Revised Common Lectionary (Semicontinuous)
ਬਾਬਲ ਦੇ ਬੰਦੀਵਾਨਾਂ ਲਈ ਖਤ
29 ਯਿਰਮਿਯਾਹ ਨੇ ਬਾਬਲ ਦੇ ਯਹੂਦੀ ਕੈਦੀਆਂ ਨੂੰ ਇੱਕ ਖਤ ਲਿਖ ਭੇਜਿਆ। ਉਸ ਨੇ ਇਹ ਖਤ ਬਜ਼ੁਰਗਾਂ, ਜਾਜਕਾਂ, ਨਬੀਆਂ ਅਤੇ ਹੋਰ ਸਾਰੇ ਲੋਕਾਂ ਨੂੰ ਭੇਜਿਆ ਜਿਹੜੇ ਬਾਬਲ ਵਿੱਚ ਰਹਿ ਰਹੇ ਸਨ। ਇਹ ਉਹੀ ਲੋਕ ਸਨ ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਵਿੱਚੋਂ ਫ਼ੜਕੇ ਬਾਬਲ ਵਿੱਚ ਲਿਆਂਦਾ ਸੀ।
4 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਇਹ ਗੱਲਾਂ ਉਨ੍ਹਾਂ ਲੋਕਾਂ ਨੂੰ ਆਖਦਾ ਹੈ ਜਿਨ੍ਹਾਂ ਨੂੰ ਉਸ ਨੇ ਯਰੂਸ਼ਲਮ ਵਿੱਚੋਂ ਬਾਬਲ ਅੰਦਰ ਬੰਦੀ ਬਣਾਕੇ ਭੇਜਿਆ। 5 “ਮਕਾਨ ਬਣਾਓ ਅਤੇ ਉਨ੍ਹਾਂ ਵਿੱਚ ਰਹੋ। ਧਰਤੀ ਉੱਤੇ ਟਿਕ ਜਾਓ। ਬਾਗ਼ ਲਗਾਓ ਅਤੇ ਆਪਣੇ ਉਗਾਏ ਹੋਏ ਭੋਜਨ ਨੂੰ ਖਾਓ। 6 ਵਿਆਹ ਕਰਵਾਓ ਅਤੇ ਪੁੱਤਰਾਂ ਧੀਆਂ ਵਾਲੇ ਬਣੋ। ਆਪਣੇ ਪੁੱਤਰਾਂ ਲਈ ਵਹੁਟੀਆਂ ਤਲਾਸ਼ ਕਰੋ। ਅਤੇ ਆਪਣੀਆਂ ਧੀਆਂ ਦਾ ਵਿਆਹ ਵੀ ਕਰੋ। ਅਜਿਹਾ ਕਰੋ ਤਾਂ ਜੋ ਉਹ ਵੀ ਧੀਆਂ ਪੁੱਤਰਾਂ ਵਾਲੇ ਹੋਣ। ਬਹੁਤ ਔਲਾਦ ਪੈਦਾ ਕਰੋ ਅਤੇ ਬਾਬਲ ਵਿੱਚ ਆਪਣੀ ਗਿਣਤੀ ਵੱਧਾਓ। ਗਿਣਤੀ ਵਿੱਚ ਬੋੜੇ ਨਾ ਹੋਵੋ। 7 ਅਤੇ ਇਹ ਵੀ ਕਿ ਉਸ ਸ਼ਹਿਰ ਲਈ ਨੇਕ ਕੰਮ ਕਰੋ ਜਿੱਥੇ ਮੈਂ ਤੁਹਾਨੂੰ ਭੇਜਿਆ ਸੀ। ਜਿਸ ਸ਼ਹਿਰ ਵਿੱਚ ਤੁਸੀਂ ਰਹਿ ਰਹੇ ਹੋ ਉਸ ਲਈ ਯਹੋਵਾਹ ਅੱਗੇ ਪ੍ਰਾਰਥਨਾ ਕਰੋ। ਕਿਉਂ? ਕਿਉਂ ਕਿ ਜੇ ਉਸ ਸ਼ਹਿਰ ਵਿੱਚ ਸ਼ਾਂਤੀ ਹੋਵੇਗਾ ਤਾਂ ਤੁਸੀਂ ਵੀ ਸ਼ਾਂਤੀ ਨਾਲ ਰਹੋਗੇ।”
ਨਿਰਦੇਸ਼ਕ ਲਈ: ਉਸਤਤਿ ਦਾ ਇੱਕ ਗੀਤ।
66 ਧਰਤੀ ਉਤਲੀ ਹਰ ਸ਼ੈਅ, ਪਰਮੇਸ਼ੁਰ ਅੱਗੇ ਖੁਸ਼ੀ ਨਾਲ ਕੂਕਦੀ ਹੈ।
2 ਉਸ ਦੇ ਮਹਿਮਾਮਈ ਨਾਮ ਦੀ ਉਸਤਤਿ ਕਰੋ।
ਉਸਤਤਿ ਦੇ ਗੀਤਾਂ ਨਾਲ ਉਸਦਾ ਸਤਿਕਾਰ ਕਰੋ।
3 ਪਰਮੇਸ਼ੁਰ ਨੂੰ ਆਖੋ, “ਉਸਦੇ ਕੰਮ ਇੰਨੇ ਅਦਭੁਤ ਹਨ।
ਹੇ ਪਰਮੇਸ਼ੁਰ, ਤੁਹਾਡੀ ਸ਼ਕਤੀ ਬਹੁਤ ਮਹਾਨ ਹੈ, ਤੁਹਾਡੇ ਵੈਰੀ ਝੁਕ ਗਏ ਹਨ, ਉਹ ਤੁਹਾਡੇ ਪਾਸੋਂ ਭੈਭੀਤ ਹਨ।
4 ਸਾਰੀ ਦੁਨੀਆਂ ਤੁਹਾਡੀ ਉਪਾਸਨਾ ਕਰੇ,
ਹਰ ਕੋਈ ਤੁਹਾਡੇ ਨਾਮ ਦੀ ਉਸਤਤਿ ਗਾਵੇ।”
5 ਉਨ੍ਹਾਂ ਚੀਜ਼ਾਂ ਵੱਲ ਵੇਖੋ ਜਿਹੜੀਆਂ ਪਰਮੇਸ਼ੁਰ ਨੇ ਸਾਜੀਆਂ।
ਉਹ ਚੀਜ਼ਾਂ ਸਾਨੂੰ ਹੈਰਾਨ ਕਰਦੀਆਂ ਹਨ।
6 ਉਸ ਦੇ ਲੋਕ ਤੁਰਕੇ ਦਰਿਆ ਪਾਰ ਕਰ ਗਏ
ਅਤੇ ਉਨ੍ਹਾਂ ਨੇ ਉਸਦੀ ਕੀਤੀ ਮਹਾਨ ਗੱਲ ਬਾਰੇ ਆਨੰਦ ਮਾਣਿਆ।
7 ਪਰਮੇਸ਼ੁਰ ਆਪਣੀ ਮਹਾਨ ਸ਼ਕਤੀ ਨਾਲ ਦੁਨੀਆਂ ਉੱਤੇ ਸ਼ਾਸਨ ਕਰਦਾ ਹੈ;
ਉਹ ਹਰ ਜਗ਼੍ਹਾ ਲੋਕਾਂ ਨੂੰ ਤੱਕਦਾ ਹੈ।
ਕੋਈ ਅਜਿਹਾ ਬੰਦਾ ਨਹੀਂ ਜੋ ਉਸ ਦੇ ਖਿਲਾਫ਼ ਵਿਦ੍ਰੋਹ ਕਰ ਸੱਕੇ।
8 ਲੋਕੋ, ਸਾਡੇ ਪਰਮੇਸ਼ੁਰ ਦੀ ਉਸਤਤਿ ਕਰੋ;
ਉਸ ਨੂੰ ਉੱਚੀ-ਉੱਚੀ ਉਸਤਤਿ ਦੇ ਗੀਤ ਗਾਵੋ।
9 ਪਰਮੇਸ਼ੁਰ ਨੇ ਸਾਨੂੰ ਜ਼ਿੰਦਗੀ ਦਿੱਤੀ,
ਅਤੇ ਪਰਮੇਸ਼ੁਰ ਸਾਡੀ ਰੱਖਿਆ ਕਰਦਾ ਹੈ।
10 ਪਰਮੇਸ਼ੁਰ ਨੇ ਸਾਡੀ ਪਰੱਖ ਕੀਤੀ, ਜਿਵੇਂ ਲੋਕੀਂ ਚਾਂਦੀ ਅੱਗ ਨਾਲ ਪਰੱਖਦੇ ਹਨ।
11 ਹੇ ਪਰਮੇਸ਼ੁਰ, ਤੁਸਾਂ ਅਸਾਂ ਨੂੰ ਫ਼ਸ ਜਾਣ ਦਿੱਤਾ,
ਤੁਸੀਂ ਸਾਡੇ ਉੱਤੇ ਬਹੁਤ ਭਾਰ ਰੱਖ ਦਿੱਤਾ।
12 ਸਾਡੇ ਵੈਰੀਆਂ ਨੂੰ ਸਾਡੇ ਉੱਪਰੋਂ ਦੀ ਤੋਂਰਿਆ,
ਤੁਸਾਂ ਸਾਨੂੰ ਅੱਗ ਅਤੇ ਪਾਣੀ ਵਿੱਚ ਦੀ ਧੂਹਿਆ।
ਪਰ ਤੁਸੀਂ ਅਸਾਂ ਨੂੰ ਇੱਕ ਸੁਰੱਖਿਅਤ ਥਾਂ ਉੱਤੇ ਲੈ ਆਏ।
8 ਯਿਸੂ ਮਸੀਹ ਨੂੰ ਚੇਤੇ ਰੱਖੋ। ਉਹ ਦਾਊਦ ਦੇ ਪਰਿਵਾਰ ਵਿੱਚੋਂ ਹੈ। ਜਦੋਂ ਯਿਸੂ ਮਰਿਆ ਤਾਂ ਉਸ ਨੂੰ ਮੌਤ ਤੋਂ ਜਿਵਾਲਿਆ ਗਿਆ। ਇਹੀ ਖੁਸ਼ਖਬਰੀ ਹੈ ਜਿਸ ਬਾਰੇ ਮੈਂ ਲੋਕਾਂ ਨੂੰ ਦੱਸਦਾ ਹਾਂ। 9 ਮੈਂ ਇਸ ਲਈ ਕਸ਼ਟ ਸਹਿ ਰਿਹਾ ਹਾਂ ਕਿਉਂ ਜੋ ਮੈਂ ਖੁਸ਼ਖਬਰੀ ਬਾਰੇ ਲੋਕਾਂ ਨੂੰ ਦੱਸਦਾ ਹਾਂ। ਮੈਨੂੰ ਉਸ ਵਿਅਕਤੀ ਵਾਂਗ ਜੰਜ਼ੀਰਾਂ ਨਾਲ ਜਕੜਿਆ ਹੋਇਆ ਹੈ ਜਿਸਨੇ ਸੱਚਮੁੱਚ ਕੋਈ ਮਾੜਾ ਕੰਮ ਕੀਤਾ ਹੋਵੇ। ਮੈਂ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਹਾਂ, ਪਰ ਪਰਮੇਸ਼ੁਰ ਦੇ ਉਪਦੇਸ਼ਾਂ ਨੂੰ ਜੰਜ਼ੀਰਾਂ ਨਹੀਂ ਪਾਈਆਂ ਜਾ ਸੱਕਦੀਆਂ। 10 ਇਸ ਲਈ ਮੈਂ ਸਬਰ ਨਾਲ ਇਨ੍ਹਾਂ ਸਾਰੀਆਂ ਔਕੜਾਂ ਨੂੰ ਝੱਲਦਾ ਹਾਂ। ਅਜਿਹਾ ਮੈਂ ਉਨ੍ਹਾਂ ਲੋਕਾਂ ਦੀ ਸਹਾਇਤਾ ਲਈ ਕਰ ਰਿਹਾ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਚੁਣਿਆ ਹੋਇਆ ਹੈ। ਮੈਂ ਇਹ ਔਕੜਾਂ ਇਸ ਲਈ ਸਹਾਰ ਰਿਹਾ ਤਾਂ ਜੋ ਇਹ ਲੋਕ ਮਸੀਹ ਯਿਸੂ ਰਾਹੀਂ ਮੁਕਤੀ ਪ੍ਰਾਪਤ ਕਰ ਸੱਕਣ। ਉਸ ਮੁਕਤੀ ਨਾਲ ਸਦੀਵੀ ਮਹਿਮਾ ਆਉਂਦੀ ਹੈ।
11 ਇਹ ਉਪਦੇਸ਼ ਸੱਚ ਹੈ:
ਜੇ ਅਸੀਂ ਉਸ ਨਾਲ ਮਰੇ, ਤਾਂ ਅਸੀਂ ਵੀ ਉਸ ਦੇ ਨਾਲ ਰਹਾਂਗੇ।
12 ਜੇ ਅਸੀਂ ਦੁੱਖਾਂ ਨੂੰ ਪ੍ਰਵਾਨ ਕਰਦੇ ਹਾਂ, ਤਾਂ ਅਸੀਂ ਉਸ ਦੇ ਨਾਲ ਰਾਜ ਕਰਾਂਗੇ।
ਜੇ ਅਸੀਂ ਉਸ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੋਵਾਂਗੇ, ਤਾਂ ਉਹ ਸਾਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੋਵੇਗਾ।
13 ਜੇ ਅਸੀਂ ਵਫ਼ਾਦਾਰ ਨਹੀਂ ਹਾਂ ਤਾਂ ਵੀ ਉਹ ਵਫ਼ਾਦਾਰ ਹੋਵੇਗਾ
ਕਿਉਂਕਿ ਉਹ ਆਪਣੇ ਆਪ ਤੋਂ ਮੁਨਕਰ ਨਹੀਂ ਹੋ ਸੱਕਦਾ।
ਇੱਕ ਸਵੀਕ੍ਰਤ ਮਜ਼ਦੂਰ
14 ਲੋਕਾਂ ਨੂੰ ਇਹ ਗੱਲਾਂ ਦੱਸਦੇ ਰਹੋ। ਅਤੇ ਉਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੇ ਸਨਮੁੱਖ ਚੇਤਾਵਨੀ ਦਿਉ ਕਿ ਸ਼ਬਦਾਂ ਬਾਰੇ ਦਲੀਲਬਾਜ਼ੀ ਕਰਨ ਨਾਲ ਕਿਸੇ ਨੂੰ ਵੀ ਕੋਈ ਲਾਭ ਨਹੀਂ ਹੋਵੇਗਾ, ਬਲਕਿ, ਇਹ ਉਨ੍ਹਾਂ ਨੂੰ ਬਰਬਾਦ ਕਰ ਦੇਵੇਗਾ ਜੋ ਇਸ ਨੂੰ ਸੁਣਦੇ ਹਨ। 15 ਉਹੋ ਜਿਹਾ ਬਣਨ ਦੀ ਪੂਰਨ ਕੋਸ਼ਿਸ਼ ਕਰੋ ਜਿਸ ਨੂੰ ਪਰਮੇਸ਼ੁਰ ਪ੍ਰਵਾਨ ਕਰੇ ਅਤੇ ਆਪਣੇ ਆਪ ਨੂੰ ਉਸ ਅੱਗੇ ਅਰਪਨ ਕਰ ਦਿਉ। ਇੱਕ ਅਜਿਹਾ ਮਜ਼ਦੂਰ ਬਣੋ ਜਿਹੜਾ ਆਪਣੇ ਕੰਮ ਉੱਤੇ ਸ਼ਰਮਿੰਦਾ ਨਹੀਂ ਅਜਿਹਾ ਮਜ਼ਦੂਰ ਜਿਹੜਾ ਸੱਚੇ ਉਪਦੇਸ਼ ਨੂੰ ਸਹੀ ਢੰਗ ਨਾਲ ਇਸਤੇਮਾਲ ਕਰਦਾ ਹੈ।
ਧੰਨਵਾਦੀ ਬਣੋ
11 ਜਦੋਂ ਯਿਸੂ ਯਰੂਸ਼ਲਮ ਵੱਲ ਜਾ ਰਿਹਾ ਸੀ। ਉਹ ਗਲੀਲ ਅਤੇ ਸਾਮਰਿਯਾ ਰਾਹੀਂ ਲੰਘਿਆ। 12 ਜਦੋਂ ਉਹ ਇੱਕ ਪਿੰਡ ਵਿੱਚ ਵੜ ਰਿਹਾ ਸੀ, ਉੱਥੇ ਉਸ ਨੂੰ ਦਸ ਕੋੜ੍ਹੀ ਮਿਲੇ। ਉਹ ਉਸ ਤੋਂ ਥੋੜੀ ਦੂਰੀ ਤੇ ਖੜ੍ਹੇ ਹੋ ਗਏ। 13 ਪਰ ਉਨ੍ਹਾਂ ਸਾਰਿਆਂ ਨੇ ਉਸ ਅੱਗੇ ਤਰਲਾ ਕੀਤਾ, “ਯਿਸੂ ਸੁਆਮੀ, ਕਿਰਪਾ ਕਰਕੇ ਸਾਡੇ ਤੇ ਰਹਿਮ ਕਰ।”
14 ਜਦੋਂ ਯਿਸੂ ਨੇ ਉਨ੍ਹਾਂ ਮਨੁੱਖਾਂ ਨੂੰ ਵੇਖਿਆ ਤਾਂ ਕਿਹਾ, “ਜਾਓ ਅਤੇ ਆਪਣੇ-ਆਪ ਨੂੰ ਜਾਕੇ ਜਾਜਕਾਂ ਨੂੰ ਦਿਖਾਵੋ।”
ਜਦੋਂ ਉਹ ਦਸ ਆਦਮੀ ਜਾਜਕਾਂ ਵੱਲ ਜਾ ਰਹੇ ਸਨ ਤਾਂ ਉਹ ਠੀਕ ਹੋ ਚੁੱਕੇ ਸਨ। 15 ਜਦੋਂ ਉਨ੍ਹਾਂ ਵਿੱਚੋਂ ਇੱਕ ਨੇ ਵੇਖਿਆ ਕਿ ਉਹ ਚੰਗਾ ਹੋ ਗਿਆ ਸੀ ਤਾਂ ਉਹ ਯਿਸੂ ਕੋਲ ਵਾਪਸ ਆਇਆ ਅਤੇ ਉੱਚੀ ਅਵਾਜ਼ ਵਿੱਚ ਪਰਮੇਸ਼ੁਰ ਦੀ ਉਸਤਤਿ ਕਰਨ ਲੱਗਾ। 16 ਉਸ ਨੇ ਯਿਸੂ ਦੇ ਚਰਨਾਂ ਅੱਗੇ ਸਿਰ ਝੁਕਾਇਆ ਅਤੇ ਯਿਸੂ ਦਾ ਧੰਨਵਾਦ ਕੀਤਾ। ਇਹ ਆਦਮੀ ਯਹੂਦੀ ਨਹੀਂ ਸਾਮਰੀ ਸੀ। 17 ਯਿਸੂ ਨੇ ਜਵਾਬ ਦਿੱਤਾ, “ਕੀ ਸਾਰੇ ਦਸ ਚੰਗੇ ਨਹੀਂ ਹੋਏ, ਬਾਕੀ ਦੇ ਨੌ ਕਿੱਥੇ ਹਨ? 18 ਕੀ ਇਹ ਵਿਦੇਸ਼ੀ ਸਾਮਰਿਯਾ ਤੋਂ ਹੈ, ਜੋ ਸਿਰਫ ਇੱਕ ਪਰਮੇਸ਼ੁਰ ਦੀ ਉਸਤਤਿ ਲਈ ਵਾਪਸ ਆਇਆ ਹੈ?” 19 ਤਦ ਯਿਸੂ ਨੇ ਉਸ ਨੂੰ ਆਖਿਆ, “ਖੜ੍ਹਾ ਹੋ! ਅਤੇ ਜਾ। ਤੇਰੇ ਵਿਸ਼ਵਾਸ ਨੇ ਹੀ ਤੈਨੂੰ ਰਾਜੀ ਕੀਤਾ ਹੈ।”
2010 by World Bible Translation Center