Revised Common Lectionary (Semicontinuous)
24 ਯਹੋਵਾਹ, ਤੁਸੀਂ ਅਨੇਕਾਂ ਚਮਤਕਾਰ ਕੀਤੇ ਹਨ।
ਧਰਤੀ ਉਨ੍ਹਾਂ ਚੀਜ਼ਾਂ ਨਾਲ ਭਰੀ ਪਈ ਹੈ ਜਿਹੜੀਆਂ ਤੁਸਾ ਸਾਜੀਆਂ ਸਨ।
ਅਸੀਂ ਹਰ ਚੀਜ਼ ਵਿੱਚ ਜੋ ਵੀ ਤੁਸੀਂ ਕਰਦੇ ਹੋ ਤੁਹਾਡੀ ਸਿਆਣਪ ਵੇਖਦੇ ਹਾਂ।
25 ਸਮੁੰਦਰ ਵੱਲ ਵੇਖੋ।
ਇਹ ਕਿੰਨਾ ਵੱਡਾ ਹੈ।
ਅਤੇ ਇਸ ਵਿੱਚ ਅਨੇਕਾਂ ਜੀਵ ਰਹਿੰਦੇ ਹਨ
ਇੱਥੇ ਛੋਟੇ ਅਤੇ ਵੱਡੇ ਅਣਗਿਣਤ ਜੀਵ ਰਹਿੰਦੇ ਹਨ।
26 ਸਮੁੰਦਰ ਉੱਤੇ ਜਹਾਜ਼ ਸਫ਼ਰ ਕਰਦੇ ਹਨ।
ਲਿਵਯਾਥਾਨ, ਸਮੁੰਦਰੀ ਜੀਵ ਜਿਹੜਾ ਤੁਸੀਂ ਸਾਜਿਆ,
ਸਮੁੰਦਰ ਵਿੱਚ ਖੇਡਦਾ ਹੈ।
27 ਹੇ ਪਰਮੇਸ਼ੁਰ, ਇਹ ਸਾਰੀਆਂ ਚੀਜ਼ਾਂ ਤੁਹਾਡੇ ਉੱਤੇ ਨਿਰਭਰ ਕਰਦੀਆਂ ਹਨ।
ਤੁਸੀਂ ਇਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
28 ਹੇ ਪਰਮੇਸ਼ੁਰ, ਤੁਸੀਂ ਸਮੂਹ ਜੀਵਾਂ ਨੂੰ ਉਨ੍ਹਾਂ ਦੇ ਖਾਣ ਯੋਗ ਭੋਜਨ ਦਿੰਦੇ ਹੋ।
ਤੁਸੀਂ ਚੰਗੇ ਭੋਜਨਾਂ ਨਾਲ ਭਰੇ ਹੋਏ ਤੁਹਾਡੇ ਹੱਥ ਖੋਲ੍ਹ ਦਿੰਦੇ ਹੋ ਅਤੇ ਰੱਜ ਜਾਣ ਤੀਕ ਖਾਣ ਦਿੰਦੇ ਹੋ।
29 ਜਦੋਂ ਤੁਸੀਂ ਉਨ੍ਹਾਂ ਕੋਲੋਂ ਆਪਣਾ ਮੂੰਹ ਮੋੜ ਲੈਂਦੇ ਹੋ,
ਉਹ ਭੈਭੀਤ ਹੋ ਜਾਂਦੇ ਹਨ।
ਜਦੋਂ ਵੀ ਤੁਸੀਂ ਉਨ੍ਹਾਂ ਦੇ ਸਾਹ ਕੱਢ ਲੈਂਦੇ ਹੋ।
ਉਹ ਕਮਜ਼ੋਰ ਬਣ ਜਾਂਦੇ ਹਨ।
ਅਤੇ ਉਨ੍ਹਾਂ ਦੇ ਸ਼ਰੀਰ ਫ਼ੇਰ ਤੋਂ ਖਾਕ ਹੋ ਜਾਂਦੇ ਹਨ।
30 ਪਰ, ਹੇ ਯਹੋਵਾਹ, ਜਦੋਂ ਤੁਸੀਂ ਆਪਣੀ ਆਤਮਾ ਉਨ੍ਹਾਂ ਵੱਲ ਭੇਜਦੇ ਹੋ।
ਉਹ ਸਿਹਤਮੰਦ ਬਣ ਜਾਂਦੇ ਹਨ।
ਅਤੇ ਤੁਸੀਂ ਇੱਕ ਵਾਰ ਫ਼ੇਰ ਧਰਤੀ ਨੂੰ ਨਵਾਂ ਨਕੋਰ ਬਣਾ ਦਿੰਦੇ ਹੋ।
31 ਯਹੋਵਾਹ ਦੀ ਮਹਿਮਾ ਸਦਾ ਲਈ ਚਮਕੇ
ਯਹੋਵਾਹ ਉਨ੍ਹਾਂ ਚੀਜ਼ਾਂ ਦਾ ਆਨੰਦ ਮਾਣੇ ਜੋ ਉਸ ਨੇ ਸਾਜੀਆਂ ਹਨ।
32 ਯਹੋਵਾਹ ਸਿਰਫ਼ ਧਰਤੀ ਵੱਲ ਵੇਖਦਾ ਹੈ
ਅਤੇ ਇਹ ਕੰਬਣ ਲੱਗ ਜਾਂਦੀ ਹੈ।
ਉਹ ਪਹਾੜਾਂ ਨੂੰ ਛੂੰਹਦਾ ਹੈ
ਅਤੇ ਉਨ੍ਹਾਂ ਤੋਂ ਧੂੰਆਂ ਉੱਠਣ ਲੱਗੇਗਾ।
33 ਮੈਂ ਉਮਰ ਭਰ ਯਹੋਵਾਹ ਦੇ ਗੀਤ ਗਾਵਾਂਗਾ।
ਮੈਂ ਯਹੋਵਾਹ ਦੀ ਉਸਤਤਿ ਉਦੋਂ ਤੱਕ ਗਾਵਾਂਗਾ ਜਦੋਂ ਤੱਕ ਮੈਂ ਜਿਉਂਦਾ ਹਾਂ।
34 ਮੈਨੂੰ ਆਸ ਹੈ ਕਿ ਇਹ ਸ਼ਬਦ, ਜਿਹੜੇ ਮੈਂ ਆਖੇ ਹਨ ਉਸ ਨੂੰ ਪ੍ਰਸੰਨ ਕਰਨਗੇ।
ਮੈਂ ਯਹੋਵਾਹ ਨਾਲ ਖੁਸ਼ ਹਾਂ।
35 ਪਾਪੀਆਂ ਨੂੰ ਧਰਤੀ ਤੋਂ ਖਤਮ ਹੋ ਜਾਣ ਦਿਉ।
ਬੁਰੇ ਲੋਕਾਂ ਨੂੰ ਇੱਥੋਂ ਸਦਾ ਲਈ ਦੂਰ ਚੱਲੇ ਜਾਣ ਦਿਉ।
ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
ਯਹੋਵਾਹ ਦੀ ਉਸਤਤਿ ਕਰ।
ਯਹੋਵਾਹ ਧਰਤੀ ਮੋੜ ਦੇਵੇਗਾ
18 ਫ਼ਿਰ ਯਹੋਵਾਹ ਆਪਣੀ ਧਰਤੀ ਲਈ ਉਤਸੁਕ ਹੋਇਆ
ਅਤੇ ਆਪਣੇ ਲੋਕਾਂ ਉੱਪਰ ਰਹਿਮ ਖਾਧਾ।
19 ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ,
“ਮੈਂ ਤੁਹਾਨੂੰ ਕਾਫ਼ੀ ਅਨਾਜ, ਮੈਅ ਅਤੇ ਤੇਲ ਭੇਜਾਂਗਾ।
ਮੈਂ ਤੁਹਾਨੂੰ ਹੋਰਨਾਂ ਕੌਮਾਂ ਦਰਮਿਆਨ ਹੋਰ ਵੱਧੇਰੇ ਸ਼ਰਮਿੰਦਾ ਨਹੀਂ ਹੋਣ ਦੇਵਾਂਗਾ।
20 ਨਹੀਂ, ਮੈਂ ਇਨ੍ਹਾਂ ਉੱਤਰੀ ਲੋਕਾਂ ਨੂੰ ਤੁਹਾਡੀ ਧਰਤੀ ਛੱਡਣ ਲਈ ਮਜ਼ਬੂਰ ਕਰ ਦਿਆਂਗਾ,
ਮੈਂ ਉਨ੍ਹਾਂ ਨੂੰ ਖਾਲੀ ਸੁੱਕੀ ਜ਼ਮੀਨ ਤੇ ਭੇਜ ਦੇਵਾਂਗਾ
ਉਨ੍ਹਾਂ ਵਿੱਚੋਂ ਕੁਝ ਪੂਰਬੀ ਸਮੁੰਦਰ ਵੱਲ ਮੁੜ ਜਾਣਗੇ
ਤੇ ਕੁਝ ਪੱਛਮੀ ਸਾਗਰ ਵੱਲ ਨੂੰ ਮੁੜ ਜਾਣਗੇ।
ਸੜਦੀਆਂ ਹੋਈਆਂ ਲੋਬਾਂ ਵਾਂਗ ਬਦਬੂ ਉੱਠੇਗੀ
ਅਤੇ ਉਨ੍ਹਾਂ ਦੀ ਸੜਿਹਾਂਦ ਉਤਾਂਹ ਜਾਵੇਗੀ,
ਕਿਉਂ ਜੋ ਉਨ੍ਹਾਂ ਲੋਕਾਂ ਅਜਿਹੀਆਂ ਭਿਅੰਕਰ ਗੱਲਾਂ ਕੀਤੀਆਂ ਹਨ।”
ਧਰਤੀ ਨੂੰ ਮੁੜ ਨਵਾਂ ਕੀਤਾ ਜਾਵੇਗਾ
21 ਹੇ ਧਰਤੀ, ਤੂੰ ਡਰ ਨਾ ਖੁਸ਼ ਹੋ
ਅਤੇ ਮੌਜ ਮਨਾ ਯਹੋਵਾਹ ਵੱਡੇ ਕੰਮ ਕਰੇਗਾ।
22 ਹੇ ਖੇਤਾਂ ਦੇ ਜਾਨਵਰੋ, ਡਰੋ ਨਾ।
ਉਜਾੜ ਦੀਆਂ ਚਰਾਂਦਾਂ ਹਰੀਆਂ ਹੋ ਜਾਣਗੀਆਂ,
ਜੰਗਲੀ ਦ੍ਰੱਖਤਾਂ ਤੇ ਫ਼ਲ ਉੱਗਣਗੇ ਅੰਜੀਰ
ਅਤੇ ਅੰਗੂਰ ਦੇ ਰੁੱਖ ਵੇਲਾਂ ਢੇਰ ਫ਼ਲ ਦੇਣਗੇ।
23 ਇਸ ਲਈ ਸੀਯੋਨ ਦੇ ਮਨੁੱਖੋ ਖੁਸ਼ੀ ਮਨਾਓ।
ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਂ ਤੇ ਖੁਸ਼ੀ ਮਨਾਓ।
ਉਹ ਤੁਹਾਡੇ ਤੇ ਮਿਹਰਬਾਨ ਹੋਕੇ ਬਾਰਿਸ਼ ਦੇਵੇਗਾ
ਉਹ ਪਹਿਲਾਂ ਵਾਂਗ ਹੀ ਤੁਹਾਡੇ ਸੁੱਖ ਲਈ ਪਹਿਲਾ ਅਤੇ ਅੰਤਮ ਮੀਂਹ ਵਰ੍ਹਾਵੇਗਾ।
24 ਖਲਿਆਨ ਅੰਨ ਨਾਲ ਭਰੇ ਜਾਣਗੇ
ਅਤੇ ਤੁਹਾਡੇ ਚੁੱਬਚੇ ਮੈਅ ਅਤੇ ਤੇਲ ਨਾਲ ਉੱਛਲਣਗੇ।
25 “ਮੈਂ, ਯਹੋਵਾਹ ਨੇ ਤੁਹਾਡੇ ਖਿਲਾਫ਼,
ਮੇਰੀ ਮਹਾਨ ਸੈਨਾ ਟਿੱਡੀਦਲ, ਸਲਾ ਟਿੱਡੀ, ਹੂੰਝਾ ਟਿੱਡੀ, ਟੱਪਣੀ ਟਿੱਡੀ,
ਅਤੇ ਨਾਸ਼ਮਾਨ ਟਿੱਡੀਦਲ ਭੇਜੇ ਜਿਸ ਨੇ ਤੁਹਾਨੂੰ ਤਬਾਹ ਕਰ ਦਿੱਤਾ।
ਪਰ ਹੁਣ ਮੈਂ, ਯਹੋਵਾਹ ਤੁਹਾਨੂੰ ਉਨ੍ਹਾਂ
ਦਿਨ੍ਹਾਂ ਦੇ ਨੁਕਸਾਨ ਦਾ ਇਵਜਾਨਾ ਦੇਵਾਂਗਾ।
26 ਫ਼ਿਰ ਤੁਹਾਡੇ ਕੋਲ ਰੱਜਵਾਂ ਖਾਣ ਨੂੰ ਹੋਵੇਗਾ ਤੇ ਤੁਸੀਂ ਰੱਜ ਜਾਵੋਂਗੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰੋ।
ਉਸ ਨੇ ਤੁਹਾਡੇ ਲਈ ਅਚਰਜ ਕੰਮ ਕੀਤੇ ਹਨ
ਮੇਰੇ ਲੋਕਾਂ ਨੂੰ ਮੁੜ ਸ਼ਰਮਿੰਦਾ ਨਾ ਹੋਣਾ ਪਵੇਗਾ।
27 ਤੁਸੀਂ ਜਾਣ ਜਾਵੋਂਗੇ ਕਿ ਮੈਂ ਇਸਰਾਏਲ ਦੇ ਵਿੱਚਕਾਰ ਹਾਂ।
ਤੁਸੀਂ ਜਾਣ ਜਾਵੋਂਗੇ ਕਿ ਮੈਂ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਹੋਰ ਕੋਈ ਦੂਜਾ ਪਰਮੇਸ਼ੁਰ ਨਹੀਂ
ਮੇਰੇ ਲੋਕ ਮੁੜ ਕਦੇ ਸ਼ਰਮਿੰਦਗੀ ਨਾ ਉੱਠਾਉਣਗੇ।”
ਪਰਮੇਸ਼ੁਰ ਸਭ ਨੂੰ ਆਪਣਾ ਆਤਮਾ ਦੇਵੇਗਾ
28 “ਇਸ ਉਪਰੰਤ,
ਮੈਂ ਸਾਰੇ ਲੋਕਾਂ ਉੱਪਰ ਆਪਣਾ ਆਤਮਾ ਵਹਾਵਾਂਗਾ।
ਤੁਹਾਡੇ ਪੁੱਤਰ ਅਤੇ ਧੀਆਂ ਅਗੰਮੀ ਵਾਕ ਕਰਣਗੇ ਤੁਹਾਡੇ ਬੁੱਢੇ ਆਦਮੀ ਸੁਪਨੇ ਵੇਖਣਗੇ
ਅਤੇ ਤੁਹਾਡੇ ਨੌਜੁਆਨਾਂ ਨੂੰ ਦਰਸ਼ਨ ਹੋਣਗੇ।
29 ਉਸ ਵਕਤ ਮੈਂ ਹਰ ਇੱਕ ਮਨੁੱਖ ਸੇਵਕ ਭਾਵੇਂ ਮਰਦ
ਤੇ ਔਰਤ ਸਭਨਾਂ ਤੇ ਆਪਣਾ ਆਤਮਾ ਵਹਾਵਾਂਗਾ।
ਸਾਨੂੰ ਭਵਿੱਖ ਵਿੱਚ ਮਹਿਮਾ ਮਿਲੇਗੀ
18 ਹੁਣ ਦਾ ਸਮਾਂ ਕਸ਼ਟਮਈ ਹੈ। ਪਰ ਇਹ ਕਸ਼ਟ ਆਉਣ ਵਾਲੇ ਸਮੇਂ ਵਿੱਚ ਜੋ ਮਹਿਮਾ ਸਾਨੂੰ ਮਿਲਣੀ ਹੈ ਉਸ ਸਾਹਮਣੇ ਕੁਝ ਵੀ ਨਹੀਂ ਹਨ। 19 ਪੂਰੀ ਸ੍ਰਿਸ਼ਟੀ ਉਤਸੁਕਤਾਪੂਰਵਕ ਅਤੇ ਪਰਮੇਸ਼ੁਰ ਦੇ ਬੱਚਿਆਂ ਦੇ ਪ੍ਰਗਟ ਹੋਣ ਦਾ ਇੰਤਜ਼ਾਰ ਕਰ ਰਹੀ ਹੈ। 20 ਸਾਰੀ ਸ੍ਰਿਸ਼ਟੀ ਨੂੰ ਇਸ ਤਰ੍ਹਾਂ ਬਦਲਿਆ ਗਿਆ ਜਿਵੇਂ ਇਹ ਪੂਰਨ ਵਿਅਰਥ ਸੀ। ਇਹ ਆਪਣੀ ਖੁਦ ਦੀ ਇੱਛਾ ਨਾਲ ਨਹੀਂ ਬਦਲੀ ਸਗੋਂ ਉਸਦੀ ਇੱਛਾ ਨਾਲ ਬਦਲੀ ਜਿਸਨੇ ਇਸਦਾ ਨਿਆਂ ਕੀਤਾ। 21 ਉੱਥੇ ਆਸ ਸੀ ਕਿ ਪੂਰੀ ਸ੍ਰਿਸ਼ਟੀ ਵਿਨਾਸ਼ ਤੋਂ ਆਜ਼ਾਦ ਕੀਤੀ ਜਾਵੇਗੀ ਅਤੇ ਅਜ਼ਾਦੀ ਅਤੇ ਮਹਿਮਾ ਪਵੇਗੀ ਜੋ ਪਰਮੇਸ਼ੁਰ ਦੇ ਬੱਚਿਆਂ ਨਾਲ ਸੰਬੰਧਿਤ ਹੈ।
22 ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ, ਇਸ ਪਲ ਤੱਕ ਵੀ, ਇੱਕ ਔਰਤ ਦੀ ਗਰਭਾਵਸਥਾ ਦੇ ਸਮੇਂ ਦੇ ਦਰਦ ਵਾਂਗ ਹੌਂਕੇ ਭਰ ਰਹੀ ਹੈ। 23 ਸਿਰਫ਼ ਸ੍ਰਿਸ਼ਟੀ ਹੀ ਨਹੀਂ, ਸਗੋਂ ਅਸੀਂ ਵੀ ਅੰਦਰੋਂ ਹੌਂਕੇ ਭਰ ਰਹੇ ਹਾਂ। ਅਸੀਂ ਆਤਮਾ ਨੂੰ ਪਰਮੇਸ਼ੁਰ ਦੇ ਵਚਨ ਦੇ ਪਹਿਲੇ ਫ਼ਲ ਦੀ ਤਰ੍ਹਾਂ ਪ੍ਰਾਪਤ ਕੀਤਾ ਹੈ। ਇਸ ਲਈ ਅਸੀਂ ਖੁਦ ਆਪਣੇ ਅੰਦਰੋਂ ਹੌਂਕੇ ਭਰ ਰਹੇ ਹਾਂ ਅਤੇ ਪਰਮੇਸ਼ੁਰ ਦੇ ਆਪਣੇ ਪੁੱਤਰ ਬਣ ਜਾਣ ਦਾ ਇੰਤਜ਼ਾਰ ਕਰ ਰਹੇ ਹਾਂ। ਦੂਜੇ ਸ਼ਬਦਾਂ ਵਿੱਚ, ਅਸੀਂ ਆਪਣੇ ਸਰੀਰਾਂ ਦੇ ਛੁਟਕਾਰੇ ਦਾ ਇੰਤਜ਼ਾਰ ਕਰ ਰਹੇ ਹਾਂ। 24 ਅਸੀਂ ਬਚਾਏ ਗਏ ਅਤੇ ਇਸ ਲਈ ਸਾਨੂੰ ਇਹ ਆਸ ਹੈ। ਪਰ ਜਿਹੜੀ ਆਸ ਅਸੀਂ ਵੇਖੀ ਹੈ ਉਹ ਸੱਚ ਮੁੱਚ ਆਸ ਨਹੀਂ ਹੈ, ਕਿਉਂਕਿ ਕੋਈ ਉਸਦੀ ਆਸ ਕਿਉਂ ਕਰੇਗਾ ਜੋ ਪਹਿਲਾਂ ਹੀ ਉਸ ਨੇ ਵੇਖੀ ਹੋਈ ਹੈ।
2010 by World Bible Translation Center