Revised Common Lectionary (Semicontinuous)
ਜ਼ਾਇਨ
49 ਯਹੋਵਾਹ, ਆਪਣਾ ਵਾਅਦਾ ਯਾਦ ਕਰੋ ਜੋ ਤੁਸਾਂ ਮੇਰੇ ਨਾਲ ਕੀਤਾ ਸੀ।
ਉਹ ਵਾਅਦਾ ਮੈਨੂੰ ਆਸ ਬੁਨ੍ਹਾਉਂਦਾ ਹੈ।
50 ਮੈਂ ਦੁੱਖੀ ਸਾਂ, ਅਤੇ ਤੁਸੀਂ ਮੈਨੂੰ ਸੁਕੂਨ ਪਹੁੰਚਾਇਆ।
ਤੁਹਾਡੇ ਸ਼ਬਦਾ ਨੇ ਮੈਨੂੰ ਫ਼ੇਰ ਜਿਉਣ ਦਿੱਤਾ।
51 ਉਹ ਲੋਕ ਜੋ ਆਪਣੇ-ਆਪ ਨੂੰ ਮੇਰੇ ਨਾਲੋਂ ਬਿਹਤਰ ਸਮਝਦੇ ਹਨ ਉਨ੍ਹਾਂ ਨੇ ਮੈਨੂੰ ਨਿਰੰਤਰ ਬੇਇੱਜ਼ਤ ਕੀਤਾ।
ਪਰ ਮੈਂ ਤੁਹਾਡੀਆਂ ਸਿੱਖਿਆਵਾ ਉੱਤੇ ਅਮਲ ਕਰਨ ਤੋਂ ਨਹੀਂ ਰੁਕਿਆ।
52 ਮੈਂ ਸਦਾ ਤੁਹਾਡੇ ਸਿਆਣੇ ਨਿਆਂ ਯਾਦ ਕਰਦਾ ਹਾਂ।
ਯਹੋਵਾਹ, ਤੁਹਾਡੇ ਸਿਆਣੇ ਨਿਆਂ ਮੈਨੂੰ ਸੁਕੂਨ ਦਿੰਦੇ ਹਨ।
53 ਮੈਂ ਕ੍ਰੋਧਵਾਨ ਹੋਇਆ ਜਦੋਂ ਮੈਂ ਬੁਰਿਆਂ ਬੰਦਿਆਂ ਨੂੰ
ਤੁਹਾਡੀਆਂ ਸਿੱਖਿਆਵਾਂ ਤੋਂ ਅਮਲ ਕਰਨੋਂ ਹਟਦਿਆ ਵੇਖਿਆ।
54 ਤੁਹਾਡੇ ਨੇਮ ਮੇਰੇ ਘਰ ਵਿੱਚ ਗੀਤ ਹਨ।
55 ਯਹੋਵਾਹ, ਮੈਂ ਰਾਤ ਵੇਲੇ ਤੁਹਾਡਾ ਨਾਮ ਯਾਦ ਕਰਦਾ ਹਾਂ।
ਅਤੇ ਮੈਂ ਤੁਹਾਡੀਆਂ ਸਿੱਖਿਆਵਾਂ ਨੂੰ ਯਾਦ ਕਰਦਾ ਹਾਂ।
56 ਇਹ ਇਸ ਤਰ੍ਹਾਂ ਵਾਪਰਦਾ ਕਿਉਂਕਿ ਮੈਂ ਤੁਹਾਡੇ ਆਦੇਸ਼ਾ ਨੂੰ ਧਿਆਨ ਨਾਲ ਮੰਨਦਾ ਹਾਂ।
16 ਮੈਂ ਸੌਦੇ ਦੀ ਨਕਲ ਨੇਰੀਆਹ ਦੇ ਪੁੱਤਰ ਬਾਰੂਕ ਨੂੰ ਦੇ ਦੇਣ ਤੋਂ ਮਗਰੋਂ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਮੈਂ ਆਖਿਆ:
17 “ਯਹੋਵਾਹ ਪਰਮੇਸ਼ੁਰ, ਤੁਸੀਂ ਆਕਾਸ਼ਾਂ ਅਤੇ ਧਰਤੀ ਨੂੰ ਸਾਜਿਆ ਹੈ। ਤੁਸੀਂ ਆਪਣੀ ਮਹਾਨ ਸ਼ਕਤੀ ਨਾਲ ਉਨ੍ਹਾਂ ਦੀ ਸਾਜਨਾ ਕੀਤੀ ਹੈ। ਕੁਝ ਵੀ ਕਰਨਾ ਤੁਹਾਡੇ ਲਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ। 18 ਹੇ ਯਹੋਵਾਹ, ਤੂੰ ਲੋਕਾਂ ਦੀਆਂ ਹਜ਼ਾਰਾਂ ਪੀੜੀਆਂ ਪ੍ਰਤਿ ਵਫ਼ਾਦਾਰ ਅਤੇ ਮਿਹਰਬਾਨ ਹੈਂ। ਪਰ ਤੂੰ ਬੱਚਿਆਂ ਨੂੰ ਵੀ ਉਨ੍ਹਾਂ ਦੇ ਮਾਪਿਆਂ ਦੇ ਪਾਪਾਂ ਦੀ ਸਜ਼ਾ ਦਿੰਦਾ ਹੈ। ਮਹਾਨ ਅਤੇ ਸ਼ਕਤੀਸ਼ਾਲੀ ਪਰਮੇਸ਼ੁਰ, ਤੇਰਾ ਨਾਮ ਸਰਬ ਸ਼ਕਤੀਮਾਨ ਯਹੋਵਾਹ ਹੈ। 19 ਯਹੋਵਾਹ ਜੀ ਤੁਸੀਂ ਵਿਉਂਤਾਂ ਬਣਾਉਂਦੇ ਹੋ ਅਤੇ ਮਹਾਨ ਗੱਲਾਂ ਕਰਦੇ ਹੋ। ਤੁਸੀਂ ਲੋਕਾਂ ਦੀ ਕੀਤੀ ਹਰ ਗੱਲ ਦੇਖਦੇ ਹੋ। ਤੁਸੀਂ ਨੇਕੀ ਕਰਨ ਵਾਲਿਆਂ ਨੂੰ ਇਨਾਮ ਦਿੰਦੇ ਹੋ ਅਤੇ ਬਦੀ ਕਰਨ ਵਾਲਿਆਂ ਨੂੰ ਸਜ਼ਾ ਦਿੰਦੇ ਹੋ-ਤੁਸੀਂ ਉਨ੍ਹਾਂ ਨੂੰ ਓਹੋ ਕੁਝ ਦਿੰਦੇ ਹੋ ਜਿਸਦੇ ਉਹ ਅਧਿਕਾਰੀ ਹਨ। 20 ਯਹੋਵਾਹ ਜੀ ਤੁਸੀਂ ਮਿਸਰ ਦੇਸ਼ ਅੰਦਰ ਤਾਕਤਵਰ ਚਮਤਕਾਰ ਕੀਤੇ ਸਨ। ਤੁਸੀਂ ਅੱਜ ਦਿਨ ਤੱਕ ਵੀ ਤਾਕਤਵਰ ਚਮਤਕਾਰ ਕੀਤੇ ਹਨ। ਤੁਸੀਂ ਉਹ ਗੱਲਾਂ ਇਸਰਾਏਲ ਵਿੱਚ ਕੀਤੀਆਂ ਅਤੇ ਓੱਥੇ ਵੀ ਕੀਤੀਆਂ ਜਿੱਥੇ ਲੋਕ ਰਹਿੰਦੇ ਹਨ। ਤੁਸੀਂ ਇਨ੍ਹਾਂ ਗੱਲਾਂ ਕਾਰਣ ਮਸ਼ਹੂਰ ਹੋ ਗਏ ਹੋ। 21 ਯਹੋਵਾਹ ਜੀ, ਤੁਸੀਂ ਤਾਕਤਵਰ ਚਮਤਕਾਰਾਂ ਦੀ ਵਰਤੋਂ ਕੀਤੀ ਅਤੇ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਕੇ ਇਸਰਾਏਲ ਲਿਆਂਦਾ। ਇਹ ਗੱਲਾਂ ਕਰਨ ਲਈ ਤੁਸੀਂ ਆਪਣੇ ਤਾਕਤਵਰ ਹੱਥ ਦੀ ਵਰਤੋਂ ਕੀਤੀ। ਤੁਹਾਡੀ ਸ਼ਕਤੀ ਹੈਰਾਨੀ ਭਰੀ ਸੀ!
22 “ਯਹੋਵਾਹ ਜੀ, ਤੂੰ ਇਹ ਧਰਤੀ ਇਸਰਾਏਲ ਦੇ ਲੋਕਾਂ ਨੂੰ ਦਿੱਤੀ, ਜਿਸ ਨੂੰ ਦੇਣ ਦਾ ਤੂੰ ਬਹੁਤ ਪਹਿਲਾਂ ਉਨ੍ਹਾਂ ਦੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। ਇਹ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਜ਼ਮੀਨ ਹੈ। 23 ਇਸਰਾਏਲ ਦੇ ਲੋਕ ਇਸ ਧਰਤੀ ਉੱਤੇ ਆਏ ਅਤੇ ਇਸ ਨੂੰ ਆਪਣੀ ਧਰਤੀ ਵਾਂਗ ਸਮਝਿਆ। ਪਰ ਉਨ੍ਹਾਂ ਲੋਕਾਂ ਨੇ ਹੁਕਮ ਨਹੀਂ ਮੰਨਿਆ। ਉਹ ਤੇਰੀ ਬਿਵਸਬਾ ਉੱਤੇ ਨਹੀਂ ਚੱਲੇ। ਉਨ੍ਹਾਂ ਨੇ ਉਹ ਗੱਲਾਂ ਨਹੀਂ ਕੀਤੀਆਂ ਜਿਨ੍ਹਾਂ ਦਾ ਤੁਸੀਂ ਆਦੇਸ਼ ਦਿੱਤਾ ਸੀ। ਇਸ ਲਈ ਤੁਸੀਂ ਇਸਰਾਏਲ ਦੇ ਲੋਕਾਂ ਉੱਤੇ ਇਹ ਭਿਆਨਕ ਘਟਨਾਵਾਂ ਵਾਪਰਨ ਦਿੱਤੀਆਂ।
24 “ਅਤੇ ਹੁਣ, ਦੁਸ਼ਮਣ ਨੇ ਸ਼ਹਿਰ ਨੂੰ ਘੇਰਾ ਪਾ ਲਿਆ ਹੈ। ਉਹ ਟੀਲੇ ਬਣਾ ਰਹੇ ਹਨ ਤਾਂ ਜੋ ਉਹ ਯਰੂਸ਼ਲਮ ਦੀਆਂ ਦੀਵਾਰਾਂ ਉੱਤੇ ਚੜ੍ਹ ਸੱਕਣ ਅਤੇ ਇਸ ਉੱਤੇ ਕਬਜ਼ਾ ਕਰ ਸੱਕਣ। ਬਾਬਲ ਦੀ ਫ਼ੌਜ ਆਪਣੀਆਂ ਤਲਵਾਰਾਂ, ਅਤੇ ਭੁੱਖਮਰੀ ਅਤੇ ਭਿਆਨਕ ਬਿਮਾਰੀ ਰਾਹੀਂ ਯਰੂਸ਼ਲਮ ਦੇ ਸ਼ਹਿਰ ਨੂੰ ਹਰਾ ਦੇਵੇਗੀ। ਬਾਬਲ ਦੀ ਫ਼ੌਜ ਹੁਣ ਸ਼ਹਿਰ ਉੱਤੇ ਹਮਲਾ ਕਰ ਰਹੀ ਹੈ। ਯਹੋਵਾਹ ਜੀ, ਤੁਸੀਂ ਆਖਿਆ ਸੀ ਕਿ ਇਉਂ ਵਾਪਰੇਗਾ-ਅਤੇ ਹੁਣ ਤੁਸੀਂ ਇਸ ਨੂੰ ਵਾਪਰਦੇ ਹੋਏ ਦੇਖ ਰਹੇ ਹੋ।
25 “ਯਹੋਵਾਹ ਮੇਰੇ ਪ੍ਰਭੂ, ਉਹ ਸਾਰੀਆਂ ਹੀ ਬੁਰੀਆਂ ਗੱਲਾਂ ਵਾਪਰ ਰਹੀਆਂ ਹਨ। ਪਰ ਹੁਣ ਤੁਸੀਂ ਮੈਨੂੰ ਆਖ ਰਹੇ ਹੋ, ‘ਯਿਰਮਿਯਾਹ, ਚਾਂਦੀ ਬਦਲੇ ਖੇਤ ਖਰੀਦ ਲੈ ਅਤੇ ਕੁਝ ਬੰਦਿਆਂ ਨੂੰ ਚੁਣਕੇ ਇਸ ਸੌਦੇ ਦੀ ਗਵਾਹੀ ਪੁਆ ਲੈ।’ ਤੁਸੀਂ ਮੈਨੂੰ ਇਹ ਗੱਲ ਉਦੋਂ ਆਖ ਰਹੇ ਹੋ ਜਦੋਂ ਬਾਬਲ ਦੀ ਫ਼ੌਜ ਸ਼ਹਿਰ ਉੱਤੇ ਕਬਜ਼ਾ ਕਰਨ ਲਈ ਤਿਆਰ ਹੈ।”
26 ਫ਼ੇਰ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਸੰਦੇਸ਼ ਮਿਲਿਆ, “ਯਿਰਮਿਯਾਹ, 27 ਮੈਂ ਯਹੋਵਾਹ ਹਾਂ। ਮੈਂ ਧਰਤੀ ਉਤਲੇ ਹਰ ਬੰਦੇ ਦਾ ਪਰਮੇਸ਼ੁਰ ਹਾਂ। ਯਿਰਮਿਯਾਹ, ਤੂੰ ਜਾਣਦਾ ਹੈਂ ਕਿ ਮੇਰੇ ਲਈ ਕੁਝ ਵੀ ਅਸੰਭਵ ਨਹੀਂ।” 28 ਯਹੋਵਾਹ ਨੇ ਇਹ ਵੀ ਆਖਿਆ, “ਛੇਤੀ ਹੀ ਮੈਂ ਯਰੂਸ਼ਲਮ ਦੇ ਸ਼ਹਿਰ ਨੂੰ ਬਾਬਲ ਦੀ ਫ਼ੌਜ ਅਤੇ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਹਵਾਲੇ ਕਰ ਦਿਆਂਗਾ। ਉਹ ਫ਼ੌਜ ਸਹਿਰ ਉੱਤੇ ਕਬਜ਼ਾ ਕਰ ਲਵੇਗੀ। 29 ਬਾਬਲ ਦੀ ਫ਼ੌਜ ਪਹਿਲਾਂ ਹੀ ਯਰੂਸ਼ਲਮ ਸ਼ਹਿਰ ਉੱਤੇ ਹਮਲਾ ਕਰ ਰਹੀ ਹੈ। ਉਹ ਛੇਤੀ ਹੀ ਸ਼ਹਿਰ ਵਿੱਚ ਦਾਖਲ ਹੋ ਜਾਵੇਗੀ ਅਤੇ ਅੱਗਾਂ ਲਾ ਦੇਵੇਗੀ। ਉਹ ਲੋਕ ਸ਼ਹਿਰ ਨੂੰ ਸਾੜ ਦੇਣਗੇ। ਇਸ ਸ਼ਹਿਰ ਵਿੱਚ ਅਜਿਹੇ ਘਰ ਹਨ ਜਿੱਥੇ ਯਰੂਸ਼ਲਮ ਦੇ ਲੋਕਾਂ ਨੇ ਘਰਾਂ ਦੀਆਂ ਛੱਤਾਂ ਉੱਤੇ ਝੂਠੇ ਦੇਵਤੇ ਬਾਲ ਨੂੰ ਬਲੀਆਂ ਚੜ੍ਹਾ ਕੇ ਮੈਨੂੰ ਕ੍ਰੋਧ ਚੜ੍ਹਾਇਆ ਸੀ। ਅਤੇ ਲੋਕਾਂ ਨੇ ਹੋਰਨਾਂ ਬੁੱਤ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਡੋਲ੍ਹੀਆਂ। ਬਾਬਲ ਦੀ ਫ਼ੌਜ ਉਨ੍ਹਾਂ ਘਰਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ। 30 ਮੈਂ ਇਸਰਾਏਲ ਦੇ ਲੋਕਾਂ ਨੂੰ ਅਤੇ ਯਹੂਦਾਹ ਦੇ ਲੋਕਾਂ ਨੂੰ ਧਿਆਨ ਨਾਲ ਦੇਖਿਆ ਹੈ। ਜੋ ਕੁਝ ਵੀ ਉਹ ਕਰਦੇ ਨੇ ਉਹ ਬਦੀ ਹੈ। ਉਨ੍ਹਾਂ ਨੇ ਆਪਣੀ ਜਵਾਨੀ ਵੇਲੇ ਤੋਂ ਹੀ ਮੰਦੇ ਕਾਰੇ ਕੀਤੇ ਹਨ ਅਤੇ ਆਪਣੀਆਂ ਕਰਨੀਆਂ ਨਾਲ ਮੈਨੂੰ ਬਹੁਤ ਕ੍ਰੋਧਵਾਨ ਕੀਤਾ ਹੈ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। 31 “ਉਸ ਸਮੇਂ ਤੋਂ ਲੈ ਕੇ, ਜਦੋਂ ਯਰੂਸ਼ਲਮ ਦੀ ਉਸਾਰੀ ਹੋਈ ਸੀ, ਹੁਣ ਤੱਕ, ਇਸ ਸ਼ਹਿਰ ਦੇ ਲੋਕਾਂ ਨੇ ਮੈਨੂੰ ਕਹਿਰਵਾਨ ਕੀਤਾ ਹੈ। ਇਸ ਸ਼ਹਿਰ ਨੇ ਮੈਨੂੰ ਇਤਨਾ ਕਹਿਰਵਾਨ ਕੀਤਾ ਹੈ ਕਿ ਮੈਂ ਅਵੱਸ਼ ਇਸ ਨੂੰ ਆਪਣੀ ਨਜ਼ਰ ਤੋਂ ਦੂਰ ਕਰ ਦਿਆਂਗਾ। 32 ਮੈਂ ਯਰੂਸ਼ਲਮ ਨੂੰ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਕਾਰਣ ਤਬਾਹ ਕਰ ਦਿਆਂਗਾ ਜਿਹੜੀਆਂ ਇਸਰਾਏਲ ਦੇ ਲੋਕਾਂ ਨੇ ਅਤੇ ਯਹੂਦਾਹ ਦੇ ਲੋਕਾਂ ਨੇ ਕੀਤੀਆਂ ਹਨ। ਲੋਕਾਂ, ਉਨ੍ਹਾਂ ਦੇ ਰਾਜਿਆਂ, ਆਗੂਆਂ, ਉਨ੍ਹਾਂ ਦੇ ਜਾਜਕਾਂ ਅਤੇ ਨਬੀਆਂ, ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਦੇ ਲੋਕਾਂ, ਸਾਰਿਆਂ ਨੇ ਮੈਨੂੰ ਕਹਿਰਵਾਨ ਕੀਤਾ ਹੈ।
33 “ਉਨ੍ਹਾਂ ਲੋਕਾਂ ਨੂੰ ਸਹਾਇਤਾ ਲਈ ਮੇਰੇ ਪਾਸ ਆਉਣਾ ਚਾਹੀਦਾ ਸੀ। ਪਰ ਉਨ੍ਹਾਂ ਨੇ ਮੇਰੇ ਕੋਲੋਂ ਮੂੰਹ ਮੋੜ ਲਿਆ। ਮੈਂ ਉਨ੍ਹਾਂ ਲੋਕਾਂ ਨੂੰ ਸਿੱਖਿਆ ਦੇਣ ਦੀ ਬਾਰ-ਬਾਰ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। ਮੈਂ ਉਨ੍ਹਾਂ ਨੂੰ ਸੁਧਾਰਣ ਦੀ ਕੋਸ਼ਿਸ਼ ਕੀਤੀ ਪਰ ਉਹ ਸੁਣਦੇ ਹੀ ਨਹੀਂ ਸਨ। 34 ਉਨ੍ਹਾਂ ਲੋਕਾਂ ਨੇ ਆਪਣੇ ਬੁੱਤ ਬਣਾਏ ਨੇ-ਅਤੇ ਮੈਂ ਉਨ੍ਹਾਂ ਬੁੱਤਾਂ ਨੂੰ ਨਫ਼ਰਤ ਕਰਦਾ ਹਾਂ। ਉਨ੍ਹਾਂ ਲੋਕਾਂ ਨੇ ਉਹ ਬੁੱਤ ਮੇਰੇ ਨਾਮ ਨਾਲ ਸੱਦੇ ਜਾਂਦੇ ਮੰਦਰ ਵਿੱਚ ਰੱਖੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਮੇਰੇ ਮੰਦਰ ਨੂੰ ‘ਪਲੀਤ’ ਕਰ ਦਿੱਤਾ ਹੈ।
35 “ਉਨ੍ਹਾਂ ਲੋਕਾਂ ਨੇ ਬਨ-ਹਿੰਨੋਮ ਦੀ ਵਾਦੀ ਅੰਦਰ ਝੂਠੇ ਦੇਵਤੇ ਬਾਲ ਲਈ ਉੱਚੀਆਂ ਥਾਵਾਂ ਬਣਾਈਆਂ ਹਨ। ਉਨ੍ਹਾਂ ਨੇ ਇਹ ਉਪਾਸਨਾ ਸਥਾਨ ਇਸ ਲਈ ਬਣਾਏ ਹਨ ਤਾਂ ਜੋ ਉਹ ਮੋਲਕ ਨੂੰ ਆਪਣੇ ਧੀਆਂ ਪੁੱਤਰਾਂ ਦੀ ਬਲੀ ਦੇ ਸੱਕਣ। ਮੈਂ ਕਦੇ ਵੀ ਉਨ੍ਹਾਂ ਨੂੰ ਇਹੋ ਜਿਹੀ ਭਿਆਨਕ ਗੱਲ ਕਰਨ ਦਾ ਆਦੇਸ਼ ਨਹੀਂ ਸੀ ਦਿੱਤਾ। ਮੈਂ ਤਾਂ ਕਦੇ ਅਜਿਹੀਆਂ ਗੱਲਾਂ ਕਰਨ ਬਾਰੇ ਸੋਚਿਆ ਵੀ ਨਹੀਂ ਸੀ, ਜੋ ਯਹੂਦਾਹ ਤੋਂ ਪਾਪ ਕਰਾਉਣ।
ਯਿਸੂ ਦਾ ਲਾਉਦਿਕੀਏ ਦੀ ਕਲੀਸਿਯਾ ਨੂੰ ਪੱਤਰ
14 “ਲਾਉਦਿਕੀਏ ਵਿਖੇ ਕਲੀਸਿਯਾ ਦੇ ਦੂਤ ਨੂੰ ਇਹ ਲਿਖੋ:
“ਉਹ ਇੱਕ ਜਿਹੜਾ “ਆਮੀਨ” ਹੈ ਇਹ ਗੱਲਾਂ ਤੁਹਾਨੂੰ ਦੱਸ ਰਿਹਾ ਹੈ। ਉਹ ਵਫ਼ਾਦਾਰ ਅਤੇ ਸੱਚਾ ਗਵਾਹ ਹੈ। ਉਹ ਉਨ੍ਹਾਂ ਸਭ ਦੇਸ਼ਾਂ ਦਾ ਹਾਕਮ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਾਜਿਆ ਹੈ। ਉਹ ਇਹ ਗੱਲਾਂ ਆਖਦਾ ਹੈ।
15 “ਮੈਂ ਤੁਹਾਡੀਆਂ ਕਰਨੀਆਂ ਨੂੰ ਜਾਣਦਾ ਹਾਂ। ਨਾ ਹੀ ਤੁਸੀਂ ਗਰਮ ਹੋ ਤੇ ਨਾ ਹੀ ਠੰਡੇ ਹੋ। ਮੈਂ ਇੱਛਾ ਕਰਦਾ ਹਾਂ ਕਿ ਜਾਂ ਤਾਂ ਤੁਸੀਂ ਠੰਡੇ ਸੀ ਜਾਂ ਗਰਮ। 16 ਪਰ ਤੁਸੀਂ ਸਿਰਫ਼ ਕੋਸੇ ਹੋ—ਨਾ ਗਰਮ ਨਾ ਸਰਦ। ਇਸ ਲਈ ਮੈਂ ਤੁਹਾਨੂੰ ਆਪਣੇ ਮੂੰਹ ਵਿੱਚੋਂ ਬਾਹਰ ਥੁੱਕਣ ਲਈ ਤਿਆਰ ਹਾਂ। 17 ਤੁਸੀਂ ਆਖਦੇ ਹੋ ਕਿ ਤੁਸੀਂ ਅਮੀਰ ਹੋ। ਤੁਸੀਂ ਸੋਚਦੇ ਹੋ ਕਿ ਤੁਸੀਂ ਅਮੀਰ ਬਣ ਗਏ ਹੋ ਅਤੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਪਰ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਦੁੱਖੀ, ਮੰਦਭਾਗੇ, ਕੰਗਾਲ, ਅੰਨ੍ਹੇ ਅਤੇ ਨੰਗੇ ਹੋ। 18 ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਮੇਰੇ ਪਾਸੋਂ ਸੋਨਾ ਖਰੀਦੋ ਅੱਗ ਵਿੱਚ ਸ਼ੁੱਧ ਕੀਤਾ ਹੋਇਆ ਸੋਨਾ। ਫ਼ੇਰ ਤੁਸੀਂ ਸੱਚਮੁੱਚ ਅਮੀਰ ਹੋ ਸੱਕੋਂਗੇ। ਮੈਂ ਤੁਹਾਨੂੰ ਇਹ ਦੱਸਦਾ ਹਾਂ; ਉਹ ਕੱਪੜੇ ਖਰੀਦੋ ਜਿਹੜੇ ਸਫ਼ੇਦ ਹਨ। ਫ਼ੇਰ ਤੁਸੀਂ ਆਪਣਾ ਬੇਸ਼ਰਮੀ ਭਰਿਆ ਨੰਗ ਢੱਕ ਸੱਕੋਂਗੇ। ਮੈਂ ਤੁਹਾਨੂੰ ਇਹ ਵੀ ਆਖਦਾ ਹਾਂ ਕਿ ਆਪਣੀਆਂ ਅੱਖਾਂ ਵਿੱਚ ਪਾਉਣ ਲਈ ਦਵਾਈ ਖਰੀਦੋ। ਫ਼ੇਰ ਤੁਸੀਂ ਸੱਚਮੁੱਚ ਦੇਖ ਸੱਕੋਂਗੇ।
19 “ਮੈਂ ਉਨ੍ਹਾਂ ਲੋਕਾਂ ਨੂੰ ਝਿੜਕਦਾ ਅਤੇ ਅਨੁਸ਼ਾਸਿਤ ਕਰਦਾ ਹਾਂ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ। ਇਸ ਲਈ ਸਖਤ ਕੋਸ਼ਿਸ਼ ਕਰਨੀ ਅਰੰਭ ਕਰੋ। ਆਪਣੇ ਦਿਲਾਂ ਅਤੇ ਜ਼ਿੰਦਗੀਆਂ ਨੂੰ ਬਦਲੋ। 20 ਇਹ ਮੈਂ ਹਾਂ! ਮੈਂ ਦਰਵਾਜ਼ੇ ਤੇ ਖਲੋਤਾ ਹੋਇਆ ਦਸਤਕ ਦੇ ਰਿਹਾ ਹਾਂ। ਜੇਕਰ ਕੋਈ ਮੇਰੀ ਅਵਾਜ਼ ਸੁਣਕੇ ਦਰਵਾਜ਼ਾ ਖੋਲ੍ਹ ਦਿੰਦਾ ਹੈ, ਮੈਂ ਅੰਦਰ ਆਵਾਂਗਾ, ਅਤੇ ਅਸੀਂ ਇਕੱਠੇ ਖਾਵਾਂਗੇ। ਅਤੇ ਉਹ ਵਿਅਕਤੀ ਮੇਰੇ ਨਾਲ ਭੋਜਨ ਕਰੇਗਾ।
21 “ਹਰ ਉਸ ਵਿਅਕਤੀ ਨੂੰ ਜਿਹੜਾ ਜਿੱਤ ਪ੍ਰਾਪਤ ਕਰਦਾ ਹੈ ਮੈਂ ਆਪਣੇ ਨਾਲ ਤਖਤ ਤੇ ਬਿਠਾਵਾਂਗਾ ਮੇਰੇ ਨਾਲ ਵੀ ਇਵੇਂ ਹੀ ਹੋਇਆ ਸੀ। ਮੈਂ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਪਿਤਾ ਨਾਲ ਉਸ ਦੇ ਤਖਤ ਤੇ ਬੈਠ ਗਿਆ। 22 ਹਰ ਵਿਅਕਤੀ ਜੋ ਇਹ ਗੱਲਾਂ ਸੁਣਦਾ ਹੈ ਉਸ ਨੂੰ ਸੁਣਨਾ ਚਾਹੀਦਾ ਹੈ ਜੋ ਆਤਮਾ ਕਲੀਸਿਯਾਵਾਂ ਨੂੰ ਦੱਸ ਰਿਹਾ ਹੈ।”
2010 by World Bible Translation Center