Revised Common Lectionary (Semicontinuous)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
20 ਯਹੋਵਾਹ ਤੁਹਾਡੀ ਬੇਨਤੀ ਸੁਣੇ ਅਤੇ ਜਵਾਬ ਦੇਵੇ, ਜਦੋਂ ਵੀ ਤੁਸੀਂ ਗੰਭੀਰ ਮੁਸੀਬਤਾਂ ਪਾਰ ਕਰਦੇ ਹੋਏ ਉਸਦੀ ਮਦਦ ਲਈ ਪੁਕਾਰ ਕਰੋ।
ਯਾਕੂਬ ਦਾ ਪਰਮੇਸ਼ੁਰ ਤੁਹਾਡੀ ਰੱਖਿਆ ਕਰੇ।
2 ਕਾਸ਼ ਪਰਮੇਸ਼ੁਰ ਤੁਹਾਨੂੰ ਆਪਣੇ ਪਵਿੱਤਰ ਸਥਾਨ ਵਿੱਚੋਂ ਮਦਦ ਭੇਜੇ।
ਉਹ ਸੀਯੋਨ ਤੋਂ ਤੁਹਾਡੀ ਸਹਾਇਤਾ ਕਰੇ।
3 ਯਹੋਵਾਹ ਉਨ੍ਹਾਂ ਸਾਰੀਆਂ ਸੁਗਾਤਾਂ ਨੂੰ ਚੇਤੇ ਰੱਖੇ ਜਿਹੜੀਆਂ ਤੁਸੀਂ ਭੇਟ ਕਰਦੇ ਹੋ
ਅਤੇ ਤੁਹਾਡੀਆਂ ਸਾਰੀਆਂ ਬਲੀਆਂ ਪ੍ਰਵਾਨ ਕਰੇ।
4 ਪਰਮੇਸ਼ੁਰ ਤੁਹਾਨੂੰ ਉਹ ਸਭ ਕੁਝ ਦੇਵੇ ਜਿਸਦੀ ਸੱਚਮੁੱਚ ਤੁਸੀਂ ਇੱਛਾ ਕਰਦੇ ਹੋ।
ਉਹ ਤੁਹਾਡੀਆਂ ਸਾਰੀਆਂ ਯੋਜਨਾਵਾਂ ਸਫ਼ਲ ਬਣਾਵੇ।
5 ਸਾਨੂੰ ਖੁਸ਼ੀ ਹੋਵੇਗੀ ਜਦੋਂ ਪਰਮੇਸ਼ੁਰ ਤੁਹਾਡਾ ਸਹਾਈ ਹੋਵੇਗਾ।
ਆਉ ਪਰਮੇਸ਼ੁਰ ਦੇ ਨਾਮ ਦੀ ਉਸਤਤਿ ਕਰੀਏ।
ਜੋ ਕੁਝ ਵੀ ਤੁਸੀਂ ਉਸਤੋਂ ਮੰਗੋ ਪਰਮੇਸ਼ੁਰ ਤੁਹਾਨੂੰ ਦੇਵੇ।
6 ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਆਪਣੇ ਚੁਣੇ ਹੋਏ ਰਾਜੇ ਦੀ ਮਦਦ ਕਰਦਾ ਹੈ।
ਪਰਮੇਸ਼ੁਰ ਆਪਣੇ ਪਵਿੱਤਰ ਸਵਰਗ ਵਿੱਚ ਸੀ, ਅਤੇ ਉਸ ਨੇ ਆਪਣੇ ਚੁਣੇ ਹੋਏ ਰਾਜੇ ਦੀ ਪੁਕਾਰ ਸੁਣੀ।
ਪਰਮੇਸ਼ੁਰ ਨੇ ਰਾਜੇ ਨੂੰ ਬਚਾਉਣ ਲਈ ਆਪਣੀ ਮਹਾਂ ਸ਼ਕਤੀ ਵਰਤੀ।
7 ਕੁਝ ਲੋਕੀਂ ਆਪਣੇ ਰੱਥਾਂ ਉੱਤੇ ਭਰੋਸਾ ਰੱਖਦੇ ਹਨ।
ਦੂਜੇ ਲੋਕ ਆਪਣੇ ਫ਼ੌਜੀਆਂ ਉੱਤੇ ਭਰੋਸਾ ਕਰਦੇ ਹਨ।
ਪਰ ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਯਾਦ ਰੱਖਦੇ ਹਾਂ।
8 ਉਹ ਦੂਸਰੇ ਲੋਕ ਹਾਰ ਗਏ ਸਨ – ਉਹ ਯੁੱਧ ਅੰਦਰ ਮਰ ਗਏ।
ਪਰ ਅਸੀਂ ਜਿੱਤ ਪ੍ਰਾਪਤ ਕੀਤੀ ਸੀ। ਅਸੀਂ ਜੇਤੂ ਹਾਂ।
9 ਯਹੋਵਾਹ ਨੇ ਆਪਣੇ ਚੁਣੇ ਰਾਜੇ ਨੂੰ ਬਚਾਇਆ।
ਪਰਮੇਸ਼ੁਰ ਦੇ ਚੁਣੇ ਰਾਜੇ ਨੇ ਸਹਾਇਤਾ ਲਈ ਪੁਕਾਰਿਆ ਸੀ, ਅਤੇ ਪਰਮੇਸ਼ੁਰ ਨੇ ਪੁਕਾਰ ਸੁਣੀ ਸੀ।
15 ਯਹੋਵਾਹ ਆਖਦਾ ਹੈ:
“ਰਾਮਾਹ ਅੰਦਰ ਇੱਕ ਅਵਾਜ਼ ਸੁਣਾਈ ਦੇਵੇਗੀ।
ਇਹ ਬਹੁਤ ਉਦਾਸੀ ਨਾਲ ਭਰੇ ਸਖਤ ਰੋਣ ਦੀ ਹੋਵੇਗੀ।
ਰਾਖੇਲ ਆਪਣੇ ਬੱਚਿਆਂ ਲਈ ਰੋ ਰਹੀ ਹੋਵੇਗੀ।
ਰਾਖੇਲ ਧੀਰਜ ਨਹੀਂ ਧਰੇਗੀ ਕਿਉਂ ਕਿ ਉਸ ਦੇ ਬੱਚੇ ਹਨ ਮਰ ਗਏ ਹੋਏ।”
16 ਪਰ ਯਹੋਵਾਹ ਆਖਦਾ ਹੈ: “ਰੋਣ ਤੋਂ ਰੁਕ ਜਾਓ!
ਆਪਣੀਆਂ ਅੱਖੀਆਂ ਵਿੱਚ ਹੰਝੂ ਨਾ ਭਰੋ!
ਤੈਨੂੰ ਆਪਣੇ ਕੰਮ ਦਾ ਇਨਾਮ ਮਿਲੇਗਾ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
“ਇਸਰਾਏਲ ਦੇ ਲੋਕ ਆਪਣੇ ਦੁਸ਼ਮਣ ਦੀ ਧਰਤੀ ਤੋਂ ਵਾਪਸ ਪਰਤ ਆਉਣਗੇ।
17 ਇਸਰਾਏਲ, ਤੇਰੇ ਲਈ ਅਜੇ ਉਮੀਦ ਹੈ।”
ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
“ਤੇਰੇ ਬੱਚੇ ਵਾਪਸ ਆਪਣੀ ਧਰਤੀ ਉੱਤੇ ਆ ਜਾਣਗੇ।
18 ਮੈਂ ਅਫ਼ਰਾਈਮ ਨੂੰ ਰੋਦਿਆਂ ਸੁਣਿਆ ਹੈ।
ਮੈਂ ਅਫ਼ਰਾਈਮ ਨੂੰ ਇਹ ਗੱਲਾਂ ਆਖਦਿਆਂ ਸੁਣਿਆ ਹੈ:
‘ਯਹੋਵਾਹ, ਤੂੰ ਸੱਚਮੁੱਚ ਮੈਨੂੰ ਸਜ਼ਾ ਦਿੱਤੀ!
ਅਤੇ ਮੈਂ ਆਪਣਾ ਸਬਕ ਸਿੱਖ ਲਿਆ।
ਮੈਂ ਉਸ ਵੱਛੇ ਵਰਗਾ ਸਾਂ, ਜਿਸ ਨੂੰ ਕਦੇ ਸਿੱਧਾਇਆ ਨਹੀਂ ਗਿਆ ਸੀ।
ਮਿਹਰ ਕਰਕੇ ਮੈਨੂੰ ਸਜ਼ਾ ਦੇਣੋ ਰੁਕ ਜਾਓ,
ਅਤੇ ਮੈਂ ਵਾਪਸ ਤੁਹਾਡੇ ਵੱਲ ਪਰਤ ਆਵਾਂਗਾ।
ਤੁਸੀਂ ਸੱਚਮੁੱਚ ਯਹੋਵਾਹ ਮੇਰੇ ਪਰਮੇਸ਼ੁਰ ਹੋ।
19 ਯਹੋਵਾਹ, ਮੈਂ ਤੁਹਾਡੇ ਕੋਲੋਂ ਦੂਰ ਭਟਕ ਗਿਆ ਸਾਂ।
ਪਰ ਮੈਂ ਆਪਣੇ ਕੀਤੇ ਮੰਦੇ ਅਮਲਾਂ ਨੂੰ ਜਾਣ ਗਿਆ।
ਇਸ ਲਈ ਮੈਂ ਆਪਣਾ ਦਿਲ ਤੇ ਜੀਵਨ ਬਦਲ ਲਿਆ।
ਮੈਂ ਉਨ੍ਹਾਂ ਮੂਰੱਖਤਾ ਭਰੀਆਂ ਗੱਲਾਂ ਕਾਰਣ ਸ਼ਰਮਸਾਰ ਅਤੇ ਨਮੋਸ਼ੀ ਭਰਿਆ ਹਾਂ,
ਜਿਹੜੀਆਂ ਮੈਂ ਜਵਾਨੀ ਵੇਲੇ ਕੀਤੀਆਂ ਸਨ।’”
20 ਪਰਮੇਸ਼ੁਰ ਆਖਦਾ ਹੈ,
“ਤੁਸੀਂ ਜਾਣਦੇ ਹੋ ਕਿ ਅਫ਼ਰਾਈਮ ਮੇਰਾ ਪਿਆਰਾ ਪੁੱਤਰ ਹੈ।
ਮੈਂ ਉਸ ਬੱਚੇ ਨੂੰ ਪਿਆਰ ਕਰਦਾ ਹਾਂ। ਹਾਂ,
ਮੈਂ ਉਸ ਨੂੰ ਬੜੀ ਵਾਰੀ ਨਿੰਦਿਆ
ਪਰ ਹਾਲੇ ਵੀ ਮੈਨੂੰ ਉਸਦਾ ਖਿਆਲ ਹੈ।
ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ।
ਅਤੇ ਸੱਚਮੁੱਚ ਮੈਂ ਉਸ ਨੂੰ ਤਸੱਲੀ ਦੇਣਾ ਚਾਹੁੰਦਾ ਹਾਂ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
21 “ਇਸਰਾਏਲ ਦੇ ਲੋਕੋ, ਸੜਕਾਂ ਦੇ ਨਿਸ਼ਾਨ ਲਗਾ ਦੇਵੋ।
ਅਜਿਹੇ ਸੰਕੇਤ ਰੱਖ ਦਿਓ ਜਿਹੜੇ ਘਰ ਦਾ ਰਸਤਾ ਦਰਸਾਉਣ।
ਰਸਤੇ ਦੀ ਨਿਗਰਾਨੀ ਕਰੋ।
ਉਸ ਰਾਹ ਨੂੰ ਚੇਤੇ ਰੱਖੋ, ਜਿਸ ਉੱਤੇ ਤੁਸੀਂ ਤੁਰਦੇ ਜਾ ਰਹੇ ਹੋ।
ਇਸਰਾਏਲ, ਮੇਰੀ ਵਹੁਟੀਏ, ਘਰ ਆ ਜਾ।
ਆਪਣੇ ਕਸਬਿਆਂ ਨੂੰ ਵਾਪਸ ਆ ਜਾ।
22 ਬੇਵਫ਼ਾ ਪੁੱਤਰੀਏ,
ਤੂੰ ਕਿੰਨਾ ਕੁ ਚਿਰ ਇਧਰ ਓਧਰ ਭਟਕਦੀ ਰਹੇਂਗੀ?
“ਤੂੰ ਕਦੋਂ ਘਰ ਪਰਤ ਕੇ ਆਵੇਂਗ? ਜਦੋਂ ਯਹੋਵਾਹ ਧਰਤੀ ਉੱਤੇ ਕੋਈ ਨਵੀਂ ਸਿਰਜਣਾ ਕਰਦਾ ਹੈ:
ਆਦਮੀ ਦੁਆਲੇ ਔਰਤ।”
ਯਿਸੂ ਦੀ ਯਰੂਸ਼ਲਮ ਲਈ ਪੁਕਾਰ
41 ਜਦੋਂ ਯਿਸੂ ਯਰੂਸ਼ਲਮ ਦੇ ਨੇੜੇ ਆਇਆ, ਉਸ ਨੇ ਸ਼ਹਿਰ ਨੂੰ ਵੇਖਿਆ ਅਤੇ ਉਸ ਲਈ ਰੋਇਆ। 42 ਉਸ ਨੇ ਯਰੂਸ਼ਲਮ ਨੂੰ ਆਖਿਆ, “ਕਾਸ਼ ਕਿ ਤੂੰ ਅੱਜ ਇਹ ਜਾਣਦਾ ਕਿ ਤੇਰੇ ਲਈ ਕਿਹੜੀਆਂ ਗੱਲਾਂ ਸ਼ਾਂਤੀ ਲਿਆਉਣਗੀਆਂ। ਪਰ ਤੂੰ ਇਸ ਨੂੰ ਨਹੀਂ ਜਾਣ ਸੱਕਦਾ ਕਿਉਂਕਿ ਇਹ ਤੈਥੋਂ ਲੁਕੀਆਂ ਹੋਈਆਂ ਹਨ। 43 ਇੱਕ ਸਮਾਂ ਆਵੇਗਾ ਜਦੋਂ ਤੇਰੇ ਵੈਰੀ ਤੇਰੇ ਦੁਆਲੇ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਸਾਰੇ ਪਾਸਿਓ ਘੇਰਾ ਪਾ ਲੈਣਗੇ ਅਤੇ ਦਬਾਉ ਪਾਉਣਗੇ। 44 ਉਹ ਤੈਨੂੰ ਅਤੇ ਤੇਰੇ ਲੋਕਾਂ ਨੂੰ ਨਸ਼ਟ ਕਰ ਦੇਣਗੇ। ਉਹ ਇੱਕ ਪੱਥਰ ਨੂੰ ਦੂਜੇ ਪੱਥਰ ਉੱਤੇ ਟਿਕਿਆ ਨਹੀਂ ਰਹਿਣ ਦੇਣਗੇ। ਇਹ ਸਭ ਇਸ ਲਈ ਵਾਪਰੇਗਾ ਕਿਉਂਕਿ ਜਦੋਂ ਪਰਮੇਸ਼ੁਰ ਤੈਨੂੰ ਬਚਾਉਣ ਲਈ ਆਇਆ ਤੂੰ ਉਸ ਨੂੰ ਮਹਿਸੂਸ ਨਾ ਕੀਤਾ।”
2010 by World Bible Translation Center