Print Page Options
Previous Prev Day Next DayNext

Revised Common Lectionary (Semicontinuous)

Daily Bible readings that follow the church liturgical year, with sequential stories told across multiple weeks.
Duration: 1245 days
Punjabi Bible: Easy-to-Read Version (ERV-PA)
Version
ਰਸੂਲਾਂ ਦੇ ਕਰਤੱਬ 2:42-47

ਨਿਹਚਾਵਾਨਾਂ ਨੇ ਹਰੇਕ ਚੀਜ਼ ਨੂੰ ਵੰਡਿਆ

42 ਉਨ੍ਹਾਂ ਨੇ ਆਪਣਾ ਸਮਾਂ ਨਿਯਮਿਤ ਰੂਪ ਨਾਲ ਰਸੂਲਾਂ ਦੇ ਉਪਦੇਸ਼ ਸੁਣਨ ਲਈ ਇਸਤੇਮਾਲ ਕੀਤਾ। ਉਹ ਇੱਕ ਦੂਜੇ ਨਾਲ ਪਰਿਵਾਰ ਦੇ ਜੀਆਂ ਵਾਂਗ ਭਾਗੀਦਾਰ ਹੋਣ ਲੱਗੇ। ਉਹ ਇਕੱਠੇ ਖਾਂਦੇ ਅਤੇ ਇਕੱਠੇ ਹੀ ਪ੍ਰਾਰਥਨਾ ਕਰਦੇ। 43 ਰਸੂਲ ਬੜੀਆਂ ਹੈਰਾਨੀਜਨਕ ਅਤੇ ਤਾਕਤਵਰ ਗੱਲਾਂ ਕਰ ਰਹੇ ਸਨ। ਤਾਂ ਸਾਰੇ ਲੋਕਾਂ ਨੂੰ ਪਰਮੇਸ਼ੁਰ ਲਈ ਡਰ ਸੀ। 44 ਸਾਰੇ ਉਨ੍ਹਾਂ ਦੇ ਨਿਹਚਾਵਾਨ ਇਕੱਠੇ ਰਹਿੰਦੇ ਤੇ ਆਪਸ ਵਿੱਚ ਹਰ ਚੀਜ਼ ਵੰਡਦੇ। 45 ਨਿਹਚਾਵਾਨਾਂ ਨੇ ਆਪਣੀ ਜ਼ਮੀਨ ਅਤੇ ਜੋ ਚੀਜ਼ਾਂ ਉਨ੍ਹਾਂ ਕੋਲ ਸਨ, ਸਭ ਵੇਚ ਦਿੱਤੀਆਂ ਅਤੇ ਸਾਰਾ ਧਨ ਸਾਰਿਆਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ, ਵੰਡ ਦਿੱਤਾ। 46 ਹਰ ਰੋਜ਼ ਸਭ ਮੰਦਰ ਦੇ ਵਿਹੜੇ ਵਿੱਚ ਉਸੇ ਮਕਸਦ ਨਾਲ ਮਿਲਦੇ। ਉਹ ਆਪਣੇ ਘਰਾਂ ਵਿੱਚ ਅਨੰਦਿਤ ਦਿਲਾਂ ਨਾਲ ਮਿਲਕੇ ਭੋਜਨ ਕਰਦੇ। 47 ਨਿਹਚਾਵਾਨ ਪਰਮੇਸ਼ੁਰ ਦੀ ਉਸਤਤਿ ਕਰਦੇ ਅਤੇ ਸਾਰੇ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ। ਅਤੇ ਹਰੇਕ ਦਿਨ, ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਿਹਚਾਵਾਨਾਂ ਦੇ ਸਮੂਹ ਵਿੱਚ ਸ਼ਾਮਿਲ ਕਰਦਾ, ਜੋ ਬਚਾਏ ਜਾਂਦੇ ਸਨ।

ਜ਼ਬੂਰ 23

ਦਾਊਦ ਦਾ ਇੱਕ ਗੀਤ।

23 ਯਹੋਵਾਹ ਮੇਰਾ ਆਜੜੀ ਹੈ,
    ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕੋਈ ਤੋਂਟ ਨਹੀਂ ਆਵੇਗੀ।
ਉਹ ਮੈਨੂੰ ਹਰਿਆਂ ਖੇਤਾਂ ਵਿੱਚ ਬੈਠ ਜਾਣ ਦਿੰਦਾ ਹੈ।
    ਉਹ ਪਾਣੀ ਦੇ ਸ਼ਾਂਤ ਤਲਾਵਾਂ ਦੇ ਪਾਸੀਂ ਮੇਰੀ ਅਗਵਾਈ ਕਰਦਾ ਹੈ।
ਉਹ ਆਪਣੇ ਨਾਂ ਦੇ ਚੰਗੇ ਲਈ, ਮੇਰੀ ਰੂਹ ਨੂੰ ਤਾਜ਼ੀ ਊਰਜਾ ਦਿੰਦਾ ਹੈ।
    ਇਹ ਦਰਸਾਉਣ ਲਈ ਕਿ ਉਹ ਸੱਚਮੁੱਚ ਚੰਗਾ ਹੈ ਉਹ ਚੰਗਿਆਈ ਦੇ ਰਾਹਾਂ ਤੇ ਮੇਰੀ ਅਗਵਾਈ ਕਰਦਾ ਹੈ।
ਜੇ ਕਿਤੇ ਮੈਂ ਕਿਸੇ ਵਾਦੀ ਵਿੱਚੋਂ ਦੀ ਲੰਘਦਾ ਹਾਂ ਜੋ ਕਬਰ ਜਿੰਨੀ ਹਨੇਰੀ ਹੈ
    ਮੈਂ ਕਿਸੇ ਖਤਰੇ ਤੋਂ ਨਹੀਂ ਡਰਾਂਗਾ।
    ਕਿਉਂਕਿ ਹੇ ਯਹੋਵਾਹ, ਤੂੰ ਮੇਰੇ ਨਾਲ ਹੈਂ
    ਅਤੇ ਤੇਰੀ ਸਲਾਖ ਤੇ ਡਾਂਗ ਮੈਨੂੰ ਆਰਾਮ ਦਿੰਦੀਆਂ ਹਨ।
ਯਹੋਵਾਹ, ਤੁਸੀਂ ਮੇਰੇ ਦੁਸ਼ਮਣਾਂ ਦੇ ਸਨਮੁੱਖ ਮੇਰਾ ਮੇਜ ਸਜਾਇਆ ਹੈ।
    ਤੁਸੀਂ ਮੇਰੇ ਸਿਰ ਉੱਤੇ ਤੇਲ ਪਾਇਆ ਹੈ
    ਮੇਰਾ ਭਰਿਆ ਪਿਆਲਾ ਛਲਕ ਰਿਹਾ ਹੈ।
ਨੇਕੀ ਤੇ ਮਿਹਰ ਮੇਰੇ ਰਹਿੰਦੇ ਜੀਵਨ ਤੱਕ ਅੰਗ-ਸੰਗ ਹੋਵੇਗੀ।
    ਅਤੇ ਮੈਂ ਯਹੋਵਾਹ ਦੇ ਮੰਦਰ ਵਿੱਚ ਲੰਮੇ-ਲੰਮੇ ਸਮੇਂ ਲਈ ਬੈਠਾਂਗਾ।

1 ਪਤਰਸ 2:19-25

19 ਕਿਸੇ ਵਿਅਕਤੀ ਨੂੰ ਉਦੋਂ ਵੀ ਦੁੱਖ ਝੱਲਣਾ ਪੈ ਸੱਕਦਾ ਹੈ ਜਦੋਂ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੁੰਦਾ। ਜੇਕਰ ਉਹ ਵਿਅਕਤੀ ਉਸ ਕਸ਼ਟ ਨੂੰ ਪਰਮੇਸ਼ੁਰ ਦਾ ਸਮਝਕੇ ਸਹਿਨ ਕਰ ਲੈਂਦਾ ਹੈ, ਫ਼ੇਰ ਇਹ ਪਰਮੇਸ਼ੁਰ ਨੂੰ ਪ੍ਰਸੰਨ ਕਰੇਗਾ। 20 ਜੇਕਰ ਤੁਹਾਨੂੰ ਤੁਹਾਡੀ ਗਲਤ ਕਰਨੀ ਦੇ ਕਾਰਣ ਸਜ਼ਾ ਦਿੱਤੀ ਜਾਂਦੀ ਹੈ, ਫ਼ੇਰ ਤੁਹਾਡੀ ਉਸਤਤਿ ਕਰਨ ਦੀ ਕੋਈ ਲੋੜ ਨਹੀਂ। ਪਰ ਜੇਕਰ ਤੁਸੀਂ ਚੰਗੇ ਕੰਮ ਕੀਤੇ ਹਨ ਅਤੇ ਤੁਸੀਂ ਸਬਰ ਨਾਲ ਤਸੀਹੇ ਝੱਲ ਲੈਂਦੇ ਹੋ, ਫ਼ੇਰ ਇਹ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। 21 ਇਹੀ ਹੈ ਜਿਸ ਲਈ ਤੁਹਾਨੂੰ ਪਰਮੇਸ਼ੁਰ ਵੱਲੋਂ ਸੱਦਾ ਮਿਲਿਆ ਸੀ। ਮਸੀਹ ਨੇ ਵੀ ਤੁਹਾਡੀ ਖਾਤਿਰ ਦੁੱਖ ਝੱਲਿਆ, ਅਤੇ ਅਜਿਹਾ ਕਰਕੇ ਉਸ ਨੇ ਤੁਹਾਡੇ ਲਈ ਆਪਣੇ ਪਦ ਚਿਨ੍ਹਾਂ ਉੱਤੇ ਚੱਲਣ ਲਈ ਇੱਕ ਮਿਸਾਲ ਕਾਇਮ ਕੀਤੀ ਹੈ।

22 “ਉਸ ਨੇ ਕੋਈ ਵੀ ਪਾਪ ਨਹੀਂ ਕੀਤਾ,
    ਅਤੇ ਨਾਹੀ ਉਸ ਨੇ ਕਦੇ ਕੋਈ ਝੂਠ ਬੋਲਿਆ।” (A)

23 ਲੋਕਾਂ ਨੇ ਉਸ ਨੂੰ ਮੰਦੀਆਂ ਗੱਲਾਂ ਆਖੀਆਂ ਪਰ ਉਸ ਨੇ ਵਾਪਸ ਉਨ੍ਹਾਂ ਨੂੰ ਮੰਦੀਆਂ ਗੱਲਾਂ ਨਹੀਂ ਬੋਲੀਆਂ। ਮਸੀਹ ਨੇ ਦੁੱਖ ਸਹਾਰੇ, ਪਰ ਉਸ ਨੇ ਕਦੇ ਕੋਈ ਧਮਕੀ ਨਹੀਂ ਦਿੱਤੀ। ਨਹੀਂ, ਮਸੀਹ ਨੇ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰ ਦਿੱਤਾ। ਪਰਮੇਸ਼ੁਰ ਹੀ ਹੈ ਜਿਹੜਾ ਸਹੀ ਨਿਆਂ ਦਿੰਦਾ ਹੈ। 24 ਮਸੀਹ ਨੇ ਸਲੀਬ ਉੱਪਰ ਆਪਣੇ ਸਰੀਰ ਉੱਤੇ ਸਾਡੇ ਪਾਪ ਲੈ ਲਏ। ਅਜਿਹਾ ਉਸ ਨੇ ਇਸ ਲਈ ਕੀਤਾ ਤਾਂ ਜੋ ਅਸੀਂ ਪਾਪ ਨਹੀਂ ਕਰਾਂਗੇ ਅਤੇ ਅਸੀਂ ਚੰਗੇ ਕਾਰਜ ਕਰਨ ਲਈ ਜਿਉਵਾਂਗੇ ਉਸ ਦੇ ਜ਼ਖਮਾਂ ਰਾਹੀਂ ਤੁਹਾਡਾ ਇਲਾਜ ਕੀਤਾ ਗਿਆ। 25 ਤੁਸੀਂ ਇੱਜੜ ਤੋਂ ਭਟਕੀਆਂ ਭੇਡਾਂ ਵਰਗੇ ਸੀ। ਪਰ ਹੁਣ ਤੁਸੀਂ ਉਸ ਆਜੜੀ ਕੋਲ ਵਾਪਸ ਮੁੜ ਆਏ ਹੋਂ ਜੋ ਤੁਹਾਡਾ ਖਿਆਲ ਰੱਖਦਾ ਹੈ।

ਯੂਹੰਨਾ 10:1-10

ਅਯਾਲੀ ਅਤੇ ਉਸਦੀਆਂ ਭੇਡਾਂ

10 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜਾ ਮਨੁੱਖ ਭੇਡਾਂ ਦੇ ਬਾੜੇ ਵਿੱਚ ਬੂਹੇ ਦੇ ਰਸਤੇ ਦੀ ਬਜਾਏ ਕਿਸੇ ਹੋਰ ਰਸਤੇ ਵੜਦਾ ਹੈ ਉਹ ਭੇਡਾਂ ਚੋਰੀ ਕਰਨ ਆਇਆ ਹੈ। ਪਰ ਉਹ ਮਨੁੱਖ ਜਿਹੜਾ ਫਾਟਕ ਰਾਹੀਂ ਵੜਨ ਵਾਲਾ ਹੈ ਉਹ ਅਯਾਲੀ ਹੈ। ਉਸ ਦੇ ਲਈ ਦਰਬਾਨ ਫ਼ਾਟਕ ਖੋਲ੍ਹ ਦਿੰਦਾ ਹੈ। ਅਤੇ ਭੇਡਾਂ ਉਸਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਉਂ ਲੈ-ਲੈ ਕੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ। ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢ ਲੈਂਦਾ ਤਾਂ ਉਹ ਉਨ੍ਹਾਂ ਦੇ ਅੱਗੇ ਤੁਰਦਾ ਹੈ ਅਤੇ ਭੇਡਾਂ ਉਸ ਦਾ ਪਿੱਛਾ ਕਰਦੀਆਂ ਹਨ ਕਿਉਂਕਿ ਉਹ ਉਸਦੀ ਅਵਾਜ਼ ਨੂੰ ਪਛਾਣਦੀਆਂ ਹਨ। ਪਰ ਉਹ ਪਰਾਏ ਮਨੁੱਖ ਦੇ ਮਗਰ ਕਦੇ ਨਹੀਂ ਜਾਣਗੀਆਂ ਸਗੋਂ ਉਹ ਉਸਤੋਂ ਨਠ ਜਾਣਗੀਆਂ ਕਿਉਂਕਿ ਉਹ ਪਰਾਇਆਂ ਦੀ ਅਵਾਜ਼ ਨੂੰ ਨਹੀਂ ਪਛਾਣਦੀਆਂ।”

ਭਾਵੇਂ ਯਿਸੂ ਨੇ ਲੋਕਾਂ ਨੂੰ ਇਹ ਦ੍ਰਿਸ਼ਤਾਂਤ ਸਮਝਾਇਆ ਪਰ ਉਹ ਇਸਦਾ ਅਰਥ ਨਾ ਸਮਝ ਸੱਕੇ।

ਯਿਸੂ ਚੰਗਾ ਅਯਾਲੀ ਹੈ

ਤਾਂ ਯਿਸੂ ਨੇ, ਦੁਬਾਰਾ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਭੇਡਾਂ ਲਈ ਦੁਆਰ ਮੈਂ ਹਾਂ। ਕਿਉਂ ਕਿ ਜਿਹੜੇ ਮੈਥੋਂ ਪਹਿਲਾਂ ਆਏ ਉਹ ਚੋਰ ਜਾਂ ਡਾਕੂ ਸਨ, ਭੇਡਾਂ ਨੇ ਉਨ੍ਹਾਂ ਨੂੰ ਨਹੀਂ ਸੁਣਿਆ। ਮੈਂ ਬੂਹਾ ਹਾਂ, ਜਿਹੜਾ ਮਨੁੱਖ ਮੇਰੇ ਰਾਹੀਂ ਪ੍ਰਵੇਸ਼ ਕਰਦਾ ਹੈ ਬਚਾਇਆ ਜਾਵੇਗਾ। ਉਹ ਅੰਦਰ-ਬਾਹਰ ਆਇਆ-ਜਾਇਆ ਕਰੇਗਾ ਅਤੇ ਉਸ ਨੂੰ ਜੋ ਚਾਹੀਦਾ ਹੈ ਲੱਭ ਜਾਵੇਗਾ। 10 ਚੋਰ ਚੋਰੀ, ਮਾਰਨ ਅਤੇ ਨਸ਼ਟ ਕਰਨ ਲਈ ਦਾਖਲ ਹੁੰਦਾ ਹੈ, ਪਰ ਮੈਂ ਉਨ੍ਹਾਂ ਨੂੰ ਜੀਵਨ ਦੇਣ ਆਇਆ ਹਾਂ, ਇੱਕ ਚੋਖਾ ਜੀਵਨ।

Punjabi Bible: Easy-to-Read Version (ERV-PA)

2010 by World Bible Translation Center