Revised Common Lectionary (Semicontinuous)
19 ਯਹੋਵਾਹ, ਮੇਰੀ ਬਿਪਤਾ ਅਤੇ ਭਟਕਣ ਨੂੰ ਚੇਤੇ ਕਰੋ।
ਉਸ ਕੌੜੀ ਜ਼ਹਿਰ ਨੂੰ ਯਾਦ ਕਰੋ ਜੋ ਤੁਸੀਂ ਮੈਨੂੰ ਦਿੱਤੀ ਸੀ।
20 ਮੈਨੂੰ, ਮੇਰੀਆਂ ਸਾਰੀਆਂ ਮੁਸੀਬਤਾਂ ਚੰਗੀ ਤਰ੍ਹਾਂ ਯਾਦ ਨੇ।
ਅਤੇ ਮੈਂ ਬਹੁਤ ਉਦਾਸ ਹਾਂ।
21 ਪਰ ਫ਼ੇਰ ਮੈਂ ਕਿਸੇ ਹੋਰ ਚੀਜ਼ ਬਾਰੇ ਸੋਚਦਾ ਹਾਂ, ਮੈਨੂੰ ਫ਼ੇਰ ਉਮੀਦ ਹੁੰਦੀ ਹੈ।
ਜੋ ਮੈਂ ਸੋਚਦਾ ਹਾਂ ਇਹ ਹੈ:
22 ਯਹੋਵਾਹ ਦੀ ਪ੍ਰੀਤ ਅਤੇ ਮਿਹਰ ਕਦੇ ਵੀ ਨਹੀਂ ਖਤਮ ਹੁੰਦੀ।
ਉਸ ਦੀ ਦਇਆ ਕਦੇ ਨਹੀਂ ਮੁੱਕਦੀ।
23 ਹਰ ਸਵੇਰੇ ਉਹ ਇਸ ਨੂੰ ਨਵੇਂ ਤਰੀਕਿਆਂ ਨਾਲ ਦਰਸਾਉਂਦਾ ਹੈ!
ਯਹੋਵਾਹ ਜੀ, ਤੁਸੀਂ ਕਿੰਨੇ ਸੱਚੇ ਅਤੇ ਵਫ਼ਾਦਾਰ ਹੋ।
24 ਮੈਂ ਆਪਣੇ-ਆਪ ਨੂੰ ਆਖਦਾ ਹਾਂ, “ਯਹੋਵਾਹ ਮੇਰਾ ਪਰਮੇਸ਼ੁਰ ਹੈ
ਅਤੇ ਮੈਂ ਉਸ ਵਿੱਚ ਭਰੋਸਾ ਕਰਦਾ ਹਾਂ।”
25 ਯਹੋਵਾਹ ਉਨ੍ਹਾਂ ਲਈ ਨੇਕ ਹੈ ਜੋ ਉਸਦਾ ਇੰਤਜ਼ਾਰ ਕਰਦੇ ਨੇ।
ਯਹੋਵਾਹ ਉਨ੍ਹਾਂ ਲੋਕਾਂ ਲਈ ਨੇਕ ਹੈ, ਜਿਹੜੇ ਉਸਦੀ ਉਡੀਕ ਕਰਦੇ ਹਨ।
26 ਕਿਸੇ ਬੰਦੇ ਲਈ ਯਹੋਵਾਹ ਨੂੰ ਉਸ ਨੂੰ ਬਚਾਉਣ ਦਾ,
ਖਾਮੋਸ਼ੀ ਨਾਲ ਇੰਤਜ਼ਾਰ ਕਰਨਾ ਚਾਹੀਦਾ ਹੈ।
ਯਰੂਸ਼ਲਮ ਦਾ ਪਤਨ
52 ਸਿਦਕੀਯਾਹ ਉਦੋਂ 21ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਰਾਜਾ ਬਣਿਆ। ਸਿਦਕੀਯਾਹ ਨੇ ਯਰੂਸ਼ਲਮ ਵਿੱਚ 11 ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਹਮੂਟਲ ਸੀ ਜਿਹੜੀ ਕਿ ਯਿਰਮਿਯਾਹ ਦੀ ਧੀ ਸੀ। ਹਮੂਤਲ ਦਾ ਪਰਿਵਾਰ ਲਿਬਨਾਹ ਕਸਬੇ ਦਾ ਸੀ। 2 ਸਿਦਕੀਯਾਹ ਨੇ ਮੰਦੇ ਕੰਮ ਕੀਤੇ ਜਿਵੇਂ ਕਿ ਯਹੋਯਾਕੀਮ ਨੇ ਕੀਤੇ ਸੀ। ਯਹੋਵਾਹ ਨੇ ਸਿਦਕੀਯਾਹ ਨੂੰ ਇਹ ਮੰਦੇ ਕੰਮ ਕਰਦਿਆਂ ਪਸੰਦ ਨਹੀਂ ਕੀਤਾ। 3 ਯਰੂਸ਼ਲਮ ਅਤੇ ਯਹੂਦਾਹ ਨਾਲ ਭਿਆਨਕ ਗੱਲਾਂ ਵਾਪਰੀਆਂ ਕਿਉਂ ਕਿ ਯਹੋਵਾਹ ਉਨ੍ਹਾਂ ਨਾਲ ਨਾਰਾਜ਼ ਸੀ। ਅੰਤ ਵਿੱਚ ਯਹੋਵਾਹ ਨੇ ਯਰੂਸ਼ਲਮ ਤੇ ਯਹੂਦਾਹ ਦੇ ਲੋਕਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ।
ਸਿਦਕੀਯਾਹ ਨੇ ਬਾਬਲ ਦੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ। 4 ਇਸ ਲਈ ਸਿਦਕੀਯਾਹ ਦੀ ਹਕੂਮਤ ਦੇ ਨੌਵੇਂ ਵਰ੍ਹੇ ਵਿੱਚ ਦਸਵੇਂ ਮਹੀਨੇ [a] ਦੇ 10 ਵੇਂ ਦਿਨ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰ ਦਿੱਤੀ ਨਬੂਕਦਨੱਸਰ ਦੇ ਨਾਲ ਉਸਦੀ ਸਾਰੀ ਫ਼ੌਜ ਸੀ। ਬਾਬਲ ਦੀ ਫ਼ੌਜ ਨੇ ਯਰੂਸ਼ਲਮ ਦੇ ਬਾਹਰ ਡੇਰਾ ਲਾ ਲਿਆ। ਫ਼ਿਰ ਉਨ੍ਹਾਂ ਨੇ ਸ਼ਹਿਰ ਦੀਆਂ ਦੀਵਾਰਾਂ ਦੁਆਲੇ ਢਾਲਾਂ ਬਣਾ ਲਈਆਂ ਤਾਂ ਜੋ ਉਹ ਕੰਧਾਂ ਉੱਤੇ ਚੜ੍ਹ ਸੱਕਣ। 5 ਯਰੂਸ਼ਲਮ ਦਾ ਸ਼ਹਿਰ ਬਾਬਲ ਦੀ ਫ਼ੌਜ ਵੱਲੋਂ ਓਨਾ ਚਿਰ ਘੇਰੀ ਰੱਖਿਆ ਗਿਆ ਜਦੋਂ ਤੱਕ ਕਿ ਰਾਜੇ ਸਿਦਕੀਯਾਹ ਦੇ ਰਾਜ ਦਾ ਗਿਆਰ੍ਹਵਾਂ ਵਰ੍ਹਾ ਸੀ। 6 ਉਸ ਵਰ੍ਹੇ ਦੇ ਚੌਬੇ ਮਹੀਨੇ ਦੇ 9ਵੇਂ ਦਿਨ ਤੱਕ ਸ਼ਹਿਰ ਵਿੱਚ ਭੁੱਖ ਦੀ ਬਹੁਤ ਬੁਰੀ ਹਾਲਤ ਸੀ। ਸ਼ਹਿਰ ਦੇ ਲੋਕਾਂ ਕੋਲ ਖਾਣ ਲਈ ਕੁਝ ਨਹੀਂ ਸੀ ਬਚਿਆ। 7 ਉਸ ਦਿਨ ਬਾਬਲ ਦੀ ਫ਼ੌਜ ਨੇ ਯਰੂਸ਼ਲਮ ਉੱਤੇ ਧਾਵਾ ਬੋਲ ਦਿੱਤਾ। ਯਰੂਸ਼ਲਮ ਦੇ ਫ਼ੌਜੀ ਭੱਜ ਗਏ। ਉਹ ਰਾਤ ਵੇਲੇ ਸ਼ਹਿਰ ’ਚੋਂ ਨਿਕਲ ਗਏ। ਉਹ ਦੋ ਕੰਧਾਂ ਵਿੱਚਕਾਰਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਗਏ। ਦਰਵਾਜ਼ਾ ਰਾਜੇ ਦੇ ਬਾਗ਼ ਨੇੜੇ ਸੀ। ਭਾਵੇਂ ਬਾਬਲ ਦੀ ਫ਼ੌਜ ਨੇ ਸ਼ਹਿਰ ਦੁਆਲੇ ਘੇਰਾ ਪਾਇਆ ਹੋਇਆ ਸੀ ਪਰ ਯਰੂਸ਼ਲਮ ਦੇ ਫ਼ੌਜੀ ਤਾਂ ਵੀ ਭੱਜ ਗਏ। ਉਹ ਮਾਰੂਬਲ ਵੱਲ ਦੌੜ ਗਏ।
8 ਪਰ ਬਾਬਲ ਦੀ ਫ਼ੌਜ ਨੇ ਰਾਜੇ ਸਿਦਕੀਯਾਹ ਦਾ ਪਿੱਛਾ ਕੀਤਾ। ਉਨ੍ਹਾਂ ਨੇ ਉਸ ਨੂੰ ਯਰੀਹੋ ਦੇ ਮੈਦਾਨਾਂ ਵਿੱਚ ਫ਼ੜ ਲਿਆ। ਸਿਦਕੀਯਾਹ ਦੇ ਸਾਰੇ ਫ਼ੌਜੀ ਨੱਸ ਗਏ। 9 ਬਾਬਲ ਦੀ ਫ਼ੌਜ ਨੇ ਰਾਜੇ ਸਿਦਕੀਯਾਹ ਨੂੰ ਫ਼ੜ ਲਿਆ ਉਹ ਉਸ ਨੂੰ ਬਾਬਲ ਦੇ ਰਾਜੇ ਕੋਲ ਰਿਬਲਾਹ ਸ਼ਹਿਰ ਲੈ ਗਏ। ਰਿਬਲਾਹ ਹਮਾਬ ਦੀ ਧਰਤੀ ਉੱਤੇ ਹੈ। ਰਿਬਲਾਹ ਵਿਖੇ ਬਾਬਲ ਦੇ ਰਾਜੇ ਨੇ ਰਾਜੇ ਸਿਦਕੀਯਾਹ ਬਾਰੇ ਆਪਣਾ ਨਿਆਂ ਸੁਣਾਇਆ। 10 ਉੱਥੇ ਰਿਬਲਾਹ ਸ਼ਹਿਰ ਵਿੱਚ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਕਤਲ ਕਰ ਦਿੱਤਾ। ਸਿਦਕੀਯਾਹ ਨੂੰ ਆਪਣੇ ਪੁੱਤਰ ਕਤਲ ਹੁੰਦੇ ਦੇਖਣ ਲਈ ਮਜ਼ਬੂਰ ਕੀਤਾ ਗਿਆ। ਬਾਬਲ ਦੇ ਰਾਜੇ ਨੇ ਯਹੂਦਾਹ ਦੇ ਸਾਰੇ ਰਾਜ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ। 11 ਫ਼ਿਰ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਦਿੱਤੀਆਂ। ਉਸ ਨੇ ਉਸ ਨੂੰ ਤਾਂਬੇ ਦੀਆਂ ਜ਼ੰਜ਼ੀਰਾਂ ਨਾਲ ਬੰਨ੍ਹ ਦਿੱਤਾ। ਫ਼ਿਰ ਉਹ ਸਿਦਕੀਯਾਹ ਨੂੰ ਬਾਬਲ ਲੈ ਗਿਆ। ਬਾਬਲ ਵਿੱਚ ਉਸ ਨੇ ਸਿਦਕੀਯਾਹ ਨੂੰ ਕੈਦਖਾਨੇ ਵਿੱਚ ਸੁੱਟ ਦਿੱਤਾ। ਸਿਦਕੀਯਾਹ ਉਸ ਕੈਦ ਵਿੱਚ ਆਪਣੇ ਮਰਨ ਤੀਕ ਰਿਹਾ।
ਸਮੁਰਨੇ ਦੀ ਕਲੀਸਿਯਾ ਨੂੰ ਯਿਸੂ ਦਾ ਪੱਤਰ
8 “ਸਮੁਰਨੇ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:
“ਉਹ ਜਿਹੜਾ ਪਹਿਲਾ ਤੇ ਅਖੀਰਲਾ ਹੈ, ਤੁਹਾਨੂੰ ਇਹ ਗੱਲਾਂ ਦੱਸ ਰਿਹਾ ਹੈ। ਉਹੀ ਹੈ ਜਿਹੜਾ ਮਰਿਆ ਅਤੇ ਫ਼ੇਰ ਜੀਵਨ ਵੱਲ ਵਾਪਸ ਆਇਆ।
9 “ਮੈਂ ਤੁਹਾਡੀਆਂ ਮੁਸ਼ਕਿਲਾਂ ਨੂੰ ਜਾਣਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਤੁਸੀਂ ਗਰੀਬ ਹੋ। ਪਰ ਸੱਚਮੁੱਚ ਤੁਸੀਂ ਅਮੀਰ ਹੋ। ਮੈਂ ਉਨ੍ਹਾਂ ਮੰਦੀਆਂ ਗੱਲਾਂ ਨੂੰ ਜਾਣਦਾ ਹਾਂ ਜਿਹੜੀਆਂ ਕੁਝ ਲੋਕ ਤੁਹਾਡੇ ਬਾਰੇ ਬੋਲਦੇ ਹਨ। ਉਹ ਲੋਕ ਆਖਦੇ ਹਨ ਕਿ ਉਹ ਯਹੂਦੀ ਹਨ। ਪਰ ਉਹ ਸੱਚੇ ਯਹੂਦੀ ਨਹੀਂ ਹਨ। ਉਹ ਇੱਕ ਪੂਜਾ ਸਥਾਨ ਹਨ ਜਿਹੜੇ ਸ਼ੈਤਾਨ ਨਾਲ ਸੰਬੰਧਿਤ ਹਨ। 10 ਉਨ੍ਹਾਂ ਗੱਲਾਂ ਬਾਰੇ ਭੈਭੀਤ ਨਾ ਹੋਵੋ ਜਿਹੜੀਆਂ ਤੁਹਾਡੇ ਨਾਲ ਵਾਪਰਨਗੀਆਂ। ਮੈਂ ਤੁਹਾਨੂੰ ਦੱਸਦਾ ਹਾਂ, ਸ਼ੈਤਾਨ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਕੈਦ ਵਿੱਚ ਭੇਜ ਦੇਵੇਗਾ। ਉਹ ਅਜਿਹਾ ਤੁਹਾਡੀ ਪਰੱਖ ਕਰਨ ਦੇ ਉਦੇਸ਼ ਨਾਲ ਕਰੇਗਾ। ਤੁਹਾਨੂੰ ਦਸਾਂ ਦਿਨਾਂ ਲਈ ਤਸੀਹੇ ਝੱਲਣੇ ਪੈਣਗੇ। ਪਰ ਭਾਵੇਂ ਤੁਹਾਨੂੰ ਮਰਨਾ ਪਵੇ, ਤਾਂ ਵੀ ਵਫ਼ਾਦਾਰ ਰਹੋ। ਜੇ ਤੁਸੀਂ ਵਫ਼ਾਦਾਰ ਬਣੇ ਰਹੋਂਗੇ ਤਾਂ ਮੈਂ ਤੁਹਾਨੂੰ ਜੀਵਨ ਦਾ ਤਾਜ ਬਖਸ਼ਾਂਗਾ।
11 “ਹਰ ਵਿਅਕਤੀ ਨੂੰ ਜੋ ਇਹ ਸੁਣਦਾ ਹੈ ਉਸ ਨੂੰ ਉਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਆਖਦਾ ਹੈ। ਜਿਹੜਾ ਵਿਅਕਤੀ ਜਿੱਤਦਾ ਹੈ, ਉਸ ਨੂੰ ਦੂਸਰੀ ਮੌਤ ਸੱਟ ਨਹੀਂ ਪਹੁੰਚਾਵੇਗੀ।
2010 by World Bible Translation Center