Revised Common Lectionary (Semicontinuous)
ਨੂਣ
105 ਯਹੋਵਾਹ, ਤੁਹਾਡੇ ਸ਼ਬਦ ਮੇਰੇ ਰਾਹ ਰੌਸ਼ਨ ਕਰਨ ਵਾਲੇ ਦੀਵੇ ਵਾਂਗ ਹਨ।
106 ਤੁਹਾਡੇ ਨੇਮ ਸ਼ੁਭ ਹਨ। ਮੈਂ ਇਨ੍ਹਾਂ ਨੂੰ ਮੰਨਣ ਦਾ ਵਾਅਦਾ ਕਰਦਾ ਹਾਂ।
ਅਤੇ ਮੈਂ ਆਪਣਾ ਵਾਅਦਾ ਨਿਭਾਵਾਂਗਾ।
107 ਹੇ ਯਹੋਵਾਹ, ਮੈਂ ਲੰਮੇ ਸਮੇਂ ਤੱਕ ਦੁੱਖ ਭੋਗਿਆ ਹੈ।
ਕਿਰਪਾ ਕਰਕੇ ਹੁਕਮ ਦਿਉ ਕਿ ਮੈਂ ਫ਼ੇਰ ਜਿਉ ਸੱਕਾਂ।
108 ਯਹੋਵਾਹ, ਮੇਰੀ ਉਸਤਤਿ ਪ੍ਰਵਾਨ ਕਰੋ।
ਅਤੇ ਮੈਨੂੰ ਆਪਣੇ ਨੇਮ ਸਿੱਖਾਉ।
109 ਮੇਰਾ ਜੀਵਨ ਸਦਾ ਖਤਰੇ ਵਿੱਚ ਹੈ।
ਪਰ ਮੈਂ ਤੁਹਾਡੀਆਂ ਸਿੱਖਿਆਵਾ ਨੂੰ ਨਹੀਂ ਭੁੱਲਿਆ ਹਾਂ।
110 ਬੁਰੇ ਆਦਮੀਆਂ ਨੇ ਮੈਨੂੰ ਫ਼ਾਹੁਣ ਦੀ ਕੋਸ਼ਿਸ਼ ਕੀਤੀ।
ਪਰ ਮੈਂ ਤੁਹਾਡੇ ਹੁਕਮਾਂ ਦੀ ਹੁਕਮ-ਅਦੂਲੀ ਨਹੀਂ ਕੀਤੀ।
111 ਯਹੋਵਾਹ, ਮੈਂ ਸਦਾ ਹੀ ਤੁਹਾਡੇ ਕਰਾਰ ਉੱਤੇ ਚੱਲਾਂਗਾ।
ਇਹ ਮੈਨੂੰ ਬਹੁਤ ਖੁਸ਼ੀ ਦਿੰਦਾ ਹੈ।
112 ਮੈਂ ਸਦਾ ਤੁਹਾਡੇ ਆਦੇਸ਼ਾ ਨੂੰ ਮੰਨਣ ਦੀ ਬਹੁਤ ਸਖਤ ਕੋਸ਼ਿਸ਼ ਕਰਾਂਗਾ।
ਲੋਕਾਂ ਨੇ ਨੇਮ ਸੁਣਿਆ
23 ਯੋਸੀਯਾਹ ਪਾਤਸ਼ਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਆਗੂਆਂ ਨੂੰ ਮਿਲਣ ਆਉਣ ਲਈ ਆਖਿਆ। 2 ਤਦ ਪਾਤਸ਼ਾਹ ਯਹੋਵਾਹ ਦੇ ਮੰਦਰ ਵਿੱਚ ਗਿਆ ਅਤੇ ਸਾਰੇ ਉਹ ਲੋਕ ਜੋ ਯਹੂਦਾਹ ਅਤੇ ਯਰੂਸ਼ਲਮ ਵਿੱਚ ਰਹਿੰਦੇ ਸਨ ਉਸ ਦੇ ਨਾਲ ਗਏ। ਸਾਰੇ ਜਾਜਕ, ਨਬੀ ਅਤੇ ਸਾਰੇ ਵੱਡੇ ਜਾਂ ਛੋਟੇ ਨਾਮਣੇ ਵਾਲੇ ਮਨੁੱਖ ਵੀ ਉਸ ਦੇ ਨਾਲ ਗਏ। ਤਦ ਉਸ ਨੇ ਬਿਵਸਥਾ ਦੀ ਪੋਥੀ ਨੂੰ ਪੜ੍ਹਿਆ। ਇਹ ਉਹ ਬਿਵਸਥਾ ਦੀ ਪੋਥੀ ਸੀ ਜੋ ਕਿ ਯਹੋਵਾਹ ਦੇ ਮੰਦਰ ਵਿੱਚੋਂ ਪ੍ਰਾਪਤ ਹੋਈ ਸੀ। ਯੋਸੀਯਾਹ ਨੇ ਉੱਚੀ ਜਗ੍ਹਾ ਇਸ ਪੋਥੀ ਨੂੰ ਪੜ੍ਹਿਆ ਤਾਂ ਜੋ ਸਾਰੇ ਇਸ ਨੂੰ ਸੁਣ ਸੱਕਣ।
3 ਫ਼ੇਰ ਪਾਤਸ਼ਾਹ ਥੰਮ ਤੋਂ ਅਗਾਂਹ ਖਲੋ ਗਿਆ ਅਤੇ ਯਹੋਵਾਹ ਦੇ ਪਿੱਛੇ ਲੱਗਣ ਅਤੇ ਉਸ ਦੇ ਅਸੂਲਾਂ, ਹੁਕਮਾਂ, ਇਕਰਾਰਨਾਮੇ ਅਤੇ ਉਸਦੀਆਂ ਬਿਧੀਆਂ ਨੂੰ ਤਹੇ ਦਿਲੋਂ ਮੰਨਣ ਦਾ ਇਕਰਾਰਨਾਮਾ ਕੀਤਾ। ਉਹ ਪੋਥੀ ਵਿੱਚਲੇ ਇਕਰਾਰਨਾਮੇ ਨੂੰ ਵੀ ਤਹੇ ਦਿਲੋਂ ਮੰਨਣ ਲਈ ਤਿਆਰ ਹੋ ਗਿਆ। ਤਾਂ ਸਾਰੇ ਲੋਕਾਂ ਨੇ ਖੜ੍ਹੇ ਹੋਕੇ ਪਾਤਸ਼ਾਹ ਦੇ ਇਕਰਾਰਨਾਮੇ ਨੂੰ ਕਬੂਲਿਆ।
4 ਤਦ ਪਾਤਸ਼ਾਹ ਨੇ ਹਿਲਕੀਯਾਹ ਜਾਜਕ ਨੂੰ, ਦੂਜੇ ਜਾਜਕਾਂ ਨੂੰ ਅਤੇ ਦਰਬਾਨਾਂ ਨੂੰ ਇਹ ਹੁਕਮ ਦਿੱਤਾ ਕਿ ਉਹ ਸਾਰੇ ਭਾਂਡੇ ਜੋ ਬਆਲ ਅਤੇ ਅਸ਼ੇਰਾਹ ਦੇਵੀ, ਅਕਾਸ਼ ਦੇ ਸਾਰੇ ਲਸ਼ਕਰ ਲਈ ਬਣਾਏ ਗਏ ਸਨ, ਯਹੋਵਾਹ ਦੇ ਮੰਦਰ ਵਿੱਚੋਂ ਬਾਹਰ ਕੱਢ ਲਿਆਉਣ। ਤਦ ਯੋਸੀਯਾਹ ਨੇ ਯਰੂਸ਼ਲਮ ਤੋਂ ਬਾਹਰ ਕਿਦਰੋਨ ਦੇ ਖੇਤਾਂ ਵਿੱਚ ਉਨ੍ਹਾਂ ਨੂੰ ਸਾੜ ਦਿੱਤਾ ਅਤੇ ਉਨ੍ਹਾਂ ਦੀ ਸੁਆਹ ਨੂੰ ਬੈਤਏਲ ਲੈ ਗਿਆ।
5 ਯਹੂਦਾਹ ਦੇ ਪਾਤਸ਼ਾਹਾਂ ਨੇ ਕੁਝ ਆਮ ਆਦਮੀਆਂ ਨੂੰ ਜਾਜਕ ਹੋਣ ਲਈ ਚੁਣਿਆ ਸੀ। ਇਹ ਆਦਮੀ ਅਰੋਨ ਦੇ ਪਰਿਵਾਰ ਵਿੱਚੋਂ ਨਹੀਂ ਸਨ। ਇਹ ਝੂਠੇ ਜਾਜਕ ਯਹੂਦਾਹ ਵਿੱਚਲੀਆਂ ਸਾਰਿਆਂ ਉੱਚੀਆਂ ਥਾਵਾਂ ਅਤੇ ਯਰੂਸ਼ਲਮ ਦੇ ਆਸ ਪਾਸ ਦੇ ਸਾਰੇ ਸ਼ਹਿਰਾਂ ਵਿੱਚ ਧੂਫ਼ ਧੁਖਾਉਂਦੇ ਸਨ। ਉਹ ਬਾਅਲ, ਸੂਰਜ, ਚੰਦ, ਤਾਰਾ ਮੰਡਲ ਅਤੇ ਸਾਰੇ ਤਾਰਿਆਂ ਲਈ ਧੂਫ਼ ਧੁਪਾਉਂਦੇ ਸਨ। ਪਰ ਯੋਸੀਯਾਹ ਨੇ ਉਨ੍ਹਾਂ ਸਭਨਾਂ ਜਾਜਕਾਂ ਨੂੰ ਹਟਾ ਦਿੱਤਾ
6 ਯੋਸੀਯਾਹ ਨੇ ਯਹੋਵਾਹ ਦੇ ਮੰਦਰ ਵਿੱਚੋਂ ਅਸ਼ੇਰਾਹ ਦਾ ਥੰਮ ਵੀ ਹਟਾ ਦਿੱਤਾ। ਅਤੇ ਇਸ ਨੂੰ ਕਿਦਰੋਨ ਵਾਦੀ ਵਿੱਚ ਬਾਹਰ ਕੱਢ ਕੇ ਸਾੜ ਦਿੱਤਾ। ਫ਼ੇਰ ਉਸ ਨੇ ਇਸ ਨੂੰ ਮਿੱਟੀ ਵਿੱਚ ਮਿੱਧ ਦਿੱਤਾ ਅਤੇ ਧੂੜ ਨੂੰ ਆਮ ਲੋਕਾਂ ਦੀਆਂ ਕਬਰਾਂ ਉੱਤੇ ਖਿਲਾਰ ਦਿੱਤਾ।
7 ਫ਼ੇਰ ਯੋਸੀਯਾਹ ਨੇ ਖੁਸਰਿਆਂ ਦੇ ਘਰ ਢਾਹ ਦਿੱਤੇ ਜੋ ਯਹੋਵਾਹ ਦੇ ਮੰਦਰ ਵਿੱਚ ਸਨ। ਔਰਤਾਂ ਵੀ ਦੇਵੀ ਅਸ਼ੇਰਾਹ ਦਾ ਆਦਰ ਕਰਨ ਲਈ ਇਨ੍ਹਾਂ ਘਰਾਂ ਵਿੱਚ ਪਾਉਣ ਲਈ ਛੋਟੇ-ਛੋਟੇ ਸ਼ਰਾਈਨ ਦੇ ਕੱਜਣ ਬੁਣਦੀਆਂ ਹੁੰਦੀਆਂ ਸਨ।
8-9 ਉਸ ਵਕਤ ਉਹ ਯਹੂਦਾਹ ਦੇ ਸ਼ਹਿਰਾਂ ਵਿੱਚੋਂ ਸਾਰੇ ਜਾਜਕਾਂ ਨੂੰ ਲਿਆਇਆ ਅਤੇ ਗ਼ਬਾ ਤੋਂ ਲੈ ਕੇ ਬਏਰਸ਼ਬਾ ਤੀਕ ਉਨ੍ਹਾਂ ਸਾਰਿਆਂ ਉੱਚੀਆਂ ਥਾਵਾਂ ਨੂੰ ਜਿੱਥੇ ਉਨ੍ਹਾਂ ਜਾਜਕਾਂ ਨੇ ਧੂਫ਼ ਧੁਖਾਈ ਸੀ, ਭਰਿਸ਼ਟ ਕਰ ਦਿੱਤਾ। ਉਸ ਨੇ ਪ੍ਰਵੇਸ਼ ਦੁਆਰ ਦੇ ਉੱਚੇ ਸਥਾਨਾਂ ਨੂੰ ਵੀ ਤੋੜ ਦਿੱਤਾ, ਜਿਹੜੇ ਯਹੋਸ਼ੂਆ ਸ਼ਹਿਰ ਦੇ ਆਗੂ ਦੇ ਫ਼ਾਟਕ ਦੇ ਖੁਲ੍ਹਣ ਤੇ ਸਨ, ਜੋ ਕਿ ਕਿਸੇ ਬੰਦੇ ਦੇ ਵੜਦਿਆਂ ਹੀ ਖੱਬੇ ਪਾਸੇ ਸੀ। ਤਦ ਵੀ ਉੱਚੀਆਂ ਥਾਵਾਂ ਦੇ ਜਾਜਕ ਯਰੂਸ਼ਲਮ ਵਿੱਚ ਯਹੋਵਾਹ ਦੀ ਜਗਵੇਦੀ ਕੋਲ ਨਾ ਆਏ, ਪਰ ਉਹ ਆਪਣੇ ਭਰਾਵਾਂ ਦਰਮਿਆਨ ਪਤੀਰੀ ਰੋਟੀ ਖਾ ਲੈਂਦੇ ਹੁੰਦੇ ਸਨ।
ਯਹੂਦਾਹ ਦੇ ਲੋਕਾਂ ਨੇ ਪਸਹ ਮਨਾਇਆ
21 ਤਦ ਪਾਤਸ਼ਾਹ ਨੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ ਤੇ ਆਖਿਆ, “ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਪਸਹ ਮਨਾਓ। ਇਹ ਉਵੇਂ ਹੀ ਮਨਾਓ ਜਿਵੇਂ ਨੇਮ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।”
22 ਲੋਕਾਂ ਨੇ ਨਿਆਂਕਾਰ ਦੇ ਸਮੇਂ ਤੋਂ ਲੈ ਕੇ, ਜਿਸ ਨੇ ਇਸਰਾਏਲ ਨੂੰ ਇਸਦੇ ਦੁਸ਼ਮਣਾਂ ਤੋਂ ਬਚਾਇਆ ਸੀ, ਅਜਿਹਾ ਪਸਾਹ ਕਦੇ ਨਹੀਂ ਮਨਾਇਆ ਸੀ। ਜਿਵੇਂ ਹੁਣ ਮਨਾਇਆ ਗਿਆ ਸੀ । ਨਾ ਹੀ ਕਿਸੇ ਇਸਰਾਏਲ ਦੇ ਪਾਤਸ਼ਾਹ ਅਤੇ ਨਾਹੀ ਯਹੂਦਾਹ ਦੇ ਕਿਸੇ ਪਾਤਸ਼ਾਹ ਨੇ ਅਜਿਹਾ ਪਸਹ ਦਾ ਵੱਡਾ ਜਸ਼ਨ ਕਦੇ ਮਨਾਇਆ ਸੀ। 23 ਉਨ੍ਹਾਂ ਨੇ ਯੋਸੀਯਾਹ ਦੇ ਰਾਜ ਦੇ 18ਵਰ੍ਹੇ ਵਿੱਚ ਯਰੂਸ਼ਲਮ ਵਿੱਚ ਯਹੋਵਾਹ ਲਈ ਇਹ ਪਸਹ ਮਨਾਇਆ।
24 ਯੋਸੀਯਾਹ ਨੇ ਪ੍ਰੇਤ ਆਤਮਾਵਾਂ ਨਾਲ ਗੱਲ ਕਰਨ ਵਾਲੀਆਂ ਰੂਹਾਂ, ਜਾਦੂਗਰਾਂ, ਘਰੇਲੂ ਦੇਵਤਿਆਂ, ਬੁੱਤਾਂ ਅਤੇ ਹੋਰ ਅਜਿਹੀਆਂ ਸਭ ਭਿਆਨਕ ਚੀਜ਼ਾਂ, ਜਿਨ੍ਹਾਂ ਦੀ ਲੋਕ ਯਹੂਦਾਹ ਅਤੇ ਯਰੂਸ਼ਲਮ ਵਿੱਚ ਉਪਾਸਨਾ ਕਰਦੇ ਸਨ, ਨਸ਼ਟ ਕਰ ਦਿੱਤਾ। ਪਾਤਸ਼ਾਹ ਨੇ ਅਜਿਹਾ ਬਿਵਸਥਾ ਦੀ ਪੋਥੀ ਵਿੱਚ ਲਿਖੇ ਨੂੰ ਮੰਨਣ ਲਈ ਕੀਤਾ। ਜਿਹੜੀ ਹਿਲਕੀਯਾਹ ਜਾਜਕ ਨੂੰ ਯਹੋਵਾਹ ਦੇ ਮੰਦਰ ਵਿੱਚੋਂ ਲੱਭੀ ਸੀ।
25 ਯੋਸ਼ੀਯਾਹ ਵਰਗਾ ਕੋਈ ਹੋਰ ਪਾਤਸ਼ਾਹ ਨਹੀਂ ਸੀ ਉਹ ਯਹੋਵਾਹ ਵੱਲ ਪੂਰੇ ਦਿਲੋਂ, ਆਪਣੀ ਪੂਰੀ ਰੂਹ ਅਤੇ ਆਪਣੇ ਪੂਰੀ ਤਾਕਤ ਨਾਲ ਪਰਤਿਆ ਅਤੇ ਮੂਸਾ ਦੇ ਬਿਵਸਥਾ ਨਾਲ ਅਪਣੇ-ਆਪ ਨੂੰ ਇੰਝ ਬੰਨ੍ਹਿਆ ਜਿਵੇਂ ਕਿ ਕਦੇ ਵੀ ਕਿਸੇ ਹੋਰ ਰਾਜੇ ਨੇ ਨਹੀਂ ਕੀਤਾ ਸੀ। ਉਸ ਦਿਨ ਤਾਈ ਯੋਸ਼ੀਯਾਹ ਵਰਗਾ ਕੋਈ ਪਾਤਸ਼ਾਹ ਨਹੀਂ ਹੋਇਆ ਸੀ।
ਮਿੱਟੀ ਦੇ ਗਮਲਿਆਂ ਵਿੱਚ ਆਤਮਕ ਖਜ਼ਾਨਾ
4 ਪਰਮੇਸ਼ੁਰ ਨੇ ਸਾਨੂੰ ਇਹ ਕਾਰਜ ਆਪਣੀ ਮਿਹਰ ਰਾਹੀਂ ਦਿੱਤਾ ਸੀ। ਇਸ ਲਈ ਅਸੀਂ ਉਤਸਾਹ ਨਹੀਂ ਗੁਆਵਾਂਗੇ। 2 ਪਰੰਤੂ ਅਸੀਂ ਗੁਪਤ ਅਤੇ ਸ਼ਰਮਨਾਕ ਰਾਹਾਂ ਤੋਂ ਦੂਰ ਲੰਘ ਗਏ ਹਾਂ ਅਸੀਂ ਚਲਾਕੀਆਂ ਨਹੀਂ ਵਰਤਦੇ ਅਤੇ ਨਾਹੀ ਅਸੀਂ ਪਰਮੇਸ਼ੁਰ ਦੇ ਉਪਦੇਸ਼ ਨੂੰ ਤਬਦੀਲ ਕਰਦੇ ਹਾਂ। ਨਹੀਂ। ਅਸੀਂ ਸਪੱਸ਼ਟ ਤੌਰ ਤੇ ਸੱਚ ਦਾ ਪ੍ਰਚਾਰ ਕਰਦੇ ਹਾਂ। ਇਸੇ ਢੰਗ ਨਾਲ, ਅਸੀਂ ਲੋਕਾਂ ਨੂੰ ਦਿਖਉਂਦੇ ਹਾਂ ਅਸੀਂ ਕੌਣ ਹਾਂ। ਤਾਂ ਜੋ ਉਹ ਅਪਣੇ ਮਨਾਂ ਵਿੱਚ ਇਹ ਜਾਣ ਸੱਕਣ ਕਿ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਅਸੀਂ ਕਿਸ ਤਰ੍ਹਾਂ ਦੇ ਇਨਸਾਨ ਹਾਂ। 3 ਉਹ ਖੁਸ਼ਖਬਰੀ ਜਿਸਦਾ ਅਸੀਂ ਪ੍ਰਚਾਰ ਕਰਦੇ ਹਾਂ, ਲੁਕੀ ਹੋਈ ਹੈ। ਪਰ ਇਹ ਸਿਰਫ਼ ਉਨ੍ਹਾਂ ਲੋਕਾਂ ਲਈ ਛੁਪੀ ਹੋਈ ਹੈ ਜਿਹੜੇ ਗੁਆਚੇ ਹੋਏ ਹਨ। 4 ਇਸ ਦੁਨੀਆਂ ਦੇ ਮਾਲਕ [a] ਨੇ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਅੰਨ੍ਹਾ ਬਣਾ ਦਿੱਤਾ ਹੈ, ਜਿਹੜੇ ਵਿਸ਼ਵਾਸ ਨਹੀਂ ਕਰਦੇ। ਉਹ ਖੁਸ਼ਖਬਰੀ ਦੀ ਰੋਸ਼ਨੀ, ਮਸੀਹ ਦੀ ਮਹਿਮਾ ਦੀ ਖੁਸ਼ਖਬਰੀ ਨੂੰ, ਨਹੀਂ ਦੇਖ ਸੱਕਦੇ। ਸਿਰਫ਼ ਮਸੀਹ ਹੀ ਹੈ ਜਿਹੜਾ ਹੂ-ਬ-ਹੂ ਪਰਮੇਸ਼ੁਰ ਵਰਗਾ ਹੈ। 5 ਅਸੀਂ ਆਪਣੇ ਆਪ ਦਾ ਪ੍ਰਚਾਰ ਨਹੀਂ ਕਰਦੇ। ਪਰੰਤੂ ਅਸੀਂ ਇਹ ਪ੍ਰਚਾਰ ਕਰਦੇ ਹਾਂ ਕਿ ਯਿਸੂ ਮਸੀਹ ਪ੍ਰਭੂ ਹੈ। ਅਤੇ ਅਸੀਂ ਪ੍ਰਚਾਰ ਕਰਦੇ ਹਾਂ ਕਿ ਅਸੀਂ ਯਿਸੂ ਲਈ ਤੁਹਾਡੇ ਸੇਵਾਦਾਰ ਹਾਂ। 6 ਇੱਕ ਵਾਰੀ ਪਰਮੇਸ਼ੁਰ ਨੇ ਆਖਿਆ ਸੀ, “ਚਾਨਣ ਨੂੰ ਹਨੇਰੇ ਤੋਂ ਬਾਹਰ ਚਮਕਣ ਦਿਉ।” ਅਤੇ ਇਹ ਓਹੀ ਪਰਮੇਸ਼ੁਰ ਹੈ ਜਿਸਨੇ ਸਾਡੇ ਹਿਰਦਿਆਂ ਵਿੱਚ ਜੋਤ ਜਗਾਈ ਹੈ। ਉਸ ਨੇ ਸਾਨੂੰ ਪਰਮੇਸ਼ੁਰ ਦੀ ਮਹਿਮਾ ਤੋਂ ਜਾਣੂ ਕਰਵਾਇਆ ਜਿਹੜੀ ਮਸੀਹ ਹੈ ਅਤੇ ਇਸ ਨੂੰ ਸਾਨੂੰ ਦਿੱਤਾ।
7 ਸਾਡੇ ਕੋਲ ਇਹ ਖਜ਼ਾਨਾ ਹੈ ਜੋ ਪਰਮੇਸ਼ੁਰ ਵੱਲੋਂ ਦਿੱਤਾ ਹੋਇਆ ਹੈ। ਪਰੰਤੂ ਅਸੀਂ ਸਿਰਫ਼ ਮਿੱਟੀ ਦੇ ਉਨ੍ਹਾਂ ਗਮਲਿਆਂ ਵਾਂਗ ਹਾਂ ਜਿਨ੍ਹਾਂ ਵਿੱਚ ਖਜ਼ਾਨਾ ਸਾਂਭਿਆ ਹੁੰਦਾ ਹੈ। ਇਸਤੋਂ ਪ੍ਰਤੱਖ ਹੁੰਦਾ ਹੈ ਕਿ ਇਹ ਮਹਾਨ ਸ਼ਕਤੀ ਸਾਡੀ ਨਹੀਂ ਸਗੋਂ ਪਰਮੇਸ਼ੁਰ ਦੀ ਦਿੱਤੀ ਹੋਈ ਹੈ। 8 ਅਸੀਂ ਮੁਸ਼ਕਿਲਾਂ ਵਿੱਚ ਘਿਰੇ ਹੋਏ ਹਾਂ ਪਰ ਅਸੀਂ ਹਾਰੇ ਹੋਏ ਨਹੀਂ ਹਾਂ। ਬਹੁਤੀ ਵਾਰ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਅਸੀਂ ਕੀ ਕਰੀਏ ਪਰ ਅਸੀਂ ਹਿੰਮਤ ਨਈਂ ਹਾਰਦੇ। 9 ਸਾਨੂੰ ਸਤਾਇਆ ਜਾਂਦਾ ਹੈ ਪਰ ਪਰਮੇਸ਼ੁਰ ਸਾਨੂੰ ਨਹੀਂ ਛੱਡਦਾ। ਕਈ ਵਾਰੀ ਸਾਨੂੰ ਥੱਲੇ ਸੁੱਟ ਦਿੱਤਾ ਜਾਂਦਾ ਹੈ ਪਰ ਅਸੀਂ ਕਦੇ ਵੀ ਤਬਾਹ ਨਹੀਂ ਹੁੰਦੇ। 10 ਯਿਸੂ ਦੀ ਮੌਤ ਸਾਡੇ ਸਰੀਰਾਂ ਵਿੱਚ ਹੈ ਅਤੇ ਜਿੱਥੇ ਵੀ ਅਸੀਂ ਜਾਂਦੇ ਹਾਂ, ਅਸੀਂ ਇਸ ਮੌਤ ਨੂੰ ਹਮੇਸ਼ਾ ਆਪਣੇ ਨਾਲ ਚੁੱਕਦੇ ਹਾਂ, ਤਾਂ ਜੋ ਯਿਸੂ ਦਾ ਜੀਵਨ ਸਾਡੇ ਸਰੀਰਾਂ ਵਿੱਚ ਵਿਖਾਇਆ ਜਾ ਸੱਕੇ। 11 ਅਸੀਂ ਜਿਉਂਦੇ ਹਾਂ ਪਰ ਯਿਸੂ ਲਈ ਅਸੀਂ ਸਾਰੇ ਮੌਤ ਦੇ ਖਤਰੇ ਹੇਠਾਂ ਰਹਿੰਦੇ ਹਾਂ ਇਹ ਸਾਡੇ ਨਾਲ ਵਾਪਰਦਾ ਹੈ ਤਾਂ ਜੋ ਸਾਡੇ ਮਰ ਜਾਣ ਵਾਲੇ ਸਰੀਰਾਂ ਵਿੱਚ ਯਿਸੂ ਦਾ ਜੀਵਨ ਦੇਖਿਆ ਜਾ ਸੱਕਦਾ ਹੈ। 12 ਇਸੇ ਲਈ ਮੌਤ ਸਾਡੇ ਵਿੱਚ ਕੰਮ ਕਰ ਰਹੀ ਹੈ, ਪਰ ਜੀਵਨ ਤੁਹਾਡੇ ਵਿੱਚ ਕੰਮ ਕਰ ਰਿਹਾ ਹੈ।
2010 by World Bible Translation Center