Print Page Options
Previous Prev Day Next DayNext

Revised Common Lectionary (Semicontinuous)

Daily Bible readings that follow the church liturgical year, with sequential stories told across multiple weeks.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 102:1-17

ਇੱਕ ਦੁੱਖੀ ਬੰਦੇ ਦੀ ਉਸ ਵੇਲੇ ਦੀ ਪ੍ਰਾਰਥਨਾ, ਜਦੋਂ ਉਹ ਆਪਣੇ-ਆਪ ਨੂੰ ਨਿਮਾਣਾ ਸਮਝਦਾ ਅਤੇ ਯਹੋਵਾਹ ਅੱਗੇ ਸ਼ਿਕਾਇਤ ਕਰਨੀ ਚਾਹੁੰਦਾ ਹੈ।

102 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
    ਸਹਾਇਤਾ ਲਈ ਮੇਰੀ ਪ੍ਰਾਰਥਨਾ ਸੁਣੋ।
ਯਹੋਵਾਹ, ਮੇਰੇ ਕੋਲੋਂ ਮੁੱਖ ਨਾ ਮੋੜੋ ਜਦੋਂ ਕਿ ਮੈਂ ਮੁਸੀਬਤਾਂ ਵਿੱਚ ਘਿਰਿਆ ਹੋਇਆ ਹਾਂ।
    ਜਦੋਂ ਵੀ ਮੈਂ ਸਹਾਇਤਾ ਲਈ ਪੁਕਾਰ ਕਰਾ ਸੁਣੋ ਅਤੇ ਛੇਤੀ ਹੀ ਇਸਦਾ ਉੱਤਰ ਦਿਉ।
ਮੇਰੀ ਜ਼ਿੰਦਗੀ ਧੂੰਏ ਦੇ ਵਾਂਗ ਬੀਤ ਰਹੀ ਹੈ।
    ਮੇਰੀ ਜ਼ਿੰਦਗੀ ਅੱਗ ਵਾਂਗ ਹੌਲੀ-ਹੌਲੀ ਮੱਚ ਰਹੀ ਹੈ।
ਮੇਰੀ ਸ਼ਕਤੀ ਜਾਂਦੀ ਰਹੀ ਹੈ।
    ਮੈਂ ਸੁੱਕੇ ਮਰ ਰਹੇ ਘਾਹ ਵਰਗਾ ਹਾਂ।
    ਮੈਂ ਆਪਣਾ ਭੋਜਨ ਕਰਨਾ ਵੀ ਭੁੱਲ ਜਾਦਾਂ ਹਾਂ।
ਮੇਰੀ ਉਦਾਸੀ ਦੇ ਕਾਰਣ ਮੇਰਾ ਭਾਰ ਘਟ ਰਿਹਾ ਹੈ।
ਮੈਂ ਉਜਾੜ ਵਿੱਚ ਰਹਿਣ ਵਾਲੇ ਉੱਲੂ ਵਾਂਗ ਇੱਕਲਾ ਹਾਂ।
    ਮੈਂ ਉਸ ਉੱਲੂ ਵਾਂਗ ਇੱਕਲਾ ਹਾਂ ਜੋ ਖੰਡਰਾਂ ਵਿੱਚ ਰਹਿੰਦਾ ਹੈ।
ਮੈਨੂੰ ਨੀਂਦ ਨਹੀਂ ਆਉਂਦੀ।
    ਮੈਂ ਛੱਤ ਉੱਤੇ ਬੈਠੇ ਪੰਛੀ ਵਾਂਗ ਹਾਂ।
ਮੇਰੇ ਦੁਸ਼ਮਣ ਹਮੇਸ਼ਾ ਮੇਰਾ ਨਿਰਾਦਰ ਕਰਦੇ ਹਨ।
    ਉਹ ਮੇਰਾ ਮਜ਼ਾਕ ਉਡਾਉਂਦੇ ਹਨ ਅਤੇ ਮੈਨੂੰ ਸਰਾਪ ਦਿੰਦੇ ਹਨ।
ਮੇਰੀ ਮਹਾ ਉਦਾਸੀ ਹੀ ਸਿਰਫ਼ ਮੇਰਾ ਭੋਜਨ ਹੈ।
    ਮੇਰੇ ਹੰਝੂ ਮੇਰੇ ਪਿਆਲੇ ਵਿੱਚ ਡਿੱਗਦੇ ਹਨ।
10 ਕਿਉਂਕਿ ਯਹੋਵਾਹ ਤੁਸੀਂ ਮੇਰੇ ਨਾਲ ਨਾਰਾਜ਼ ਹੋ।
    ਤੁਸਾਂ ਮੈਨੂੰ ਉਤਾਹਾਂ ਚੁੱਕਿਆ ਅਤੇ ਫ਼ੇਰ ਤੁਸਾਂ ਮੈਨੂੰ ਦੂਰ ਸੁੱਟ ਦਿੱਤਾ।

11 ਮੇਰੀ ਜ਼ਿੰਦਗੀ ਆਥਣ ਦੇ ਲੰਮਿਆਂ ਪਰਛਾਵਿਆਂ ਵਾਂਗ ਮੁੱਕਣ ਹੀ ਵਾਲੀ ਹੈ।
    ਮੈਂ ਸੁੱਕੇ ਅਤੇ ਮਰ ਰਹੇ ਘਾਹ ਵਾਂਗ ਹਾਂ।
12 ਪਰ ਯਹੋਵਾਹ, ਤੁਸੀਂ ਸਦਾ ਲਈ ਰਹੋਂਗੇ।
    ਤੁਹਾਡਾ ਨਾਮ ਸਦਾ-ਸਦਾ ਲਈ ਰਹੇਗਾ।
13 ਤੁਸੀਂ ਉੱਠੋਂਗੇ ਅਤੇ ਸੀਯੋਨ ਨੂੰ ਅਰਾਮ ਦਿਉਂਗੇ।
    ਵਕਤ ਆ ਰਿਹਾ ਹੈ ਜਦੋਂ ਤੁਸੀਂ ਸੀਯੋਨ ਉੱਤੇ ਮਿਹਰਬਾਨ ਹੋਵੋਂਗੇ।
14 ਤੁਹਾਡੇ ਸੇਵਕ ਉਸ ਸੀਯੋਨ ਪੱਥਰ ਨੂੰ ਪਿਆਰ ਕਰਦੇ ਹਨ।
    ਉਹ ਉਸ ਸ਼ਹਿਰ ਦੀ ਮਿੱਟੀ ਨੂੰ ਵੀ ਪਿਆਰ ਕਰਦੇ ਹਨ।
15 ਲੋਕ ਯਹੋਵਾਹ ਦੇ ਨਾਮ ਦੀ ਉਪਾਸਨਾ ਕਰਨਗੇ।
    ਹੇ ਪਰਮੇਸ਼ੁਰ, ਧਰਤੀ ਦੇ ਸਾਰੇ ਰਾਜੇ ਤੁਹਾਨੂੰ ਸਤਿਕਾਰਨਗੇ।
16 ਯਹੋਵਾਹ ਫ਼ੇਰ ਸੀਯੋਨ ਦੀ ਉਸਾਰੀ ਕਰੇਗਾ।
    ਲੋਕ ਉਸਦੀ ਮਹਿਮਾ ਨੂੰ ਫ਼ੇਰ ਵੇਖਣਗੇ।
17 ਪਰਮੇਸੁਰ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾ ਸੁਣੇਗਾ
    ਜਿਨ੍ਹਾਂ ਨੂੰ ਉਸ ਨੇ ਜਿਉਂਦਿਆਂ ਛੱਡ ਦਿੱਤਾ।

ਕੂਚ 13:17-22

ਮਿਸਰ ਤੋਂ ਬਾਹਰ ਦੀ ਯਾਤਰਾ

17 ਜਦੋਂ ਫ਼ਿਰਊਨ ਨੇ ਲੋਕਾਂ ਨੂੰ ਮਿਸਰ ਛੱਡ ਜਾਣ ਲਈ ਮਜ਼ਬੂਰ ਕਰ ਦਿੱਤਾ, ਯਹੋਵਾਹ ਨੇ ਲੋਕਾਂ ਦੀ ਅਗਵਾਈ ਫ਼ਿਲੀਸਤੀਆਂ ਦੀ ਧਰਤੀ ਵੱਲ ਜਾਂਦੀ ਸੜਕ ਵੱਲ ਨਹੀਂ ਕੀਤੀ ਜਦ ਕਿ ਨਵੀਂ ਧਰਤੀ ਨੂੰ ਇਹ ਸਭ ਤੋਂ ਛੋਟਾ ਰਾਹ ਸੀ। ਯਹੋਵਾਹ ਨੇ ਆਖਿਆ, “ਜੇ ਲੋਕ ਉਸ ਰਾਸਤੇ ਜਾਣਗੇ, ਉਨ੍ਹਾਂ ਨੂੰ ਲੜਨਾ ਪਵੇਗਾ। ਫ਼ੇਰ ਸ਼ਾਇਦ ਉਹ ਆਪਣੇ ਮਨ ਬਦਲ ਕੇ ਮਿਸਰ ਨੂੰ ਵਾਪਸ ਪਰਤ ਜਾਣ।” 18 ਇਸ ਲਈ ਯਹੋਵਾਹ ਨੇ ਉਨ੍ਹਾਂ ਦੀ ਅਗਵਾਈ ਹੋਰ ਰਸਤੇ ਤੋਂ ਦੀ ਮਾਰੂਥਲ ਵਿੱਚ ਦੀ ਲਾਲ ਸਾਗਰ ਵੱਲ ਦੀ ਕੀਤੀ। ਜਦੋਂ ਇਸਰਾਏਲ ਦੇ ਲੋਕਾਂ ਨੇ ਮਿਸਰ ਛੱਡਿਆ, ਉਹ ਜੰਗ ਲਈ ਤਿਆਰ-ਬਰ-ਤਿਆਰ ਸਨ।

ਯੂਸੁਫ਼ ਘਰ ਜਾਂਦਾ ਹੈ

19 ਮੂਸਾ ਨੇ ਯੂਸੁਫ਼ ਦੀਆਂ ਅਸਥੀਆਂ ਆਪਣੇ ਨਾਲ ਲਈਆਂ। (ਮਰਨ ਤੋਂ ਪਹਿਲਾਂ ਯੂਸੁਫ਼ ਨੇ ਇਸਰਾਏਲ ਦੇ ਪੁੱਤਰਾਂ ਕੋਲੋਂ ਉਸ ਦੇ ਲਈ ਅਜਿਹਾ ਕਰਨ ਦਾ ਇਕਰਾਰ ਲਿਆ ਸੀ। ਯੂਸੁਫ਼ ਨੇ ਆਖਿਆ, “ਜਦੋਂ ਪਰਮੇਸ਼ੁਰ ਤੁਹਾਡੀ ਰੱਖਿਆ ਕਰੇ, ਮੇਰੀ ਅਸਥੀਆਂ ਆਪਣੇ ਨਾਲ ਮਿਸਰ ਤੋਂ ਬਾਹਰ ਲੈ ਜਾਣੀਆਂ ਚੇਤੇ ਰੱਖਣਾ।”)

ਯਹੋਵਾਹ ਲੋਕਾਂ ਦੀ ਅਗਵਾਈ ਕਰਦਾ ਹੈ

20 ਇਸਰਾਏਲ ਦੇ ਲੋਕਾਂ ਨੇ ਸੁੱਕੋਥ ਛੱਡ ਦਿੱਤਾ ਅਤੇ ਏਥਾਮ ਵਿਖੇ ਡੇਰਾ ਲਾਇਆ। ਏਥਾਮ ਮਾਰੂਥਲ ਦੇ ਨੇੜੇ ਸੀ। 21 ਯਹੋਵਾਹ ਨੇ ਰਸਤਾ ਦਿਖਾਇਆ। ਦਿਨ ਵੇਲੇ ਯਹੋਵਾਹ ਨੇ ਇੱਕ ਲੰਮੇ ਬੱਦਲ ਨੂੰ ਲੋਕਾਂ ਦੀ ਅਗਵਾਈ ਲਈ ਵਰਤਿਆ ਅਤੇ ਰਾਤ ਵੇਲੇ ਯਹੋਵਾਹ ਨੇ ਅੱਗ ਦੀ ਇੱਕ ਲੰਮੀ ਲਾਟ ਨੂੰ ਰਸਤਾ ਦਿਖਾਉਣ ਲਈ ਵਰਤਿਆ। ਇਹ ਅੱਗ ਉਨ੍ਹਾਂ ਨੂੰ ਰੌਸ਼ਨੀ ਦਿੰਦੀ ਸੀ ਤਾਂ ਜੋ ਉਹ ਰਾਤ ਵੇਲੇ ਵੀ ਸਫ਼ਰ ਕਰ ਸੱਕਣ। 22 ਲੰਮਾ ਬੱਦਲ ਦਿਨ ਵੇਲੇ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦਾ ਸੀ ਅਤੇ ਅੱਗ ਦੀ ਲਾਟ ਰਾਤ ਵੇਲੇ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੀ ਸੀ।

ਰਸੂਲਾਂ ਦੇ ਕਰਤੱਬ 7:17-40

17 “ਮਿਸਰ ਵਿੱਚ ਯਹੂਦੀਆਂ ਦੀ ਗਿਣਤੀ ਵੱਧ ਗਈ। ਜਦੋਂ ਉਹ ਕਰਾਰ ਪੂਰਾ ਹੋਣ ਦਾ ਵੇਲਾ ਨੇੜੇ ਆਇਆ, ਜਿਸਦਾ ਪਰਮੇਸ਼ੁਰ ਨੇ ਅਬਰਾਹਾਮ ਨਾਲ ਵਚਨ ਕੀਤਾ ਸੀ। ਮਿਸਰ ਵਿੱਚ ਸਾਡੇ ਲੋਕ ਤੇਜ਼ ਰਫ਼ਤਾਰ ਨਾਲ ਵੱਧ ਗਏ। 18 ਫ਼ੇਰ ਮਿਸਰ ਵਿੱਚ ਇੱਕ ਦੂਜਾ ਰਾਜਾ ਸ਼ਾਸਨ ਕਰਨ ਲੱਗ ਪਿਆ ਅਤੇ ਉਸ ਰਾਜੇ ਨੂੰ ਯੂਸੁਫ਼ ਬਾਰੇ ਕੁਝ ਵੀ ਪਤਾ ਨਹੀਂ ਸੀ। 19 ਇਸ ਰਾਜੇ ਨੇ ਸਾਡੇ ਲੋਕਾਂ ਨੂੰ ਗੁਮਰਾਹ ਕੀਤਾ ਤੇ ਸਾਡੇ ਪੂਰਵਜ਼ਾਂ ਤੇ ਜ਼ੁਲਮ ਕੀਤੇ। ਉਸ ਨੇ ਉਨ੍ਹਾਂ ਦੇ ਬੱਚਿਆਂ ਨੂੰ ਬਾਹਰ ਸੁੱਟਕੇ ਮਾਰੇ ਜਾਣ ਲਈ ਮਜ਼ਬੂਰ ਕੀਤਾ।

20 “ਇਸੇ ਸਮੇਂ ਮੂਸਾ ਜਨਮਿਆ ਸੀ। ਉਹ ਬੜਾ ਸੁੰਦਰ ਬਾਲਕ ਸੀ। ਤਿੰਨ ਮਹੀਨਿਆਂ ਤੱਕ ਉਸਦੀ ਦੇਖ ਭਾਲ ਆਪਣੇ ਪਿਓ ਦੇ ਘਰ ਹੋਈ ਸੀ। 21 ਜਦੋਂ ਉਸ ਨੂੰ ਬਾਹਰ ਛੱਡ ਦਿੱਤਾ ਗਿਆ, ਤਾਂ ਫ਼ਿਰਊਨ ਦੀ ਧੀ ਨੇ ਉਸ ਨੂੰ ਗੋਦ ਲਿਆ ਅਤੇ ਉਸ ਨੂੰ ਆਪਣੇ ਪੁੱਤਰ ਵਾਂਗ ਪਾਲਿਆ ਪੋਸਿਆ। 22 ਮੂਸਾ ਮਿਸਰੀਆਂ ਦੀਆਂ ਸਾਰੀਆਂ ਵਿਦਿਆਵਾਂ ਵਿੱਚ ਸਿਖਿਅਤ ਸੀ। ਉਹ ਆਪਣੇ ਬਚਨਾਂ ਅਤੇ ਕਰਨੀਆਂ ਕਾਰਣ ਬੜਾ ਸ਼ਕਤੀਸ਼ਾਲੀ ਅਤੇ ਸਮਰਥ ਸਿਧ ਹੋਇਆ।

23 “ਜਦੋਂ ਮੂਸਾ ਚਾਲੀਆਂ ਸਾਲਾਂ ਦੀ ਉਮਰ ਦੇ ਆਸ ਪਾਸ ਸੀ, ਉਸ ਨੇ ਆਪਣੇ ਯਹੂਦੀ ਭਰਾਵਾਂ ਨਾਲ ਭੇਂਟ ਕਰਨ ਦੀ ਸੋਚੀ। 24 ਜਦੋਂ ਉਸ ਨੇ ਇੱਕ ਮਿਸਰੀ ਨੂੰ ਇੱਕ ਯਹੂਦੀ ਨਾਲ ਬੁਰਾ ਵਿਹਾਰ ਕਰਦੇ ਵੇਖਿਆ, ਉਸ ਨੇ ਯਹੂਦੀ ਦਾ ਪੱਖ ਲਿਆ ਅਤੇ ਮਿਸਰੀ ਨੂੰ, ਯਹੂਦੀ ਨਾਲ ਕੀਤੀ ਇਸ ਕਰਨੀ ਵਾਸਤੇ ਸਜ਼ਾ ਦਿੱਤੀ। ਮੂਸਾ ਨੇ ਉਸ ਨੂੰ ਇੰਨੀ ਜ਼ੋਰ ਦੀ ਠੋਕਰ ਮਾਰੀ ਕਿ ਉਹ ਮਰ ਗਿਆ। 25 ਮੂਸਾ ਨੇ ਸੋਚਿਆ ਕਿ ਉਸ ਦੇ ਯਹੂਦੀ ਭਰਾ ਸਮਝ ਜਾਣ ਕਿ ਪਰਮੇਸ਼ੁਰ ਉਨ੍ਹਾਂ ਨੂੰ ਬਚਾਉਣ ਲਈ ਉਸਦਾ ਇਸਤੇਮਾਲ ਕਰ ਰਿਹਾ ਸੀ, ਪਰ ਉਹ ਨਾ ਸਮਝੇ।

26 “ਅਗਲੇ ਦਿਨ, ਮੂਸਾ ਨੇ ਦੋ ਯਹੂਦੀਆਂ ਨੂੰ ਲੜਦਿਆਂ ਵੇਖਿਆ, ਉਸ ਨੇ ਉਨ੍ਹਾਂ ਵਿੱਚ ਸੁਲਾਹ ਕਰਵਾਉਣੀ ਚਾਹੀ ਤੇ ਆਖਿਆ, ‘ਹੇ ਮਨੁੱਖੋ। ਤੁਸੀਂ ਭਰਾ-ਭਰਾ ਹੋ। ਤਾਂ ਫ਼ਿਰ ਤੁਸੀਂ ਕਿਉਂ ਇੱਕ ਦੂਜੇ ਨੂੰ ਨੁਕਸਾਨ ਪਹੁੰਚਾ ਰਹੇ ਹੋ?’ 27 ਉਹ ਮਨੁੱਖ ਜਿਹੜਾ ਦੂਜੇ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਉਸ ਨੇ ਮੂਸਾ ਨੂੰ ਧੱਕਾ ਦੇਕੇ ਆਖਿਆ, ‘ਤੈਨੂੰ ਕਿਸ ਨੇ ਸਾਡੇ ਉੱਪਰ ਹਾਕਮ ਅਤੇ ਨਿਆਂਈ ਬਣਾਇਆ ਹੈ? 28 ਕੀ ਤੂੰ ਮੈਨੂੰ ਵੀ ਇੰਝ ਹੀ ਮਾਰਨਾ ਚਾਹੁੰਦਾ ਹੈ ਜਿਵੇਂ ਕੱਲ ਇੱਕ ਮਿਸਰੀ ਨੂੰ ਮਾਰਿਆ ਸੀ?’ [a] 29 ਜਦੋਂ ਮੂਸਾ ਨੇ ਉਸ ਨੂੰ ਇਹ ਕਹਿੰਦੇ ਸੁਣਿਆ ਤਾਂ ਉਹ ਮਿਸਰ ਛੱਡ ਕੇ ਮਿਦਯਾਨ ਦੇਸ਼ ਵਿੱਚ ਚੱਲਾ ਗਿਆ। ਉੱਥੇ ਉਹ ਅਜਨਬੀ ਸੀ। ਜਦੋਂ ਮੂਸਾ ਮਿਦਯਾਨ ਵਿੱਚ ਸੀ ਉਸ ਦੇ ਘਰ ਦੋ ਪੁੱਤਰ ਪੈਦਾ ਹੋਏ।

30 “ਚਾਲੀਆਂ ਸਾਲਾਂ ਬਾਅਦ, ਮੂਸਾ ਸਿਨਾਈ ਦੇ ਪਹਾੜ ਦੇ ਨੇੜੇ ਇੱਕ ਉਜਾੜ ਵਿੱਚ ਗਿਆ। ਉੱਥੇ ਉਸ ਨੂੰ ਇੱਕ ਦੂਤ ਅੱਗ ਦੀ ਲਾਟ ਵਿੱਚਕਾਰ ਬੱਲਦੀ ਝਾੜੀ ਵਿੱਚ ਪ੍ਰਗਟ ਹੋਇਆ। 31 ਜਦੋਂ ਉਸ ਨੇ ਅਜਿਹਾ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ। ਜਦੋਂ ਉਹ ਚੰਗੀ ਤਰ੍ਹਾਂ ਵੇਖਣ ਲਈ ਨੇੜੇ ਗਿਆ, ਤਾਂ ਉਸ ਨੇ ਇੱਕ ਅਵਾਜ਼ ਸੁਣੀ, ਇਹ ਪ੍ਰਭੂ ਦੀ ਅਵਾਜ਼ ਸੀ। 32 ਪ੍ਰਭੂ ਨੇ ਆਖਿਆ, ‘ਮੈਂ ਤੇਰੇ ਪਿਓ ਦਾਦਿਆਂ ਦਾ ਪਰਮੇਸ਼ੁਰ ਹਾਂ। ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ, ਅਤੇ ਯਾਕੂਬ ਦਾ ਪਰਮੇਸ਼ੁਰ।’ [b] ਮੂਸਾ ਡਰ ਨਾਲ ਕੰਬਦਾ ਹੋਇਆ ਉੱਪਰ ਤੱਕਣ ਦਾ ਹੌਂਸਲਾ ਨਾ ਕਰ ਸੱਕਿਆ।

33 “ਪ੍ਰਭੂ ਨੇ ਉਸ ਨੂੰ ਕਿਹਾ, ‘ਆਪਣੇ ਪੈਰਾਂ ਵਿੱਚੋਂ ਜੁੱਤੀ ਲਾਹ, ਕਿਉਂਕਿ ਜਿਸ ਥਾਂ ਉੱਪਰ ਤੂੰ ਖੜ੍ਹਾ ਹੈ ਉਹ ਇੱਕ ਪਵਿੱਤਰ ਧਰਤੀ ਹੈ। 34 ਮੈਂ ਆਪਣੇ ਲੋਕਾਂ ਦੇ ਕਸ਼ਟਾਂ ਤੋਂ ਬਹੁਤ ਸੁਚੇਤ ਹਾਂ। ਅਤੇ ਉਨ੍ਹਾਂ ਨੂੰ ਬੜਾ ਕੁਰਲਾਉਂਦਿਆਂ ਹੋਇਆਂ ਸੁਣਿਆ ਹੈ। ਇਸੇ ਲਈ ਮੈਂ ਉਨ੍ਹਾਂ ਨੂੰ ਬਚਾਉਣ ਲਈ ਉੱਤਰਿਆ ਹਾਂ। ਹੁਣ, ਮੂਸਾ, ਮੈਂ ਤੈਨੂੰ ਵਾਪਸ ਮਿਸਰ ਵਿੱਚ ਭੇਜਾਂਗਾ।’ [c]

35 “ਇਹ ਉਹੀ ਮੂਸਾ ਹੈ ਜਿਸ ਨੂੰ ਇਸਰਾਏਲੀਆਂ ਨੇ ਇਹ ਆਖਦਿਆਂ ਨਾਮੰਜ਼ੂਰ ਕਰ ਦਿੱਤਾ ਸੀ ਕਿ ਤੈਨੂੰ ਸਾਡਾ ਹਾਕਮ ਅਤੇ ਮੁਨਸਫ਼ ਕਿਸਨੇ ਬਣਾਇਆ ਹੈ? [d] ਉਹ ਪਰਮੇਸ਼ੁਰ ਦੁਆਰਾ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਹੋਣ ਲਈ ਭੇਜਿਆ ਗਿਆ ਸੀ। ਪਰੇਸ਼ੁਰ ਨੇ ਉਸ ਨੂੰ ਇੱਕ ਦੂਤ ਰਾਹੀਂ ਭੇਜਿਆ ਜੋ ਉਸ ਨੂੰ ਮੱਚਦੀ ਝਾੜੀ ਵਿੱਚ ਪ੍ਰਗਟਿਆ ਸੀ। 36 ਉਹੀ ਹੈ ਜਿਸਨੇ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਕੱਢਿਆ ਸੀ। ਉਸ ਨੇ ਸ਼ਕਤੀਸ਼ਾਲੀ ਕਰਤੱਬ ਅਤੇ ਕਰਿਸ਼ਮੇ ਮਿਸਰ ਵਿੱਚ ਅਤੇ ਲਾਲ ਸਮੁੰਦਰ ਵਿੱਚ ਅਤੇ ਉਜਾੜ ਵਿੱਚ ਚਾਲ੍ਹੀ ਸਾਲ ਤੱਕ ਕੀਤੇ।

37 “ਇਹ ਉਹੀ ਮੂਸਾ ਸੀ ਜਿਸਨੇ ਇਸਰਾਏਲ ਦੇ ਪੁੱਤਰਾਂ ਨੂੰ ਕਿਹਾ ਸੀ ‘ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਹੀ ਤੁਹਾਡੇ ਲਈ ਮੇਰੇ ਵਰਗਾ ਇੱਕ ਨਬੀ ਖੜ੍ਹਾ ਕਰੇਗਾ।’ [e] 38 ਇਹ ਉਹੀ ਮੂਸਾ ਸੀ ਜੋ ਉਨ੍ਹਾਂ ਲੋਕਾਂ ਨਾਲ ਸੀ ਜੋ ਉਜਾੜ ਵਿੱਚ ਇਕੱਠੇ ਹੋਏ ਸਨ। ਉਹ ਉਸ ਦੂਤ ਨਾਲ ਸੀ ਜੋ ਉਸ ਨਾਲ ਉਜਾੜ ਵਿੱਚ ਸੀਨਈ ਦੇ ਪਹਾੜ ਉੱਪਰ ਬੋਲਿਆ ਸੀ। ਉਹ ਸਾਡੇ ਪਿਉ ਦਾਦਿਆਂ ਦੇ ਨਾਲ ਸੀ। ਮੂਸਾ ਨੂੰ ਪਰਮੇਸ਼ੁਰ ਵੱਲੋਂ ਜੀਵਨ ਦੇ ਹੁਕਮ ਮਿਲੇ ਭਈ ਸਾਨੂੰ ਸੌਂਪ ਦੇਵੇ।

39 “ਪਰ ਸਾਡੇ ਪੁਰਖਿਆਂ ਨੇ ਉਸਦੀ ਪਾਲਾਣਾ ਨਹੀਂ ਕੀਤੀ ਅਤੇ ਉਨ੍ਹਾਂ ਨੇ ਉਸ ਨੂੰ ਨਾਮੰਜ਼ੂਰ ਕਰ ਦਿੱਤਾ। ਉਹ ਦੋਬਾਰਾ ਮਿਸਰ ਵਾਪਿਸ ਜਾਣਾ ਚਾਹੁੰਦੇ ਸਨ। 40 ਸਾਡੇ ਪਿਤਰਾਂ ਨੇ ਹਾਰੂਨ ਨੂੰ ਆਖਿਆ, ‘ਮੂਸਾ ਸਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹੈ, ਪਰ ਸਾਨੂੰ ਨਹੀਂ ਪਤਾ ਕਿ ਉਸ ਨੂੰ ਕੀ ਹੋਇਆ ਹੈ। ਇਸ ਲਈ ਸਾਡੇ ਲਈ ਕੋਈ ਅਜਿਹੇ ਦੇਵਤੇ ਬਣਾ ਜੋ ਸਾਡੇ ਅੱਗੇ-ਅੱਗੇ ਚੱਲ ਕੇ ਸਾਨੂੰ ਰਾਹ ਦੱਸਣ।’ [f]

Punjabi Bible: Easy-to-Read Version (ERV-PA)

2010 by World Bible Translation Center