Print Page Options
Previous Prev Day Next DayNext

Revised Common Lectionary (Semicontinuous)

Daily Bible readings that follow the church liturgical year, with sequential stories told across multiple weeks.
Duration: 1245 days
Punjabi Bible: Easy-to-Read Version (ERV-PA)
Version
ਯਸਾਯਾਹ 52:7-10

ਕਿਸੇ ਸੰਦੇਸ਼ਵਾਹਕ ਨੂੰ ਪਹਾੜੀ ਤੋਂ ਉੱਤਰ ਕੇ ਸ਼ੁਭ ਸਮਾਚਾਰ ਲਿਆਉਂਦਿਆਂ ਦੇਖਣਾ ਕਿੰਨਾ ਅਦਭੁਤ ਹੈ। ਸੰਦੇਸ਼ ਵਾਹਕ ਕੋਲੋਂ ਐਲਾਨ ਸੁਣਦਿਆਂ ਇਹ ਖੁਸ਼ੀ ਲਿਆਉਂਦਾ ਹੈ, “ਸੀਯੋਨ, ਇੱਥੇ ਅਮਨ ਹੈ! ਅਸੀਂ ਬਚ ਗਏ ਹਾਂ! ਤੁਹਾਡਾ ਪਰਮੇਸ਼ੁਰ ਰਾਜਾ ਹੈ।”

ਸ਼ਹਿਰ ਦੇ ਪਹਿਰੇਦਾਰ ਹੋਕਰੇ ਦੇਣਾ ਸ਼ੁਰੂ ਕਰਦੇ ਹਨ।
    ਉਹ ਮਿਲਕੇ ਖੁਸ਼ੀ ਮਨਾ ਰਹੇ ਹਨ!
ਕਿਉਂ ਕਿ ਉਨ੍ਹਾਂ ਵਿੱਚੋਂ ਹਰ ਕੋਈ, ਯਹੋਵਾਹ ਨੂੰ ਸੀਯੋਨ ਪਰਤਦਿਆਂ ਦੇਖਦਾ ਹੈ।

ਯਰੂਸ਼ਲ਼ਮ, ਤੇਰੇ ਤਬਾਹ ਹੋਏ ਭਵਨ ਫ਼ੇਰ ਖੁਸ਼ੀ ਨਾਲ ਭਰਪੂਰ ਹੋਣਗੇ।
ਤੁਸੀਂ ਸਾਰੇ ਮਿਲਕੇ ਖੁਸ਼ੀ ਮਨਾਓਗੇ, ਕਿਉਂ ਕਿ ਯਹੋਵਾਹ ਯਰੂਸ਼ਲਮ ਉੱਤੇ ਮਿਹਰਬਾਨ ਹੋਵੇਗਾ।
    ਯਹੋਵਾਹ ਆਪਣੇ ਬੰਦਿਆਂ ਨੂੰ ਬਚਾਵੇਗਾ।
10 ਯਹੋਵਾਹ ਆਪਣੀ ਪਵਿੱਤਰ ਸ਼ਕਤੀ ਸਮੂਹ ਕੌਮਾਂ ਨੂੰ ਦਰਸਾਏਗਾ।
    ਦੂਰ-ਦੁਰਾਡੇ ਦੇ ਸਾਰੇ ਦੇਸ਼ ਦੇਖਣਗੇ ਕਿ ਪਰਮੇਸ਼ੁਰ ਆਪਣੇ ਬੰਦਿਆਂ ਨੂੰ ਕਿਵੇਂ ਬਚਾਉਂਦਾ ਹੈ।

ਜ਼ਬੂਰ 98

ਉਸਤਤਿ ਦਾ ਇੱਕ ਗੀਤ।

98 ਯਹੋਵਾਹ ਲਈ ਕੋਈ ਨਵਾਂ ਗੀਤ ਗਾਵੋ
    ਕਿਉਂ ਕਿ ਉਸ ਨੇ ਕਈ ਨਵੇਂ ਚਮਤਕਾਰ ਕੀਤੇ ਹਨ।
ਉਸਦੀ ਪਵਿੱਤਰ ਸੱਜੀ ਬਾਂਹ ਨੇ
    ਇੱਕ ਵਾਰੇ ਫ਼ੇਰ ਜਿੱਤ ਉਸ ਨੂੰ ਜਿੱਤ ਪ੍ਰਦਾਨ ਕੀਤੀ ਹੈ।
ਪਰਮੇਸ਼ੁਰ ਨੇ ਕੌਮਾਂ ਨੂੰ ਬਚਾਉਣ ਲਈ ਆਪਣੀ ਸ਼ਕਤੀ ਦਰਸ਼ਾਈ ਹੈ।
    ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ ਚੰਗਿਆਈ ਦਰਸਾਈ।
ਉਸ ਦੇ ਚੇਲਿਆਂ ਨੇ ਪਰਮੇਸ਼ੁਰ ਦੀ ਇਸਰਾਏਲ ਦੇ ਲੋਕਾਂ ਲਈ ਵਫ਼ਾਦਾਰੀ ਨੂੰ ਯਾਦ ਕੀਤਾ।
    ਦੂਰ-ਦੁਰਾਡੇ ਦੇ ਦੇਸ਼ਾਂ ਨੇ ਸਾਡੇ ਪਰਮੇਸ਼ੁਰ ਦੀ ਰੱਖਿਆ ਕਰਨ ਦੀ ਸ਼ਕਤੀ ਦੇਖੀ।
ਹੇ ਧਰਤੀ ਉਤਲੇ ਹਰ ਵਿਅਕਤੀ ਯਹੋਵਾਹ ਲਈ ਖੁਸ਼ੀ ਦੇ ਬਰਬਤ ਗਜਾਉ।
    ਛੇਤੀ ਉਸਤਤਿ ਦੇ ਗੀਤ ਗਾਉਣੇ ਸ਼ੁਰੂ ਕਰੋ।
ਹੇ ਰਬਾਬ, ਯਹੋਵਾਹ ਦੀ ਉਸਤਤਿ ਕਰ।
    ਰਬਾਬ ਵਿੱਚੋਂ ਨਿਕਲਣ ਵਾਲੇ ਸੰਗੀਤ, ਉਸਦੀ ਉਸਤਤਿ ਕਰ।
ਨਰਸਿੰਘੇ ਅਤੇ ਵੰਝਲੀਆਂ ਵਜਾਉ,
    ਅਤੇ ਸਾਡੇ ਯਹੋਵਾਹ ਲਈ ਖੁਸ਼ੀ ਦੇ ਨਾਹਰੇ ਮਾਰੋ।
ਧਰਤੀ ਅਤੇ ਸਮੁੰਦਰ, ਅਤੇ ਉਸ ਵਿੱਚਲੇ
    ਸਭ ਕਾਸੇ ਨੂੰ ਉੱਚੀ ਆਵਾਜ਼ ਵਿੱਚ ਗਾਉਣ ਦਿਉ।
ਹੇ ਨਦੀਉ ਤਾਲੀਆਂ ਵਜਾਉ।
    ਸਾਰੇ ਪਹਾੜੋ ਇਕੱਠੇ ਹੋਕੇ ਗੀਤ ਗਾਵੋ।
ਯਹੋਵਾਹ ਦੇ ਸਾਹਮਣੇ ਗਾਵੋ,
    ਕਿਉਂਕਿ ਉਹ ਦੁਨੀਆਂ ਉੱਤੇ ਰਾਜ ਕਰਨ ਲਈ ਆ ਰਿਹਾ ਹੈ।
ਉਹ ਨਿਰਪੱਖ ਹੋਕੇ ਦੁਨੀਆਂ ਉੱਤੇ ਰਾਜ ਕਰੇਗਾ।
    ਉਹ ਚੰਗਿਆਈ ਨਾਲ ਲੋਕਾਂ ਉੱਤੇ ਰਾਜ ਕਰੇਗਾ।

ਇਬਰਾਨੀਆਂ ਨੂੰ 1:1-4

ਪਰਮੇਸ਼ੁਰ ਅਪਣੇ ਪੁੱਤਰ ਰਾਹੀਂ ਬੋਲਿਆ

ਅਤੀਤ ਵਿੱਚ, ਪਰਮੇਸ਼ੁਰ ਨਬੀਆਂ ਰਾਹੀਂ ਸਾਡੇ ਪੁਰਖਿਆਂ ਨਾਲ ਬੋਲਿਆ। ਪਰਮੇਸ਼ੁਰ ਨੇ ਉਨ੍ਹਾਂ ਨਾਲ ਗੱਲ ਕੀਤੀ। ਅਤੇ ਹੁਣ ਇਨ੍ਹਾਂ ਆਖਰੀ ਦਿਨਾਂ ਵਿੱਚ ਪਰਮੇਸ਼ੁਰ ਨੇ ਫ਼ੇਰ ਸਾਡੇ ਨਾਲ ਗੱਲ ਕੀਤੀ ਹੈ। ਪਰਮੇਸ਼ੁਰ ਨੇ ਸਾਡੇ ਨਾਲ ਅਪਣੇ ਪੁੱਤਰ ਰਾਹੀਂ ਗੱਲ ਕੀਤੀ ਹੈ। ਪਰਮੇਸ਼ੁਰ ਨੇ ਸਾਰੀ ਦੁਨੀਆਂ ਆਪਣੇ ਪੁੱਤਰ ਰਾਹੀਂ ਸਾਜੀ। ਪਰਮੇਸ਼ੁਰ ਨੇ ਇਸ ਨੂੰ ਆਪਣੇ ਪੁੱਤਰ ਰਾਹੀਂ ਸਾਜਿਆ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸਾਰੀਆਂ ਚੀਜ਼ਾਂ ਦਾ ਉੱਤਰਾਧਿਕਾਰੀ ਹੋਣ ਲਈ ਚੁਣਿਆ। ਪੁੱਤਰ ਪਰਮੇਸ਼ੁਰ ਦੀ ਮਹਿਮਾ ਨੂੰ ਦਰਸ਼ਾਉਂਦਾ ਹੈ। ਉਹ ਪਰਮੇਸ਼ੁਰ ਦੇ ਸੁਭਾ ਦੀ ਸੰਪੂਰਣ ਨਕਲ ਹੈ। ਪੁੱਤਰ ਆਪਣੇ ਸ਼ਕਤੀ ਸ਼ਾਲੀ ਆਦੇਸ਼ ਰਾਹੀਂ ਹਰ ਚੀਜ਼ ਨੂੰ ਬੰਨ੍ਹ ਕੇ ਰੱਖਦਾ ਹੈ। ਪੁੱਤਰ ਨੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਸਾਫ਼ ਕਰ ਦਿੱਤਾ। ਫ਼ੇਰ ਉਹ ਸਵਰਗ ਵਿੱਚ ਰਹਿਣ ਵਾਲੇ ਮਹਾਂ ਪੁਰੱਖ ਦੇ ਸੱਜੇ ਹੱਥ ਬੈਠ ਗਿਆ। ਪਰਮੇਸ਼ੁਰ ਨੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਕਿਸੇ ਵੀ ਦੂਤ ਦੇ ਨਾਂ ਨਾਲੋਂ ਮਹਾਨ ਸੀ। ਅਤੇ ਉਹ ਦੂਤ ਨਾਲੋਂ ਵੀ ਕਿੰਨਾ ਵੱਧੇਰੇ ਮਹਾਨ ਬਣ ਗਿਆ।

ਇਬਰਾਨੀਆਂ ਨੂੰ 1:5-12

ਪਰਮੇਸ਼ੁਰ ਨੇ ਆਪਣੇ ਕਿਸੇ ਵੀ ਦੂਤ ਨੂੰ ਅਜਿਹੀਆਂ ਗੱਲਾਂ ਨਹੀਂ ਆਖੀਆਂ:

“ਤੂੰ ਮੇਰਾ ਪੁੱਤਰ ਹੈਂ;
    ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।” (A)

ਪਰਮੇਸ਼ੁਰ ਨੇ ਕਦੇ ਵੀ ਕਿਸੇ ਦੂਤ ਨੂੰ ਨਹੀਂ ਆਖਿਆ,

“ਮੈਂ ਉਸਦਾ ਪਿਤਾ ਹੋਵਾਂਗਾ,
    ਅਤੇ ਉਹ ਮੇਰਾ ਪੁੱਤਰ ਬਣੇਗਾ।” (B)

ਅਤੇ ਜਦੋਂ ਪਰਮੇਸ਼ੁਰ ਆਪਣੇ ਪਹਿਲਾਂ ਜਨਮੇ [a] ਪੁੱਤਰ ਨੂੰ ਦੁਨੀਆਂ ਅੰਦਰ ਲਿਆਵੇਗਾ, ਤਾਂ ਆਖਦਾ ਹੈ,

“ਪਰਮੇਸ਼ੁਰ ਦੇ ਸਾਰੇ ਦੂਤ ਪੁੱਤਰ ਦੀ ਉਪਾਸਨਾ ਕਰਨ।” (C)

ਦੂਤਾਂ ਬਾਰੇ ਪਰਮੇਸ਼ੁਰ ਨੇ ਇਹ ਆਖਿਆ,

“ਪਰਮੇਸ਼ੁਰ ਆਪਣੇ ਦੂਤਾਂ ਨੂੰ ਹਵਾਵਾਂ ਵਰਗਾ ਬਣਾਉਂਦਾ ਹੈ
    ਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ਵਰਗਾ ਬਣਾਉਂਦਾ ਹੈ।” (D)

ਪਰ ਪਰਮੇਸ਼ੁਰ ਨੇ ਆਪਣੇ ਪੁੱਤਰ ਬਾਰੇ ਇਹ ਆਖਿਆ:

“ਹੇ ਪਰਮੇਸ਼ੁਰ, ਤੇਰਾ ਤਖਤ ਸਦਾ ਸਦਾ ਲਈ ਸਲਾਮਤ ਰਹੇਗਾ,
    ਤੂੰ ਆਪਣੀ ਬਾਦਸ਼ਾਹਤ ਉੱਪਰ ਸਹੀ ਨਿਆਂ ਵਾਲੀ ਹਕੂਮਤ ਕਰੇਗਾ।
ਤੂੰ ਉਸੇ ਨੂੰ ਪਿਆਰ ਕੀਤਾ ਜੋ ਸਹੀ ਹੈ ਅਤੇ ਉਸ ਨੂੰ ਨਫ਼ਰਤ ਕੀਤੀ ਜੋ ਗਲਤ ਹੈ।
    ਇਸੇ ਲਈ, ਪਰਮੇਸ਼ੁਰ ਨੇ, ਤੇਰੇ ਪਰਮੇਸ਼ੁਰ ਨੇ,
    ਤੈਨੂੰ ਤੇਰੇ ਸਾਥੀਆਂ ਨਾਲੋਂ ਵੱਧੇਰੇ ਆਨੰਦ ਦਿੱਤਾ ਹੈ।” (E)

10 ਪਰਮੇਸ਼ੁਰ ਇਹ ਵੀ ਆਖਦਾ ਹੈ,

“ਹੇ ਪ੍ਰਭੂ, ਮੁੱਢ ਵਿੱਚ ਤੂੰ ਧਰਤੀ ਨੂੰ ਸਾਜਿਆ
    ਅਤੇ ਤੇਰੇ ਹੱਥਾਂ ਨੇ ਅਕਾਸ਼ ਨੂੰ ਸਾਜਿਆ।
11 ਇਹ ਚੀਜ਼ਾਂ ਅਲੋਪ ਹੋ ਜਾਣਗੀਆਂ ਪਰ ਤੂੰ ਰਹੇਗਾ।
    ਸਾਰੀਆਂ ਚੀਜ਼ਾਂ ਕੱਪੜਿਆਂ ਵਾਂਗ ਪੁਰਾਣੀਆਂ ਹੋ ਜਾਣਗੀਆਂ।
12 ਤੂੰ ਉਨ੍ਹਾਂ ਦੀ ਕੋਟ ਵਾਂਗ ਤਹਿ ਲਾਵੇਂਗਾ।
    ਅਤੇ ਉਹ ਕੱਪੜਿਆਂ ਵਾਂਗ ਤਬਦੀਲ ਹੋ ਜਾਣਗੀਆਂ।
ਪਰ ਤੂੰ ਕਦੇ ਤਬਦੀਲ ਨਹੀਂ ਹੋਵੇਗਾ।
    ਅਤੇ ਤੇਰੇ ਜੀਵਨ ਦਾ ਕਦੇ ਅੰਤ ਨਹੀਂ ਹੋਵੇਗਾ।” (F)

ਯੂਹੰਨਾ 1:1-14

ਯਿਸੂ ਦਾ ਸੰਸਾਰ ਵਿੱਚ ਆਉਣਾ

ਸੰਸਾਰ ਦੇ ਆਦਿ ਤੋਂ ਪਹਿਲਾਂ ਸ਼ਬਦ [a] ਸੀ। ਸ਼ਬਦ ਪਰਮੇਸ਼ੁਰ ਦੇ ਸੰਗ ਸੀ। ਅਤੇ ਸ਼ਬਦ ਪਰਮੇਸ਼ੁਰ ਸੀ। ਉਹ ਆਦਿ ਵਿੱਚ ਪਰਮੇਸ਼ੁਰ ਦੇ ਸੰਗ ਸੀ। ਸਭ ਕੁਝ ਉਸ ਦੇ ਰਾਹੀਂ ਸਾਜਿਆ ਗਿਆ ਸੀ। ਉਸਤੋਂ ਬਿਨਾ ਕੁਝ ਵੀ ਨਹੀਂ ਸੀ ਰਚਿਆ ਗਿਆ। ਉਸ ਵਿੱਚ ਜੀਵਨ ਸੀ। ਉਹ ਜੀਵਨ ਸੰਸਾਰ ਦੇ ਲੋਕਾਂ ਵਾਸਤੇ ਚਾਨਣ ਸੀ। ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ ਤੇ ਹਨੇਰੇ ਨੇ ਕਦੇ ਵੀ ਇਸ ਨੂੰ ਨਹੀਂ ਬੁਝਾਇਆ।

ਇੱਕ ਆਦਮੀ ਸੀ ਜਿਸਦਾ ਨਾਮ ਯੂਹੰਨਾ ਸੀ ਉਸ ਨੂੰ ਪਰਮੇਸ਼ੁਰ ਵੱਲੋਂ ਭੇਜਿਆ ਗਿਆ ਸੀ। ਯੂਹੰਨਾ, ਲੋਕਾਂ ਨੂੰ ਚਾਨਣ ਬਾਰੇ ਗਵਾਹੀ ਦੇਣ ਆਇਆ। ਤਾਂ ਜੋ ਯੂਹੰਨਾ ਰਾਹੀਂ ਸਾਰੇ ਲੋਕ ਚਾਨਣ ਤੇ ਵਿਸ਼ਵਾਸ ਕਰ ਸੱਕਣ। ਯੂਹੰਨਾ ਖੁਦ ਉਹ ਚਾਨਣ ਨਹੀਂ ਸੀ। ਪਰ ਯੂਹੰਨਾ ਲੋਕਾਂ ਨੂੰ ਚਾਨਣ ਬਾਰੇ ਸਾਖੀ ਦੇਣ ਲਈ ਆਇਆ ਸੀ। ਅਸਲ ਚਾਨਣ ਦੁਨੀਆਂ ਵਿੱਚ ਆਉਣ ਵਾਲਾ ਸੀ। ਇਹ ਅਸਲ ਚਾਨਣ ਸੀ ਜੋ ਸਾਰੇ ਮਨੁੱਖਾਂ ਨੂੰ ਉਜਾਲਾ ਦਿੰਦਾ ਹੈ।

10 ਸ਼ਬਦ ਪਹਿਲਾਂ ਤੋਂ ਹੀ ਸੰਸਾਰ ਵਿੱਚ ਸੀ। ਉਸ ਰਾਹੀਂ ਸੰਸਾਰ ਰਚਿਆ ਗਿਆ ਸੀ। ਪਰ ਸੰਸਾਰ ਨੇ ਉਸ ਨੂੰ ਨਹੀਂ ਪਛਾਣਿਆ। 11 ਉਹ ਆਪਣੇ ਘਰ ਵਿੱਚ ਆਇਆ ਸੀ, ਪਰ ਉਸ ਦੇ ਆਪਣੇ ਹੀ ਲੋਕਾਂ ਨੇ ਉਸ ਨੂੰ ਕਬੂਲ ਨਾ ਕੀਤਾ। 12 ਕੁਝ ਲੋਕਾਂ ਨੇ ਉਸ ਨੂੰ ਕਬੂਲ ਕੀਤਾ ਅਤੇ ਉਸ ਵਿੱਚ ਵਿਸ਼ਵਾਸ ਕੀਤਾ, ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬੱਚੇ ਹੋਣ ਦਾ ਹੱਕ ਦਿੱਤਾ। 13 ਨਾ ਹੀ ਉਹ ਮਨੁੱਖਾਂ ਦੇ ਕੁਦਰਤੀ ਤਰੀਕੇ ਵਾਂਗ, ਨਾ ਹੀ ਸ਼ਰੀਰਕ ਇੱਛਾ ਨਾਲ, ਅਤੇ ਨਾ ਹੀ ਉਨ੍ਹਾਂ ਦੇ ਮਾਪਿਆਂ ਦੀ ਵਿਉਂਤ ਨਾਲ, ਜਨਮੇ ਸਨ। ਉਹ ਪਰਮੇਸ਼ੁਰ ਤੋਂ ਜਨਮੇ ਸਨ।

14 ਸ਼ਬਦ ਮਨੁੱਖ ਬਣ ਗਿਆ ਅਤੇ ਸਾਡੇ ਵਿੱਚ ਰਿਹਾ। ਅਸੀਂ ਉਸਦੀ ਮਹਿਮਾ ਦੇਖੀ। ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਨਾਲ ਸੰਬੰਧਿਤ ਹੈ। ਇਹ ਸ਼ਬਦ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਸੀ।

Punjabi Bible: Easy-to-Read Version (ERV-PA)

2010 by World Bible Translation Center