Revised Common Lectionary (Semicontinuous)
40 ਪਰਮੇਸ਼ੁਰ ਆਪਣੇ ਲੋਕਾਂ ਉੱਤੇ ਕਹਿਰਵਾਨ ਹੋ ਗਿਆ,
ਪਰਮੇਸ਼ੁਰ ਉਨ੍ਹਾਂ ਤੋਂ ਤੰਗ ਆ ਚੁੱਕਿਆ ਸੀ।
41 ਪਰਮੇਸ਼ੁਰ ਨੇ ਆਪਣੇ ਬੰਦਿਆਂ ਨੂੰ ਪਰਾਈਆਂ ਕੌਮਾਂ ਦੇ ਹਵਾਲੇ ਕਰ ਦਿੱਤਾ।
ਪਰਮੇਸ਼ੁਰ ਨੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਉੱਤੇ ਰਾਜ ਕਰਨ ਦਿੱਤਾ।
42 ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ
ਅਤੇ ਉਨ੍ਹਾਂ ਦਾ ਜਿਉਣਾ ਬਹੁਤ ਮੁਸ਼ਕਿਲ ਕਰ ਦਿੱਤਾ।
43 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਅਨੇਕਾਂ ਵਾਰੀ ਬਚਾਇਆ।
ਪਰ ਉਹ ਪਰਮੇਸ਼ੁਰ ਦੇ ਖਿਲਾਫ਼ ਹੋ ਗਏ, ਅਤੇ ਮਨ ਭਾਉਂਦੀਆਂ ਗੱਲਾਂ ਕਰਨ ਲੱਗੇ।
ਪਰਮੇਸ਼ੁਰ ਦੇ ਲੋਕਾਂ ਨੇ ਬਹੁਤ-ਬਹੁਤ ਸਾਰੀਆਂ ਬਦੀਆਂ ਕੀਤੀਆਂ।
44 ਪਰ ਜਦੋਂ ਵੀ ਪਰਮੇਸ਼ੁਰ ਦੇ ਲੋਕ ਮੁਸੀਬਤ ਵਿੱਚ ਸਨ।
ਉਨ੍ਹਾਂ ਨੇ ਸਹਾਇਤਾ ਲਈ ਹਮੇਸ਼ਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ।
ਅਤੇ ਪਰਮੇਸ਼ੁਰ ਨੇ ਹਰ ਵਾਰ ਉਨ੍ਹਾਂ ਦੀ ਪ੍ਰਾਰਥਨਾ ਸੁਣ ਲਈ।
45 ਪਰਮੇਸ਼ੁਰ ਨੇ ਆਪਣਾ ਕਰਾਰ ਹਮੇਸ਼ਾ ਚੇਤੇ ਰੱਖਿਆ।
ਅਤੇ ਉਸ ਦੇ ਮਹਾਨ ਪਿਆਰ ਵਿੱਚੋਂ ਉਨ੍ਹਾਂ ਨੂੰ ਸਕੂਨ ਪਹੁੰਚਾਇਆ।
46 ਪਰਾਈਆਂ ਕੌਮਾਂ ਨੇ ਉਨ੍ਹਾਂ ਨੂੰ ਕੈਦੀ ਬਣਾ ਲਿਆ।
ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੇ ਲੋਕਾਂ ਲਈ ਦਯਾਵਾਨ ਬਣਾ ਦਿੱਤਾ।
47 ਸਾਡੇ ਯਹੋਵਾਹ ਪਰਮੇਸ਼ੁਰ ਨੇ ਸਾਨੂੰ ਬਚਾ ਲਿਆ।
ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਪਰਾਈਆਂ ਕੌਮਾਂ ਤੋਂ ਵਾਪਸ ਲਿਆਂਦਾ
ਤਾਂ ਜੋ ਅਸੀਂ ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰ ਸੱਕੀਏ।
ਤਾਂ ਜੋ ਅਸੀਂ ਉਸਦੀ ਉਸਤਤਿ ਗਾ ਸੱਕੀਏ।
48 ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੂੰ ਅਸੀਸ ਦੇਵੋ।
ਪਰਮੇਸ਼ੁਰ ਸਦਾ ਰਿਹਾ ਅਤੇ ਸਦਾ ਹੀ ਉਹ ਰਹੇਗਾ।
ਅਤੇ ਸਮੂਹ ਲੋਕਾਂ ਨੇ ਆਖਿਆ, “ਆਮੀਨ!”
ਯਹੋਵਾਹ ਦੀ ਉਸਤਤਿ ਕਰੋ।
ਤਬਾਹੀ ਆ ਰਹੀ ਹੈ
17 ਹਰ ਸ਼ੈਅ ਇਕੱਠੀ ਕਰ ਲਵੋ, ਜਿਹੜੀ ਤੁਹਾਡੀ ਹੈ ਅਤੇ ਤਿਆਰ ਹੋ ਜਾਵੋ।
ਯਹੂਦਾਹ ਅਤੇ ਤੁਸੀਂ ਸ਼ਹਿਰ ਅੰਦਰ ਫ਼ਸ ਗਏ ਹੋ
ਅਤੇ ਦੁਸ਼ਮਣ ਨੇ ਘੇਰਾ ਘੱਤ ਲਿਆ ਹੈ।
18 ਯਹੋਵਾਹ ਆਖਦਾ ਹੈ:
“ਇਸ ਸਮੇਂ, ਮੈਂ ਯਹੂਦਾਹ ਦੇ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਛੱਡਣ ਲਈ ਮਜ਼ਬੂਰ ਕਰ ਦਿਆਂਗਾ।
ਮੈਂ ਉਨ੍ਹਾਂ ਲਈ ਮੁਸੀਬਤਾਂ ਲਿਆਵਾਂਗਾ ਤਾਂ ਜੋ ਉਹ ਸ਼ਬਦ ਸਿੱਖ ਸੱਕਣ।”
19 ਆਹ, ਮੈਂ ਬੁਰੀ ਤਰ੍ਹਾਂ ਜ਼ਖਮੀ ਹਾਂ।
ਮੈਂ ਜ਼ਖਮੀ ਹਾਂ ਤੇ ਰਾਜ਼ੀ ਨਹੀਂ ਹੋ ਸੱਕਦਾ।
ਤਾਂ ਵੀ ਮੈਂ ਦਿਲ ਅੰਦਰ ਆਖਿਆ, “ਇਹ ਮੇਰਾ ਰੋਗ ਹੈ,
ਮੈਨੂੰ ਅਵੱਸ਼ ਇਸ ਨੂੰ ਭੋਗਣਾ ਪਵੇਗਾ।”
20 ਮੇਰਾ ਤੰਬੂ ਬਰਬਾਦ ਹੋ ਗਿਆ ਹੈ।
ਤੰਬੂ ਦੇ ਸਾਰੇ ਰੱਸੇ ਟੁੱਟੇ ਹੋਏ ਨੇ।
ਮੇਰੇ ਬੱਚਿਆਂ ਨੇ ਮੈਨੂੰ ਛੱਡ ਦਿੱਤਾ।
ਉਹ ਚੱਲੇ ਗਏ ਨੇ।
ਮੇਰੇ ਤੰਬੂ ਨੂੰ ਖੜ੍ਹਾ ਕਰਨ ਵਾਲਾ ਕੋਈ ਬੰਦਾ ਨਹੀਂ ਬਚਿਆ।
ਮੇਰਾ ਆਸਰਾ ਬਨਾਉਣ ਵਾਲਾ ਕੋਈ ਬੰਦਾ ਨਹੀਂ ਬਚਿਆ।
21 ਅਯਾਲੀ ਮੂਰਖ ਹਨ ਅਤੇ ਉਹ ਯਹੋਵਾਹ ਦੀ ਭਾਲ ਨਹੀਂ ਕਰਦੇ,
ਇਸੇ ਲਈ ਉਨ੍ਹਾਂ ਦੇ ਚੇਲੇ ਖਿੰਡਾ ਦਿੱਤੇ ਗਏ ਹਨ ਅਤੇ ਉਹ ਵੱਧੇ ਫ਼ੁੱਲੇ ਨਹੀਂ।
22 ਸੁਣੋ! ਉੱਚਾ ਸ਼ੋਰ ਉੱਠਿਆ ਹੈ!
ਇਹ ਸ਼ੋਰ ਉੱਤਰ ਵੱਲੋਂ ਆ ਰਿਹਾ ਹੈ।
ਇਹ ਯਹੂਦਾਹ ਦੇ ਸ਼ਹਿਰ ਨੂੰ ਤਬਾਹ ਕਰ ਦੇਵੇਗਾ।
ਯਹੂਦਾਹ ਇੱਕ ਸੱਖਣਾ ਮਾਰੂਬਲ ਬਣ ਜਾਵੇਗਾ।
ਇਹ ਗਿਦ੍ਦੜਾਂ ਦਾ ਘਰ ਹੋਵੇਗਾ।
23 ਯਹੋਵਾਹ ਜੀ, ਮੈਂ ਜਾਣਦਾ ਹਾਂ ਕਿ ਲੋਕ ਸੱਚਮੁੱਚ ਨਹੀਂ ਜਾਣਦੇ ਹਨ ਕਿ ਆਪਣਾ ਜੀਵਨ ਕਿਵੇਂ ਜਿਉਣਾ ਹੈ।
ਲੋਕ ਸੱਚਮੁੱਚ ਜਿਉਣ ਦਾ ਸਹੀ ਤਰੀਕਾ ਨਹੀਂ ਜਾਣਦੇ ਹਨ।
24 ਹੇ ਯਹੋਵਾਹ, ਸਾਨੂੰ ਅਨੁਸ਼ਾਸਤ ਕਰੋ,
ਪਰ ਬੇਲਾਗ ਹੋਵੋ!
ਸਾਨੂੰ ਗੁੱਸੇ ਅੰਦਰ ਸਜ਼ਾ ਨਾ ਦੇਵੋ,
ਨਹੀਂ ਤਾਂ ਅਸੀਂ ਪੂਰੀ ਤਰ੍ਹਾਂ ਤਬਾਹ ਹੋ ਜਾਵਾਂਗੇ!
25 ਜੇ ਤੂੰ ਕਹਿਰਵਾਨ ਹੈਂ,ਤਾਂ ਹੋਰਨਾਂ ਕੌਮਾਂ ਨੂੰ ਸਜ਼ਾ ਦੇ।
ਉਹ ਤੈਨੂੰ ਨਹੀਂ ਜਾਣਦੇ ਅਤੇ ਤੇਰਾ ਆਦਰ ਨਹੀਂ ਕਰਦੇ।
ਉਹ ਲੋਕ ਤੇਰੀ ਉਪਾਸਨਾ ਨਹੀਂ ਕਰਦੇ।
ਉਨ੍ਹਾਂ ਕੌਮਾਂ ਨੇ ਯਾਕੂਨ ਦੇ ਪਰਿਵਾਰ ਨੂੰ ਤਬਾਹ ਕੀਤਾ ਸੀ।
ਉਨ੍ਹਾਂ ਨੇ ਪੂਰੀ ਤਰ੍ਹਾਂ ਇਸਰਾਏਲ ਨੂੰ ਤਬਾਹ ਕਰ ਦਿੱਤਾ ਸੀ।
ਉਨ੍ਹਾਂ ਨੇ ਇਸਰਾਏਲ ਦੀ ਮਾਤਭੂਮੀ ਨੂੰ ਤਬਾਹ ਕਰ ਦਿੱਤਾ ਸੀ।
ਯਿਸੂ ਨੇਮ ਦੇ ਉਪਦੇਸ਼ਕਾਂ ਬਾਰੇ ਖਬਰਦਾਰ ਕਰਦਾ(A)
45 ਸਾਰੇ ਲੋਕ ਯਿਸੂ ਨੂੰ ਸੁਣ ਰਹੇ ਸਨ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, 46 “ਨੇਮ ਦੇ ਉਪਦੇਸ਼ਕਾਂ ਕੋਲੋਂ ਖਬਰਦਾਰ ਰਹੋ ਜਿਹੜੇ ਲੰਬੇ ਚੋਗੇ ਪਾਕੇ ਫਿਰਨਾ ਪਸੰਦ ਕਰਦੇ ਹਨ ਅਤੇ ਬਜ਼ਾਰਾਂ ਵਿੱਚ ਸਲਾਮ ਲੈਣਾ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਅਗਲੀਆਂ ਕੁਰਸੀਆਂ ਅਤੇ ਦਾਅਵਤਾਂ ਵਿੱਚ ਬਹੁਤ ਮਹੱਤਵਪੂਰਨ ਥਾਵਾਂ ਚਾਹੁੰਦੇ ਹਨ। 47 ਉਹ ਵਿਧਵਾਵਾਂ ਦੇ ਘਰ ਲੁੱਟ ਲੈਂਦੇ ਹਨ ਅਤੇ ਬਾਦ ਵਿੱਚ ਲੰਬੀਆਂ-ਲੰਬੀਆਂ ਪ੍ਰਾਰਥਨਾ ਕਰਕੇ ਚੰਗੇ ਬਨਣ ਦਾ ਢੋਂਗ ਕਰਦੇ ਹਨ। ਉਨ੍ਹਾਂ ਨੂੰ ਵੱਧੇਰੇ ਸਜਾ ਮਿਲੇਗੀ।”
ਸੱਚੀ ਦੇਣ(B)
21 ਯਿਸੂ ਨੇ ਕੁਝ ਅਮੀਰ ਆਦਮੀਆਂ ਨੂੰ ਮੰਦਰ ਦੇ ਗੋਲਕ ਵਿੱਚ ਆਪਣਾ ਪੈਸਾ ਪਾਉਂਦਿਆਂ ਵੇਖਿਆ। 2 ਤਦ ਉਸ ਨੇ ਇੱਕ ਗਰੀਬ ਵਿਧਵਾ ਵੇਖੀ। 3 ਉਸ ਨੇ ਤਾਂਬੇ ਦੇ ਦੋ ਸਿੱਕੇ ਗੋਲਕ ਵਿੱਚ ਪਾਏ। ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਭਾਵੇਂ ਇਸ ਔਰਤ ਨੇ ਦੋ ਛੋਟੇ ਸਿੱਕੇ ਪਾਏ ਹਨ, ਅਸਲ ਵਿੱਚ ਉਸ ਨੇ ਅਮੀਰ ਲੋਕਾਂ ਨਾਲੋਂ ਵੱਧ ਪਾਇਆ ਹੈ। 4 ਅਮੀਰ ਲੋਕਾਂ ਕੋਲ ਬਹੁਤ ਅਧਿਕ ਧਨ ਹੈ। ਉਨ੍ਹਾਂ ਨੇ ਸਿਰਫ਼ ਉਹ ਦਿੱਤਾ ਜੋ ਉਨ੍ਹਾਂ ਨੂੰ ਲੋੜੀਦਾ ਨਹੀਂ ਸੀ। ਇਹ ਔਰਤ ਬਹੁਤ ਗਰੀਬ ਹੈ, ਪਰ ਜੋ ਕੁਝ ਇਸ ਕੋਲ ਸੀ ਉਸ ਨੇ ਸਭ ਦੇ ਦਿੱਤਾ ਜਦ ਕਿ ਇਹ ਪੈਸੇ ਉਸ ਨੂੰ ਜਿਉਣ ਵਾਸਤੇ ਚਾਹੀਦੇ ਸਨ।”
2010 by World Bible Translation Center