Revised Common Lectionary (Semicontinuous)
11 ਯਹੋਵਾਹ, ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇਵੋ,
ਮੈਂ ਜੀਵਾਂਗਾ ਅਤੇ ਤੁਹਾਡੀ ਸਚਿਆਈ ਨੂੰ ਮੰਨਾਂਗਾ।
ਮੇਰੀ ਸਹਾਇਤਾ ਕਰੋ ਕਿ ਮੈਂ ਤੁਹਾਡੇ ਨਾਮ ਦੀ ਉਪਾਸਨਾ ਨੂੰ ਆਪਣੇ ਜੀਵਨ
ਦੀ ਸਭ ਤੋਂ ਮਹੱਤਵਪੂਰਣ ਚੀਜ਼ ਬਣਾ ਸੱਕਾਂ।
12 ਪਰਮੇਸ਼ੁਰ ਮੇਰੇ ਮਾਲਕ ਮੈਂ ਆਪਣੇ ਸਾਰੇ ਅਤੇ ਪੂਰੇ ਮਨ ਨਾਲ ਤੁਹਾਡੀ ਉਸਤਤਿ ਕਰਦਾ ਹਾਂ।
ਮੈਂ ਸਦਾ ਲਈ ਤੁਹਾਡੇ ਨਾਮ ਦਾ ਆਦਰ ਕਰਾਂਗਾ।
13 ਹੇ ਪਰਮੇਸ਼ੁਰ, ਤੁਹਾਨੂੰ ਮੇਰੇ ਲਈ ਇੰਨਾ ਸਾਰਾ ਪਿਆਰ ਹੈ।
ਤੁਸੀਂ ਮੈਨੂੰ ਮਿਰਤੂ ਲੋਕ ਤੋਂ ਬਚਾਉਂਦੇ ਹੋ।
14 ਹੇ ਪਰਮੇਸ਼ੁਰ, ਗੁਮਾਨੀ ਲੋਕ ਮੇਰੇ ਉੱਤੇ ਹਮਲਾ ਕਰਦੇ ਹਨ।
ਜ਼ਾਲਮ ਆਦਿਮਆਂ ਦਾ ਟੋਲਾ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਅਤੇ ਉਹ ਲੋਕ ਤੁਹਾਡੀ ਇੱਜ਼ਤ ਨਹੀਂ ਕਰਦੇ।
15 ਹੇ ਮਾਲਕ ਤੁਸੀਂ ਦਯਾ ਅਤੇ ਕਿਰਪਾ ਦੇ ਪਰਮੇਸ਼ੁਰ ਹੋ।
ਤੁਸੀਂ ਸਬਰ ਵਾਲੇ ਹੋਂ, ਤੁਸੀਂ ਵਫ਼ਾਦਾਰੀ ਅਤੇ ਪਿਆਰ ਨਾਲ ਭਰਪੂਰ ਹੋ।
16 ਹੇ ਪਰਮੇਸ਼ੁਰ, ਦਰਸਾ ਦਿਉ ਕਿ ਤੁਸੀਂ ਮੈਨੂੰ ਸੁਣਦੇ ਹੋ, ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
ਮੈਂ ਤੁਹਾਡਾ ਸੇਵਕ ਹਾਂ, ਮੈਨੂੰ ਸ਼ਕਤੀ ਦਿਉ।
ਮੈਂ ਤੁਹਾਡਾ ਸੇਵਕ ਹਾਂ, ਮੇਰੀ ਰੱਖਿਆ ਕਰੋ।
17 ਹੇ ਪਰਮੇਸ਼ੁਰ, ਇਹ ਦਰਸਾਉਣ ਲਈ ਸੰਕੇਤ ਦਿਉ ਕਿ ਤੁਸੀਂ ਮੇਰੀ ਸਹਾਇਤਾ ਕਰੋਂਗੇ।
ਇਸ ਨਾਲ ਪਤਾ ਚੱਲੇਗਾ ਕਿ ਤੁਸੀਂ ਮੇਰੀ ਪ੍ਰਾਰਥਨਾ ਸੁਣ ਲਈ
ਅਤੇ ਇਹ ਵੀ ਕਿ ਤੁਸੀਂ ਮੇਰੀ ਸਹਾਇਤਾ ਕਰੋਂਗੇ।
18 “ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ: ‘ਮੈਂ ਯਰੂਸ਼ਲਮ ਦੇ ਖਿਲਾਫ਼ ਆਪਣਾ ਗੁੱਸਾ ਦਿਖਾਇਆ। ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਸਨ। ਇਸੇ ਤਰ੍ਹਾਂ, ਮੈਂ ਹਰ ਓਸ ਬੰਦੇ ਦੇ ਖਿਲਾਫ਼ ਆਪਣਾ ਗੁੱਸਾ ਦਿਖਾਵਾਂਗਾ ਜਿਹੜਾ ਮਿਸਰ ਜਾਵੇਗਾ। ਹੋਰਨਾਂ ਲੋਕਾਂ ਨੂੰ ਸਰਾਪ ਦੇਣ ਲੱਗਿਆ ਲੋਕ ਤੁਹਾਡੀ ਵਰਤੋਂ ਮਿਸਾਲ ਦੇਣ ਲਈ ਕਰਨਗੇ। ਤੁਸੀਂ ਸਰਾਪ ਦੇ ਸ਼ਬਦ ਵਰਗੇ ਬਣ ਜਾਵੋਗੇ। ਲੋਕ ਤੁਹਾਡੇ ਕੋਲੋਂ ਸ਼ਰਮਸਾਰ ਹੋਣਗੇ। ਲੋਕ ਤੁਹਾਡੀ ਬੇਇੱਜ਼ਤੀ ਕਰਨਗੇ। ਅਤੇ ਤੁਸੀਂ ਫ਼ੇਰ ਕਦੇ ਵੀ ਯਹੂਦਾਹ ਨਹੀਂ ਦੇਖ ਸੱਕੋਗੇ।’
19 “ਯਹੂਦਾਹ ਦੇ ਬਚੇ ਹੋਏ ਲੋਕੋ, ਯਹੋਵਾਹ ਨੇ ਤੁਹਾਨੂੰ ਆਖਿਆ ਸੀ: ‘ਮਿਸਰ ਨੂੰ ਨਾ ਜਾਓ।’ ਮੈਂ ਤੁਹਾਨੂੰ ਹੁਣ, ਇਸੇ ਵੇਲੇ, ਚੇਤਾਵਨੀ ਦਿੰਦਾ ਹਾਂ, 20 ਤੁਸੀਂ ਲੋਕ ਅਜਿਹੀ ਗ਼ਲਤੀ ਕਰ ਰਹੇ ਹੋ ਜਿਹੜੀ ਤੁਹਾਡੀ ਮੌਤ ਦਾ ਕਾਰਣ ਬਣੇਗੀ। ਤੁਸੀਂ ਲੋਕਾਂ ਨੂੰ ਮੈਨੂੰ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਭੇਜਿਆ ਸੀ। ਤੁਸੀਂ ਮੈਨੂੰ ਆਖਿਆ ਸੀ, ‘ਸਾਡੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੋ। ਸਾਨੂੰ ਹਰ ਉਹ ਗੱਲ ਦੱਸੋ ਜੋ ਯਹੋਵਾਹ ਸਾਨੂੰ ਕਰਨ ਲਈ ਆਖਦਾ ਹੈ। ਅਸੀਂ ਯਹੋਵਾਹ ਦਾ ਹੁਕਮ ਮੰਨਾਂਗੇ।’ 21 ਇਸ ਲਈ ਅੱਜ, ਮੈਂ ਤੁਹਾਨੂੰ ਯਹੋਵਾਹ ਦਾ ਸੰਦੇਸ਼ ਦੇ ਦਿੱਤਾ ਹੈ। ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਤੁਸੀਂ ਉਹ ਸਾਰੀਆਂ ਗੱਲਾਂ ਨਹੀਂ ਕੀਤੀਆਂ ਜਿਹੜੀਆਂ ਉਸ ਨੇ ਮੇਰੇ ਰਾਹੀਂ ਤੁਹਾਨੂੰ ਕਰਨ ਲਈ ਆਖੀਆਂ ਸਨ। 22 ਇਸ ਲਈ ਹੁਣ, ਪੱਕਾ ਕਰੋ ਕਿ ਤੁਸੀਂ ਇਹ ਗੱਲ ਸਮਝਦੇ ਹੋ: ਤੁਸੀਂ ਲੋਕ ਮਿਸਰ ਵਿੱਚ ਜਾਕੇ ਰਹਿਣਾ ਚਾਹੁੰਦੇ ਹੋ। ਪਰ ਮਿਸਰ ਵਿੱਚ ਤੁਹਾਡੇ ਨਾਲ ਇਹ ਗੱਲਾਂ ਵਾਪਰਨਗੀਆਂ। ਤੁਸੀਂ ਤਲਵਾਰ ਨਾਲ, ਜਾਂ ਭੁੱਖ ਨਾਲ, ਜਾਂ ਭਿਆਨਕ ਬੀਮਾਰੀ ਨਾਲ ਮਰੋਗੇ।”
5 ਯਿਸੂ ਨੇ ਬਾਰ੍ਹਾਂ ਰਸੂਲਾਂ ਨੂੰ ਇਹ ਹਿਦਾਇਤਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਭੇਜ ਦਿੱਤਾ। ਉਸ ਨੇ ਆਖਿਆ, “ਗੈਰ-ਯਹੂਦੀਆਂ ਦੇ ਇਲਾਕੇ ਨੂੰ ਨਾ ਜਾਣਾ ਅਤੇ ਸਾਮਰੀਆ ਦੇ ਕਿਸੇ ਵੀ ਨਗਰ ਵਿੱਚ ਪ੍ਰਵੇਸ਼ ਨਾ ਕਰਨਾ। 6 ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ। 7 ਜਾਓ ਅਤੇ ਪ੍ਰਚਾਰ ਕਰੋ ‘ਸਵਰਗ ਦਾ ਰਾਜ ਨੇੜੇ ਆ ਰਿਹਾ ਹੈ।’ 8 ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਂਦਿਆਂ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਮੈਂ ਇਹ ਅਧਿਕਾਰ ਤੁਹਾਨੂੰ ਮੁਫ਼ਤ ਦਿੱਤਾ ਹੈ, ਇਸ ਲਈ ਤੁਸੀਂ ਵੀ ਹੋਰਾਂ ਲੋਕਾਂ ਦੀ ਮੁਫ਼ਤ ਮਦਦ ਕਰੋ। 9 ਆਪਣੇ ਕਮਰ ਕਸਿਆਂ ਵਿੱਚ ਸੋਨਾ, ਚਾਂਦੀ ਨਾ ਤਾਂਬਾ ਕੁਝ ਵੀ ਨਾ ਲਿਓ। 10 ਨਾ ਹੀ ਆਪਣੇ ਨਾਲ ਕੋਈ ਝੋਲਾ ਚੁੱਕੋ। ਆਪਣੇ ਸਫ਼ਰ ਵਿੱਚ ਸਿਰਫ਼ ਉਹੀ ਕੱਪੜੇ ਅਤੇ ਉਹੀ ਜੁੱਤੀ ਲਿਓ ਜਿਹੜੀ ਤੁਸੀਂ ਪਾਈ ਹੋਈ ਹੈ। ਨਾ ਹੀ ਤੁਸੀਂ ਆਪਣੇ ਨਾਲ ਲਾਠੀ ਲੈਣੀ ਹੈ। ਇੱਕ ਕਾਮੇ ਨੂੰ ਹੱਕ ਹੈ ਕਿ ਜੋ ਉਸ ਨੂੰ ਚਾਹੀਦਾ ਲੈ ਸੱਕਦਾ ਹੈ।
11 “ਜਦ ਤੁਸੀਂ ਕਿਸੇ ਨਗਰ ਜਾਂ ਸ਼ਹਿਰ ਵਿੱਚ ਵੜੋ ਤਾਂ ਇਹ ਪੁੱਛੋ ਕਿ ਇੱਥੇ ਲਾਇੱਕ ਮਨੁੱਖ ਕੌਣ ਹੈ। ਅਤੇ ਜਿੰਨਾ ਚਿਰ ਕਿਤੇ ਹੋਰ ਨਾ ਜਾਵੋ ਉੱਥੇ ਹੀ ਠਹਿਰੇ ਰਹੋ। 12 ਅਤੇ ਉਸ ਘਰ ਵਿੱਚ ਵੜਦਿਆਂ ਹੀ ਉਸਦੀ ਸੁੱਖ ਮੰਗੋ। 13 ਜੇਕਰ ਉਸ ਘਰ ਦੇ ਲੋਕ ਤੁਹਾਡਾ ਸੁਆਗਤ ਕਰਦੇ ਹਨ, ਤਾਂ ਉਹ ਤੁਹਾਡੀ ਸ਼ਾਂਤੀ ਦੇ ਲਾਇੱਕ ਹਨ। ਜੋ ਸ਼ਾਂਤੀ ਤੁਸੀਂ ਉਨ੍ਹਾਂ ਲਈ ਚਾਹੀ ਉਹ ਉਨ੍ਹਾਂ ਦੀ ਹੋਵੇ। ਪਰ ਜੇਕਰ ਉਹ ਤੁਹਾਡਾ ਸੁਆਗਤ ਨਹੀਂ ਕਰਦੇ ਉਹ ਤੁਹਾਡੀ ਸ਼ਾਂਤੀ ਦੇ ਲਾਇੱਕ ਨਹੀਂ ਹਨ। ਤਾਂ ਜੋ ਸ਼ਾਂਤੀ ਤੁਸੀਂ ਉਨ੍ਹਾਂ ਨੂੰ ਬਖਸ਼ੀ ਉਹ ਵਾਪਸ ਲੈ ਲਵੋ। 14 ਜੇਕਰ ਕੋਈ ਘਰ ਜਾਂ ਸ਼ਹਿਰ ਤੁਹਾਡਾ ਸੁਆਗਤ ਨਾ ਕਰੇ, ਅਤੇ ਤੁਹਾਡੇ ਸ਼ਬਦਾਂ ਵੱਲ ਧਿਆਨ ਨਾ ਦੇਵੇ, ਤਾਂ ਜਦੋਂ ਤੁਸੀਂ ਉਹ ਜਗ੍ਹਾ ਛੱਡੋਂ ਤਾਂ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ। 15 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਦਾ ਹਾਲ ਸਦੂਮ ਅਤੇ ਅਮੂਰਾਹ [a] ਦੇ ਦੇਸ਼ ਨਾਲੋਂ ਵੀ ਭਿਆਨਕ ਹੋਵੇਗਾ।
ਯਿਸੂ ਦਾ ਮੁਸ਼ਕਲਾਂ ਬਾਰੇ ਖਬਰਦਾਰ ਕਰਨਾ(A)
16 “ਸੁਣੋ! ਮੈਂ ਤੁਹਾਨੂੰ ਭੇਡਾਂ ਵਾਂਗ ਬਘਿਆੜਾਂ ਵਿੱਚ ਭੇਜਦਾ ਹਾਂ। ਸੋ ਤੁਸੀਂ ਸਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ। 17 ਲੋਕਾਂ ਤੋਂ ਹੋਸ਼ਿਆਰ ਰਹੋ, ਕਿਉਂਕਿ ਉਹ ਤੁਹਾਨੂੰ ਕੈਦ ਕਰਕੇ ਤੁਹਾਡਾ ਨਿਰਨਾ ਕਰਨਗੇ ਅਤੇ ਆਪਣੇ ਪ੍ਰਾਰਥਨਾ ਸਥਾਨਾਂ ਵਿੱਚ ਤੁਹਾਨੂੰ ਕੋੜੇ ਮਾਰਨਗੇ। 18 ਤੁਸੀਂ ਮੇਰੇ ਕਾਰਣ ਰਾਜਪਾਲਾਂ ਅਤੇ ਰਾਜਿਆਂ ਦੇ ਅੱਗੇ ਪੇਸ਼ ਕੀਤੇ ਜਾਵੋਗੇ। ਤੁਸੀਂ ਮੇਰੇ ਬਾਰੇ ਉਨ੍ਹਾਂ ਰਾਜਿਆਂ, ਰਾਜਪਾਲਾਂ ਅਤੇ ਲੋਕਾਂ ਨੂੰ ਦੱਸੋਂਗੇ ਜਿਹੜੇ ਗੈਰ-ਯਹੂਦੀ ਹਨ। 19 ਪਰ ਜਦੋਂ ਲੋਕ ਤੁਹਾਨੂੰ ਗਿਰਫ਼ਤਾਰ ਕਰਨ, ਤਾਂ ਇਹ ਚਿੰਤਾ ਨਾ ਕਰੋ ਕਿ ਇਸ ਬਾਰੇ ਕੀ ਆਖੀਏ ਅਤੇ ਉਨ੍ਹਾਂ ਨੂੰ ਕਿਵੇਂ ਦੱਸੀਏ। ਕਿਉਂਕਿ ਜਿਹੜੇ ਤੁਹਾਨੂੰ ਸ਼ਬਦ ਆਖਣੇ ਚਾਹੀਦੇ ਹਨ ਉਹ ਉਸੇ ਘੜੀ ਤੁਹਾਨੂੰ ਦਿੱਤੇ ਜਾਣਗੇ। 20 ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋਵੋਂਗੇ, ਸਗੋਂ ਤੁਹਾਡੇ ਪਿਤਾ ਦਾ ਆਤਮਾ ਤੁਹਾਡੇ ਰਾਹੀਂ ਬੋਲ ਰਿਹਾ ਹੋਵੇਗਾ।
21 “ਭਰਾ ਆਪਣੇ ਭਰਾਵਾਂ ਦੇ ਵੈਰੀ ਬਣ ਜਾਣਗੇ ਅਤੇ ਉਨ੍ਹਾਂ ਨੂੰ ਮਰਵਾਉਣ ਵਾਸਤੇ ਗਿਰਫ਼ਤਾਰ ਕਰਾਉਣਗੇ। ਪਿਤਾ ਅਪਣੇ ਬੱਚਿਆਂ ਦੇ ਵਿਰੁੱਧ ਖੜ੍ਹੇ ਹੋ ਜਾਣਗੇ ਅਤੇ ਬੱਚੇ ਆਪਣੇ ਮਾਪਿਆਂ ਦੇ ਖਿਲਾਫ਼ ਖੜ੍ਹੇ ਹੋ ਜਾਣਗੇ ਅਤੇ ਉਹ ਉਨ੍ਹਾਂ ਨੂੰ ਮਾਰਨ ਵਾਸਤੇ ਸੌਂਪ ਦੇਣਗੇ। 22 ਮੇਰੇ ਨਾਮ ਕਾਰਣ ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਜਿਹੜਾ ਅੰਤ ਤੀਕ ਸਹੇਗਾ ਸੋ ਹੀ ਬਚਾਇਆ ਜਾਵੇਗਾ। 23 ਜੇਕਰ ਇੱਕ ਨਗਰ ਵਿੱਚ ਲੋਕ ਤੁਹਾਨੂੰ ਕਸ਼ਟ ਦੇਣ ਤਾਂ, ਦੂਸਰੇ ਨਗਰ ਵਿੱਚ ਚੱਲੇ ਜਾਓ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਸੀਂ ਮਨੁੱਖ ਦੇ ਪੁੱਤਰ ਦੇ ਆਉਣ ਤੋਂ ਪਹਿਲਾਂ ਇਸਰਾਏਲ ਦੇ ਸਾਰੇ ਨਗਰਾਂ ਵਿੱਚ ਨਹੀਂ ਜਾਵੋਂਗੇ।
2010 by World Bible Translation Center