Revised Common Lectionary (Semicontinuous)
117 ਤੁਸੀਂ ਸਾਰੀਉ ਕੌਮੋ, ਯਹੋਵਾਹ ਦੀ ਉਸਤਤਿ ਕਰੋ।
ਤੁਸੀਂ ਸਾਰਿਉ ਲੋਕੋ, ਯਹੋਵਾਹ ਦੀ ਉਸਤਤਿ ਕਰੋ।
2 ਪਰਮੇਸ਼ੁਰ ਸਾਨੂੰ ਬਹੁਤ ਪਿਆਰ ਕਰਦਾ ਹੈ।
ਅਤੇ ਪਰਮੇਸ਼ੁਰ ਸਾਡੇ ਨਾਲ ਸਦਾ ਹੀ ਸੱਚਾ ਰਹੇਗਾ!
ਯਹੋਵਾਹ ਦੀ ਉਸਤਤਿ ਕਰੋ।
ਉਮੀਦ ਦੇ ਇਕਰਾਰ
30 ਇਹ ਉਹ ਸੰਦੇਸ਼ ਹੈ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਮਿਲਿਆ। 2 ਯਹੋਵਾਹ ਇਸਰਾਏਲ ਦੇ ਲੋਕਾਂ ਦੇ ਪਰਮੇਸ਼ੁਰ, ਨੇ ਆਖਿਆ ਸੀ, “ਯਿਰਮਿਯਾਹ, ਜਿਹੜੇ ਸ਼ਬਦ ਮੈਂ ਤੈਨੂੰ ਆਖੇ ਨੇ ਉਨ੍ਹਾਂ ਨੂੰ ਇੱਕ ਕਿਤਾਬ ਵਿੱਚ ਲਿਖ ਲੈ। ਇਹ ਕਿਤਾਬ ਖੁਦ ਆਪਣੇ ਲਈ ਲਿਖ। 3 ਅਜਿਹਾ ਹੀ ਕਰ ਕਿਉਂ ਕਿ ਉਹ ਦਿਨ ਆਉਣਗੇ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਜਦੋਂ ਮੈਂ ਆਪਣੇ ਲੋਕਾਂ ਨੂੰ ਜਲਾਵਤਨੀ ਵਿੱਚੋਂ ਵਾਪਸ ਇਸਰਾਏਲ ਅਤੇ ਯਹੂਦਾਹ ਵਿੱਚ ਲਿਆਵਾਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। “ਮੈਂ ਉਨ੍ਹਾਂ ਲੋਕਾਂ ਨੂੰ ਉਸੇ ਧਰਤੀ ਉੱਤੇ ਵਸਾ ਦਿਆਂਗਾ ਜਿਹੜੀ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ। ਫ਼ੇਰ ਮੇਰੇ ਬੰਦੇ ਉਸ ਧਰਤੀ ਦੇ ਦੋਬਾਰਾ ਮਾਲਿਕ ਹੋਣਗੇ।”
4 ਯਹੋਵਾਹ ਨੇ ਇਹ ਸੰਦੇਸ਼ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਲਈ ਸੁਣਾਇਆ। 5 ਇਹੀ ਹੈ ਜੋ ਯਹੋਵਾਹ ਨੇ ਆਖਿਆ:
“ਅਸੀਂ ਲੋਕਾਂ ਨੂੰ ਡਰ ਨਾਲ ਚੀਕਦਿਆਂ ਸੁਣਦੇ ਹਾਂ! ਲੋਕ ਭੈਭੀਤ ਨੇ!
ਇੱਥੇ ਕੋਈ ਸ਼ਾਂਤੀ ਨਹੀਂ!
6 “ਇਹ ਸਵਾਲ ਪੁੱਛੋ ਅਤੇ ਇਸ ਬਾਰੇ ਸੋਚੋ:
ਕੀ ਕੋਈ ਆਦਮੀ ਬੱਚਾ ਪੈਦਾ ਕਰ ਸੱਕਦਾ ਹੈ? ਬੇਸੱਕ ਨਹੀਂ!
ਫ਼ੇਰ ਮੈਂ ਹਰ ਤਾਕਤਵਰ ਬੰਦੇ ਨੂੰ ਆਪਣੇ ਪੇਟ ਨੂੰ ਸਾਂਭਦਿਆਂ ਕਿਉਂ ਦੇਖਦਾ ਹਾਂ,
ਜਿਵੇਂ ਕੋਈ ਔਰਤ ਜਨਮ ਪੀੜਾਂ ਸਹਿ ਰਹੀ ਹੋਵੇ?
ਹਰ ਬੰਦੇ ਦਾ ਚਿਹਰਾ ਮਰੇ ਹੋਏ ਬੰਦੇ ਵਾਂਗ ਸਫ਼ੇਦ ਕਿਉਂ ਹੋ ਰਿਹਾ ਹੈ?
ਕਿਉਂ ਲੋਕ ਡਰੇ ਹੋਏ ਨੇ।
7 “ਯਾਕੂਬ ਲਈ ਇਹ ਬਹੁਤ ਮਹੱਤਵਪੂਰਣ ਸਮਾਂ ਹੈ।
ਇਹ ਸਮਾਂ ਵੱਡੀ ਬਿਪਤਾ ਵਾਲਾ ਹੈ।
ਇਹੋ ਜਿਹਾ ਸਮਾਂ ਕਦੇ ਵੀ ਨਹੀਂ ਹੋਵੇਗਾ।
ਪਰ ਯਾਕੂਬ ਬਚ ਜਾਵੇਗਾ।
8 “ਉਸ ਸਮੇਂ,” ਇਹ ਸੰਦੇਸ਼ ਸਰਬ ਸ਼ਕਤੀਮਾਨ ਯਹੋਵਾਹ ਵੱਲੋਂ, “ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਦੇ ਗਲਾਂ ਵਿੱਚ ਪਾਏ ਹੋਏ ਜੂਲੇ ਨੂੰ ਤੋੜ ਦਿਆਂਗਾ। ਅਤੇ ਮੈਂ ਤੁਹਾਨੂੰ ਬੰਨ੍ਹਣ ਵਾਲੀਆਂ ਰਸੀਆਂ ਨੂੰ ਤੋੜ ਦਿਆਂਗਾ। ਵਿਦੇਸ਼ੀ ਲੋਕ ਫ਼ੇਰ ਕਦੇ ਵੀ ਮੇਰੇ ਲੋਕਾਂ ਨੂੰ ਗੁਲਾਮ ਬਣ ਜਾਣ ਲਈ ਮਜ਼ਬੂਰ ਨਹੀਂ ਕਰਨਗੇ। 9 ਇਸਰਾਏਲ ਅਤੇ ਯਹੂਦਾਹ ਦੇ ਲੋਕ ਵਿਦੇਸ਼ੀ ਲੋਕਾਂ ਦੀ ਸੇਵਾ ਨਹੀਂ ਕਰਨਗੇ। ਨਹੀਂ! ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਨਗੇ ਅਤੇ ਉਹ ਆਪਣੇ ਰਾਜੇ ਦਾਊਦ ਦੀ ਸੇਵਾ ਕਰਨਗੇ, ਰਾਜੇ ਨੂੰ ਮੈਂ ਉਨ੍ਹਾਂ ਦੇ ਪਾਸ ਭੇਜ ਦਿਆਂਗਾ।
10 “ਇਸ ਲਈ, ਯਾਕੂਬ, ਮੇਰੇ ਸੇਵਕ, ਭੈਭੀਤ ਨਾ ਹੋ!”
ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
“ਹੇ ਇਸਰਾਏਲ ਇਸਦੇ ਕਾਰਣ ਭੈਭੀਤ ਨਾ ਹੋ।
ਮੈਂ ਤੈਨੂੰ ਉਨ੍ਹਾਂ ਦੂਰ ਦੁਰਾਡੀਆਂ ਥਾਵਾਂ ਤੋਂ ਬਚਾਵਾਂਗਾ।
ਮੈਂ ਤੇਰੇ ਉੱਤਰਾਧਿਕਾਰੀਆਂ ਨੂੰ ਉਸ ਦੂਰ-ਦੁਰਾਡੇ ਦੇਸ ਤੋਂ ਬਚਾਵਾਂਗਾ ਜਿੱਥੇ ਉਹ ਬੰਦੀ ਹਨ
ਅਤੇ ਉਨ੍ਹਾਂ ਨੂੰ ਵਾਪਸ ਲਿਆਵਾਂਗਾ।
ਯਾਕੂਬ ਨੂੰ ਫ਼ੇਰ ਸ਼ਾਂਤੀ ਮਿਲੇਗੀ।
ਲੋਕ ਯਾਕੂਬ ਨੂੰ ਤੰਗ ਨਹੀਂ ਕਰਨਗੇ।
ਇੱਥੇ, ਮੇਰੇ ਲੋਕਾਂ ਨੂੰ ਭੈਭੀਤ ਕਰਨ ਵਾਲਾ ਕੋਈ ਦੁਸ਼ਮਣ ਨਹੀਂ ਹੋਵੇਗਾ।
11 ਇਸਰਾਏਲ ਅਤੇ ਯਹੂਦਾਹ ਦੇ ਲੋਕੋ, ਮੈਂ ਤੁਹਾਡੇ ਨਾਲ ਹਾਂ।”
ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
“ਅਤੇ ਮੈਂ ਤੁਹਾਨੂੰ ਬਚਾਵਾਂਗਾ।
ਮੈਂ ਤੁਹਾਨੂੰ ਉਨ੍ਹਾਂ ਕੌਮਾਂ ਕੋਲ ਭੇਜਿਆ ਸੀ।
ਪਰ ਮੈਂ ਉਨ੍ਹਾਂ ਸਾਰੀਆਂ ਕੌਮਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ।
ਇਹ ਠੀਕ ਹੈ, ਮੈਂ ਉਨ੍ਹਾਂ ਕੌਮਾਂ ਨੂੰ ਤਬਾਹ ਕਰ ਦਿਆਂਗਾ।
ਪਰ ਮੈਂ ਤੁਹਾਨੂੰ ਤਬਾਹ ਨਹੀਂ ਕਰਾਂਗਾ।
ਤੁਹਾਨੂੰ ਤੁਹਾਡੇ ਮੰਦੇ ਅਮਲਾਂ ਲਈ ਅਵੱਸ਼ ਸਜ਼ਾ ਮਿਲੇਗੀ।
ਪਰ ਮੈਂ ਤੁਹਾਨੂੰ ਨਿਰਪੱਖ ਹੋਕੇ ਸਬਕ ਸਿੱਖਾਵਾਂਗਾ।”
12 ਯਹੋਵਾਹ ਆਖਦਾ ਹੈ:
ਇਸਰਾਏਲ ਅਤੇ ਯਹੂਦਾਹ ਦੇ ਲੋਕੋ, ਤੁਹਾਨੂੰ ਅਜਿਹਾ ਜ਼ਖਮ ਲੱਗਿਆ ਹੈ ਜਿਹੜਾ ਠੀਕ ਨਹੀਂ ਹੋ ਸੱਕਦਾ।
ਤੁਹਾਨੂੰ ਨਾ ਠੀਕ ਹੋਣ ਵਾਲੀ ਚੋਟ ਲਗੀ ਹੈ।
13 ਇੱਥੇ ਤੁਹਾਡੇ ਜ਼ਖਮਾਂ ਨੂੰ ਦੇਖਣ ਵਾਲਾ ਕੋਈ ਬੰਦਾ ਨਹੀਂ।
ਇਸ ਲਈ ਤੁਸੀਂ ਰਾਜ਼ੀ ਨਹੀਂ ਹੋਵੋਂਗੇ।
14 ਤੁਸੀਂ ਬਹੁਤ ਕੌਮਾਂ ਦੇ ਦੋਸਤ ਬਣ ਗਏ ਸੀ।
ਪਰ ਉਹ ਕੌਮਾਂ ਤੁਹਾਡਾ ਧਿਆਨ ਨਹੀਂ ਰੱਖਦੀਆਂ।
ਦੋਸਤ ਤੁਹਾਨੂੰ ਭੁੱਲ ਗਏ ਨੇ।
ਮੈਂ ਤੁਹਾਨੂੰ ਦੁਸ਼ਮਣ ਵਾਂਗ ਚੋਟ ਪਹੁੰਚਾਈ।
ਮੈਂ ਤੁਹਾਨੂੰ ਬਹੁਤ ਸਖਤ ਸਜ਼ਾ ਦਿੱਤੀ।
ਅਜਿਹਾ ਮੈਂ ਤੁਹਾਡੇ ਵੱਡੇ ਦੋਸ਼ ਕਰਕੇ ਕੀਤਾ।
ਅਜਿਹਾ ਮੈਂ ਤੁਹਾਡੇ ਬਹੁਤ ਸਾਰੇ ਪਾਪਾਂ ਕਰਕੇ ਕੀਤਾ।
15 ਇਸਰਾਏਲ ਤੇ ਯਹੂਦਾਹ, ਤੁਸੀਂ ਆਪਣੇ ਜ਼ਖਮਾਂ ਬਾਰੇ ਚੀਕਾਂ ਕਿਉਂ ਮਾਰ ਰਹੇ ਹੋ?
ਤੁਹਾਡਾ ਜ਼ਖਮ ਬਹੁਤ ਕਸ਼ਟਦਾਇੱਕ ਹੈ, ਅਤੇ ਇਸ ਦਾ ਕੋਈ ਇਲਾਜ਼ ਨਹੀਂ।
ਮੈਂ, ਯਹੋਵਾਹ ਨੇ ਤੁਹਾਡੇ ਵੱਡੇ ਦੋਸ਼ ਕਾਰਣ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ।
ਇਹ ਗੱਲਾਂ ਮੈਂ ਤੁਹਾਡੇ ਬਹੁਤ ਸਾਰੇ ਪਾਪਾਂ ਕਰਕੇ ਕੀਤੀਆਂ।
16 ਉਨ੍ਹਾਂ ਕੌਮਾਂ ਤੁਹਾਨੂੰ ਤਬਾਹ ਕੀਤਾ ਸੀ
ਪਰ ਉਹ ਖੁਦ ਤਬਾਹ ਹੋ ਗਈਆਂ ਨੇ।
ਇਸਰਾਏਲ ਤੇ ਯਹੂਦਾਹ, ਤੁਹਾਡੇ ਦੁਸ਼ਮਣ ਬੰਦੀ ਬਣ ਜਾਣਗੇ।
ਉਨ੍ਹਾਂ ਲੋਕਾਂ ਤੁਹਾਡੀਆਂ ਚੀਜ਼ਾਂ ਚੁਰਾਈਆਂ ਸਨ।
ਪਰ ਹੋਰ ਲੋਕੀਂ ਉਨ੍ਹਾਂ ਦੀ ਚੋਰੀ ਕਰਨਗੇ।
ਉਨ੍ਹਾਂ ਲੋਕਾਂ ਜੰਗ ਅੰਦਰ ਤੁਹਾਡੀਆਂ ਚੀਜ਼ਾਂ ਖੋਹੀਆਂ ਸਨ।
ਪਰ ਹੁਣ ਦੂਸਰੇ ਲੋਕ ਜੰਗ ਅੰਦਰ ਉਨ੍ਹਾਂ ਦੀਆਂ ਚੀਜ਼ਾਂ ਖੋਹਣਗੇ।
17 ਅਤੇ ਮੈਂ ਤੁਹਾਡੀ ਸਿਹਤ ਵਾਪਸ ਪਰਤਾਵਾਂਗਾ।
ਅਤੇ ਮੈਂ ਤੁਹਾਡੇ ਜ਼ਖਮਾਂ ਦਾ ਇਲਾਜ਼ ਕਰਾਂਗਾ।
ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
“ਕਿਉਂ? ਕਿਉਂ ਕਿ ਹੋਰਨਾਂ ਲੋਕਾਂ ਤੁਹਾਨੂੰ ਅਛੂਤ ਆਖਿਆ।
ਉਨ੍ਹਾਂ ਲੋਕਾਂ ਨੇ ਆਖਿਆ, ‘ਕੋਈ ਵੀ ਸੀਯੋਨ ਵੱਲ ਧਿਆਨ ਨਹੀਂ ਦਿੰਦਾ।’”
5 ਜਿਹੜਾ ਤਖਤ ਉੱਤੇ ਬੈਠਾ ਸੀ ਉਸ ਨੇ ਆਖਿਆ, “ਦੇਖੋ। ਮੈਂ ਹਰ ਚੀਜ਼ ਨਵੀਂ ਬਣਾ ਰਿਹਾ ਹਾਂ।” ਫ਼ੇਰ ਉਸ ਨੇ ਆਖਿਆ, “ਇਸ ਨੂੰ ਲਿਖੋ ਕਿਉਂਕਿ ਇਹ ਸ਼ਬਦ ਸੱਚੇ ਹਨ ਅਤੇ ਇਨ੍ਹਾਂ ਉੱਪਰ ਭਰੋਸਾ ਕੀਤਾ ਜਾ ਸੱਕਦਾ ਹੈ।”
6 ਜਿਹੜਾ ਤਖਤ ਉੱਤੇ ਬੈਠਾ ਸੀ ਉਸ ਨੇ ਮੈਨੂੰ ਆਖਿਆ, “ਇਹ ਖਤਮ ਹੋ ਚੁੱਕਿਆ ਹੈ। ਮੈਂ ਹੀ ਅਲਫ਼ਾ ਅਤੇ ਓਮੇਗਾ ਹਾਂ। ਮੈਂ ਹੀ ਆਦ ਅਤੇ ਅੰਤ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਮੁਫ਼ਤ ਹੀ ਜੀਵਨ ਦੇ ਪਾਣੀ ਦੇ ਝਰਨੇ ਤੋਂ ਪਾਣੀ ਦਿਆਂਗਾ, ਜਿਹੜੇ ਪਿਆਸੇ ਹਨ। 7 ਜਿਹੜਾ ਵੀ ਵਿਅਕਤੀ ਜਿੱਤ ਪ੍ਰਾਪਤ ਕਰਦਾ ਹੈ ਉਹ ਇਸ ਸਭ ਕੁਝ ਨੂੰ ਪ੍ਰਾਪਤ ਕਰੇਗਾ। ਅਤੇ ਮੈਂ ਉਸਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। 8 ਪਰ ਉਹ ਲੋਕ ਜਿਹੜੇ ਕਾਇਰ ਹਨ, ਉਹ ਲੋਕ ਜਿਹੜੇ ਵਿਸ਼ਵਾਸ ਤੋਂ ਮੁਨਕਰ ਹਨ, ਉਹ ਲੋਕ ਜਿਹੜੇ ਭਿਆਨਕ ਗੱਲਾਂ ਕਰਦੇ ਹਨ, ਉਹ ਲੋਕ ਜਿਹੜੇ ਕਤਲ ਕਰਦੇ ਹਨ, ਉਹੋ ਕਿ ਜਿਹੜੇ ਜਿਨਸੀ ਪਾਪ ਕਰਦੇ ਹਨ, ਉਹ ਲੋਕ ਜਿਹੜੇ ਕਾਲਾ ਜਾਦੂ ਕਰਦੇ ਹਨ, ਉਹ ਲੋਕ ਜਿਹੜੇ ਮੂਰਤੀ ਉਪਾਸਨਾ ਕਰਦੇ ਹਨ, ਅਤੇ ਉਹ ਲੋਕ ਜਿਹੜੇ ਝੂਠ ਬੋਲਦੇ ਹਨ, ਉਨ੍ਹਾਂ ਸਾਰੇ ਲੋਕਾਂ ਦੀ ਥਾਂ ਬਦਲੀ ਹੋਈ ਗੰਧਕ ਦੀ ਝੀਲ ਵਿੱਚ ਹੋਵੇਗੀ। ਇਹੀ ਹੈ ਦੂਸਰੀ ਮੌਤ।”
9 ਉਨ੍ਹਾਂ ਸੱਤਾਂ ਦੂਤਾਂ ਵਿੱਚੋਂ ਇੱਕ ਮੇਰੇ ਕੋਲ ਆਇਆ, ਜਿਸ ਕੋਲ ਆਖਰੀ ਸੱਤ ਮੁਸ਼ਕਿਲਾਂ ਨਾਲ ਭਰੇ ਸੱਤ ਕਟੋਰੇ ਸਨ। ਦੂਤ ਨੇ ਆਖਿਆ, “ਮੇਰੇ ਨਾਲ ਆ, ਮੈਂ ਤੁਹਾਨੂੰ ਲੇਲੇ ਦੀ ਪਤਨੀ, ਲਾੜੀ ਦਿਖਾਵਾਂਗਾ।” 10 ਦੂਤ ਮੈਨੂੰ ਆਤਮਾ ਨਾਲ ਚੁੱਕਕੇ ਇੱਕ ਬਹੁਤ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ। ਦੂਤ ਨੇ ਮੈਨੂੰ ਯਰੂਸ਼ਲਮ ਦਾ ਪਵਿੱਤਰ ਸ਼ਹਿਰ ਦਿਖਾਇਆ। ਇਹ ਸ਼ਹਿਰ ਪਰਮੇਸ਼ੁਰ ਵੱਲੋਂ ਸਵਰਗ ਤੋਂ ਬਾਹਰ ਆ ਰਿਹਾ ਸੀ।
11 ਇਹ ਸ਼ਹਿਰ ਪਰਮੇਸ਼ੁਰ ਦੀ ਮਹਿਮਾ ਨਾਲ ਚਮਕ ਰਿਹਾ ਸੀ। ਇਹ ਕਿਸੇ ਬਹੁਤ ਹੀ ਕੀਮਤੀ ਜਵਾਹਰ ਵਾਂਗ, ਇੱਕ ਪੁਰੱਖਤ ਪੱਥਰ ਵਾਂਗੂ ਚਮਕ ਰਿਹਾ ਸੀ। ਇਹ ਬਲੌਰ ਵਰਗਾ ਸਾਫ਼ ਸੀ। 12 ਉਸ ਸ਼ਹਿਰ ਦੇ ਗਿਰਦ ਬਹੁਤ ਉੱਚੀ ਕੰਧ ਸੀ ਜਿਸਦੇ ਬਾਰ੍ਹਾਂ ਦਰਵਾਜ਼ੇ ਸਨ। ਇਨ੍ਹਾਂ ਦਰਵਾਜ਼ਿਆਂ ਉੱਪਰ ਬਾਰ੍ਹਾਂ ਦੂਤ ਖਲੋਤੇ ਸਨ। ਦਰਵਾਜ਼ਿਆਂ ਉੱਤੇ ਇਸਰਾਏਲ ਦੇ ਹਰ ਵੰਸ਼ ਦੇ ਮੁਖੀ ਦੇ ਨਾਂ ਲਿਖੇ ਹੋਏ ਸਨ। 13 ਤਿੰਨ ਦਰਵਾਜ਼ੇ ਪੂਰਬ ਵੱਲ ਸਨ, ਤਿੰਨ ਬੂਹੇ ਉੱਤਰ ਵੱਲ, ਤਿੰਨ ਦਰਵਾਜ਼ੇ ਦੱਖਣ ਵੱਲ ਅਤੇ ਤਿੰਨ ਦਰਵਾਜ਼ੇ ਪੱਛਮ ਵੱਲ ਸਨ। 14 ਸ਼ਹਿਰ ਦੀਆਂ ਕੰਧਾਂ ਬਾਰ੍ਹਾਂ ਨੀਹ ਪੱਥਰਾਂ ਉੱਤੇ ਉਸਾਰੀਆਂ ਗਈਆਂ ਸਨ। ਪੱਥਰਾਂ ਉੱਤੇ ਲੇਲੇ ਦੇ ਬਾਰ੍ਹਾਂ ਰਸੂਲਾਂ ਦੇ ਨਾਮ ਲਿਖੇ ਹੋਏ ਸਨ।
15 ਜਿਹੜਾ ਦੂਤ ਮੇਰੇ ਨਾਲ ਗੱਲ ਕਰ ਰਿਹਾ ਸੀ ਉਸ ਦੇ ਕੋਲ ਇੱਕ ਸੋਨੇ ਦਾ ਪੈਮਾਨਾ ਸੀ। ਦੂਤ ਕੋਲ ਇਹ ਪੈਮਾਨਾ ਇਸਦੇ ਸ਼ਹਿਰ, ਇਸਦੇ ਦਰਵਾਜ਼ਿਆਂ ਅਤੇ ਇਸਦੀ ਕੰਧ ਨੂੰ ਨਾਪਣ ਲਈ ਸੀ। 16 ਸ਼ਹਿਰ ਦੀ ਉਸਾਰੀ ਵਰਗਾਕਾਰ ਰੂਪ ਵਿੱਚ ਹੋਈ ਸੀ। ਇਸਦੀ ਲੰਬਾਈ ਚੌੜਾਈ ਦੇ ਬਰਾਬਰ ਸੀ। ਦੂਤ ਨੇ ਸ਼ਹਿਰ ਨੂੰ ਪੈਮਾਨੇ ਨਾਲ ਨਾਪਿਆ। ਸ਼ਹਿਰ ਦੀ ਲੰਬਾਈ ਬਾਰ੍ਹਾਂ ਹਜ਼ਾਰ ਸਟੇਡੀਆ [a] ਸੀ, ਚੌੜਾਈ ਬਾਰ੍ਹਾ ਹਜ਼ਾਰ ਸਟੇਡੀਆ ਸੀ ਅਤੇ ਉਚਾਈ ਬਾਰ੍ਹਾ ਹਜ਼ਾਰ ਸਟੇਡੀਆ ਸੀ। 17 ਦੂਤ ਨੇ ਕੰਧ ਨੂੰ ਵੀ ਨਾਪਿਆ ਇਹ 144 ਹੱਥ ਉੱਚੀ ਸੀ। ਦੂਤ ਵੀ ਉਹੀ ਨਾਪ ਤੋਲ ਵਰਤ ਰਿਹਾ ਸੀ ਜੋ ਲੋਕ ਵਰਤਦੇ ਹਨ। 18 ਕੰਧ ਜੈਸਪਰ ਦੀ ਬਣੀ ਹੋਈ ਸੀ। ਸ਼ਹਿਰ ਸ਼ੁੱਧ ਸ਼ੀਸ਼ੇ ਵਰਗੇ ਸੋਨੇ ਦਾ ਬਣਿਆ ਹੋਇਆ ਸੀ ਸ਼ੀਸ਼ੇ ਵਰਗੇ ਸ਼ੁੱਧ ਸੋਨੇ ਦਾ।
19 ਸ਼ਹਿਰ ਦੀਆਂ ਕੰਧਾਂ ਦੀ ਨੀਂਹ ਦੇ ਪੱਥਰ ਕਈ ਤਰ੍ਹਾਂ ਦੇ ਕੀਮਤੀ ਜਵਾਹਰਾਂ ਨਾਲ ਸਜਾਏ ਹੋਏ ਸਨ। ਪਹਿਲਾ ਨੀਂਹ ਦਾ ਪੱਥਰ ਬਦਾਮੀ ਰੰਗ ਦਾ ਸੀ। ਦੂਸਰਾ ਨੀਲਮ ਦਾ, ਤੀਸਰਾ ਦੁਧੀਆ ਅਕੀਕ ਦਾ, 20 ਚੌਥਾ ਪੰਨੇ ਦਾ, ਪੰਜਵਾਂ ਸੁਲੇਮਾਨੀ ਦਾ, ਛੇਵਾਂ ਲਾਲ ਅਕੀਕ ਦਾ, ਸੱਤਵਾਂ ਜ਼ੁਬਰਜ਼ੱਦ ਦਾ, ਅੱਠਵਾਂ ਬੈਰੁਜ਼ ਦਾ, ਨੌਵਾਂ ਸੁਨਹਿਲੇ ਦਾ, ਦੱਸਵਾਂ ਹਰੇ ਅਕੀਕ ਦਾ, ਗਿਆਰਵਾਂ ਜ਼ੁਰਕਨ ਦਾ ਬਾਰ੍ਹਵਾਂ ਕਟਹਲੇ ਦਾ। 21 ਬਾਰ੍ਹਾਂ ਦਰਵਾਜ਼ੇ ਬਾਰ੍ਹਾਂ ਮੋਤੀ ਸਨ। ਹਰ ਦਰਵਾਜ਼ਾ ਇੱਕ ਮੋਤੀ ਤੋਂ ਬਣਿਆ ਹੋਇਆ ਸੀ। ਸ਼ਹਿਰ ਦੀ ਗਲੀ ਸ਼ੁੱਧ ਸੋਨੇ ਦੀ ਬਣੀ ਹੋਈ ਸੀ। ਸੋਨਾ ਬਲੌਰ ਵਰਗਾ ਸਾਫ਼ ਸੀ।
22 ਮੈਂ ਸ਼ਹਿਰ ਵਿੱਚ ਕੋਈ ਮੰਦਰ ਨਹੀਂ ਦੇਖਿਆ। ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀ ਮਾਨ ਅਤੇ ਲੇਲਾ (ਯਿਸੂ) ਹੀ ਸ਼ਹਿਰ ਦੇ ਮੰਦਰ ਹਨ। 23 ਸ਼ਹਿਰ ਨੂੰ ਸੂਰਜ ਜਾਂ ਚੰਨ ਦੀ ਚਮਕ ਦੀ ਲੋੜ ਨਹੀਂ ਸੀ। ਪਰਮੇਸ਼ੁਰ ਦੀ ਸ਼ਾਨ ਹੀ ਸ਼ਹਿਰ ਨੂੰ ਰੌਸ਼ਨੀ ਪ੍ਰਦਾਨ ਕਰਦੀ ਹੈ। ਲੇਲਾ (ਯਿਸੂ) ਸ਼ਹਿਰ ਦਾ ਦੀਪਕ ਹੈ।
24 ਦੁਨੀਆਂ ਦੀਆਂ ਕੌਮਾਂ ਲੇਲੇ ਦੁਆਰਾ ਦਿੱਤੀ ਹੋਈ ਰੌਸ਼ਨੀ ਦੁਆਰਾ ਤੁਰਨ ਫਿਰਨਗੀਆਂ। ਧਰਤੀ ਦੇ ਰਾਜੇ ਸ਼ਹਿਰ ਵਿੱਚ ਆਪਣੀ ਮਹਿਮਾ ਲੈ ਕੇ ਆਉਣਗੇ। 25 ਸ਼ਹਿਰ ਦੇ ਦਰਵਾਜ਼ੇ ਕਿਸੇ ਵੀ ਦਿਨ ਬੰਦ ਨਹੀਂ ਕੀਤੇ ਜਾਣਗੇ ਕਿਉਂਕਿ ਉੱਥੇ ਰਾਤ ਹੈ ਹੀ ਨਹੀਂ। 26 ਕੌਮਾਂ ਦੀ ਮਹਾਨਤਾ ਅਤੇ ਦੌਲਤ ਸ਼ਹਿਰ ਵਿੱਚ ਲਿਆਂਦੀ ਜਾਵੇਗੀ। 27 ਕੋਈ ਵੀ ਨਾਪਾਕ ਚੀਜ਼ ਕਦੇ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗੀ ਕੋਈ ਵੀ ਵਿਅਕਤੀ ਜਿਹੜਾ ਸ਼ਰਮਿੰਦਗੀ ਭਰੀਆਂ ਗੱਲਾਂ ਕਰਦਾ ਹੈ ਜਾਂ ਝੂਠ ਬੋਲਦਾ ਹੈ ਕਦੇ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ। ਸਿਰਫ਼ ਉਹੀ ਲੋਕ ਸ਼ਹਿਰ ਵਿੱਚ ਦਾਖਲ ਹੋਣਗੇ ਜਿਨ੍ਹਾਂ ਦੇ ਨਾਮ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਲਿਖੇ ਹੋਏ ਸਨ।
2010 by World Bible Translation Center