Revised Common Lectionary (Semicontinuous)
ਪਸਾਹ
12 ਜਦੋਂ ਹਾਲੇ ਮੂਸਾ ਤੇ ਹਾਰੂਨ ਮਿਸਰ ਵਿੱਚ ਹੀ ਸਨ, ਯਹੋਵਾਹ ਨੇ ਉਨ੍ਹਾਂ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, 2 “ਇਹ ਮਹੀਨਾ ਤੁਹਾਡੇ ਲਈ ਸਾਲ ਦਾ ਪਹਿਲਾ ਮਹੀਨਾ ਹੋਵੇਗਾ। 3 ਇਸਰਾਏਲ ਦੇ ਸਾਰੇ ਬਾਈਚਾਰੇ ਨੂੰ ਦੱਸ; ਇਸ ਮਹੀਨੇ ਦੇ ਦਸਵੇਂ ਦਿਨ, ਹਰੇਕ ਵਿਅਕਤੀ ਨੂੰ ਆਪਣੇ ਪਰਿਵਾਰ ਲਈ ਇੱਕ ਲੇਲਾ ਲਿਆਉਣ ਪਵੇਗਾ, ਘਰ ਦੇ ਹਰ ਜਣੇ ਲਈ ਇੱਕ ਲੇਲਾ। 4 ਜੇ ਉਸ ਦੇ ਘਰ ਵਿੱਚ ਪੂਰਾ ਲੇਲਾ ਖਾ ਸੱਕਣ ਵਾਲੇ ਕਾਫ਼ੀ ਬੰਦੇ ਨਹੀਂ ਹਨ ਤਾਂ ਉਸ ਨੂੰ ਭੋਜਨ ਸਾਂਝਾ ਕਰਨ ਲਈ ਕੁਝ ਗੁਆਂਢੀਆਂ ਨੂੰ ਸੱਦਾ ਦੇਣਾ ਚਾਹੀਦਾ ਹੈ। ਹਰੇਕ ਦੇ ਖਾਣ ਲਈ ਲੇਲਾ ਕਾਫ਼ੀ ਹੋਣਾ ਚਾਹੀਦਾ ਹੈ।
5 ਲੇਲਾ ਇੱਕ ਸਾਲ ਦਾ ਹੋਣਾ ਚਾਹੀਦਾ ਹੈ ਇਸ ਨੂੰ ਪੂਰਾ ਸਿਹਤਮੰਦ ਹੋਣਾ ਚਾਹੀਦਾ ਹੈ। ਇਹ ਜਾਨਵਰ ਜੁਆਨ ਭੇਡੂ ਜਾਂ ਜੁਆਨ ਬੱਕਰਾ ਹੋ ਸੱਕਦਾ ਹੈ। 6 ਤੁਹਾਨੂੰ ਮਹੀਨੇ ਦੇ ਚੌਦਵੇਂ ਦਿਨ ਤੱਕ ਜਾਨਵਰ ਦੀ ਦੇਖ ਭਾਲ ਕਰਨੀ ਚਾਹੀਦੀ ਹੈ। ਉਸ ਦਿਨ, ਇਸਰਾਏਲ ਦੇ ਭਾਈਚਾਰੇ ਦੇ ਸਮੂਹ ਲੋਕਾਂ ਨੂੰ ਇਨ੍ਹਾਂ ਜਾਨਵਰਾਂ ਨੂੰ ਉਦੋਂ ਮਾਰਨਾ ਚਾਹੀਦਾ ਜਦੋਂ ਸੂਰਜ ਛੁਪ ਰਿਹਾ ਹੋਵੇ। 7 ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਜਾਨਵਰਾਂ ਦਾ ਖੂਨ ਇਕੱਠਾ ਕਰੋ। ਇਸ ਖੂਨ ਨੂੰ ਉਨ੍ਹਾਂ ਘਰਾਂ ਦੀਆਂ ਚੁਗਾਠਾਂ ਦੇ ਉੱਪਰਲੇ ਅਤੇ ਪਾਸਿਆਂ ਉੱਤੇ ਮਲਣਾ ਚਾਹੀਦਾ ਹੈ, ਜਿੱਥੇ ਲੋਕ ਇਹ ਭੋਜਣ ਖਾਣ।
8 “ਇਸ ਰਾਤ ਨੂੰ ਤੁਹਾਨੂੰ ਚਾਹੀਦਾ ਹੈ ਕਿ ਲੇਲੇ ਨੂੰ ਭੁੰਨੋ ਅਤੇ ਸਾਰਾ ਮਾਸ ਖਾ ਲਵੋ। ਤੁਹਾਨੂੰ ਕੌੜੀਆਂ ਬੂਟੀਆਂ ਅਤੇ ਪਤੀਰੀ ਰੋਟੀ ਵੀ ਖਾਣੀ ਚਾਹੀਦੀ ਹੈ। 9 ਤੁਹਾਨੂੰ ਚਾਹੀਦਾ ਹੈ ਕਿ ਲੇਲੇ ਨੂੰ ਪਾਣੀ ਵਿੱਚ ਨਾ ਉਬਾਲੋ। ਪੂਰੇ ਲੇਲੇ ਨੂੰ ਅੱਗ ਉੱਤੇ ਭੁਂਨੋ। ਹਾਲੇ ਤੱਕ ਲੇਲੇ ਦੀ ਸਿਰੀ, ਲੱਤਾਂ ਅਤੇ ਅੰਦਰਲੇ ਹਿੱਸੇ ਪੂਰੇ ਹੋਣੇ ਚਾਹੀਦੇ ਹਨ। 10 ਤੁਹਾਨੂੰ ਉਹ ਸਾਰਾ ਮਾਸ ਉਸੇ ਰਾਤ ਖਾਣਾ ਚਾਹੀਦਾ ਹੈ। ਜੇ ਕੁਝ ਮਾਸ ਸਵੇਰ ਲਈ ਬਚ ਜਾਵੇ ਤਾਂ ਉਸ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
11 “ਜਦੋਂ ਤੁਸੀਂ ਭੋਜਨ ਕਰੋ, ਤਾਂ ਤੁਹਾਨੂੰ ਪੂਰੀ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ ਜਿਵੇਂ ਤੁਸੀਂ ਸਫ਼ਰ ਤੇ ਜਾ ਰਹੇ ਹੋਵੋਂ। ਤੁਹਾਡੇ ਪੈਰੀਂ ਜੁੱਤੀ ਹੋਣੀ ਚਾਹੀਦੀ ਹੈ ਅਤੇ ਹੱਥ ਵਿੱਚ ਸੋਟੀ ਹੋਣੀ ਚਾਹੀਦੀ ਹੈ। ਤੁਹਾਨੂੰ ਕਾਹਲੀ ਨਾਲ ਭੋਜਨ ਕਰਨਾ ਚਾਹੀਦਾ ਹੈ। ਕਿਉਂ ਕਿ ਇਹ ਯਹੋਵਾਹ ਦੇ ਪਸਾਹ ਦਾ ਭੋਜਨ ਹੈ-ਉਸ ਵੇਲੇ ਦਾ ਜਦੋਂ ਯਹੋਵਾਹ ਨੇ ਆਪਣੇ ਲੋਕਾਂ ਦੀ ਰੱਖਿਆ ਕੀਤੀ ਅਤੇ ਛੇਤੀ ਨਾਲ ਉਨ੍ਹਾਂ ਨੂੰ ਮਿਸਰ ਵਿੱਚੋਂ ਬਾਹਰ ਲੈ ਗਿਆ।
12 “ਅੱਜ ਰਾਤ ਨੂੰ ਮੈਂ ਮਿਸਰ ਵਿੱਚੋਂ ਲੰਘਾਂਗਾ ਅਤੇ ਮਿਸਰ ਦੇ ਹਰ ਆਦਮੀ ਅਤੇ ਪਸ਼ੂ ਦੀ ਪਲੋਠੀ ਸੰਤਾਨ ਨੂੰ ਮਾਰ ਦਿਆਂਗਾ। ਇਸ ਤਰ੍ਹਾਂ ਨਾਲ ਮੈਂ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਂ ਕਰਾਂਗਾ। ਮੈਂ ਦਰਸਾ ਦਿਆਂਗਾ ਕਿ ਮੈਂ ਯਹੋਵਾਹ ਹਾਂ। 13 ਪਰ ਤੁਹਾਡੇ ਘਰਾਂ ਉੱਤੇ ਖੂਨ, ਖਾਸ ਨਿਸ਼ਾਨ ਹੋਵੇਗਾ। ਜਦੋਂ ਮੈਂ ਖੂਨ ਨੂੰ ਦੇਖਾਂਗਾ ਤਾਂ ਮੈਂ ਤੁਹਾਡੇ ਘਰ ਨੂੰ ਲੰਘ ਜਾਵਾਂਗਾ। ਮੈਂ ਮਿਸਰ ਦੇ ਲੋਕਾਂ ਉਤੇ ਮੁਸੀਬਤਾਂ ਸੁੱਟਾਂਗਾ। ਪਰ ਉਨ੍ਹਾਂ ਵਿੱਚੋਂ ਕੋਈ ਵੀ ਭੈੜੀ ਬਿਮਾਰੀ ਤੁਹਾਨੂੰ ਨਹੀਂ ਲੱਗੇਗੀ।
14 “ਇਸ ਲਈ ਤੁਸੀਂ ਹਮੇਸ਼ਾ ਅੱਜ ਦੀ ਰਾਤ ਨੂੰ ਚੇਤੇ ਰੱਖੋਂਗੇ-ਇਹ ਤੁਹਾਡੇ ਲਈ ਛੁੱਟੀ ਦਾ ਖਾਸ ਦਿਨ ਹੋਵੇਗਾ। ਤੁਹਾਡੇ ਉੱਤਰਾਧਿਕਾਰੀ ਇਸ ਛੁੱਟੀ ਨਾਲ ਯਹੋਵਾਹ ਦਾ ਹਮੇਸ਼ਾ ਆਦਰ ਕਰਨਗੇ।
116 ਮੈਂ ਇਸ ਨੂੰ ਪਸੰਦ ਕਰਦਾ ਹਾਂ
ਜਦੋਂ ਯਹੋਵਾਹ ਮੇਰੀਆਂ ਪ੍ਰਾਰਥਨਾ ਸੁਣਦਾ ਹੈ।
2 ਮੈਂ ਇਸ ਨੂੰ ਪਸੰਦ ਕਰਦਾ ਹਾਂ
ਜਦੋਂ ਸਹਾਇਤਾ ਲਈ ਉਹ ਮੇਰੀ ਪੁਕਾਰ ਨੂੰ ਸੁਣਦਾ ਹੈ।
12 ਮੈਂ ਯਹੋਵਾਹ ਨੂੰ ਕੀ ਅਰਪਣ ਕਰ ਸੱਕਦਾ ਹਾਂ?
ਯਹੋਵਾਹ ਨੇ ਮੈਨੂੰ ਹਰ ਸ਼ੈਅ ਜੋ ਵੀ ਮੇਰੇ ਕੋਲ ਹੈ ਦਿੱਤੀ ਹੈ।
13 ਉਸ ਨੇ ਮੈਨੂੰ ਬਚਾਇਆ,
ਇਸ ਲਈ ਮੈਂ ਉਸ ਅੱਗੇ ਪਿਆਲਾ ਭੇਟ ਕਰਾਂਗਾ।
ਅਤੇ ਮੈਂ ਯਹੋਵਾਹ ਦਾ ਨਾਮ ਪੁਕਾਰਾਂਗਾ।
14 ਮੈਂ ਉਹ ਚੀਜ਼ਾਂ ਦੇਵਾਂਗਾ ਜਿਨ੍ਹਾਂ ਦਾ ਯਹੋਵਾਹ ਨਾਲ ਇਕਰਾਰ ਕੀਤਾ ਸੀ।
ਹੁਣ ਮੈਂ ਉਸ ਦੇ ਸਮੂਹ ਬੰਦਿਆ ਦੇ ਸਾਹਮਣੇ ਜਾਵਾਂਗਾ।
15 ਯਹੋਵਾਹ ਵਾਸਤੇ ਉਸ ਦੇ ਕਿਸੇ ਵੀ ਚੇਲੇ ਦੀ ਮੌਤ ਯਹੋਵਾਹ ਵਾਸਤੇ ਬਹੁਤ ਮਹੱਤਵਪੂਰਣ ਹੈ।
ਹੇ ਯਹੋਵਾਹ, ਮੈਂ ਤੁਹਾਡੇ ਸੇਵਕਾਂ ਵਿੱਚੋਂ ਹਾਂ।
16 ਮੈਂ ਤੁਹਾਡਾ ਸੇਵਕ ਹਾਂ,
ਤੁਹਾਡੀ ਇੱਕ ਸੇਵਾਦਾਰ ਔਰਤ ਦਾ ਬੱਚਾ।
ਯਹੋਵਾਹ, ਤੁਸੀਂ ਹੀ ਮੇਰੇ ਪਹਿਲੇ ਗੁਰੂ ਸੀ।
17 ਮੈਂ ਤੁਹਾਡੇ ਅੱਗੇ ਧੰਨਵਾਦ ਭੇਟ ਕਰਾਂਗਾ।
ਮੈਂ ਯਹੋਵਾਹ ਦਾ ਨਾਮ ਲਵਾਂਗਾ।
18 ਮੈਂ ਯਹੋਵਾਹ ਨੂੰ ਉਹ ਚੀਜ਼ਾਂ ਦੇਵਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ।
ਹੁਣ ਮੈਂ ਉਸ ਦੇ ਸਮੂਹ ਬੰਦਿਆਂ ਦੇ ਸਾਹਮਣੇ ਜਾਵਾਂਗਾ।
19 ਮੈਂ ਯਰੂਸ਼ਲਮ ਦੇ ਮੰਦਰ ਵਿੱਚ ਜਾਵਾਂਗਾ।
ਯਹੋਵਾਹ ਦੀ ਉਸਤਤਿ ਕਰੋ।
23 ਜਿਹੜੇ ਉਪਦੇਸ਼ ਮੈਂ ਤੁਹਾਨੂੰ ਦੇ ਰਿਹਾ ਹਾਂ, ਮੈਂ ਇਹ ਪ੍ਰਭੂ ਤੋਂ ਪ੍ਰਾਪਤ ਕੀਤੇ ਹਨ। ਜਿਸ ਰਾਤ ਯਿਸੂ ਨਾਲ ਧ੍ਰੋਹ ਕੀਤਾ ਗਿਆ ਸੀ, 24 ਉਸ ਨੇ ਰੋਟੀ ਲਈ ਪਰਮੇਸ਼ੁਰ ਨੂੰ ਧੰਨਵਾਦ ਕੀਤਾ। ਫ਼ੇਰ ਉਸ ਨੇ ਰੋਟੀ ਨੂੰ ਤੋੜਿਆ ਅਤੇ ਆਖਿਆ, “ਇਹ ਮੇਰਾ ਸਰੀਰ ਹੈ; ਇਹ ਤੁਹਾਡੇ ਲਈ ਹੈ। ਤੁਹਾਨੂੰ ਇਹ ਮੈਨੂੰ ਯਾਦ ਕਰਨ ਲਈ ਕਰਨਾ ਚਾਹੀਦਾ ਹੈ।” 25 ਤਾਂ ਉਨ੍ਹਾਂ ਦੇ ਰਾਤ ਦਾ ਭੋਜਨ ਕਰਨ ਤੋਂ ਬਾਦ, ਯਿਸੂ ਨੇ ਦਾਖਰਸ ਦਾ ਪਿਆਲਾ ਲਿਆ ਅਤੇ ਆਖਿਆ, “ਇਹ ਦਾਖਰਸ ਨਵੇਂ ਕਰਾਰ ਨੂੰ ਸੂਚਿਤ ਕਰਦਾ ਹੈ ਜਿਹੜਾ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਕੀਤਾ। ਇਹ ਨਵਾਂ ਕਰਾਰ ਮੇਰੇ ਲਹੂ ਨਾਲ ਸ਼ੁਰੂ ਹੁੰਦਾ ਹੈ। ਜਦੋਂ ਵੀ ਤੁਸੀਂ ਇਸ ਨੂੰ ਪੀਓ, ਮੈਨੂੰ ਚੇਤੇ ਕਰੋ।” 26 ਹਰ ਵਾਰੀ ਜਦੋਂ ਤੁਸੀਂ ਇਹ ਰੋਟੀ ਖਾਂਦੇ ਹੋ ਅਤੇ ਇਹ ਪਿਆਲਾ ਪੀਂਦੇ ਹੋ, ਤੁਸੀਂ ਪ੍ਰਭੂ ਦੀ ਮ੍ਰਿਤੂ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹੋ ਜਦੋਂ ਤੱਕ ਉਹ ਨਾ ਆਵੇ।
ਯਿਸੂ ਆਪਣੇ ਚੇਲਿਆਂ ਦੇ ਪੈਰ ਧੋਂਦਾ ਹੈ
13 ਇਹ ਸਮਾਂ ਤਕਰੀਬਨ ਯਹੂਦੀਆਂ ਦੇ ਪਸਾਹ ਦੇ ਤਿਉਹਾਰ ਲਈ ਸੀ ਅਤੇ ਯਿਸੂ ਜਾਣਦਾ ਸੀ ਕਿ ਇਹ ਉਸਦਾ ਜਗਤ ਨੂੰ ਛੱਡਣ ਦਾ ਅਤੇ ਆਪਣੇ ਪਿਤਾ ਕੋਲ ਜਾਣ ਦਾ ਸਮਾਂ ਸੀ। ਜਿਹੜੇ ਲੋਕ ਇਸ ਜਗਤ ਵਿੱਚ ਉਸ ਦੇ ਨੇੜੇ ਸਨ ਯਿਸੂ ਨੇ ਹਮੇਸ਼ਾ ਉਨ੍ਹਾਂ ਨੂੰ ਪਿਆਰ ਕੀਤਾ ਸੀ ਅਤੇ ਉਸ ਨੇ ਅਜਿਹੇ ਲੋਕਾਂ ਨੂੰ ਅੰਤ ਤੀਕ ਪਿਆਰ ਕੀਤਾ।
2 ਯਿਸੂ ਅਤੇ ਉਸ ਦੇ ਚੇਲੇ ਰਾਤ ਦਾ ਭੋਜਨ ਕਰ ਰਹੇ ਸਨ। ਸ਼ੈਤਾਨ ਪਹਿਲਾਂ ਹੀ ਸ਼ਮਊਨ ਦੇ ਪੁੱਤਰ ਯਹੂਦਾ ਇਸੱਕਰਿਯੋਤੀ ਨੂੰ ਯਿਸੂ ਨੂੰ ਧੋਖਾ ਦੇਣ ਲਈ ਪ੍ਰੇਰਿਤ ਕਰ ਚੁੱਕਿਆ ਸੀ। 3 ਯਿਸੂ ਜਾਣਦਾ ਸੀ ਕਿ ਪਿਤਾ ਨੇ ਉਸ ਨੂੰ ਸਭ ਕਾਸੇ ਉੱਤੇ ਅਧਿਕਾਰ ਦਿੱਤਾ ਹੋਇਆ ਸੀ। ਉਹ ਇਹ ਵੀ ਜਾਣਦਾ ਸੀ ਕਿ ਉਹ ਪਰਮੇਸ਼ੁਰ ਤੋਂ ਆਇਆ ਸੀ ਅਤੇ ਉਹ ਉਸ ਕੋਲ ਹੀ ਵਾਪਸ ਜਾਣ ਵਾਲਾ ਹੈ। 4 ਜਦੋਂ ਉਹ ਭੋਜਨ ਕਰ ਰਹੇ ਸਨ ਯਿਸੂ ਉੱਠ ਖਲੋਇਆ ਅਤੇ ਆਪਣਾ ਚੋਗਾ ਥੱਲੇ ਲੰਮਾ ਪਾ ਦਿੱਤਾ ਅਤੇ ਤੌਲੀਆ ਲਿਆ ਜਿਸ ਨੂੰ ਕਿ ਉਸ ਨੇ ਆਪਣੇ ਲੱਕ ਦੁਆਲੇ ਲਪੇਟ ਲਿਆ। 5 ਫ਼ਿਰ ਉਸ ਨੇ ਇੱਕ ਭਾਂਡੇ ਵਿੱਚ ਪਾਣੀ ਲਿਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ। ਉਸ ਦੇ ਲੱਕ ਨਾਲ ਇੱਕ ਤੌਲੀਆ ਸੀ ਜਿਸ ਨਾਲ ਉਸ ਨੇ ਉਨ੍ਹਾਂ ਦੇ ਪੈਰ ਪੂੰਝੇ।
6 ਜਦੋਂ ਯਿਸੂ ਸ਼ਮਊਨ ਪਤਰਸ ਕੋਲ ਆਇਆ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ, ਕੀ ਤੁਸੀਂ ਮੇਰੇ ਪੈਰ ਧੋਵੋਂਗੇ।”
7 ਯਿਸੂ ਨੇ ਆਖਿਆ, “ਤੂੰ ਹੁਣੇ ਨਹੀਂ ਸਮਝੇਂਗਾ ਕਿ ਮੈਂ ਕੀ ਕਰ ਰਿਹਾ ਹਾਂ, ਸਗੋਂ ਤੂੰ ਬਾਦ ਵਿੱਚ ਸਮਝੇਂਗਾ।”
8 ਪਤਰਸ ਨੇ ਕਿਹਾ, “ਤੂੰ ਕਦੇ ਵੀ ਮੇਰੇ ਪੈਰ ਨਹੀਂ ਧੋਵੇਂਗਾ।”
ਯਿਸੂ ਨੇ ਆਖਿਆ, “ਜੇਕਰ ਮੈਂ ਤੇਰੇ ਪੈਰ ਨਾ ਧੋਵਾਂ ਫ਼ਿਰ ਤੂੰ ਮੇਰੇ ਲੋਕਾਂ ਵਿੱਚੋਂ ਇੱਕ ਨਹੀਂ ਹੋਵੇਂਗਾ।”
9 ਸ਼ਮਊਨ ਪਤਰਸ ਨੇ ਉੱਤਰ ਦਿੱਤਾ, “ਪ੍ਰਭੂ, ਫ਼ੇਰ ਸਿਰਫ਼ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਤੇ ਸਿਰ ਵੀ ਧੋ ਦੇਵੋ।”
10 ਯਿਸੂ ਨੇ ਆਖਿਆ, “ਉਹ ਵਿਅਕਤੀ ਜਿਸਨੇ ਆਪਣਾ ਸਾਰਾ ਸਰੀਰ ਧੋਤਾ ਹੈ ਸਾਫ਼ ਹੈ ਅਤੇ ਸਿਰਫ਼ ਉਸ ਦੇ ਪੈਰ ਧੋਤੇ ਜਾਣੇ ਚਾਹੀਦੇ ਹਨ। ਤੁਸੀਂ ਸਾਫ਼ ਹੋ, ਪਰ ਤੁਹਾਡੇ ਵਿੱਚੋਂ ਸਾਰੇ ਸਾਫ਼ ਨਹੀਂ ਹਨ।” 11 ਯਿਸੂ ਜਾਣਦਾ ਸੀ ਕਿ ਉਸ ਦੇ ਵਿਰੁੱਧ ਕੌਣ ਹੋਵੇਗਾ ਇਸ ਲਈ ਉਸ ਨੇ ਆਖ਼ਿਆ: “ਤੁਹਾਡੇ ਵਿੱਚੋਂ ਹਰ ਕੋਈ ਸਾਫ਼ ਨਹੀਂ ਹੈ।”
12 ਜਦੋਂ ਯਿਸੂ ਉਨ੍ਹਾਂ ਦੇ ਪੈਰ ਧੋ ਹਟਿਆ ਤਾਂ ਉਹ ਫ਼ਿਰ ਆਪਣਾ ਚੋਗਾ ਪਾਕੇ ਮੇਜ਼ ਉੱਤੇ ਆਣ ਬੈਠਾ ਅਤੇ ਪੁੱਛਣ ਲੱਗਾ, “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਲਈ ਕੀ ਕੀਤਾ ਹੈ? 13 ਤੁਸੀਂ ਮੈਨੂੰ ‘ਗੁਰੂ’ ਅਤੇ ‘ਪ੍ਰਭੂ’ ਸੱਦਦੇ ਹੋ ਅਤੇ ਇਹ ਸਹੀ ਹੈ, ਕਿਉਂਕਿ ਮੈਂ ਉਹੀ ਹਾਂ। 14 ਮੈਂ ਤੁਹਾਡਾ ਪ੍ਰਭੂ ਵੀ ਹਾ ਅਤੇ ਗੁਰੂ ਵੀ। ਪਰ ਮੈਂ ਤੁਹਾਡੇ ਪੈਰ ਇੱਕ ਸੇਵਕ ਵਾਂਗ ਹੋਤੇ ਹਨ, ਇਸ ਲਈ ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ। 15 ਮੈਂ ਇਹ ਤੁਹਾਡੇ ਲਈ ਇੱਕ ਮਿਸਾਲ ਦੇਣ ਵਾਸਤੇ ਕੀਤਾ ਹੈ, ਤਾਂ ਜੋ ਤੁਸੀਂ ਵੀ ਉਵੇਂ ਕਰ ਸੱਕੋਂ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਹੈ। 16 ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇੱਕ ਸੇਵਕ ਆਪਣੇ ਸੁਆਮੀ ਤੋਂ ਵੱਡਾ ਨਹੀਂ ਹੁੰਦਾ। ਅਤੇ ਉਹ ਜੋ ਕੰਮ ਕਰਨ ਲਈ ਭੇਜੇ ਗਏ ਹਨ ਉਹ ਆਪਣੇ ਭੇਜਣ ਵਾਲੇ ਤੋਂ ਵੱਡੇ ਨਹੀਂ ਹਨ। 17 ਜੇਕਰ ਤੁਸੀਂ ਇਹ ਗੱਲਾਂ ਜਾਣਦੇ ਹੋ, ਤਾਂ ਜਦੋਂ ਤੁਸੀਂ ਇਹ ਕਰੋਂਗੇ ਤਾਂ ਖੁਸ਼ ਹੋਵੋਂਗੇ।
ਯਿਸੂ ਦਾ ਆਪਣੀ ਮੌਤ ਬਾਰੇ ਦੱਸਣਾ
31 ਜਦੋਂ ਯਹੂਦਾ ਚੱਲਾ ਗਿਆ ਤਾਂ ਯਿਸੂ ਨੇ ਆਖਿਆ, “ਹੁਣ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਪਾਉਂਦਾ ਹੈ ਅਤੇ ਪਰਮੇਸ਼ੁਰ ਆਪਣੀ ਮਹਿਮਾ ਮਨੁੱਖ ਦੇ ਪੁੱਤਰ ਰਾਹੀਂ ਪਾਉਂਦਾ ਹੈ। 32 ਜੇਕਰ ਪਰਮੇਸ਼ੁਰ ਉਸ ਰਾਹੀਂ ਮਹਿਮਾ ਪ੍ਰਾਪਤ ਕਰਦਾ ਹੈ, ਤਾਂ ਉਹ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਹੀਂ ਮਹਿਮਾ ਦੇਵੇਗਾ। ਅਤੇ ਉਹ ਜਲਦੀ ਹੀ ਉਸ ਨੂੰ ਮਹਿਮਾ ਦੇਵੇਗਾ।”
33 ਯਿਸੂ ਨੇ ਕਿਹਾ, “ਮੇਰੇ ਬਚਿਓ, ਮੈਂ ਹੋਰ ਥੋੜਾ ਜਿਹਾ ਚਿਰ ਤੁਹਾਡੇ ਨਾਲ ਰਹਾਂਗਾ। ਫੇਰ ਤੁਸੀਂ ਮੈਨੂੰ ਲੱਭੋਂਗੇ, ਪਰ ਜਿਵੇਂ ਕਿ ਮੈਂ ਯਹੂਦੀਆਂ ਨੂੰ ਕਿਹਾ ਸੀ ਮੈਂ ਹੁਣ ਤੁਹਾਨੂੰ ਵੀ ਕਹਿੰਦਾ ਹਾਂ ਤੁਸੀਂ ਉਸ ਜਗ੍ਹਾ ਨਹੀਂ ਆ ਸੱਕਦੇ ਜਿੱਥੇ ਮੈਂ ਜਾ ਰਿਹਾ ਹਾਂ।
34 “ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ। ਉਹ ਇਹ ਹੈ, ਕਿ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ। ਇੱਕ ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ। 35 ਜੇ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋਂਗੇ ਤਾਂ ਸਾਰੇ ਲੋਕ ਜਾਣ ਲੈਣਗੇ ਕਿ ਤੁਸੀਂ ਮੇਰੇ ਚੇਲੇ ਹੋ।”
2010 by World Bible Translation Center