Revised Common Lectionary (Semicontinuous)
ਇੱਕ ਨਵਾਂ ਦਿਵਸ ਆ ਰਿਹਾ ਹੈ
9 ਪਿੱਛਲੇ ਸਮੇਂ ਵਿੱਚ, ਲੋਕ ਸੋਚਦੇ ਸਨ ਕਿ ਜ਼ੇਬੁਲੁਨ ਦਾ ਦੇਸ਼ ਅਤੇ ਨਾਫ਼ਤਾਲੀ ਦਾ ਦੇਸ਼ ਮਹੱਤਵਪੂਰਣ ਨਹੀਂ ਹਨ। ਪਰ ਬਾਅਦ ਵਿੱਚ, ਪਰਮੇਸ਼ੁਰ ਉਨ੍ਹਾਂ ਦੇ ਦਰਦ ਦਾ ਅੰਤ ਕਰ ਦੇਵੇਗਾ ਅਤੇ ਇਨ੍ਹਾਂ ਜ਼ਮੀਨਾਂ ਨੂੰ ਮਹੱਤਵਪੂਰਣ ਬਣਾਵੇਗਾ: ਸਮੁੰਦਰ ਦੇ ਕੰਢੇ ਦਾ ਦੇਸ਼, ਯੋਰਡਨ ਨਦੀ ਦਾ ਦੇਸ ਅਤੇ ਗਲੀਲੀ ਜਿੱਥੇ ਗ਼ੈਰ ਯਹੂਦੀ ਰਹਿੰਦੇ ਹਨ। 2 ਇਹ ਲੋਕ ਹਨੇਰੇ ਵਿੱਚ ਰਹਿੰਦੇ ਸਨ। ਪਰ ਹੁਣ ਉਹ ਇੱਕ ਮਹਾਨ ਰੌਸ਼ਨੀ ਵੇਖਣਗੇ। ਉਹ ਮੌਤ ਦੇ ਮਾਏ ਜਿੰਨੀ ਹਨੇਰੇ, ਸਥਾਨ ਵਿੱਚ ਰਹਿੰਦੇ ਸਨ ਪਰ ਹੁਣ, ਉਨ੍ਹਾਂ ਉੱਤੇ “ਮਹਾਨ ਰੌਸ਼ਨੀ” ਲਿਸ਼ਕੇਗੀ।
3 ਹੇ ਪਰਮੇਸ਼ੁਰ, ਤੁਸੀਂ ਕੌਮ ਨੂੰ ਵਿਕਸਿਤ ਹੋਣ ਵਿੱਚ ਮਦਦ ਕਰੋਗੇ। ਤੁਸੀਂ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰੋਗੇ। ਅਤੇ ਲੋਕ ਆਪਣੀ ਪ੍ਰਸੰਨਤਾ ਤੁਹਾਡੇ ਸਾਹਮਣੇ ਪ੍ਰਗਟ ਕਰਨਗੇ। ਇਹ ਉਹੋ ਜਿਹੀ ਹੀ ਖੁਸ਼ੀ ਹੋਵੇਗੀ ਜਿਹੋ ਜਿਹੀ ਵਾਢੀਆਂ ਦੇ ਵੇਲੇ ਹੁੰਦੀ ਹੈ। ਇਹ ਉਸੇ ਤਰ੍ਹਾਂ ਦੀ ਖੁਸ਼ੀ ਹੋਵੇਗੀ ਜਿਹੋ ਜਿਹੀ ਲੋਕਾਂ ਨੂੰ ਉਦੋਂ ਮਿਲਦੀ ਹੈ ਜਦੋਂ ਉਹ ਜੰਗ ਵਿੱਚ ਜਿੱਤਿਆ ਮਾਲ ਦਾ ਹਿੱਸਾ ਪ੍ਰਾਪਤ ਕਰਦੇ ਹਨ। 4 ਕਿਉਂ ਕਿ ਤੁਸੀਂ ਬਹੁਤ ਵਢ੍ਢਾ ਭਾਰ ਲਾਹ ਸੁੱਟੋਗੇ। ਤੁਸੀਂ ਲੋਕਾਂ ਦੀਆਂ ਪਿੱਠਾ ਉੱਤੋਂ ਭਾਰੇ ਸ਼ਤੀਰ ਦਾ ਬੋਝ ਉਤਾਰ ਦਿਓਗੇ। ਤੁਸੀਂ ਉਸ ਭਾਰੇ ਸ਼ਤੀਰ ਨੂੰ ਲਾਹ ਸੁੱਟੋਗੇ ਜਿਸ ਰਾਹੀਂ ਦੁਸ਼ਮਣ ਤੁਹਾਡੇ ਲੋਕਾਂ ਨੂੰ ਸਜ਼ਾ ਦਿੰਦਾ ਹੈ। ਇਹ ਸਮਾਂ ਉਹੋ ਜਿਹਾ ਹੋਵੇਗਾ ਜਿਸ ਸਮੇਂ ਕਿ ਤੁਸੀਂ ਮਿਦਯਾਨ ਨੂੰ ਹਰਾਇਆ ਸੀ।
ਦਾਊਦ ਦਾ ਇੱਕ ਗੀਤ।
27 ਯਹੋਵਾਹ, ਤੁਸੀਂ ਮੇਰੀ ਰੌਸ਼ਨੀ ਵੀ, ਮੇਰੇ ਮੁਕਤੀਦਾਤਾ ਵੀ ਹੋ।
ਮੈਨੂੰ ਕਿਸੇ ਕੋਲੋਂ ਵੀ ਨਹੀਂ ਡਰਨਾ ਚਾਹੀਦਾ।
ਯਹੋਵਾਹ, ਮੇਰੇ ਜੀਵਨ ਦੀ ਸੁਰੱਖਿਆ ਦਾ ਟਿਕਾਣਾ ਹੈ।
ਇਸ ਲਈ ਮੈਂ ਕਿਸੇ ਕੋਲੋਂ ਵੀ ਨਹੀਂ ਡਰਾਂਗਾ।
4 ਯਹੋਵਾਹ ਤੋਂ ਮੈਂ ਇੱਕੋ ਚੀਜ਼ ਮੰਗਦਾ ਹਾਂ,
ਮੈਨੂੰ ਸਾਰੀ ਉਮਰ ਆਪਣੇ ਮੰਦਰ ਵਿੱਚ ਬੈਠਣ ਦੇ,
ਤਾਂ ਜੋ ਮੈਂ ਯਹੋਵਾਹ ਦੀ ਸੁੰਦਰਤਾ ਵੇਖ ਸੱਕਾਂ।
ਅਤੇ ਉਸਦਾ ਮਹਿਲ ਵੇਖ ਸੱਕਾਂ।
5 ਜਦੋਂ ਵੀ ਮੈਂ ਸੰਕਟ ਵਿੱਚ ਹੋਵਾਂਗਾ ਯਹੋਵਾਹ ਮੇਰੀ ਰੱਖਿਆ ਕਰੇਗਾ।
ਉਹ ਮੈਨੂੰ ਆਪਣੇ ਤੰਬੂ ਵਿੱਚ ਛੁਪਾ ਲਵੇਗਾ,
ਉਹ ਮੈਨੂੰ ਆਪਣੀ ਸੁਰੱਖਿਅਤ ਥਾਂ ਉੱਤੇ ਲੈ ਜਾਵੇਗਾ।
6 ਮੇਰੇ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਹੈ।
ਪਰ ਉਨ੍ਹਾਂ ਨੂੰ ਹਰਾਉਣ ਵਿੱਚ ਯਹੋਵਾਹ ਮੇਰੀ ਮਦਦ ਕਰੇਗਾ।
ਫ਼ੇਰ ਮੈਂ ਉਸ ਦੇ ਤੰਬੂ ਵਿੱਚ ਬਲੀ ਦੇ ਤੌਰ ਤੇ ਜੈ-ਕਾਰੇ ਚੜ੍ਹਾਵਾਂਗਾ।
ਅਤੇ ਮੈਂ ਗਾਵਾਂਗਾ ਅਤੇ ਯਹੋਵਾਹ ਨੂੰ ਸਤਿਕਾਰਨ ਲਈ ਸਾਜ ਵਜਾਵਾਂਗਾ।
7 ਯਹੋਵਾਹ, ਮੇਰੀ ਪੁਕਾਰ ਨੂੰ ਸੁਣ ਅਤੇ ਹੁੰਘਾਰਾ ਭਰ।
ਮੇਰੇ ਤੇ ਦਯਾਵਾਨ ਹੋ।
8 ਯਹੋਵਾਹ, ਮੈਂ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹਾਂ।
ਮੈਂ ਆਪਣੇ ਦਿਲ ਦੀਆਂ ਗੱਲਾਂ ਆਖਣੀਆਂ ਚਾਹੁੰਦਾ ਹਾਂ।
ਮੈਂ ਤੁਹਾਡੇ ਨਾਲ ਗੱਲ ਕਰਨ ਲਈ ਤੁਹਾਡੇ ਸਨਮੁੱਖ ਆ ਗਿਆ ਹਾਂ।
9 ਯਹੋਵਾਹ, ਆਪਣੇ ਸੇਵਕ ਕੋਲੋਂ ਮੁੱਖ ਨਾ ਮੋੜੋ।
ਮੇਰੀ ਸਹਾਇਤਾ ਕਰੋ।
ਮੈਨੂੰ ਦੂਰ ਨਾ ਧੱਕੋ, ਮੈਨੂੰ ਛੱਡ ਕੇ ਨਾ ਜਾਓ।
ਮੇਰੇ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
ਕੁਰਿੰਥੁਸ ਦੀ ਕਲੀਸਿਯਾ ਵਿੱਚ ਸਮੱਸਿਆਵਾਂ
10 ਭਰਾਵੋ ਅਤੇ ਭੈਣੋ, ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ਤੇ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇੱਕ ਦੂਜੇ ਨਾਲ ਸਹਿਮਤੀ ਨਾਲ ਰਹੋ ਤਾਂ ਜੋ ਤੁਹਾਡੇ ਵਿੱਚ ਕੋਈ ਬਟਵਾਰਾ ਨਾ ਹੋਵੇ। ਤੁਹਾਡੇ ਕੋਲ ਇੱਕੋ ਤਰ੍ਹਾਂ ਦੀ ਸੋਚ ਅਤੇ ਇੱਕੋ ਹੀ ਮਕਸਦ ਹੋਣੇ ਚਾਹੀਦੇ ਹਨ।
11 ਮੇਰੇ ਭਰਾਵੋ ਅਤੇ ਭੈਣੋ ਮੈਨੂੰ ਕਲੋਏ ਦੇ ਪਰਿਵਾਰ ਦੇ ਕੁਝ ਲੋਕਾਂ ਨੇ ਦੱਸਿਆ ਹੈ। ਮੈਂ ਸੁਣਿਆ ਹੈ ਕਿ ਤੁਹਾਡੇ ਅੰਦਰ ਕੁਝ ਝਗੜ੍ਹੇ ਹਨ। 12 ਮੇਰਾ ਆਖਣ ਦਾ ਭਾਵ ਇਹ ਹੈ; ਤੁਹਾਡੇ ਵਿੱਚੋਂ ਇੱਕ ਆਖਦਾ ਹੈ, “ਮੈਂ ਪੌਲੁਸ ਦਾ ਚੇਲਾ ਹਾਂ;” ਦੂਸਰਾ ਆਖਦਾ ਹੈ, “ਮੈਂ ਅਪੁੱਲੋਸ ਦਾ ਚੇਲਾ ਹਾਂ;” ਹੋਰ ਕੋਈ ਆਖਦਾ ਹੈ, “ਮੈਂ ਪਤਰਸ ਦਾ ਚੇਲਾ ਹਾਂ;” ਅਤੇ ਕੋਈ-ਕੋਈ ਵਿਅਕਤੀ ਆਖਦਾ ਹੈ, “ਮੈਂ ਯਿਸੂ ਮਸੀਹ ਦਾ ਚੇਲਾ ਹਾਂ।” 13 ਮਸੀਹ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡਿਆ ਨਹੀਂ ਜਾ ਸੱਕਦਾ। ਕੀ ਪੌਲੁਸ ਤੁਹਾਡੇ ਲਈ ਸਲੀਬ ਉੱਤੇ ਟੰਗਿਆ ਗਿਆ ਸੀ? ਨਹੀਂ। ਕੀ ਤੁਹਾਨੂੰ ਪੌਲੁਸ ਦੇ ਨਾਮ ਉੱਤੇ ਬਪਤਿਸਮਾ ਦਿੱਤਾ ਗਿਆ ਸੀ। ਨਹੀਂ, 14 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਤੁਹਾਡੇ ਵਿੱਚੋਂ, ਕਰਿਸਪੁਸ ਅਤੇ ਗਾਯੁਸ ਨੂੰ ਛੱਡ ਕੇ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ। 15 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਹੁਣ ਕੋਈ ਨਹੀਂ ਆਖ ਸੱਕਦਾ ਕਿ ਤੁਹਾਨੂੰ ਮੇਰੇ ਨਾਂ ਵਿੱਚ ਬਪਤਿਸਮਾ ਦਿੱਤਾ ਗਿਆ ਸੀ। 16 (ਮੈਂ ਸਤਫ਼ਨਾਸ ਦੇ ਪਰਿਵਾਰ ਨੂੰ ਵੀ ਬਪਤਿਸਮਾ ਦਿੱਤਾ ਸੀ। ਪਰ ਮੈਨੂੰ ਕਿਸੇ ਹੋਰ ਨੂੰ ਬਪਤਿਸਮਾ ਦੇਣ ਦਾ ਚੇਤਾ ਨਹੀਂ।) 17 ਮਸੀਹ ਨੇ ਮੈਨੂੰ ਲੋਕਾਂ ਨੂੰ ਬਪਤਿਸਮਾ ਦੇਣ ਨਹੀਂ ਸਗੋਂ ਖੁਸ਼ਖਬਰੀ ਦੱਸਣ ਲਈ ਭੇਜਿਆ ਸੀ। ਮਸੀਹ ਨੇ ਮੈਨੂੰ ਕੋਈ ਦੁਨਿਆਵੀ ਸੂਝ ਵਾਲੇ ਸ਼ਬਦਾਂ ਦੀ ਵਰਤੋਂ ਕਰਕੇ ਖੁਸ਼ਖਬਰੀ ਫ਼ੈਲਾਉਣ ਲਈ ਨਹੀਂ ਭੇਜਿਆ ਸੀ। ਜੋ ਮੈਂ ਖੁਸ਼ਖਬਰੀ ਫ਼ੈਲਾਉਣ ਲਈ ਸੂਝਵਾਨ ਸ਼ਬਦਾਂ ਨੂੰ ਵਰਤਿਆ ਹੁੰਦਾ, ਤਾਂ ਫ਼ਿਰ ਮਸੀਹ ਦੀ ਸਲੀਬ ਆਪਣਾ ਅਰਥ ਗੁਆ ਲਵੇਗੀ।
ਮਸੀਹ ਵਿੱਚ ਪਰਮੇਸ਼ੁਰ ਦੀ ਸ਼ਕਤੀ ਅਤੇ ਸੂਝ
18 ਸਲੀਬ ਦਾ ਸੰਦੇਸ਼ ਉਨ੍ਹਾਂ ਲਈ ਮੂਰੱਖਤਾ ਜਾਪਦਾ ਹੈ ਜਿਹੜੇ ਗੁਆਚ ਗਏ ਹਨ ਪਰ ਉਨ੍ਹਾਂ ਲਈ ਜਿਨ੍ਹਾਂ ਨੂੰ ਬਚਾਇਆ ਗਿਆ ਹੈ, ਇਹ ਪਰਮੇਸ਼ੁਰ ਦੀ ਸ਼ਕਤੀ ਹੈ।
ਯਿਸੂ ਨੇ ਗਲੀਲ ਵਿੱਚ ਆਪਣਾ ਕੰਮ ਅਰੰਭਿਆ(A)
12 ਜਦ ਯਿਸੂ ਨੇ ਸੁਣਿਆ ਕਿ ਯੂਹੰਨਾ ਕੈਦ ਕਰ ਦਿੱਤਾ ਗਿਆ ਹੈ ਤਾਂ ਉਹ ਗਲੀਲ ਨੂੰ ਵਾਪਸ ਚੱਲਿਆ ਗਿਆ। 13 ਉਸ ਨੇ ਨਾਸਰਤ ਛੱਡ ਦਿੱਤਾ ਅਤੇ ਕਫ਼ਰਨਾਹੂਮ ਵਿੱਚ ਰਿਹਾ। ਇਹ ਨਗਰ ਇੱਕ ਝੀਲ ਦੇ ਨੇੜੇ ਹੈ। ਕਫ਼ਰਨਾਹੂਮ ਜ਼ਬੂਲੂਨ ਅਤੇ ਨਫ਼ਥਾਲੀ ਦੇ ਇਲਾਕੇ ਵਿੱਚ ਹੈ। 14 ਯਿਸੂ ਨੇ ਇਹ ਇਸ ਲਈ ਕੀਤਾ ਕਿ ਯਸਾਯਾਹ ਨਬੀ ਦਾ ਵਾਕ ਪੂਰਾ ਹੋਵੇ।
15 “ਜ਼ਬੂਲੂਨ ਦੀ ਧਰਤੀ ਅਤੇ ਨਫ਼ਥਾਲੀ ਦੀ ਧਰਤੀ,
ਸਮੁੰਦਰ ਦਾ ਰਾਹ, ਯਰਦਨ ਨਦੀ ਦੇ ਪਾਰ,
ਗ਼ੈਰ-ਯਹੂਦੀ ਲੋਕਾਂ ਦੀ ਧਰਤੀ, ਗਲੀਲ
16 ਹਨੇਰੇ ਵਿੱਚ ਰਹਿੰਦੇ ਲੋਕਾਂ ਨੇ ਵੱਡਾ ਚਾਨਣ ਵੇਖਿਆ ਹੈ;
ਚਾਨਣ ਉਨ੍ਹਾਂ ਲਈ ਆਇਆ
ਜੋ ਕਿ ਕਬਰਾਂ ਵਾਂਗ ਹਨੇਰੇ
ਦੇਸ਼ ਵਿੱਚ ਰਹਿੰਦੇ ਹਨ।” (B)
17 ਉਸਤੋਂ ਬਾਅਦ ਯਿਸੂ ਪ੍ਰਚਾਰ ਕਰਨ ਲੱਗਾ, ਉਸ ਨੇ ਆਖਿਆ, “ਆਪਣੇ ਦਿਲ ਅਤੇ ਜੀਵਨਾਂ ਨੂੰ ਬਦਲੋ, ਕਿਉਂਕਿ ਸਵਰਗ ਦਾ ਰਾਜ ਨੇੜੇ ਆ ਰਿਹਾ ਹੈ।”
ਯਿਸੂ ਨੇ ਕੁਝ ਚੇਲੇ ਚੁਣੇ(C)
18 ਜਦੋਂ ਯਿਸੂ ਗਲੀਲ ਝੀਲ ਦੇ ਕੰਢੇ ਘੁੰਮ ਰਿਹਾ ਸੀ ਤਾਂ ਉਸ ਨੇ ਦੋ ਭਰਾਵਾਂ ਸ਼ਮਊਨ ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਵੇਖਿਆ। ਉਹ ਮਾਛੀ ਸਨ ਉਹ ਜਾਲ ਨਾਲ ਮੱਛੀਆਂ ਫ਼ੜ ਰਹੇ ਸਨ। 19 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਮਗਰ ਆਓ ਤੇ ਮੈਂ ਤੁਹਾਨੂੰ ਲੋਕਾਂ ਨੂੰ ਇਕੱਠਾ ਕਰਨ ਲਈ ਮਾਛੀ ਬਣਾਵਾਂਗਾ।” 20 ਤੁਰੰਤ ਹੀ ਉਹ ਜਾਲਾਂ ਨੂੰ ਛੱਡ ਕੇ ਯਿਸੂ ਦੇ ਮਗਰ ਹੋ ਤੁਰੇ।
21 ਯਿਸੂ ਗਲੀਲੀ ਝੀਲ ਦੇ ਕੰਢੇ ਚੱਲਦਾ ਰਿਹਾ। ਉਸ ਨੇ ਦੋ ਹੋਰ ਭਰਾਵਾਂ ਯਾਕੂਬ ਅਤੇ ਯੂਹੰਨਾ ਨੂੰ ਵੇਖਿਆ ਜੋ ਕੇ ਜ਼ਬਦੀ ਦੇ ਪੁੱਤਰ ਸਨ। ਉਹ ਆਪਣੇ ਪਿਉ ਨਾਲ ਬੇੜੀ ਵਿੱਚ ਆਪਣੇ, ਜਾਲਾਂ ਨੂੰ ਠੀਕ ਕਰ ਰਹੇ ਸਨ। ਯਿਸੂ ਨੇ ਉਨ੍ਹਾਂ ਨੂੰ ਸੱਦਿਆ 22 ਉਹ ਝੱਟ ਬੇੜੀ ਅਤੇ ਆਪਣੇ ਪਿਉ ਨੂੰ ਛੱਡ ਕੇ ਉਸ ਦੇ ਮਗਰ ਹੋ ਤੁਰੇ।
ਯਿਸੂ ਦਾ ਉਪਦੇਸ਼ ਦੇਣਾ ਅਤੇ ਲੋਕਾਂ ਨੂੰ ਚੰਗਾ ਕਰਨਾ(D)
23 ਯਿਸੂ ਸਾਰੀ ਗਲੀਲੀ ਵਿੱਚ ਫ਼ਿਰਿਆ। ਯਿਸੂ ਉਨ੍ਹਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਉਪਦੇਸ਼ ਦਿੰਦਾ ਅਤੇ ਸੁਰਗ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ। ਅਤੇ ਉਹ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ।
2010 by World Bible Translation Center