਪਾਪ ਦਾ ਨੇਮ ਹੈ, ਅਤੇ ਇਹ ਮੈਨੂੰ ਕੈਦੀ ਬਣਾਉਂਦਾ ਹੈ। 24 ਮੈਂ ਕਿੰਨਾ ਅਭਾਗਾ ਹਾਂ। ਮੈਨੂੰ ਇਸ ਸਰੀਰ ਤੋਂ ਕੌਣ ਬਚਾਵੇਗਾ ਜਿਹੜਾ ਮੇਰੇ ਲਈ ਮੌਤ ਲੈ ਕੇ ਆਉਦਾ ਹੈ। 25 ਪਰਮੇਸ਼ੁਰ ਮੈਨੂੰ ਬਚਾਵੇਗਾ। ਮੈਂ ਯਿਸੂ ਮਸੀਹ, ਸਾਡੇ ਪ੍ਰਭੂ ਰਾਹੀਂ ਬਚਾਉਣ ਲਈ ਉਸਦਾ ਧੰਨਵਾਦ ਕਰਦਾ ਹਾਂ।

ਇਸ ਲਈ ਮੈਂ ਆਪਣੇ ਮਨ ਵਿੱਚ ਪਰਮੇਸ਼ੁਰ ਦੇ ਨੇਮ ਦਾ ਦਾਸ ਹਾਂ। ਪਰ ਆਪਣੇ ਪਾਪੀ ਸੁਭਾਅ ਵਿੱਚ ਮੈਂ ਪਾਪ ਦੇ ਨੇਮ ਦਾ ਦਾਸ ਹਾਂ।

ਮੱਤੀ 11:16-19

16 “ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਅੱਜ ਦੇ ਲੋਕ ਉਨ੍ਹਾਂ ਬੱਚਿਆਂ ਵਰਗੇ ਹਨ ਜੋ ਕਿ ਬੱਚਿਆਂ ਦਾ ਇੱਕ ਧੜਾ ਬਣਾਕੇ ਬਾਜ਼ਾਰ ਵਿੱਚ ਬੈਠੇ ਦੂਜੇ ਬਾਲਕਾਂ ਦੇ ਧੜੇ ਨੂੰ ਆਵਾਜ਼ ਮਾਰਕੇ ਆਖਦੇ ਹਨ,

17 ‘ਅਸੀਂ ਤੁਹਾਡੇ ਲਈ ਬੰਸਰੀ
    ਵਜਾਈ ਪਰ ਤੁਸੀਂ ਨਾ ਨੱਚੇ।
ਅਸੀਂ ਉਦਾਸ ਗੀਤ ਗਾਇਆ
    ਪਰ ਤੁਸੀਂ ਨਾ ਪਿੱਟਿਆ।’

18 ਮੈਂ ਕਿਉਂ ਕਹਿੰਦਾ ਹਾਂ ਕਿ ਲੋਕ ਇਹੋ ਜਿਹੇ ਹਨ? ਕਿਉਂਕਿ ਯੂਹੰਨਾ ਆਇਆ ਪਰ ਉਸ ਨੇ ਦੂਜੇ ਲੋਕਾਂ ਵਾਂਗ ਨਾ ਖਾਧਾ ਨਾ ਪੀਤਾ, ‘ਅਤੇ ਲੋਕਾਂ ਨੇ ਆਖਿਆ ਕਿ ਉਸ ਦੇ ਅੰਦਰ ਭੂਤ ਹੈ।’ 19 ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਅਤੇ ਲੋਕ ਆਖਦੇ ਹਨ ਕਿ ਵੇਖੋ ਇੱਕ ਖਾਊ ਅਤੇ ਸ਼ਰਾਬੀ ਮਨੁੱਖ ਮਸੂਲੀਆਂ ਅਤੇ ਪਾਪੀਆਂ ਦਾ ਯਾਰ ਹੈ! ਪਰ ਗਿਆਨ ਖੁਦ ਦੀਆਂ ਕਰਨੀਆਂ ਤੋਂ ਧਰਮੀ ਦਿਖਾਇਆ ਜਾਂਦਾ ਹੈ।”

ਮੱਤੀ 11:25-30

ਯਿਸੂ ਆਪਣੇ ਲੋਕਾਂ ਨੂੰ ਵਿਸ਼ਰਾਮ ਦਿੰਦਾ(A)

25 ਤਦ ਯਿਸੂ ਨੇ ਆਖਿਆ, “ਹੇ ਪਿਤਾ, ਸਵਰਗ ਅਤੇ ਧਰਤੀ ਦੇ ਪ੍ਰਭੂ, ਮੈਂ ਤੇਰੀ ਉਸਤਤਿ ਕਰਦਾ ਹਾਂ ਅਤੇ ਜੋ ਤੂੰ ਇਨ੍ਹਾਂ ਗੱਲਾਂ ਨੂੰ ਸਿਆਣੇ ਅਤੇ ਚੁਸਤ ਲੋਕਾਂ ਤੋਂ ਗੁਪਤ ਰੱਖਿਆ। ਪਰ ਤੂੰ ਇਹ ਗੱਲਾਂ ਆਮ ਆਦਮੀਆਂ ਨੂੰ ਪ੍ਰਗਟ ਕੀਤੀਆਂ ਹਨ। 26 ਹਾਂ, ਪਿਤਾ! ਤੂੰ ਅਜਿਹਾ ਕੀਤਾ, ਕਿਉਂਕਿ ਸੱਚਮੁੱਚ ਤੂੰ ਇਹੀ ਕਰਨਾ ਚਾਹੁੰਦਾ ਸੀ।

27 “ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ। ਪਿਤਾ ਤੋਂ ਬਿਨਾ ਪੁੱਤਰ ਨੂੰ ਕੋਈ ਨਹੀਂ ਜਾਣਦਾ ਅਤੇ ਨਾ ਹੀ ਪੁੱਤਰ ਤੋਂ ਬਿਨਾ ਪਿਤਾ ਨੂੰ ਕੋਈ ਜਾਣਦਾ ਹੈ। ਜਿਨ੍ਹਾਂ ਨੂੰ ਪੁੱਤਰ ਪ੍ਰਗਟ ਕਰਨ ਲਈ ਚੁਣੇਗਾ, ਸਿਰਫ਼ ਉਹੀ ਲੋਕ ਪਿਤਾ ਨੂੰ ਜਾਨਣਗੇ।

28 “ਉਹ ਸਾਰੇ ਲੋਕ ਜੋ ਥੱਕੇ ਹੋਏ ਹਨ ਅਤੇ ਜਿਨ੍ਹਾਂ ਨੇ ਭਾਰੀ ਬੋਝ ਚੁੱਕੇ ਹੋਏ ਹਨ ਮੇਰੇ ਕੋਲ ਆਵੋ, ਮੈਂ ਤੁਹਾਨੂੰ ਆਰਾਮ ਦੇਵਾਂਗਾ। 29 ਮੇਰਾ ਜੂਲਾ ਆਪਣੇ ਉੱਤੇ ਚੁੱਕੋ ਅਤੇ ਮੈਥੋਂ ਸਿਖੋ, ਕਿਉਂਕਿ ਮੈਂ ਕੋਮਲ ਅਤੇ ਨਿਮ੍ਰ ਦਿਲ ਹਾ। ਇਉਂ, ਤੁਸੀਂ ਆਪਣੇ ਆਤਮਾ ਅੰਦਰ ਵਿਸ਼ਰਾਮ ਮਹਿਸੂਸ ਕਰੋਂਗੇ। 30 ਕਿਉਂਕਿ ਮੇਰਾ ਜੂਲਾ ਸੁਖਾਲਾ ਹੈ ਅਤੇ ਜੋ ਬੋਝ ਮੈਂ ਤੁਹਾਨੂੰ ਦਿੰਦਾ ਹਾਂ ਉਹ ਹੌਲਾ ਹੈ।”

Punjabi Bible: Easy-to-Read Version (ERV-PA)

2010 by World Bible Translation Center