Revised Common Lectionary (Semicontinuous)
6 ਯਹੋਵਾਹ, ਤੁਸੀਂ ਮੈਨੂੰ ਇਹੀ ਸਮਝਾਇਆ;
ਅਸਲ ਵਿੱਚ, ਤੁਹਾਨੂੰ ਬਲੀਆਂ ਅਤੇ ਅੰਨ੍ਹ ਦੇ ਚੜ੍ਹਾਵੇ ਨਹੀਂ ਚਾਹੀਦੇ।
ਤੁਹਾਨੂੰ ਸੱਚਮੁੱਚ ਹੋਮ ਚੜ੍ਹਾਵੇ ਅਤੇ ਪਾਪ ਦੇ ਚੜ੍ਹਾਵੇ ਨਹੀਂ ਚਾਹੀਦੇ।
7 ਇਸ ਲਈ ਮੈਂ ਆਖਿਆ, “ਮੈਂ ਇੱਥੇ ਹਾਂ।
ਮੈਨੂੰ ਲੈ ਜਾਉ। ਮੈਂ ਆ ਰਿਹਾ।
ਮੇਰੇ ਬਾਰੇ ਪੁਸਤਕ ਵਿੱਚ ਇਹ ਲਿਖਿਆ ਗਿਆ ਹੈ।
8 ਮੇਰੇ ਪਰਮੇਸ਼ੁਰ ਮੈਂ ਉਹੀ ਕਰਨਾ ਚਾਹੁੰਦਾ ਹਾਂ ਜੋ ਤੁਸੀਂ ਚਾਹੁੰਦੇ ਹੋ।
ਮੈਂ ਤੁਹਾਡੀਆਂ ਸਿੱਖਿਆਵਾਂ ਤੋਂ ਵਾਕਿਫ਼ ਹਾਂ।”
9 ਮੈਂ ਲੋਕਾਂ ਨੂੰ ਮਹਾਂ ਸਭਾ ਵਿੱਚ ਤੇਰੀ ਜਿੱਤ ਬਾਰੇ ਖੁਸ਼ਖਬਰੀ ਦੱਸੀ।
ਅਤੇ ਯਹੋਵਾਹ, ਤੁਸੀਂ ਜਾਣਦੇ ਹੋ, ਮੈਂ ਕਦੇ ਵੀ ਉਹ ਖੁਸ਼ਖਬਰੀ ਦੇਣ ਤੋਂ ਨਹੀਂ ਰੁਕਾਂਗਾ।
10 ਹੇ ਯਹੋਵਾਹ, ਮੈਂ ਤੇਰੀਆਂ ਕੀਤੀਆਂ ਚੰਗੀਆਂ ਗੱਲਾਂ ਬਾਰੇ ਦੱਸਿਆ।
ਮੈਂ ਉਨ੍ਹਾਂ ਗੱਲਾਂ ਨੂੰ ਦਿਲ ਅੰਦਰ ਨਹੀਂ ਛੁਪਾਇਆ।
ਯਹੋਵਾਹ, ਮੈਂ ਲੋਕਾਂ ਨੂੰ ਦੱਸਿਆ ਕਿ ਉਹ ਆਪਣੇ ਬਚਾਉ ਲਈ ਤੁਹਾਡੇ ਉੱਪਰ ਨਿਰਭਰ ਕਰ ਸੱਕਦੇ ਹਨ।
ਮੈਂ ਸਭਾ ਵਿੱਚ ਲੋਕਾਂ ਕੋਲੋਂ ਤੁਹਾਡੀ ਨਿਸ਼ਠਾ ਅਤੇ ਤੁਹਾਡਾ ਸੱਚਾ ਪਿਆਰ ਨਹੀਂ ਲੁਕੋਇਆ।
11 ਇਸ ਲਈ ਯਹੋਵਾਹ, ਮੇਰੇ ਪਾਸੋਂ ਆਪਣਾ ਰਹਮ ਨਾ ਛੁਪਾਉ।
ਤੁਹਾਡੀ ਦਯਾ ਅਤੇ ਵਫ਼ਾਦਾਰੀ ਨੂੰ ਮੇਰੀ ਰੱਖਿਆ ਕਰਨ ਦਿਉ।
12 ਬੁਰੇ ਲੋਕੀਂ ਮੈਨੂੰ ਘੇਰੀ ਬੈਠੇ ਹਨ।
ਉਨ੍ਹਾਂ ਦੀ ਗਿਣਤੀ ਬੇਸ਼ੁਮਾਰ ਹੈ।
ਮੈਨੂੰ ਮੇਰੇ ਗੁਨਾਹਾਂ ਨੇ ਫ਼ੜ ਲਿਆ ਹੈ
ਅਤੇ ਮੈਂ ਉਨ੍ਹਾਂ ਤੋਂ ਨਹੀਂ ਬਚ ਸੱਕਦਾ।
ਉਹ ਗਿਣਤੀ ਵਿੱਚ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਵੱਧ ਹਨ,
ਇਸ ਲਈ ਮੈਂ ਆਪਣਾ ਹੌਂਸਲਾ ਹਾਰ ਗਿਆ ਹਾਂ।
13 ਯਹੋਵਾਹ, ਮੇਰੇ ਕੋਲ ਨੱਸੱਕੇ ਆਉ ਅਤੇ ਮੈਨੂੰ ਬਚਾ ਲਵੋ।
ਯਹੋਵਾਹ ਛੇਤੀ ਆਉ ਅਤੇ ਮੇਰੀ ਸਹਾਇਤਾ ਕਰੋ।
14 ਉਹ ਮੰਦੇ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਵਿੱਚ ਹਨ।
ਯਹੋਵਾਹ, ਉਨ੍ਹਾਂ ਲੋਕਾਂ ਨੂੰ ਸ਼ਰਮਸਾਰ ਅਤੇ ਨਾ ਉੱਮੀਦ ਕਰੋ।
ਉਹ ਲੋਕ ਮੈਨੂੰ ਦੁੱਖ ਦੇਣਾ ਚਾਹੁੰਦੇ ਹਨ।
ਉਨ੍ਹਾਂ ਨੂੰ ਸ਼ਰਮਸਾਰ ਹੋਕੇ ਭੱਜ ਜਾਣ ਦਿਉ।
15 ਉਹ ਮੰਦੇ ਲੋਕ ਮੇਰਾ ਮਜ਼ਾਕ ਉਡਾ ਰਹੇ ਹਨ।
ਉਨ੍ਹਾਂ ਨੂੰ ਬੋਲਣ ਤੋਂ ਵੀ ਸੰਗਾਉ।
16 ਉਨ੍ਹਾਂ ਲੋਕਾਂ ਨੂੰ, ਜਿਹੜੇ ਤੁਹਾਡੇ ਕੋਲ ਆਉਂਦੇ ਹਨ ਉਨ੍ਹਾਂ ਨੂੰ ਖੁਸ਼ੀ ਅਤੇ ਆਨੰਦ ਮਨਾਉਣ ਦਿਉ।
ਉਹ ਤੁਹਾਡੇ ਦੁਆਰਾ ਬਚਾਏ ਜਾਣ ਨੂੰ ਪਸੰਦ ਕਰਦੇ ਹਨ।
ਇਸ ਲਈ ਉਨ੍ਹਾਂ ਨੂੰ ਹਮੇਸ਼ਾ ਆਖਣ ਦਿਉ, “ਯਹੋਵਾਹ ਦੀ ਉਸਤਤਿ ਕਰੋ।”
17 ਮਾਲਕ, ਮੈਂ ਸਿਰਫ਼ ਇੱਕ ਕੰਗਾਲ ਅਤੇ ਬੇਸਹਾਰਾ ਬੰਦਾ ਹਾਂ।
ਮੇਰੀ ਸਹਾਇਤਾ ਕਰੋ।
ਮੈਨੂੰ ਬਚਾਉ।
ਮੇਰੇ ਪਰਮੇਸ਼ੁਰ ਬਹੁਤ ਦੇਰੀ ਨਾ ਲਾਵੋ।
53 ਜਿਨ੍ਹਾਂ ਗੱਲਾਂ ਦਾ ਅਸੀਂ ਐਲਾਨ ਕੀਤਾ ਸੀ ਉਨ੍ਹਾਂ ਬਾਰੇ ਕਿਸਨੇ ਯਕੀਨ ਕੀਤਾ? ਕਿਸਨੇ ਸੱਚਮੁੱਚ ਯਹੋਵਾਹ ਦੀ ਸਜ਼ਾ ਨੂੰ ਪ੍ਰਵਾਨ ਕੀਤਾ ਸੀ?
2 ਉਹ ਪਰਮੇਸ਼ੁਰ ਦੇ ਸਾਹਮਣੇ ਇੱਕ ਛੋਟੇ ਪੌਦੇ ਵਾਂਗ ਉਗਿਆ ਸੀ। ਉਹ ਖੁਸ਼ਕ ਧਰਤੀ ਉੱਤੇ ਉੱਗਣ ਵਾਲੀ ਜਢ਼ ਵਾਂਗ ਸੀ। ਉਹ ਮਹੱਤਵਪੂਰਣ ਦਿਖਾਈ ਨਹੀਂ ਦਿੰਦਾ ਸੀ। ਉਸਦਾ ਕੋਈ ਖਾਸ ਪਰਤਾਪ ਨਹੀਂ ਸੀ। ਜੇ ਅਸੀਂ ਉਸ ਵੱਲ ਦੇਖਦੇ ਤਾਂ ਸਾਨੂੰ ਕੋਈ ਅਜਿਹੀ ਖਾਸ ਗੱਲ ਨਹੀਂ ਦਿਖਾਈ ਨਹੀਂ ਸੀ ਦੇਣੀ ਜਿਹੜੀ ਉਸ ਨੂੰ ਸਾਡੀ ਨਜ਼ਰ ਵਿੱਚ ਪਸੰਦ ਕਰਨ ਯੋਗ ਬਣਾਉਂਦੀ ਹੋਵੇ। 3 ਲੋਕਾਂ ਨੇ ਉਸਦਾ ਮਜ਼ਾਕ ਉਡਾਇਆ, ਅਤੇ ਉਸ ਦੇ ਦੋਸਤ ਉਸ ਨੂੰ ਛੱਡ ਗਏ। ਉਹ ਅਜਿਹਾ ਆਦਮੀ ਸੀ ਜਿਸ ਨੂੰ ਵੱਧੇਰੇ ਦਰਦ ਸੀ। ਉਹ ਉਦਾਸੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਲੋਕ ਉਸ ਨੂੰ ਇੰਨਾ ਆਦਰ ਵੀ ਨਹੀਂ ਸਨ ਦਿੰਦੇ ਕਿ ਉਸ ਵੱਲ ਧਿਆਨ ਨਾਲ ਦੇਖ ਸੱਕਣ। ਅਸੀਂ ਉਸ ਵੱਲ ਧਿਆਨ ਨਹੀਂ ਸੀ ਦਿੱਤਾ।
4 ਪਰ ਉਸ ਨੇ ਸਾਡੀਆਂ ਮੁਸੀਬਤਾਂ ਲੈ ਲਈਆਂ ਅਤੇ ਉਨ੍ਹਾਂ ਨੂੰ ਅਪਣਾ ਲਿਆ। ਉਸ ਨੇ ਸਾਡੇ ਦੁੱਖ ਨੂੰ ਬਰਦਾਸ਼ਤ ਕੀਤਾ ਅਤੇ ਅਸੀਂ ਇਹ ਸੋਚਿਆ ਕਿ ਪਰਮੇਸ਼ੁਰ ਉਸ ਨੂੰ ਸਜ਼ਾ ਦੇ ਰਿਹਾ ਸੀ। ਅਸੀਂ ਸੋਚਿਆ ਕਿ ਪਰਮੇਸ਼ੁਰ ਉਸ ਨੂੰ ਉਸ ਦੇ ਅਮਲਾਂ ਦੀ ਸਜ਼ਾ ਦੇ ਰਿਹਾ ਸੀ। ਅਸੀਂ ਸੋਚਿਆ ਸੀ ਕਿ ਪਰਮੇਸ਼ੁਰ ਨੇ ਉਸ ਦੇ ਕੀਤੇ ਦੀ ਸਜ਼ਾ ਦਿੱਤੀ ਸੀ। 5 ਪਰ ਉਸ ਨੂੰ ਸਾਡੀਆਂ ਬੁਰਿਆਈਆਂ ਦੀ ਸਜ਼ਾ ਮਿਲੀ ਸੀ। ਉਸ ਨੂੰ ਸਾਡੇ ਗੁਨਾਹ ਬਦਲੇ ਕੁਚੱਲਿਆ ਗਿਆ ਸੀ। ਉਹ ਕਰਜ਼ਾ ਜਿਹੜਾ ਸਾਡੇ ਸਿਰ ਸੀ-ਸਾਡੀ ਸਜ਼ਾ-ਉਹ ਉਸ ਨੂੰ ਮਿਲਿਆ ਸੀ। ਅਸੀਂ ਉਸਦੀ ਸਜ਼ਾ ਕਾਰਣ ਹੀ ਸਿਹਤਯਾਬ ਹੋਏ ਸਾਂ। ਸਾਨੂੰ ਅਰੋਗਤਾ ਮਿਲੀ (ਮਾਫ਼ੀ ਮਿਲੀ) ਤਾਂ ਉਸ ਦੇ ਦੁੱਖ ਕਾਰਣ। 6 ਅਸੀਂ ਸਾਰੇ ਹੀ ਭੇਡਾਂ ਵਾਂਗ ਭਟਕ ਗਏ। ਅਸੀਂ ਸਾਰੇ ਆਪਣੇ-ਆਪਣੇ ਰਾਹ ਤੁਰ ਗਏ। ਅਸੀਂ ਅਜਿਹਾ ਉਦੋਂ ਕੀਤਾ ਜਦੋਂ ਯਹੋਵਾਹ ਨੇ ਸਾਨੂੰ ਸਾਡੇ ਪਾਪ ਤੋਂ ਮੁਕਤ ਕਰ ਦਿੱਤਾ ਅਤੇ ਸਾਡਾ ਸਾਰਾ ਪਾਪ ਆਪਣੇ ਜ਼ਿਂਮੇ ਲੈ ਲਿਆ।
7 ਉਸ ਨੂੰ ਦੁੱਖ ਦਿੱਤਾ ਅਤੇ ਸਜ਼ਾ ਦਿੱਤੀ ਗਈ। ਪਰ ਉਸ ਨੇ ਕਦੇ ਸ਼ਿਕਾਇਤ ਨਹੀਂ ਕੀਤੀ। ਉਸ ਨੇ ਕੁਝ ਵੀ ਨਹੀਂ ਆਖਿਆ-ਜਿਵੇਂ ਭੇਡ ਜ਼ਿਬਾਹ ਕਰਨ ਲਿਜਾਈ ਜਾਂਦੀ ਹੈ। ਉਹ ਉਸ ਲੇਲੇ ਵਰਗਾ ਸੀ ਜਿਹੜਾ ਉਦੋਂ ਜ਼ਰਾ ਜਿੰਨਾ ਵੀ ਆਵਾਜ਼ ਨਹੀਂ ਕਰਦਾ ਜਦੋਂ ਕੋਈ ਉਸਦੀ ਉੱਨ ਲਾਹੁਂਦਾ ਹੈ। ਉਸ ਨੇ ਕਦੇ ਮੂੰਹ ਨਹੀਂ ਖੋਲ੍ਹਿਆ ਆਪਣੇ ਆਪ ਨੂੰ ਬਚਾਉਣ ਲਈ। 8 ਲੋਕਾਂ ਨੇ ਤਾਕਤ ਦੀ ਵਰਤੋਂ ਕੀਤੀ ਅਤੇ ਉਸ ਨੂੰ ਲੈ ਗਏ-ਅਤੇ ਉਨ੍ਹਾਂ ਨੇ ਉਸ ਨਾਲ ਬੇਲਾਗ ਹੋ ਕੇ ਨਿਆਂ ਨਹੀਂ ਕੀਤਾ। ਕੋਈ ਵੀ ਬੰਦਾ ਉਸ ਦੇ ਭਵਿੱਖ ਦੇ ਪਰਿਵਾਰ ਬਾਰੇ ਨਹੀਂ ਦੱਸ ਸੱਕਦਾ ਕਿਉਂ ਕਿ ਉਸ ਨੂੰ ਜਿਉਂਦੇ ਬੰਦਿਆਂ ਦੀ ਦੁਨੀਆਂ ਤੋਂ ਦੂਰ ਲੈ ਜਾਇਆ ਗਿਆ। ਉਸ ਨੂੰ ਮੇਰੇ ਬੰਦਿਆਂ ਦੇ ਪਾਪਾਂ ਦੀ ਸਜ਼ਾ ਦਿੱਤੀ ਗਈ। 9 ਉਹ ਮਰ ਗਿਆ ਅਤੇ ਉਸ ਨੂੰ ਅਮੀਰ ਲੋਕਾਂ ਦੇ ਨਾਲ ਦਫ਼ਨਾਇਆ ਗਿਆ। ਉਸ ਨੂੰ ਮੰਦੇ ਲੋਕਾਂ ਦੇ ਨਾਲ ਦਫ਼ਨਾਇਆ ਗਿਆ। ਉਸ ਨੇ ਕੁਝ ਵੀ ਗ਼ਲਤ ਨਹੀਂ ਸੀ ਕੀਤਾ ਉਸ ਨੇ ਕਦੇ ਝੂਠ ਨਹੀਂ ਸੀ ਬੋਲਿਆ-ਪਰ ਫ਼ੇਰ ਵੀ ਇਹ ਗੱਲਾਂ ਉਸ ਨਾਲ ਵਾਪਰੀਆ।
10 ਯਹੋਵਾਹ ਨੇ ਉਸ ਨੂੰ ਕੁਚਲਣ ਦਾ ਫ਼ੈਸਲਾ ਕੀਤਾ ਯਹੋਵਾਹ ਨੇ ਫ਼ੈਸਲਾ ਕੀਤਾ ਕਿ ਉਸ ਨੂੰ ਦੁੱਖ ਮਿਲਣਾ ਚਾਹੀਦਾ ਹੈ ਇਸ ਲਈ ਸੇਵਕ ਨੇ ਆਪਣੇ-ਆਪ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਪਰ ਉਹ ਬਹੁਤ ਲੰਮੇ ਸਮੇਂ ਤੱਕ ਨਵਾਂ ਜੀਵਨ ਜੀਵੇਗਾ। ਉਹ ਆਪਣੇ ਲੋਕਾਂ ਨੂੰ ਮਿਲੇਗਾ। ਉਹ ਉਨ੍ਹਾਂ ਗੱਲਾਂ ਨੂੰ ਪੂਰਿਆਂ ਕਰੇਗਾ ਜਿਹੜੀਆਂ ਯਹੋਵਾਹ ਉਸ ਪਾਸੋਂ ਕਰਵਾਉਣੀਆਂ ਚਾਹੁੰਦਾ ਹੈ। 11 ਉਹ ਆਪਣੇ ਆਤਮੇ ਵਿੱਚ ਬਹੁਤ ਕਸ਼ਟ ਭੋਗੇਗਾ, ਪਰ ਉਹ ਉਨ੍ਹਾਂ ਚੰਗੀਆਂ ਗੱਲਾਂ ਨੂੰ ਦੇਖੇਗਾ ਜਿਹੜੀਆਂ ਵਾਪਰਨਗੀਆਂ। ਉਹ ਆਪਣੀਆਂ ਸਿੱਖੀਆਂ ਹੋਈਆਂ ਗੱਲਾਂ ਨਾਲ ਸੰਤੁਸ਼ਟ ਹੋਵੇਗਾ।
“ਮੇਰਾ ਚੰਗਾ ਸੇਵਕ ਬਹੁਤ ਸਾਰੇ ਲੋਕਾਂ ਨੂੰ ਬੇਗੁਨਾਹ ਬਣਾ ਦੇਵੇਗਾ, ਉਹ ਉਨ੍ਹਾਂ ਦਾ ਪਾਪ ਦੂਰ ਲੈ ਜਾਵੇਗਾ। 12 ਇਸ ਕਾਰਣ ਮੈਂ ਆਪਣੇ ਬੰਦਿਆਂ ਵਿੱਚੋਂ ਉਸ ਨੂੰ ਇਨਾਮ ਦੇਵਾਂਗਾ। ਉਹ ਉਨ੍ਹਾਂ ਲੋਕਾਂ ਦੀਆਂ ਸਾਰੀਆਂ ਚੀਜ਼ਾਂ ਵਿੱਚੋਂ ਹਿੱਸਾ ਲਵੇਗਾ ਜਿਹੜੇ ਤਾਕਤਵਰ ਹਨ। ਮੈਂ ਉਸ ਦੇ ਲਈ ਹੀ ਅਜਿਹਾ ਕਰਾਂਗਾ ਕਿਉਂ ਕਿ ਉਹ ਮਰ ਗਿਆ ਅਤੇ ਲੋਕਾਂ ਨੂੰ ਆਪਣਾ ਜੀਵਨ ਦੇ ਦਿੱਤਾ। ਲੋਕਾਂ ਨੇ ਆਖਿਆ ਕਿ ਉਹ ਮੁਜਰਿਮ ਸੀ। ਪਰ ਸੱਚ ਇਹ ਹੈ ਕਿ ਉਸ ਨੇ ਬਹੁਤ ਸਾਰੇ ਲੋਕਾਂ ਦੇ ਪਾਪ ਆਪਣੇ ਉੱਤੇ ਲੈ ਲੇ। ਅਤੇ ਹੁਣ ਉਹ ਉਨ੍ਹਾਂ ਲੋਕਾਂ ਲਈ ਗੱਲ ਕਰਦਾ ਹੈ ਜਿਨ੍ਹਾਂ ਨੇ ਪਾਪ ਕੀਤੇ ਹਨ।”
ਮਸੀਹ ਦਾ ਬਲਿਦਾਨ ਸਾਨੂੰ ਸੰਪੂਰਣ ਬਨਾਉਂਦਾ ਹੈ
10 ਸ਼ਰ੍ਹਾ ਸਾਨੂੰ ਭਵਿੱਖ ਵਿੱਚ ਆਉਣ ਵਾਲੀਆਂ ਚੰਗੀਆਂ ਗੱਲਾਂ ਦੀ ਇੱਕ ਧੁੰਦਲੀ ਜਿਹੀ ਤਸਵੀਰ ਦਿਖਾਉਂਦੀ ਹੈ। ਸ਼ਰ੍ਹਾਂ ਅਸਲੀ ਚੀਜ਼ਾਂ ਦੀ ਸੰਪੂਰਣ ਤਸਵੀਰ ਨਹੀਂ ਹੈ। ਸ਼ਰ੍ਹਾਂ ਲੋਕਾਂ ਨੂੰ ਹਰ ਸਾਲ ਉਹੀ ਬਲੀਆਂ ਚੜ੍ਹਾਉਣ ਲਈ ਆਖਦੀ ਹੈ। ਉਹ ਲੋਕ ਜਿਹੜੇ ਪਰਮੇਸ਼ੁਰ ਦੀ ਉਪਾਸਨਾ ਕਰਨ ਆਉਂਦੇ ਹਨ ਉਹੀ ਬਲੀਆਂ ਚੜ੍ਹਾਉਂਦੇ ਰਹਿੰਦੇ ਹਨ। ਪਰ ਸ਼ਰ੍ਹਾਂ ਉਨ੍ਹਾਂ ਲੋਕਾਂ ਨੂੰ ਕਦੇ ਵੀ ਸੰਪੂਰਣ ਨਹੀਂ ਬਣਾ ਸੱਕਦੀ। 2 ਜੇ ਕਿਤੇ ਸ਼ਰ੍ਹਾਂ ਲੋਕਾਂ ਨੂੰ ਸੰਪੂਰਣ ਬਣਾ ਸੱਕਦੀ ਹੁੰਦੀ, ਤਾਂ ਉਹ ਬਲੀਆਂ ਹੁਣ ਤੱਕ ਬੰਦ ਹੋ ਗਈਆਂ ਹੁੰਦੀਆਂ। ਉਹ ਲੋਕ ਆਪਣੇ ਪਾਪਾਂ ਤੋਂ ਹੁਣ ਤੱਕ ਪਾਕ ਹੋ ਗਏ ਹੁੰਦੇ। ਅਤੇ ਉਨ੍ਹਾਂ ਨੇ ਹੁਣ ਵੀ ਆਪਣੇ ਆਪ ਨੂੰ ਆਪਣੇ ਪਾਪਾਂ ਲਈ ਕਸੂਰਵਾਰ ਮਹਿਸੂਸ ਨਹੀਂ ਸੀ ਕਰਨਾ। ਪਰ ਸ਼ਰ੍ਹਾ ਇਹ ਕਰ ਹੀ ਨਹੀਂ ਸੱਕਦੀ। 3 ਉਨ੍ਹਾਂ ਲੋਕਾਂ ਦੀਆਂ ਬਲੀਆਂ ਹਰ ਸਾਲ ਉਨ੍ਹਾਂ ਨੂੰ ਆਪਣੇ ਪਾਪਾਂ ਦਾ ਚੇਤਾ ਕਰਾਉਂਦੀਆਂ ਹਨ, 4 ਕਿਉਂਕਿ ਬੱਕਰੀਆਂ ਅਤੇ ਵਹਿੜਕਿਆਂ ਦਾ ਲਹੂ ਪਾਪਾਂ ਨੂੰ ਦੂਰ ਨਾ ਕਰ ਸੱਕਿਆ।
2010 by World Bible Translation Center