Revised Common Lectionary (Semicontinuous)
95 ਆਉ, ਅਸੀਂ ਪਰਮੇਸ਼ੁਰ ਦੀ ਉਸਤਤਿ ਕਰੀਏ।
ਆਉ, ਉਸ ਚੱਟਾਨ ਲਈ, ਉਸਤਤਿ ਦੇ ਜੈਕਾਰੇ ਗਾਈਏ।
ਜਿਹੜੀ ਸਾਡੀ ਰੱਖਿਆ ਕਰਦੀ ਹੈ।
2 ਆਉ ਯਹੋਵਾਹ ਦੇ ਧੰਨਵਾਦ ਦੇ ਗੀਤ ਗਾਈਏ
ਆਉ ਉਸਦੀ ਉਸਤਤਿ ਦੇ ਪ੍ਰਸੰਨ ਗੀਤ ਗਾਈਏ।
3 ਕਿਉਂਕਿ ਯਹੋਵਹ ਹੀ ਮਹਾਨ ਪਰਮੇਸ਼ੁਰ ਹੈ।
ਉਹੀ ਮਹਾਨ ਰਾਜਾ ਹੈ ਜਿਹੜਾ “ਹੋਰਨਾਂ ਸਾਰੇ ਦੇਵਤਿਆਂ” ਉੱਤੇ ਹਕੂਮਤ ਕਰਦਾ ਹੈ।
4 ਸਭ ਤੋਂ ਡੂੰਘੀਆਂ ਗੁਫ਼ਾਵਾਂ ਅਤੇ ਉੱਚੇ ਤੋਂ ਉੱਚਾ ਪਹਾੜ ਯਹੋਵਾਹ ਦੇ ਹਨ।
5 ਸਾਗਰ ਉਸਦਾ ਹੈ ਉਸ ਨੇ ਇਸ ਨੂੰ ਸਾਜਿਆ ਸੀ।
ਪਰਮੇਸ਼ੁਰ ਨੇ ਆਪਣਿਆਂ ਹੱਥਾਂ ਨਾਲ ਸੁੱਕੀ ਧਰਤੀ ਬਣਾਈ ਸੀ।
6 ਆਉ, ਨੀਵੇਂ ਝੁਕੀਏ ਅਤੇ ਉਸਦੀ ਉਪਾਸਨਾ ਕਰੀਏ।
ਆਉ ਉਸ ਪਰਮੇਸ਼ੁਰ ਦੀ ਉਸਤਤਿ ਕਰੀਏ ਜਿਸਨੇ ਸਾਨੂੰ ਬਣਾਇਆ।
7 ਉਹ ਹੀ ਸਾਡਾ ਪਰਮੇਸ਼ੁਰ ਹੈ।
ਅਤੇ ਅਸੀਂ ਉਸ ਦੇ ਬੰਦੇ ਹਾਂ।
ਅਸੀਂ ਉਸ ਦੀਆਂ ਭੇਡਾਂ ਹਾਂ
ਜੇ ਅੱਜ ਅਸੀਂ ਉਸਦੀ ਅਵਾਜ਼ ਸੁਣੀਏ।
8 ਪਰਮੇਸ਼ੁਰ ਆਖਦਾ ਹੈ, “ਜ਼ਿੱਦੀ ਨਾ ਬਣੋ ਜਿਵੇਂ ਤੁਸੀਂ ਮਰੀਬਾਹ ਵਿੱਚ ਸੀ,
ਜਿਵੇਂ ਤੁਸੀਂ ਮਾਰੂਥਲ ਅੰਦਰ ਮਾਸਾ ਵਿਖੇ ਸੀ।
9 ਤੁਹਾਡੇ ਪੁਰਖਿਆਂ ਨੇ ਮੇਰੀ ਪਰੱਖ ਕੀਤੀ ਸੀ, ਉਨ੍ਹਾਂ ਨੇ ਮੈਨੂੰ ਪਰੱਖਿਆ,
ਉਨ੍ਹਾਂ ਨੇ ਦੇਖ ਲਿਆ, ਕਿ ਮੈਂ ਕੀ ਕਰ ਸੱਕਦਾ ਸਾਂ।
10 ਮੈਂ ਚਾਲ੍ਹੀਆਂ ਸਾਲਾਂ ਤੱਕ ਉਨ੍ਹਾਂ ਨਾਲ ਸਬਰ ਨਾਲ ਰਿਹਾ।
ਅਤੇ ਮੈਂ ਜਾਣਦਾ ਹਾਂ ਕਿ, ‘ਉਹ ਵਫ਼ਾਦਾਰ ਨਹੀਂ ਹਨ,
ਕਿਉਂਕਿ ਉਨ੍ਹਾਂ ਲੋਕਾਂ ਨੇ ਮੇਰੀਆਂ ਸਿੱਖਿਆਵਾਂ ਉੱਤੇ ਚੱਲਣ ਤੋਂ ਇਨਕਾਰ ਕਰ ਦਿੱਤਾ।’
11 ਇਸ ਲਈ ਮੈਂ ਗੁੱਸੇ ਸਾਂ, ਅਤੇ ਮੈਂ ਸੌਂਹ ਖਾਧੀ ਕਿ,
‘ਉਹ ਮੇਰੀ ਅਰਾਮ ਦੀ ਜ਼ਮੀਨ ਵਿੱਚ ਦਾਖਲ ਨਹੀਂ ਹੋਣਗੇ।’”
ਇਸਰਾਏਲ ਸ਼ਿਕਾਇਤ ਕਰਦਾ, ਯਹੋਵਾਹ ਦਾ ਭੋਜਨ ਭੇਜਣਾ
16 ਫ਼ੇਰ ਲੋਕਾਂ ਨੇ ਏਲਿਮ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਆ ਗਏ, ਏਲਿਮ ਤੇ ਸੀਨਈ ਦੇ ਵਿੱਚਕਾਰ। ਉੱਥੇ ਉਹ ਮਿਸਰ ਛੱਡਣ ਤੋਂ ਬਾਦ ਦੂਸਰੇ ਮਹੀਨੇ ਦੀ ਪੰਦਰ੍ਹਾਂ ਤਾਰੀਖ ਨੂੰ ਪਹੁੰਚੇ। 2 ਤਾਂ ਇਸਰਾਏਲ ਦੇ ਲੋਕ ਫ਼ੇਰ ਸ਼ਿਕਾਇਤ ਕਰਨ ਲੱਗੇ। ਉਨ੍ਹਾਂ ਨੇ ਮਾਰੂਥਲ ਵਿੱਚ ਮੂਸਾ ਅਤੇ ਹਾਰੂਨ ਅੱਗੇ ਸ਼ਿਕਾਇਤ ਕੀਤੀ। 3 ਲੋਕਾਂ ਨੇ ਆਖਿਆ, “ਇਹ ਬਿਹਤਰ ਹੁੰਦਾ ਜੇ ਯਹੋਵਾਹ ਸਾਨੂੰ ਮਿਸਰ ਦੀ ਧਰਤੀ ਤੇ ਹੀ ਮਾਰ ਦਿੰਦਾ। ਘੱਟੋ-ਘੱਟ ਓੱਥੇ ਸਾਡੇ ਕੋਲ ਖਾਣ ਲਈ ਤਾਂ ਕਾਫ਼ੀ ਸੀ। ਸਾਡੇ ਕੋਲ ਖਾਣ ਲਈ ਤਾਂ ਕਾਫ਼ੀ ਸੀ। ਸਾਡੇ ਕੋਲ ਖਾਣ ਲਈ ਲੋੜੀਂਦਾ ਸਾਰਾ ਭੋਜਨ ਸੀ। ਪਰ ਹੁਣ ਤੁਸੀਂ ਸਾਨੂੰ ਇੱਥੇ ਮਾਰੂਥਲ ਵਿੱਚ ਲੈ ਆਂਦਾ ਹੈ। ਅਤੇ ਇੱਥੇ ਅਸੀਂ ਸਾਰੇ ਭੁੱਖ ਨਾਲ ਮਰ ਜਾਵਾਂਗੇ।”
4 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਅਕਾਸ਼ ਤੋਂ ਭੋਜਨ ਵਰ੍ਹਾਵਾਂਗਾ। ਇਹ ਭੋਜਨ ਤੁਹਾਡੇ ਖਾਣ ਲਈ ਹੋਵੇਗਾ। ਹਰ ਰੋਜ਼ ਲੋਕਾਂ ਨੂੰ ਬਾਹਰ ਜਾਣਾ ਚਾਹੀਦਾ ਹੈ ਅਤੇ ਉਸ ਦਿਨ ਲਈ ਲੋੜੀਂਦਾ ਭੋਜਨ ਇਕੱਠਾ ਕਰਨਾ ਚਾਹੀਦਾ ਹੈ। ਮੈਂ ਅਜਿਹਾ ਇਹ ਦੇਖਣ ਲਈ ਕਰਾਂਗਾ ਕਿ ਲੋਕ ਓਹੀ ਕਰਦੇ ਹਨ ਜੋ ਮੈਂ ਉਨ੍ਹਾਂ ਨੂੰ ਆਖਦਾ ਹਾਂ। 5 ਹਰ ਰੋਜ਼ ਲੋਕ ਸਿਰਫ਼ ਇੱਕ ਦਿਨ ਲਈ ਕਾਫ਼ੀ ਭੋਜਨ ਇਕੱਠਾ ਕਰਨਗੇ। ਪਰ ਸ਼ੁਕਰਵਾਰ ਨੂੰ, ਜਦੋਂ ਲੋਕ ਆਪਣਾ ਭੋਜਨ ਇਕੱਠਾ ਕਰਨਗੇ ਤਾਂ ਉਹ ਦੇਖਣਗੇ ਕਿ ਉਨ੍ਹਾਂ ਕੋਲ ਦੋ ਦਿਨਾਂ ਲਈ ਕਾਫ਼ੀ ਭੋਜਨ ਹੈ।” [a]
6 ਇਸ ਲਈ ਮੂਸਾ ਤੇ ਹਾਰੂਨ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਅੱਜ ਤੁਸੀਂ ਯਹੋਵਾਹ ਦੀ ਸ਼ਕਤੀ ਦੇਖੋਂਗੇ, ਤੁਸੀਂ ਜਾਣ ਜਾਵੋਂਗੇ ਕਿ ਉਹੀ ਹੈ ਜੋ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ। 7 ਤੁਸੀਂ ਯਹੋਵਾਹ ਨੂੰ ਸ਼ਿਕਾਇਤ ਕੀਤੀ ਅਤੇ ਉਸ ਨੇ ਸੁਣ ਲਈ। ਇਸ ਲਈ ਕੱਲ ਸਵੇਰੇ ਤੁਸੀਂ ਯਹੋਵਾਹ ਦਾ ਪਰਤਾਪ ਦੇਖੋਂਗੇ। ਤੁਸੀਂ ਸਾਨੂੰ ਸ਼ਿਕਾਇਤਾਂ ਤੇ ਸ਼ਿਕਾਇਤਾਂ ਲਾਉਂਦੇ ਰਹੇ ਹੋ। ਸ਼ਾਇਦ ਹੁਣ ਤੁਸੀਂ ਕੁਝ ਅਰਾਮ ਕਰ ਸੱਕੋਂ।”
8 ਅਤੇ ਮੂਸਾ ਨੇ ਆਖਿਆ, “ਤੁਸੀਂ ਸ਼ਿਕਾਇਤਾਂ ਕਰ ਰਹੇ ਸੀ ਅਤੇ ਯਹੋਵਾਹ ਨੇ ਤੁਹਾਡੀਆਂ ਸ਼ਿਕਾਇਤਾਂ ਸੁਣ ਲਈਆਂ ਹਨ। ਇਸ ਲਈ ਅੱਜ ਰਾਤ ਯਹੋਵਾਹ ਤੁਹਾਨੂੰ ਮਾਸ ਦੇਵੇਗਾ। ਅਤੇ ਸਵੇਰੇ ਤੁਹਾਨੂੰ ਸਾਰੀ ਲੋੜੀਂਦੀ ਰੋਟੀ ਮਿਲੇਗੀ। ਤੁਸੀਂ ਹਾਰੂਨ ਨੂੰ ਅਤੇ ਮੈਨੂੰ ਸ਼ਿਕਾਇਤਾਂ ਕਰਦੇ ਰਹੇ ਹੋ। ਪਰ ਹੁਣ, ਅਸੀਂ ਕੁਝ ਅਰਾਮ ਕਰ ਸੱਕਾਂਗੇ। ਚੇਤੇ ਰੱਖੋ, ਤੁਸੀਂ ਹਾਰੂਨ ਅਤੇ ਮੇਰੇ ਖਿਲਾਫ਼ ਸ਼ਿਕਾਇਤ ਨਹੀਂ ਕਰ ਰਹੇ। ਤੁਸੀਂ ਯਹੋਵਾਹ ਦੇ ਵਿਰੁੱਧ ਸ਼ਿਕਾਇਤ ਕਰ ਰਹੇ ਹੋ।”
ਜਦੋਂ ਅਸੀਂ ਮਸੀਹ ਵੱਲ ਦੇਖਦੇ ਹਾਂ ਸਾਨੂੰ ਪਰਮੇਸ਼ੁਰ ਨਜ਼ਰ ਆਉਂਦਾ ਹੈ
15 ਕੋਈ ਵੀ ਇਨਸਾਨ ਪਰਮੇਸ਼ੁਰ ਦਾ ਦੀਦਾਰ ਨਹੀਂ ਕਰ ਸੱਕਦਾ।
ਪਰ ਯਿਸੂ ਬਿਲਕੁਲ ਪਰਮੇਸ਼ੁਰ ਵਰਗਾ ਹੈ।
ਯਿਸੂ ਉਨ੍ਹਾਂ ਸਾਰੀਆਂ ਚੀਜ਼ਾਂ ਦਾ ਹਾਕਮ ਹੈ ਜੋ ਸਾਜੀਆਂ ਗਈਆਂ ਹਨ।
16 ਸਵਰਗ ਵਿੱਚ ਜਾਂ ਧਰਤੀ ਉਤਲੀਆਂ ਚੀਜ਼ਾਂ,
ਪ੍ਰਤੱਖ ਚੀਜ਼ਾਂ ਜਾਂ ਅਪ੍ਰਤੱਖ ਚੀਜ਼ਾਂ, ਸਿੰਘਾਸਨ ਅਤੇ ਅਧਿਕਾਰ,
ਹਾਕਮ ਅਤੇ ਸ਼ਕਤੀਆਂ ਸਾਰੀਆਂ ਚੀਜ਼ਾਂ ਉਸੇ ਰਾਹੀਂ
ਅਤੇ ਉਸੇ ਲਈ ਸਾਜੀਆਂ ਗਈਆਂ ਹਨ।
17 ਕੋਈ ਵੀ ਚੀਜ਼ ਸਾਜੇ ਜਾਣ ਤੋਂ ਪਹਿਲਾਂ ਮਸੀਹ ਇੱਥੇ ਮੌਜੂਦ ਸੀ।
ਅਤੇ ਉਸ ਦੇ ਕਾਰਣ ਸਾਰੀਆਂ ਚੀਜ਼ਾਂ ਦੀ ਹੋਂਦ ਹੈ।
18 ਮਸੀਹ ਸਰੀਰ ਦਾ ਮੁਖੀ ਹੈ।
ਜੋ ਕਿ ਕਲੀਸਿਯਾ ਹੈ।
ਸਭ ਚੀਜ਼ਾਂ ਉਸ ਵੱਲੋਂ ਆਉਂਦੀਆਂ ਹਨ।
ਅਤੇ ਉਹੀ ਪਹਿਲਾਂ ਹੈ ਜੋ ਕਿ ਮੁਰਦੇ ਤੋਂ ਜਿਵਾਲਿਆ ਗਿਆ ਸੀ,
ਇਸ ਲਈ ਸਾਰੀਆਂ ਚੀਜ਼ਾਂ ਵਿੱਚੋਂ ਮਸੀਹ ਸਭ ਤੋਂ ਮੱਹਤਵਪੂਰਣ ਹੈ।
19 ਮਸੀਹ ਵਿੱਚ ਪੂਰੀ ਤਰ੍ਹਾਂ ਰਹਿਣ ਵਿੱਚ ਪਰਮੇਸ਼ੁਰ ਦੀ ਖੁਸ਼ੀ ਸੀ।
20 ਮਸੀਹ ਰਾਹੀ ਪਰਮੇਸ਼ੁਰ ਸਾਰੀਆਂ ਚੀਜ਼ਾਂ, ਧਰਤੀ ਉੱਤੇ ਦੀਆਂ ਅਤੇ ਸਵਰਗ ਵਿੱਚ ਦੀਆਂ ਚੀਜ਼ਾਂ,
ਫ਼ੇਰ ਆਪਣੇ ਵੱਲ ਵਾਪਸ ਲਿਆਉਣੀਆਂ ਚਾਹੁੰਦਾ ਸੀ।
ਪਰਮੇਸ਼ੁਰ ਨੇ ਸ਼ਾਂਤੀ ਬਨਾਉਣ ਦੁਆਰਾ ਮਸੀਹ ਦੇ ਲਹੂ ਰਾਹੀਂ, ਜੋ ਸਲੀਬ ਉੱਤੇ ਡੁਲ੍ਹਿਆ ਸੀ, ਸਾਰੀਆਂ ਚੀਜ਼ਾਂ ਦਾ ਮੇਲ ਮਿਲਾਪ ਕਰਾ ਦਿੱਤਾ।
21 ਅਤੀਤ ਵਿੱਚ, ਤੁਸੀਂ ਪਰਮੇਸ਼ੁਰ ਤੋਂ ਬਹੁਤ ਦੂਰ ਸੀ। ਤੁਸੀਂ ਆਪਣੇ ਮਨਾਂ ਅਤੇ ਆਪਣੇ ਦਿਲਾਂ ਵਿੱਚ ਵੀ ਉਸ ਦੇ ਦੁਸ਼ਮਣ ਸੀ। ਤੁਹਾਡੀਆਂ ਬਦਕਾਰੀਆਂ ਨੇ ਸਾਬਤ ਕਰ ਦਿੱਤਾ ਕਿ ਇਹ ਸੱਚ ਸੀ। 22 ਪਰ ਹੁਣ ਮਸੀਹ ਨੇ ਤੁਹਾਨੂੰ ਫ਼ੇਰ ਪਰਮੇਸ਼ੁਰ ਦੇ ਮਿੱਤਰ ਬਣਾ ਦਿੱਤਾ ਹੈ। ਮਸੀਹ ਨੇ ਅਜਿਹਾ ਉਦੋਂ ਕੀਤਾ ਜਦੋਂ ਉਹ ਸਰੀਰ ਧਾਰੀ ਸੀ। ਮਸੀਹ ਨੇ ਅਜਿਹਾ ਇਸ ਲਈ ਕੀਤਾ ਤਾ ਜੋ ਉਹ ਤੁਹਾਨੂੰ ਪਰਮੇਸ਼ੁਰ ਅੱਗੇ ਪਵਿੱਤਰ, ਦੋਸ਼ ਰਹਿਤ, ਬਿਨਾ ਇਲਜ਼ਾਮ ਦੇ ਲਿਆ ਸੱਕੇ। 23 ਮਸੀਹ ਅਜਿਹਾ ਹੀ ਕਰੇਗਾ ਤਾਂ ਜੋ ਤੁਸੀਂ ਉਸ ਖੁਸ਼ਖਬਰੀ ਵਿੱਚ ਵਿਸ਼ਵਾਸ ਕਰਦੇ ਰਹੋ ਜਿਹੜੀ ਤੁਸੀਂ ਸੁਣੀ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋਣਾ ਜਾਰੀ ਰੱਖੋਗੇ ਅਤੇ ਉਸ ਉਮੀਦ ਤੋਂ ਪਰ੍ਹਾਂ ਨਹੀਂ ਹਟੋਂਗੇ ਜੋ ਖੁਸ਼ਖਬਰੀ ਨੇ ਤੁਹਾਨੂੰ ਦਿੱਤੀ ਹੈ। ਇਸੇ ਖੁਸ਼ਖਬਰੀ ਦਾ ਪ੍ਰਚਾਰ ਦੁਨੀਆਂ ਦੇ ਸਮੂਹ ਲੋਕਾਂ ਨੂੰ ਕੀਤਾ ਗਿਆ ਹੈ। ਕਿ ਮੈਂ ਪੌਲੁਸ ਉਸਦਾ ਸੇਵਕ ਹੀ ਬਣ ਗਿਆ ਹਾਂ।
2010 by World Bible Translation Center