Revised Common Lectionary (Semicontinuous)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
65 ਹੇ ਸੀਯੋਨ ਵਿੱਚ ਪਰਮੇਸ਼ੁਰ, ਮੈਂ ਤੇਰੀ ਉਸਤਤਿ ਕਰਦਾ ਹਾਂ।
ਮੈਂ ਉਹ ਚੀਜ਼ਾਂ ਭੇਟ ਕਰਦਾ ਜਿਨ੍ਹਾਂ ਦਾ ਮੈਂ ਤੁਹਾਡੇ ਨਾਲ ਕੌਲ ਕੀਤਾ ਸੀ।
2 ਅਸੀਂ ਉਨ੍ਹਾਂ ਗੱਲਾਂ ਬਾਰੇ ਦਸਦੇ ਹਾਂ ਜਿਹੜੀਆਂ ਤੁਸਾਂ ਕੀਤੀਆਂ ਹਨ। ਸਾਡੀਆਂ ਪ੍ਰਾਰਥਨਾ ਸੁਣ,
ਤੁਸੀਂ ਹਰ ਉਸ ਬੰਦੇ ਦੀਆਂ ਪ੍ਰਾਰਥਨਾ ਸੁਣਦੇ ਹੋ ਜਿਹੜਾ ਤੁਹਾਡੇ ਵੱਲ ਆਉਂਦਾ ਹੈ।
3 ਜਦੋਂ ਸਾਡੇ ਪਾਪ ਸਾਡੇ ਉੱਤੇ ਭਾਰੀ ਹੋ ਜਾਣ,
ਤੂੰ ਉਨ੍ਹਾਂ ਪਾਪਾਂ ਨੂੰ ਮੁਆਫ਼ ਕਰ ਦੇਵੀਂ।
4 ਹੇ ਪਰਮੇਸ਼ੁਰ, ਤੁਸੀਂ ਆਪਣੇ ਲੋਕਾਂ ਦੀ ਚੋਣ ਕੀਤੀ।
ਤੁਸਾਂ ਸਾਨੂੰ ਆਪਣੇ ਮੰਦਰ ਆਉਣ ਅਤੇ ਤੁਹਾਡੀ ਪੂਜਾ ਕਰਨ ਲਈ ਚੁਣਿਆ।
ਅਤੇ ਅਸੀਂ ਬਹੁਤ ਖੁਸ਼ ਹਾਂ।
ਸਾਡੇ ਕੋਲ ਤੁਹਾਡੇ ਮੰਦਰ,
ਤੁਹਾਡੇ ਮਹਿਲ ਵਿੱਚ ਬਹੁਤ ਸਾਰੀਆਂ ਅਦਭੁਤ ਚੀਜ਼ਾਂ ਹਨ।
5 ਹੇ ਪਰਮੇਸ਼ੁਰ, ਤੁਸੀਂ ਸਾਨੂੰ ਬਚਾਉਂਦੇ ਹੋ।
ਜਦੋਂ ਚੰਗੇ ਲੋਕ ਤੈਨੂੰ ਪ੍ਰਾਰਥਨਾ ਕਰਦੇ ਹਨ,
ਤੂੰ ਉਨ੍ਹਾਂ ਨੂੰ ਸੁਣ ਅਤੇ ਹੈਰਾਨਕੁਨ ਕਾਰੇ ਕਰ।
ਦੁਨੀਆਂ ਦੇ ਸਾਰੇ ਲੋਕ ਤੁਹਾਡੇ ਉੱਪਰ ਵਿਸ਼ਵਾਸ ਕਰਦੇ ਹਨ।
6 ਪਰਮੇਸ਼ੁਰ ਨੇ ਪਰਬਤਾਂ ਨੂੰ ਆਪਣੀ ਸ਼ਕਤੀ ਨਾਲ ਸਾਜਿਆ,
ਅਸੀਂ ਉਸਦੀ ਸ਼ਕਤੀ ਆਪਣੇ ਚਾਰ-ਚੁਫ਼ੇਰੇ ਵੇਖਦੇ ਹਾਂ।
7 ਪਰਮੇਸ਼ੁਰ ਨੇ ਤੂਫ਼ਾਨੀ ਸਮੁੰਦਰਾਂ ਨੂੰ ਸ਼ਾਂਤ ਕੀਤਾ
ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਲੋਕਾਂ ਦੇ ਸਮੁੰਦਰ ਬਣਾਏ।
8 ਦੁਨੀਆਂ ਦੇ ਸਾਰੇ ਲੋਕੀਂ ਉਨ੍ਹਾਂ ਗੱਲਾਂ ਬਾਰੇ ਹੈਰਾਨ ਹਨ ਜੋ ਤੁਸੀਂ ਕਰਦੇ ਹੋਂ।
ਸੂਰਜ ਦਾ ਚੜ੍ਹ੍ਹਨਾ ਅਤੇ ਛੁਪਨਾ ਸਾਨੂੰ ਕਿੰਨੀ ਖੁਸ਼ੀ ਦਿੰਦਾ ਹੈ।
9 ਤੁਸੀਂ ਧਰਤੀ ਦੀ ਪਾਲਣਾ ਕਰਦੇ ਹੋਂ,
ਤੁਸੀਂ ਇਸ ਨੂੰ ਸਿੰਜਦੇ ਹੋ ਅਤੇ ਇਸ ਉੱਪਰ ਚੀਜ਼ਾਂ ਉਗਾਉਂਦੇ ਹੋ।
ਹੇ ਪਰਮੇਸ਼ੁਰ, ਤੁਸੀਂ ਨਦੀਆਂ ਨੂੰ ਪਾਣੀ ਨਾਲ ਭਰਦੇ ਹੋਂ
ਅਤੇ ਫ਼ਸਲਾਂ ਨੂੰ ਉੱਗਣ ਦੇ ਕਾਬਿਲ ਬਣਾਉਂਦੇ ਹੋ।
10 ਤੁਸੀਂ ਵਾਹੇ ਹੋਏ ਖੇਤਾਂ ਤੇ ਵਰੱਖਾ ਕਰਦੇ ਹੋ,
ਤੁਸੀਂ ਖੇਤਾਂ ਨੂੰ ਪਾਣੀ ਨਾਲ ਸਿੰਜਦੇ ਹੋ,
ਤੁਸੀਂ ਵਰੱਖਾ ਨਾਲ ਧਰਤੀ ਨੂੰ ਨਰਮ ਬਣਾਉਂਦੇ ਹੋ,
ਅਤੇ ਛੋਟੇ ਪੌਦਿਆਂ ਨੂੰ ਉਗਾਉਂਦੇ ਹੋ।
11 ਤੁਸੀਂ ਨਵਾਂ ਸਾਲ ਚੰਗੀ ਫ਼ਸਲ ਨਾਲ ਸ਼ੁਰੂ ਕਰਦੇ ਹੋ,
ਤੁਸੀਂ ਗੱਡਿਆ ਨੂੰ ਬਹੁਤ ਸਾਰੀਆਂ ਫ਼ਸਲਾਂ ਨਾਲ ਭਰ ਦਿੰਦੇ ਹੋ।
12 ਮਾਰੂਥਲ ਅਤੇ ਪਹਾੜ ਘਾਹ ਨਾਲ ਢੱਕੇ ਹੋਏ ਹਨ।
13 ਚਰਾਦਾਂ ਭੇਡਾਂ ਨਾਲ ਭਰੀਆਂ ਹੋਈਆਂ ਹਨ,
ਵਾਦੀਆਂ ਅਨਾਜ ਨਾਲ ਭਰੀਆਂ ਹਨ,
ਹਰ ਕੋਈ ਗਾ ਰਿਹਾ ਹੈ ਅਤੇ ਖੁਸ਼ੀ ਭਰੀਆਂ ਕਿਲਕਾਰੀਆਂ ਮਾਰ ਰਿਹਾ ਹੈ।
ਟਿੱਡੀਦਲ ਨਾਲ ਫ਼ਸਲਾਂ ਦਾ ਨਾਸ
1 ਪਬੂਏਲ ਦੇ ਪੁੱਤਰ ਯੋਏਲ ਨੂੰ ਯਹੋਵਾਹ ਵੱਲੋਂ ਇਹ ਸੰਦੇਸ ਮਿਲਿਆ:
2 ਆਗੂਓ! ਇਹ ਬਾਣੀ ਸੁਣੋ!
ਦੇਸ ਦੇ ਸਾਰੇ ਆਗੂਓ!
ਮੇਰੀ ਗੱਲ ਸੁਣੋ! ਕੀ ਅਜਿਹਾ ਕਦੇ ਤੁਹਾਡੇ ਜੀਵਨ ਵਿੱਚ ਪਹਿਲਾਂ ਵਾਪਰਿਆ ਹੈ?
ਨਹੀਂ! ਕੀ ਤੁਹਾਡੇ ਪੁਰਖਿਆਂ ਵੇਲੇ ਕਦੇ ਇਉਂ ਹੋਇਆ? ਨਹੀਂ!
3 ਇਸ ਬਾਰੇ ਤੁਸੀਂ ਆਪਣੇ ਪੁੱਤਰਾਂ ਨੂੰ
ਤੇ ਉਹ ਆਪਣੇ ਬੱਚਿਆਂ ਨੂੰ ਦੱਸਣਗੇ
ਅਤੇ ਤੁਹਾਡੇ ਪੋਤਰੇ ਅੱਗੋਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਹ ਗੱਲਾਂ ਦੱਸਣਗੇ।
4 ਜੋ ਟਿੱਡੀ ਦਲ ਤੋਂ ਬੱਚਿਆਂ
ਉਸ ਨੂੰ ਸਲਾ ਖਾ ਗਈ
ਅਤੇ ਜੋ ਸਲਾ ਤੋਂ ਬੱਚਿਆਂ
ਉਸ ਨੂੰ ਟੱਪਣੀ ਟਿੱਡੀ ਖਾ ਗਈ
ਅਤੇ ਜੋ ਉਸਦੀ ਮਾਰ ਤੋਂ ਬੱਚਿਆਂ
ਉਸ ਨੂੰ ਨਾਸ਼ਮਾਨ ਟਿੱਡੀ ਖਾ ਗਈ।
ਟਿੱਡੀਦਲ ਦਾ ਆਉਣਾ
5 ਤੁਸੀਂ ਲੋਕੀਂ ਜੋ ਸ਼ਰਾਬੀ ਹੋ, ਉੱਠੋ ਅਤੇ ਰੋਵੋ!
ਤੁਸੀਂ ਸਾਰੇ ਜੋ ਪੀਂਦੇ ਹੋ, ਰੋਵੋ।
ਕਿਉਂ ਕਿ ਤੁਹਾਡੀ ਮਿੱਠੀ ਮੈਅ ਖਤਮ ਹੋ ਚੁੱਕੀ ਹੈ
ਹੁਣ ਤਹਾਨੂੰ ਉਸ ਮੈਅਦਾ ਸੁਆਦ ਨਹੀਂ ਮਿਲੇਗਾ।
6 ਇੱਕ ਤਕੜੀ ਕੌਮ ਨੇ ਅਣਗਿਣਤ ਸਿਪਾਹੀਆਂ
ਨਾਲ ਮੇਰੇ ਦੇਸ ਉੱਤੇ ਹਮਲਾ ਕਰ ਦਿੱਤਾ ਹੈ।
ਉਨ੍ਹਾਂ ਦੇ ਦੰਦ ਸ਼ੇਰ ਦੇ ਦੰਦਾਂ ਜਿੰਨੇ ਤਿੱਖੇ ਹਨ
ਅਤੇ ਜਬਾੜੇ ਸ਼ੇਰਨੀ ਦੇ ਜਬਾੜੇ ਜਿੰਨਾ ਮਜ਼ਬੂਤ ਹੈ।
7 ਉਨ੍ਹਾਂ ਨੇ ਮੇਰੀ ਅੰਗੂਰੀ ਵੇਲ ਨੂੰ ਤਬਾਹ ਕਰ ਦਿੱਤਾ
ਅਤੇ ਮੇਰੇ ਅੰਜੀਰ ਦੇ ਰੁੱਖਾਂ ਨੂੰ ਤਬਾਹ ਕਰ ਦਿੱਤਾ ਹੈ।
ਉਨ੍ਹਾਂ ਨੇ ਅੰਜ਼ੀਰ ਦੇ ਰੁੱਖਾਂ ਦੇ ਸਾਰੇ
ਛਿੱਲੜ ਛਿਲ ਕੇ ਸੁੱਟ ਦਿੱਤੇ ਹਨ।
ਲੋਕਾਂ ਦੇ ਵੈਣ
8 ਉਸ ਡੋਲੇ ਪੈਣ ਵਾਲੀ ਕੁਆਰੀ ਕੁੜੀ ਵਾਂਗ
ਤੂੰ ਰੋ ਜਿਸਦਾ ਹੋਣ ਵਾਲਾ ਪਤੀ ਮਾਰਿਆ ਗਿਆ ਹੋਵੇ।
9 ਯਹੋਵਾਹ ਦੇ ਸੇਵਕ, ਜਾਜਕ ਰੋਦੇ ਹਨ
ਕਿਉਂ ਕਿ ਯਹੋਵਾਹ ਦੇ ਮੰਦਰ ਵਿੱਚ ਅਨਾਜ ਦੀ ਭੇਟ ਅਤੇ ਪੀਣ ਦੀ ਭੇਟ ਨਹੀਂ ਰਹੇ।
10 ਸਾਰੇ ਖੇਤ ਉੱਜੜ ਗਏ ਹਨ
ਅਤੇ ਧਰਤੀ ਵੀ ਰੋ ਰਹੀ ਹੈ
ਕਿਉਂ ਕਿ ਫ਼ਸਲਾਂ ਨਸ਼ਟ ਹੋ ਗਈਆਂ ਹਨ।
ਨਵੀਂ ਮੈਅ ਮੁੱਕ ਚੁੱਕੀ ਹੈ
ਤੇ ਜੈਤੂਨ ਦਾ ਤੇਲ ਖਤਮ ਹੋ ਗਿਆ ਹੈ।
11 ਹੇ ਕਿਸਾਨੋ! ਦੁੱਖ ਮਨਾਓ!
ਅੰਗੂਰੀ ਬਾਗ਼ਾਂ ਦੇ ਕਿਸਾਨੋ ਜ਼ੋਰ-ਜ਼ੋਰ ਦੀ ਪਿੱਟੋ ਕਣਕ
ਅਤੇ ਜੌਁ ਲਈ ਰੋਵੋ
ਕਿਉਂ ਕਿ ਖੇਤਾਂ ਵਿੱਚ ਫ਼ਸਲ ਨਾਸ ਹੋ ਗਈ ਹੈ।
12 ਅੰਗੂਰ ਦੀ ਵਾੜੀ ਸੁੱਕਦੀ ਜਾਂਦੀ ਹੈ
ਅੰਜੀਰ ਦੇ ਦ੍ਰੱਖਤ ਸੁੱਕ ਰਹੇ ਹਨ ਖੇਤ ਦੇ ਸਾਰੇ ਦ੍ਰੱਖਤ
ਅਨਾਰ, ਖਜੂਰ ਅਤੇ ਸੇਬ ਸੁੱਕ ਗਏ ਹਨ।
ਅਤੇ ਲੋਕਾਂ ਚੋ ਖੁਸ਼ੀ ਨਾਂ ਦੀ ਚੀਜ਼ ਮਰ ਗਈ ਹੈ।
13 ਹੇ ਜਾਜਕੋ, ਆਪਣੇ ਸੋਗੀ ਕੱਪੜੇ ਪਹਿਨ ਲਵੋ ਅਤੇ ਉੱਚੀ-ਉੱਚੀ ਰੋਵੋ।
ਤੁਸੀਂ ਜੋ ਜਗਵੇਦੀ ਦੀ ਸੇਵਾ ਕਰਦੇ ਹੋ, ਉੱਚੀ-ਉੱਚੀ ਰੋਵੋ,
ਮੇਰੇ ਪਰਮੇਸ਼ੁਰ ਦੇ ਸੇਵਕੋ, ਤੁਸੀਂ ਸੋਗੀ ਕੱਪੜਿਆਂ ਵਿੱਚ ਸੌਵੋਂਗੇ
ਕਿਉਂ ਕਿ ਪਰਮੇਸ਼ੁਰ ਦੇ ਮੰਦਰ ਵਿੱਚ ਚੜ੍ਹਾਉਣ ਲਈ ਅਨਾਜ ਅਤੇ ਪੀਣ ਦੀਆਂ ਭੇਟਾਵਾਂ ਹੋਰ ਨਹੀਂ ਰਹੀਆਂ।
ਟਿੱਡੀਦਲ ਦਾ ਭਿਆਨਕ ਨਾਸ
14 ਲੋਕਾਂ ਨੂੰ ਜਾਕੇ ਦੱਸੋ ਕਿ ਅੰਨ ਨਾ ਖਾਣ ਦਾ ਖਾਸ ਸਮਾਂ ਆਵੇਗਾ। ਲੋਕਾਂ ਨੂੰ ਵਿਸ਼ੇਸ਼ ਸਭਾ ਲਈ ਇੱਕਤਰ ਕਰੋ। ਜਿਹੜੇ ਵੀ ਆਗੂ ਅਤੇ ਮਨੁੱਖ ਇਸ ਧਰਤੀ ਤੇ ਰਹਿੰਦੇ ਹਨ, ਉਨ੍ਹਾਂ ਨੂੰ ਇਕੱਠਿਆਂ ਕਰੋ। ਉਨ੍ਹਾਂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਇਕੱਠਾ ਕਰੋ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕਰੋ।
15 ਉਦਾਸ ਹੋਵੋ, ਕਿਉਂ ਕਿ ਯਹੋਵਾਹ ਦਾ ਖਾਸ ਦਿਨ ਨੇੜੇ ਹੈ। ਉਸ ਵੇਲੇ, ਸਜ਼ਾ ਸਰਬ-ਸ਼ਕਤੀਮਾਨ ਪਰਮੇਸ਼ੁਰ ਵੱਲੋਂ ਹਮਲੇ ਵਾਂਗ ਆਵੇਗੀ। 16 ਸਾਡਾ ਅੰਨ ਮੁੱਕ ਚੁੱਕਿਆ ਹੈ। ਸਾਡੇ ਪਰਮੇਸ਼ੁਰ ਦੇ ਮੰਦਰ ਵਿੱਚੋਂ ਆਨੰਦ ਅਤੇ ਜਸ਼ਨ ਗਾਇਬ ਹੋ ਚੁੱਕੇ ਹਨ। 17 ਅਸੀਂ ਬੀਜ ਬੋੇ ਪਰ ਉਹ ਜ਼ਮੀਨ ਵਿੱਚ ਹੀ ਸੁੱਕ ਗਏ। ਸਾਡੇ ਪੌਧੇ ਵੀ ਸੁੱਕ ਕੇ ਖਤਮ ਹੋ ਗਏ ਹਨ ਅਤੇ ਸਾਡੇ ਖਲਿਆਨ ਖਾਲੀ ਪਏ ਹਨ।
18 ਪਸ਼ੂ ਭੁੱਖੇ ਅੜਾਉਂਦੇ ਪਏ ਹਨ। ਪਸ਼ੂਆਂ ਦੇ ਵਗ੍ਗ ਬਿਹਬਲ ਇੱਧਰ ਉੱਧਰ ਘੁੰਮ ਰਹੇ ਹਨ, ਉਨ੍ਹਾਂ ਦੇ ਖਾਣ ਨੂੰ ਕਿਤੇ ਘਾਹ ਨਹੀਂ। ਭੇਡਾਂ ਮਰ ਗਈਆਂ ਹਨ। 19 ਹੇ ਯੋਹਵਾਹ ਮੈਂ ਤੈਨੂੰ ਮਦਦ ਲਈ ਪੁਕਾਰ ਰਿਹਾਂ। ਅੱਗ ਨੇ ਸਾਡੇ ਹਰੇ-ਭਰੇ ਖੇਤਾਂ ਨੂੰ ਉਜਾੜ ’ਚ ਬਦਲ ਦਿੱਤਾ ਹੈ। ਅਤੇ ਉਸ ਦੀਆਂ ਲਾਟਾਂ ਨੇ ਸਾਰੇ ਦ੍ਰੱਖਤਾਂ ਨੂੰ ਲੂਹ ਲਿਆ ਹੈ। 20 ਜੰਗਲੀ ਜਨੌਰ ਵੀ ਤੇਰੇ ਅੱਗੇ ਸਹਾਇਤਾ ਲਈ ਪੁਕਾਰ ਕਰਦੇ ਹਨ। ਨਦੀਆਂ ਸੁੱਕ ਗਈਆਂ ਹਨ-ਕਿਤੇ ਪਾਣੀ ਦਾ ਨਾਂ ਨਿਸ਼ਾਨ ਨਹੀਂ। ਅੱਗ ਨੇ ਸਾਡੇ ਹਰੇ-ਭਰੇ ਖੇਤਾਂ ਨੂੰ ਉਜਾੜ ਬਣਾ ਦਿੱਤਾ ਹੈ।
ਅਖੀਰਲੇ ਦਿਨ
3 ਇਹ ਯਾਦ ਰੱਖੋ। ਆਖਰੀ ਦਿਨਾਂ ਵਿੱਚ ਬਹੁਤ ਮੁਸ਼ਕਲਾਂ ਆਉਣਗੀਆਂ। 2 ਉਨ੍ਹਾਂ ਸਮਿਆਂ ਵਿੱਚ, ਲੋਕ ਸਿਰਫ਼ ਆਪਣੇ ਆਪ ਨੂੰ ਅਤੇ ਧਨ ਨੂੰ ਪਿਆਰ ਕਰਨਗੇ। ਉਹ ਘਮੰਡੀ ਅਤੇ ਅਭਿਮਾਨੀ ਹੋਣਗੇ। ਉਹ ਇੱਕ ਦੂਜੇ ਦੀ ਨਿੰਦਿਆ ਕਰਨਗੇ। ਲੋਕ ਆਪਣੇ ਮਾਪਿਆਂ ਦਾ ਆਖਿਆ ਨਹੀਂ ਮੰਨਣਗੇ। ਲੋਕ ਬੇਸ਼ੁਕਰੇ ਹੋਣਗੇ। ਉਹ ਅਜਿਹੇ ਇਨਸਾਨ ਨਹੀਂ ਹੋਣਗੇ ਜਿਹੇ ਜਿਹੇ ਪਰਮੇਸ਼ੁਰ ਚਾਹੁੰਦਾ ਹੈ। 3 ਲੋਕ ਇੱਕ ਦੂਜੇ ਨਾਲ ਪ੍ਰੇਮ ਨਹੀਂ ਕਰਨਗੇ। ਉਹ ਹੋਰਾਂ ਲੋਕਾਂ ਨੂੰ ਮਾਫ਼ੀ ਦੇਣ ਤੋਂ ਇਨਕਾਰ ਕਰਨਗੇ ਅਤੇ ਉਨ੍ਹਾਂ ਬਾਰੇ ਮੰਦਾ ਬੋਲਣਗੇ। ਲੋਕ ਆਪਣੇ ਆਪ ਉੱਤੇ ਕਾਬੂ ਨਹੀਂ ਰੱਖਣਗੇ। ਉਹ ਜ਼ੁਲਮੀ ਹੋਣਗੇ ਅਤੇ ਉਹ ਚੰਗਿਆਈ ਨੂੰ ਨਫ਼ਰਤ ਕਰਨਗੇ। 4 ਆਖਰੀ ਦਿਨਾਂ ਵਿੱਚ ਲੋਕ ਆਪਣੇ ਦੋਸਤਾਂ ਦੇ ਖਿਲਾਫ਼ ਹੋ ਜਾਣਗੇ। ਉਹ ਬਿਨਾ ਸੋਚੇ ਸਮਝੇ ਗਲਤ ਕੰਮ ਕਰਨਗੇ। ਉਹ ਹੰਕਾਰੀ ਅਤੇ ਗੁਮਾਨੀ ਹੋਣਗੇ। ਲੋਕ ਭੋਗ ਬਿਲਾਸ ਨੂੰ ਪਿਆਰ ਕਰਨਗੇ ਅਤੇ ਉਹ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਨਗੇ। 5 ਉਹ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਦੇ ਰਹਿਣਗੇ ਜਿਵੇਂ ਕਿ ਉਹ ਪਰਮੇਸ਼ੁਰ ਦੀ “ਉਪਾਸਨਾ” ਕਰਦੇ ਹੋਣ। ਪਰ ਜਿਸ ਢੰਗ ਨਾਲ ਉਹ ਜਿਉਂਦੇ ਹਨ ਉਸ ਤੋਂ ਪਤਾ ਚੱਲਦਾ ਕਿ ਉਹ ਪਰਮੇਸ਼ੁਰ ਦੀ “ਉਪਾਸਨਾ” ਨਹੀਂ ਕਰਦੇ। ਤਿਮੋਥਿਉਸ ਇਹੋ ਜਿਹੇ ਲੋਕਾਂ ਤੋਂ ਦੂਰ ਰਹਿਣਾ।
6 ਉਨ੍ਹਾਂ ਵਿੱਚੋਂ ਕੁਝ ਦੂਸਰਿਆਂ ਦੇ ਘਰੀਂ ਵੜ ਜਾਂਦੇ ਹਨ ਅਤੇ ਕਮਜ਼ੋਰ ਔਰਤਾਂ ਉੱਤੇ ਨਿਯੰਤ੍ਰਣ ਕਰ ਲੈਂਦੇ ਹਨ। ਇਹ ਔਰਤਾਂ ਪਾਪ ਨਾਲ ਭਰਪੂਰ ਹਨ ਅਤੇ ਉਨ੍ਹਾਂ ਗੱਲਾਂ ਦੀਆਂ ਗੁਲਾਮ ਹਨ ਜੋ ਉਹ ਕਰਨੀਆਂ ਚਾਹੁੰਦੀਆਂ ਹਨ। 7 ਉਹ ਔਰਤਾਂ ਹਮੇਸ਼ਾ ਨਵੇਂ ਉਪਦੇਸ਼ਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਉਹ ਕਦੇ ਵੀ ਸੱਚ ਨੂੰ ਠੀਕ ਤਰ੍ਹਾਂ ਸਮਝਣ ਦੇ ਕਾਬਿਲ ਨਹੀਂ ਹਨ। 8 ਯੰਨੇਸ ਤੇ ਯੰਬਰੇਸ ਨੂੰ ਚੇਤੇ ਕਰੋ। ਉਹ ਮੂਸਾ ਦੇ ਖਿਲਾਫ਼ ਸਨ। ਇਨ੍ਹਾਂ ਲੋਕਾਂ ਬਾਰੇ ਵੀ ਇਵੇਂ ਹੀ ਹੈ। ਉਹ ਸੱਚ ਦੇ ਵਿਰੁੱਧ ਹਨ। ਉਹ ਭਰਮਾਊ ਮਨਾਂ ਦੇ ਹਨ। ਉਹ ਵਿਸ਼ਵਾਸ ਦੇ ਮਾਰਗ ਅਨੁਸਾਰ ਚੱਲਣ ਵਿੱਚ ਅਸਫ਼ਲ ਹਨ। 9 ਪਰ ਉਹ ਕਦੇ ਵੀ ਉਨ੍ਹਾਂ ਗੱਲਾਂ ਵਿੱਚ ਸਫ਼ਲ ਨਹੀਂ ਹੋਣਗੇ ਜਿਹੜੀਆਂ ਉਹ ਕਰ ਰਹੇ ਹਨ। ਹਰ ਕੋਈ ਜਾਣ ਜਾਵੇਗਾ ਕਿ ਉਹ ਮੂਰਖ ਹਨ। ਜੇਨਸ ਅਤੇ ਜਾਮਬੇਸ ਨਾਲ ਵੀ ਅਜਿਹਾ ਹੀ ਵਾਪਰਿਆ ਸੀ।
2010 by World Bible Translation Center