Revised Common Lectionary (Semicontinuous)
ਯਿਸੂ ਨੂੰ ਸੁਰਗਾਂ ਵਿੱਚ ਲਿਜਾਇਆ ਜਾਣਾ
6 ਜਦੋਂ ਸਾਰੇ ਰਸੂਲ ਇਕੱਠੇ ਹੋਏ ਤਾਂ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ, “ਹੇ ਪ੍ਰਭੂ, ਕੀ ਤੂੰ ਹੁਣ ਇਸਰਾਏਲ ਨੂੰ ਰਾਜ ਦੁਬਾਰਾ ਦੇਣ ਵਾਲਾ ਹੈਂ?”
7 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਸਿਰਫ਼ ਪਿਤਾ ਨੂੰ ਹੀ ਉਹ ਦਿਨ ਅਤੇ ਸਮਾਂ ਨਿਰਧਾਰਿਤ ਕਰਨ ਦਾ ਹੱਕ ਹੈ। ਤੁਸੀਂ ਇਨ੍ਹਾਂ ਚੀਜ਼ਾਂ ਨੂੰ ਨਹੀਂ ਜਾਣ ਸੱਕਦੇ। 8 ਪਰ ਪਵਿੱਤਰ ਆਤਮਾ ਤੁਹਾਡੇ ਉਪਰ ਆਵੇਗਾ ਤੇ ਤੁਹਾਨੂੰ ਸ਼ਕਤੀ ਮਿਲ ਜਾਵੇਗੀ। ਅਤੇ ਤੁਸੀਂ ਮੇਰੇ ਗਵਾਹ ਹੋਵੋਂਗੇ। ਸਭ ਤੋਂ ਪਹਿਲਾਂ ਤੁਸੀਂ ਯਰੂਸ਼ਲਮ ਦੇ ਲੋਕਾਂ ਨੂੰ ਮੇਰੇ ਬਾਰੇ ਦੱਸੋਂਗੇ ਤੇ ਉਸਤੋਂ ਬਾਦ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ, ਅਤੇ ਹੋਰ ਸਾਰੀ ਧਰਤੀ ਦੇ ਹਿਸਿਆਂ ਵਿੱਚ ਮੇਰੇ ਬਾਰੇ ਗਵਾਹ ਹੋਵੋਂਗੇ।”
9 ਜਦੋਂ ਯਿਸੂ ਇਹ ਗੱਲਾਂ ਰਸੂਲਾਂ ਨੂੰ ਕਹਿ ਹਟਿਆ, ਉਹ ਸੁਰਗਾਂ ਵੱਲ ਲਿਜਾਇਆ ਗਿਆ। ਜਦੋਂ ਰਸੂਲ ਉਸ ਨੂੰ ਵੇਖ ਰਹੇ ਸਨ, ਵੇਖਦਿਆਂ ਹੀ ਵੇਖਦਿਆਂ ਯਿਸੂ ਇੱਕ ਬੱਦਲ ਵਿੱਚ ਉਨ੍ਹਾਂ ਦੀਆਂ ਅੱਖਾਂ ਤੋਂ ਓਹਲੇ ਹੋ ਗਿਆ। 10 ਯਿਸੂ ਅਲੋਪ ਹੋ ਰਿਹਾ ਸੀ ਤੇ ਰਸੂਲ ਉਸ ਨੂੰ ਅਕਾਸ਼ ਵਿੱਚ ਵੇਖ ਰਹੇ ਸਨ। ਅਚਾਨਕ ਦੋ ਜਣੇ ਸਫ਼ੇਦ ਕੱਪੜੇ ਪਾਏ ਹੋਏ ਉਨ੍ਹਾਂ ਦੇ ਨਾਲ ਆਕੇ ਖੜ੍ਹੇ ਹੋ ਗਏ। 11 ਉਨ੍ਹਾਂ ਦੋਹਾਂ ਨੇ ਰਸੂਲਾਂ ਨੂੰ ਆਖਿਆ, “ਹੇ ਗਲੀਲੀ ਦੇ ਲੋਕੋ, ਤੁਸੀਂ ਇੱਥੇ ਖੜ੍ਹੇ ਹੋਕੇ ਆਕਾਸ਼ ਵੱਲ ਕਿਉਂ ਵੇਖ ਰਹੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਅਕਾਸ਼ ਉੱਪਰ ਉੱਠਾ ਲਿਆ ਗਿਆ ਹੈ, ਇਹ ਉਸੇ ਤਰ੍ਹਾਂ ਵਾਪਸ ਆਵੇਗਾ ਜਿਵੇਂ ਤੁਸੀਂ ਇਸ ਨੂੰ ਧਰਤੀ ਤੋਂ ਸਵਰਗ ਵੱਲ ਜਾਂਦਿਆਂ ਵੇਖਿਆ ਹੈ।”
ਨਵੇਂ ਰਸੂਲ ਦਾ ਚੁਣਿਆ ਜਾਣਾ
12 ਤਦ ਰਸੂਲ ਜੈਤੂਨ ਦੇ ਪਹਾੜ ਵੱਲੋਂ ਯਰੂਸ਼ਲਮ ਨੂੰ ਗਏ ਇਹ ਪਹਾੜ ਯਰੂਸ਼ਲਮ ਤੋਂ ਇੱਕ-ਅੱਧ ਮੀਲ ਦੀ ਵਾਟ ਤੇ ਹੈ। 13 ਰਸੂਲ ਸ਼ਹਿਰ ਨੂੰ ਗਏ ਅਤੇ ਉਸ ਜਗ੍ਹਾ ਤੇ ਠਹਿਰੇ ਜਿੱਥੇ ਉਹ ਪਹਿਲਾਂ ਰਹਿੰਦੇ ਸਨ। ਇੱਕ ਕਮਰਾ ਪੌੜੀਆਂ ਚੜ੍ਹ ਕੇ ਸੀ। ਉੱਥੇ ਇਹ ਰਸੂਲ ਸਨ: ਪਤਰਸ, ਯੂਹੰਨਾ, ਯਾਕੂਬ, ਅੰਦ੍ਰਿਯਾਸ, ਫ਼ਿਲਿਪੁੱਸ, ਥੋਮਾ, ਬਰਥੁਮਲਈ, ਮੱਤੀ ਅਤੇ ਯਾਕੂਬ ਹਲਫ਼ਾ ਦਾ ਪੁੱਤਰ, ਸ਼ਮਊਨ ਜੋ ਜ਼ੇਲੋਤੇਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਯਹੂਦਾ, ਯਾਕੂਬ ਦਾ ਪੁੱਤਰ।
14 ਸਾਰੇ ਰਸੂਲ ਇਕੱਠੇ ਰਹਿ ਰਹੇ ਸਨ ਅਤੇ ਉਹ ਉਸੇ ਮਕਸਦ ਲਈ ਅੱਡੋਲ ਪ੍ਰਾਰਥਨਾ ਕਰ ਰਹੇ ਸਨ। ਕੁਝ ਔਰਤਾਂ, ਮਰਿਯਮ, ਯਿਸੂ ਦੀ ਮਾਤਾ ਅਤੇ ਉਸ ਦੇ ਭਰਾ ਵੀ ਉੱਥੇ ਰਸੂਲਾਂ ਨਾਲ ਸਨ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
68 ਹੇ ਪਰਮੇਸ਼ੁਰ, ਜਾਗੋ ਅਤੇ ਆਪਣੇ ਵੈਰੀਆਂ ਨੂੰ ਖਿੰਡਾ ਦਿਉ,
ਉਸ ਦੇ ਸਾਰੇ ਵੈਰੀ ਉਸ ਕੋਲੋਂ ਫ਼ਰਾਰ ਹੋ ਜਾਣ।
2 ਆਪਣੇ ਵੈਰੀਆਂ ਨੂੰ ਇੰਝ ਖਿੰਡਿਆ ਦਿਉ,
ਜਿਵੇਂ ਧੂੰਆ ਹਵਾ ਦੁਆਰਾ ਉੱਡ ਜਾਂਦਾ ਹੈ।
ਤੇਰੇ ਵੈਰੀ ਅੱਗ ਉੱਤੇ ਪਿਘਲਦੀ
ਇੱਕ ਮੋਮ ਵਾਂਗ ਤਬਾਹ ਹੋ ਜਾਣ।
3 ਪਰ ਨੇਕ ਬੰਦੇ ਖੁਸ਼ ਹਨ, ਨੇਕ ਬੰਦੇ ਪਰਮੇਸ਼ੁਰ ਦੇ ਸੰਗ ਇਕੱਠੇ ਖੁਸ਼ੀ ਭਰੇ ਪਲ ਮਾਣਦੇ ਹਨ।
ਨੇਕ ਬੰਦੇ ਖੁਸ਼ੀਆਂ ਮਾਣਦੇ ਹਨ ਅਤੇ ਬਹੁਤ ਖੁਸ਼ ਹਨ।
4 ਪਰਮੇਸ਼ੁਰ ਲਈ ਗਾਵੋ, ਉਸ ਦੇ ਨਾਮ ਦੀ ਉਸਤਤਿ ਗਾਵੋ।
ਪਰਮੇਸ਼ੁਰ ਲਈ ਰਾਹ ਬਣਾਵੋ, ਉਹ ਮਾਰੂਥਲ ਵਿੱਚ ਆਪਣੇ ਰੱਥ ਉੱਤੇ ਸਵਾਰੀ ਕਰਦਾ ਹੈ।
ਉਸਦਾ ਨਾਮ ਯਾਹ [a] ਹੈ,
ਉਸ ਦੇ ਨਾਮ ਦੀ ਉਸਤਤਿ ਕਰੋ।
5 ਆਪਣੇ ਪਵਿੱਤਰ ਮੰਦਰ ਵਿੱਚ ਯਤੀਮਾਂ ਲਈ ਪਰਮੇਸ਼ੁਰ ਇੱਕ ਪਿਤਾ ਵਾਂਗ ਹੈ।
ਪਰਮੇਸ਼ੁਰ ਵਿਧਵਾਵਾਂ ਨੂੰ ਪਾਲਦਾ ਹੈ।
6 ਪਰਮੇਸ਼ੁਰ ਇੱਕਲੇ ਬੰਦਿਆਂ ਨੂੰ ਘਰ ਦਿੰਦਾ ਹੈ,
ਪਰਮੇਸ਼ੁਰ ਆਪਣੇ ਬੰਦਿਆਂ ਨੂੰ ਕੈਦ ਤੋਂ ਆਜ਼ਾਦ ਕਰਦਾ ਹੈ।
ਉਹ ਬਹੁਤ ਖੁਸ਼ ਹਨ।
ਪਰ ਉਹ ਲੋਕ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਹੋ ਜਾਂਦੇ ਹਨ, ਗਰਮ ਜੇਲ੍ਹ ਵਿੱਚ ਡੱਕੇ ਰਹਿਣਗੇ।
7 ਹੇ ਪਰਮੇਸ਼ੁਰ, ਤੂੰ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਆਉਣ ਵਿੱਚ ਅਗਵਾਈ ਕੀਤੀ।
ਤੁਸੀਂ ਮਾਰੂਥਲ ਦੇ ਪਾਰ ਵੱਲ ਕੂਚ ਕੀਤਾ, ਅਤੇ ਧਰਤੀ ਕੰਬ ਉੱਠੀ।
8 ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ ਸੀਨਈ
ਪਰਬਤ ਉੱਤੇ ਆਇਆ ਅਤੇ ਅਕਾਸ਼ ਪਿਘਲ ਗਿਆ।
9 ਹੇ ਪਰਮੇਸ਼ੁਰ, ਤੁਸੀਂ ਬੁੱਢੀ ਥੱਕੀ ਧਰਤੀ ਨੂੰ ਫ਼ੇਰ ਮਜ਼ਬੂਤ ਬਨਾਉਣ ਲਈ ਵਰੱਖਾ ਘਲੀ।
10 ਤੁਹਾਡੇ ਜਾਨਵਰ ਫ਼ੇਰ ਉਸ ਧਰਤੀ ਉੱਤੇ ਆ ਗਏ।
ਹੇ ਪਰਮੇਸ਼ੁਰ, ਉੱਥੇ ਤੁਸੀਂ ਗਰੀਬ ਲੋਕਾਂ ਨੂੰ ਬਹੁਤ ਚੰਗੀਆਂ ਚੀਜ਼ਾਂ ਦਿੱਤੀਆਂ।
32 ਧਰਤੀ ਦੇ ਰਾਜਿਉ, ਪਰਮੇਸ਼ੁਰ ਲਈ ਗੀਤ ਗਾਉ।
ਸਾਡੇ ਯਹੋਵਾਹ ਦੀਆਂ ਮਹਿਮਾ ਦੇ ਗੀਤ ਗਾਵੋ।
33 ਪਰਮੇਸ਼ੁਰ ਲਈ ਗੀਤ ਗਾਵੋ।
ਉਹ ਪ੍ਰਾਚੀਨ ਅਕਾਸ਼ਾਂ ਰਾਹੀਂ ਆਪਣਾ ਹੱਥ ਚਲਾਉਂਦਾ ਹੈ।
ਉਸਦੀ ਸ਼ਕਤੀਸ਼ਾਲੀ ਅਵਾਜ਼ ਨੂੰ ਸੁਣੋ।
34 ਤੁਹਾਡੇ ਕਿਸੇ ਵੀ ਦੇਵਤੇ ਦੇ ਮੁਕਾਬਲੇ ਪਰਮੇਸ਼ੁਰ ਵੱਧੇਰੇ ਸ਼ਕਤੀਸ਼ਾਲੀ ਹੈ।
ਇਸਰਾਏਲ ਦਾ ਪਰਮੇਸ਼ੁਰ ਆਪਣੇ ਲੋਕਾਂ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ।
35 ਪਰਮੇਸ਼ੁਰ ਆਪਣੇ ਮੰਦਰ ਵਿੱਚ ਅਦਭੁਤ ਲੱਗਦਾ ਹੈ।
ਇਸਰਾਏਲ ਦਾ ਪਰਮੇਸ਼ੁਰ ਆਪਣੇ ਲੋਕਾਂ ਨੂੰ ਮਜ਼ਬੂਤ ਅਤੇ ਸ਼ਕਤੀ ਦਿੰਦਾ ਹੈ,
ਪਰਮੇਸ਼ੁਰ ਦੀ ਉਸਤਤਿ ਕਰੋ।
ਮਸੀਹੀਆਂ ਵਜੋਂ ਦੁੱਖ ਭੋਗਣਾ
12 ਮੇਰੇ ਮਿੱਤਰੋ, ਉਨ੍ਹਾਂ ਦੁੱਖ ਭਰੇ ਤਸੀਹਿਆਂ ਤੇ ਹੈਰਾਨ ਨਾ ਹੋਵੋ ਜਿਹੜੇ ਤੁਸੀਂ ਭੋਗ ਰਹੇ ਹੋਂ, ਕਿਉਂਕਿ ਇਹ ਤਸੀਹੇ ਤੁਹਾਡੀ ਨਿਹਚਾ ਦੀ ਪਰੱਖ ਕਰਨ ਲਈ ਹਨ। ਇਹ ਨਾ ਸੋਚੋ ਕਿ ਤੁਹਾਡੇ ਨਾਲ ਕੁਝ ਅਜੀਬ ਵਾਪਰ ਰਿਹਾ ਹੈ। 13 ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੁਸੀਂ ਮਸੀਹ ਦੇ ਤਸੀਹਿਆਂ ਵਿੱਚ ਸ਼ਰੀਕ ਹੋ ਰਹੇ ਹੋ ਤਾਂ ਜੋ ਜਦੋਂ ਉਹ ਮਹਿਮਾ ਵਿੱਚ ਆਵੇ ਤਾਂ, ਤੁਸੀਂ ਖੁਸ਼ ਅਤੇ ਆਨੰਦਿਤ ਹੋਵੋਂਗੇ। 14 ਜੇ ਕੋਈ ਮਸੀਹ ਦੇ ਚੇਲੇ ਹੋਣ ਕਾਰਣ ਤੁਹਾਡੀ ਬੇਇੱਜ਼ਤੀ ਕਰਦਾ ਹੈ, ਤਾਂ ਖੁਸ਼ ਹੋਵੋ। ਕਿਉਂਕਿ ਮਹਿਮਾ ਦਾ ਆਤਮਾ, ਜੋ ਕਿ ਪਰਮੇਸ਼ੁਰ ਦਾ ਆਤਮਾ ਹੈ, ਤੁਹਾਡੇ ਨਾਲ ਹੈ।
6 ਇਸ ਲਈ ਪਰਮੇਸ਼ੁਰ ਦੇ ਸ਼ਕਤੀਸ਼ਾਲੀ ਹੱਥ ਹੇਠਾਂ ਨਿਮ੍ਰ ਰਹੋ। ਫ਼ੇਰ ਉਹ ਤੁਹਾਨੂੰ ਸਹੀ ਸਮਾਂ ਆਉਣ ਤੇ ਉੱਚਾ ਉੱਠਾਵੇਗਾ। 7 ਆਪਣੀਆਂ ਸਾਰੀਆਂ ਚਿੰਤਾਵਾਂ ਉਸ ਵੱਲ ਮੋੜ ਦਿਉ ਕਿਉਂਕਿ ਉਹ ਤੁਹਾਡਾ ਧਿਆਨ ਰੱਖਦਾ ਹੈ।
8 ਖੁਦ ਤੇ ਕਾਬੂ ਰੱਖੋ ਅਤੇ ਸਚੇਤ ਰਹੋ। ਸ਼ੈਤਾਨ ਤੁਹਾਡਾ ਦੁਸ਼ਮਣ ਹੈ। ਉਹ ਸ਼ਿਕਾਰ ਨੂੰ ਖਾ ਜਾਣ ਲਈ, ਇੱਕ ਸ਼ੇਰ ਵਾਂਗ ਗੱਜਦਾ ਹੋਇਆ ਚਾਰ ਚੁਫ਼ੇਰੇ ਘੁੰਮਦਾ ਫ਼ਿਰਦਾ ਹੈ। 9 ਨਿਹਚਾ ਵਿੱਚ ਦ੍ਰਿੜ ਰਹਿ ਕੇ, ਉਸਦਾ ਵਿਰੋਧ ਕਰੋ। ਯਾਦ ਰੱਖੋ ਕਿ ਸਾਰੀ ਦੁਨੀਆਂ ਵਿੱਚ, ਤੁਹਾਡੇ ਭਰਾ ਅਤੇ ਭੈਣਾਂ ਵੀ ਉਸੇ ਢੰਗ ਨਾਲ ਦੁੱਖ ਸਹਿ ਰਹੇ ਹਨ।
10 ਪਰਮੇਸ਼ੁਰ ਨੇ ਆਪਣੀ ਕ੍ਰਿਪਾ ਦੁਆਰਾ ਤੁਹਾਨੂੰ ਮਸੀਹ ਯਿਸੂ ਵਿੱਚ ਸਦਾ ਰਹਿਣ ਵਾਲੀ ਮਹਿਮਾ ਵਿੱਚ ਸਾਂਝ ਪਾਉਣ ਲਈ ਸੱਦਾ ਦਿੱਤਾ ਸੀ। ਹਾਂ, ਤੁਹਾਨੂੰ ਥੋੜੇ ਅਰਸੇ ਲਈ ਦੁੱਖ ਝੱਲਣਾ ਪਵੇਗਾ ਅਤੇ ਉਸਤੋਂ ਮਗਰੋਂ ਪਰਮੇਸ਼ੁਰ ਸਭ ਚੀਜ਼ਾਂ ਠੀਕ ਕਰ ਦੇਵੇਗਾ। ਉਹ ਤੁਹਾਨੂੰ ਦ੍ਰਿੜ ਬਣਾਵੇਗਾ, ਉਹ ਤੁਹਾਡਾ ਆਸਰਾ ਹੋਵੇਗਾ ਅਤੇ ਤੁਹਾਨੂੰ ਡਿੱਗਣ ਤੋਂ ਬਚਾਵੇਗਾ। 11 ਉਸਦੀ ਸ਼ਕਤੀ ਸਦਾ ਰਹਿੰਦੀ ਹੈ। ਆਮੀਨ।
ਯਿਸੂ ਦਾ ਆਪਣੇ ਚੇਲਿਆਂ ਲਈ ਪ੍ਰਾਰਥਨਾ ਕਰਨਾ
17 ਇਹ ਸਾਰੀਆਂ ਗੱਲਾਂ ਆਖਕੇ ਯਿਸੂ ਨੇ ਅਕਾਸ਼ ਵੱਲ ਤੱਕਿਆ ਅਤੇ ਪ੍ਰਾਰਥਨਾ ਕੀਤੀ, “ਪਿਤਾ, ਸਮਾਂ ਆ ਗਿਆ ਹੈ। ਆਪਣੇ ਪੁੱਤਰ ਨੂੰ ਮਹਿਮਾ ਦੇ ਤਾਂ ਜੋ ਪੁੱਤਰ ਤੈਨੂੰ ਮਹਿਮਾ ਦੇ ਸੱਕੇ। 2 ਤੂੰ ਪੁੱਤਰ ਨੂੰ ਸਾਰੇ ਲੋਕਾਂ ਉੱਪਰ ਅਧਿਕਾਰ ਦਿੱਤਾ ਤਾਂ ਜੋ ਉਹ ਉਨ੍ਹਾਂ ਸਭ ਨੂੰ ਜੋ ਤੇਰੇ ਦੁਆਰਾ ਉਸ ਨੂੰ ਦਿੱਤੇ ਗਏ ਹਨ, ਸਦੀਪਕ ਜੀਵਨ ਦੇਵੇ। 3 ਸਦੀਪਕ ਜੀਵਨ ਇਹ ਹੈ ਕਿ: ਸੱਚੇ ਪਰਮੇਸ਼ੁਰ ਅਤੇ ਯਿਸੂ ਮਸੀਹ, ਜਿਸ ਨੂੰ ਤੂੰ ਭੇਜਿਆ ਹੈ ਜਾਣਨ। 4 ਮੈਂ ਉਹ ਕੰਮ ਪੂਰਾ ਕਰ ਦਿੱਤਾ ਜੋ ਤੂੰ ਮੈਨੂੰ ਕਰਨ ਲਈ ਕਿਹਾ ਅਤੇ ਮੈਂ ਤੈਨੂੰ ਧਰਤੀ ਉੱਤੇ ਮਹਿਮਾਮਈ ਕੀਤਾ ਹੈ। 5 ਹੇ ਪਿਤਾ, ਹੁਣ ਤੂੰ ਆਪਣੀ ਹਜ਼ੂਰੀ ਵਿੱਚ ਮੈਨੂੰ ਮਹਿਮਾਮਈ ਕਰ। ਉਸ ਨਾਂ ਦੀ ਮਹਿਮਾ ਨਾਲ ਜਿਹੜੀ ਇਸ ਦੁਨੀਆਂ ਦੀ ਸਿਰਜਣਾ ਤੋਂ ਪਹਿਲਾਂ ਮੇਰੇ ਕੋਲ ਸੀ।
6 “ਤੂੰ ਮੈਨੂੰ ਇਸ ਵਿੱਚੋਂ ਕੁਝ ਮਨੁੱਖ ਦਿੱਤੇ ਤੇ ਮੈਂ ਉਨ੍ਹਾਂ ਨੂੰ ਤੇਰੇ ਬਾਰੇ ਦੱਸਿਆ ਕਿ ਤੂੰ ਕੌਣ ਹੈਂ। ਉਹ ਤੇਰੇ ਨਾਲ ਸੰਬੰਧਿਤ ਹਨ ਪਰ ਤੂੰ ਉਨ੍ਹਾਂ ਨੂੰ ਮੈਨੂੰ ਦਿੱਤਾ ਅਤੇ ਉਨ੍ਹਾਂ ਤੇਰੇ ਬਚਨਾਂ ਦੀ ਪਾਲਣਾ ਕੀਤੀ। 7 ਹੁਣ ਉਹ ਜਾਣਦੇ ਹਨ ਕਿ ਜੋ ਕੁਝ ਵੀ ਤੂੰ ਮੈਨੂੰ ਬਖਸ਼ਿਆ ਹੈ ਤੈਥੋਂ ਹੀ ਆਇਆ ਹੈ। 8 ਮੈਂ ਉਨ੍ਹਾਂ ਨੂੰ ਉਹ ਉਪਦੇਸ਼ ਦਿੱਤੇ ਜੋ ਤੂੰ ਮੈਨੂੰ ਦਿੱਤੇ ਹਨ। ਉਨ੍ਹਾਂ ਨੇ ਉਸ ਨੂੰ ਕਬੂਲਿਆ। ਉਨ੍ਹਾਂ ਨੇ ਸੱਚਮੁੱਚ ਇਹ ਨਿਹਚਾ ਕਰ ਲਿਆ ਕਿ ਉਹ ਉਪਦੇਸ਼ ਤੇਰੇ ਤੋਂ ਆਏ ਹਨ, ਅਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਕਿ ਤੂੰ ਹੀ ਮੈਨੂੰ ਭੇਜਿਆ ਹੈ। 9 ਹੁਣ ਮੈਂ ਉਨ੍ਹਾਂ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਜਗਤ ਦੇ ਲੋਕਾਂ ਲਈ ਪ੍ਰਾਰਥਨਾ ਨਹੀਂ ਕਰ ਰਿਹਾ ਸਗੋਂ ਉਨ੍ਹਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਜੋ ਤੂੰ ਮੈਨੂੰ ਦਿੱਤੇ ਹਨ, ਕਿਉਂ ਕਿ ਉਹ ਤੇਰੇ ਹੀ ਹਨ। 10 ਜੋ ਕੁਝ ਵੀ ਮੇਰੇ ਕੋਲ ਹੈ ਸਭ ਤੇਰਾ ਹੈ, ਅਤੇ ਜੋ ਕੁਝ ਤੇਰਾ ਹੈ ਸੋ ਮੇਰਾ ਹੈ। ਅਤੇ ਮੈਂ ਉਨ੍ਹਾਂ ਰਾਹੀਂ ਮਹਿਮਾਮਈ ਹੋਇਆ ਹਾਂ।
11 “ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ, ਹੁਣ ਮੈਂ ਇਸ ਜਗਤ ਵਿੱਚ ਨਹੀਂ ਠਹਿਰਣਾ ਪਰ ਇਹ ਮਨੁੱਖ ਅਜੇ ਇੱਥੇ ਹੀ ਹਨ। ਪਵਿੱਤਰ ਪਿਤਾ! ਇਨ੍ਹਾਂ ਦੀ ਰੱਖਿਆ ਕਰੀਂ। ਆਪਣੇ ਨਾਂ ਦੀ ਸ਼ਕਤੀ ਨਾਲ ਉਨ੍ਹਾਂ ਦੀ ਰੱਖਿਆ ਕਰੀ। ਜੋ ਤੂੰ ਮੈਨੂੰ ਦਿੱਤਾ। ਤਾਂ ਜੋ ਉਹ ਇੱਕ ਮੁੱਠ ਰਹਿ ਸੱਕਣ ਜਿਵੇਂ ਕਿ ਤੂੰ ਤੇ ਮੈਂ ਹਾਂ।
2010 by World Bible Translation Center