Revised Common Lectionary (Semicontinuous)
94 ਯਹੋਵਾਹ, ਤੁਸੀਂ ਪਰਮੇਸ਼ੁਰ ਹੋ, ਜਿਹੜਾ ਲੋਕਾਂ ਨੂੰ ਦੰਡ ਦਿੰਦਾ ਹੈ
ਤੁਸੀਂ ਪਰਮੇਸ਼ੁਰ ਹੋ ਜਿਹੜਾ ਆਉਂਦਾ ਹੈ ਅਤੇ ਲੋਕਾਂ ਲਈ ਦੰਡ ਲਿਆਉਂਦਾ ਹੈ।
2 ਤੁਸੀਂ ਸਾਰੀ ਧਰਤੀ ਦੇ ਮੁਨਸਫ਼ ਹੋ।
ਗੁਮਾਨੀ ਲੋਕਾਂ ਨੂੰ ਸਜ਼ਾ ਦਿਉ, ਜਿਸਦੇ ਉਹ ਅਧਿਕਾਰੀ ਹਨ।
3 ਯਹੋਵਾਹ, ਮੰਦੇ ਲੋਕ ਕਿੰਨਾ ਕੁ ਚਿਰ ਖੁਸ਼ੀ ਮਨਾਉਣਗੇ?
ਹੋਰ ਕਿੰਨਾ ਕੁ ਚਿਰ, ਯਹੋਵਾਹ।
4 ਉਹ ਦੋਸ਼ੀ ਹੋਰ ਕਿੰਨਾ ਕੁ ਚਿਰ,
ਆਪਣੇ ਮੰਦੇ ਕਾਰਿਆਂ ਦੀਆਂ ਫ਼ੜਾਂ ਮਾਰਨਗੇ?
5 ਯਹੋਵਾਹ, ਉਹ ਤੁਹਾਡੇ ਬੰਦਿਆਂ ਨੂੰ ਦੁੱਖ ਦਿੰਦੇ ਹਨ,
ਉਨ੍ਹਾਂ ਤੁਹਾਡੇ ਬੰਦਿਆਂ ਨੂੰ ਦੰਡ ਦਿੱਤਾ ਹੈ।
6 ਉਹ ਮੰਦੇ ਲੋਕ ਵਿਧਵਾਵਾਂ ਨੂੰ ਅਤੇ ਸਾਡੇ ਦੇਸ਼ ਵਿੱਚ ਰਹਿੰਦੇ ਪਰਦੇਸੀਆਂ ਨੂੰ ਮਾਰਦੇ ਹਨ।
ਉਹ ਯਤੀਮ ਬੱਚਿਆਂ ਨੂੰ ਮਾਰਦੇ ਹਨ।
7 ਅਤੇ ਉਹ ਆਖਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਇਹ ਮੰਦੇ ਕਾਰੇ ਕਰਦਿਆਂ ਨਹੀਂ ਦੇਖਦਾ।
ਉਹ ਆਖਦੇ ਹਨ ਕਿ ਇਸਰਾਏਲ ਦੇ ਪਰਮੇਸ਼ੁਰ ਨੂੰ ਪਤਾ ਹੀ ਨਹੀਂ ਕਿ ਕੀ ਵਾਪਰ ਰਿਹਾ ਹੈ।
8 ਮੰਦੇ ਲੋਕੋ ਤੁਸੀਂ ਬਹੁਤ ਮੂਰਖ ਹੋ,
ਤੁਸੀਂ ਆਪਣਾ ਸਬਕ ਕਦੋਂ ਸਿਖੋਂਗੇ?
ਤੁਸੀਂ, ਮੰਦੇ ਲੋਕੋ ਕਿੰਨੇ ਬੁੱਧੂ ਹੋ।
ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
9 ਪਰਮੇਸ਼ੁਰ ਨੇ ਸਾਡੇ ਕੰਨ ਬਣਾਏ, ਇਸ ਲਈ ਉਸ ਦੇ ਕੰਨ ਵੀ ਜ਼ਰੂਰ ਹੋਣਗੇ।
ਉਹ ਸੁਣ ਸੱਕਦਾ ਕਿ ਕੀ ਹੋ ਰਿਹਾ ਹੈ।
ਪਰਮੇਸ਼ੁਰ ਨੇ ਸਾਡੀਆਂ ਅੱਖਾਂ ਬਣਾਈਆਂ, ਇਸ ਲਈ ਉਸ ਦੀਆਂ ਅੱਖਾਂ ਵੀ ਜ਼ਰੂਰ ਹੋਣਗੀਆਂ,
ਉਹ ਜੋ ਵੀ ਹੋ ਰਿਹਾ ਦੇਖ ਸੱਕਦਾ ਹੈ।
10 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਅਨੁਸ਼ਾਸਨ ਵਿੱਚ ਰੱਖੇਗਾ।
ਪਰਮੇਸ਼ੁਰ ਉਨ੍ਹਾਂ ਨੂੰ ਸਿੱਖਾਏਗਾ ਕਿ ਉਨ੍ਹਾ ਨੂੰ ਕੀ ਕਰਨਾ ਚਾਹੀਦਾ ਹੈ।
11 ਪਰਮੇਸ਼ੁਰ ਲੋਕਾਂ ਦੀਆਂ ਸੋਚਾਂ ਨੂੰ ਜਾਣਦਾ ਹੈ।
ਪਰਮੇਸ਼ੁਰ ਜਾਣਦਾ ਹੈ ਕਿ ਲੋਕ ਹਵਾ ਦੇ ਬੁੱਲੇ ਵਾਂਗੂ ਹਨ।
12 ਜਿਸ ਬੰਦੇ ਨੂੰ ਯਹੋਵਾਹ ਅਨੁਸ਼ਾਸਨ ਵਿੱਚ ਰੱਖਦਾ ਹੈ।
ਉਹ ਬਹੁਤ ਖੁਸ਼ ਹੋਵੇਗਾ।
ਪਰਮੇਸ਼ੁਰ ਉਸ ਬੰਦੇ ਨੂੰ ਸਹੀ ਜੀਵਨ ਜਾਂਚ ਸਿੱਖਾਵੇਗਾ।
13 ਹੇ ਪਰਮੇਸ਼ੁਰ, ਤੁਸੀਂ ਉਸ ਬੰਦੇ ਦੀ ਸ਼ਾਂਤ ਰਹਿਣ ਵਿੱਚ ਸਹਾਇਤਾ ਕਰੋਂਗੇ ਜਦੋਂ ਉਸ ਉੱਤੇ ਮੁਸੀਬਤ ਆਵੇਗੀ।
ਤੁਸੀਂ ਸ਼ਾਂਤ ਰਹਿਣ ਵਿੱਚ ਉਦੋਂ ਤੱਕ ਉਸਦੀ ਮਦਦ ਕਰੋਂਗੇ ਜਦੋਂ ਤੱਕ ਕਿ ਮੰਦੇ ਲੋਕ ਆਪਣੀਆਂ ਕਬਰਾਂ ਵਿੱਚ ਨਹੀਂ ਚੱਲੇ ਜਾਂਦੇ।
14 ਯਹੋਵਾਹ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ।
ਉਹ ਉਨ੍ਹਾਂ ਨੂੰ ਸਹਾਇਤਾ ਤੋਂ ਬਿਨਾ ਨਹੀਂ ਛੱਡੇਗਾ।
15 ਫ਼ੇਰ ਇਨਸਾਫ਼ ਹੋਵੇਗਾ, ਅਤੇ ਇਸ ਨਾਲ ਨਿਰਪੱਖਤਾ ਆਵੇਗੀ,
ਅਤੇ ਫ਼ਿਰ ਇੱਥੇ ਚੰਗੇ ਅਤੇ ਇਮਾਨਦਾਰ ਲੋਕ ਹੋਣਗੇ।
16 ਕਿਸੇ ਵੀ ਬੰਦੇ ਨੇ ਮੰਦੇ ਲੋਕਾਂ ਦੇ ਖਿਲਾਫ਼ ਲੜਨ ਵਿੱਚ ਮੇਰੀ ਸਹਾਇਤਾ ਨਹੀਂ ਕੀਤੀ।
ਕੋਈ ਵੀ ਬੰਦਾ ਮੇਰੇ ਨਾਲ ਉਨ੍ਹਾਂ ਦੇ ਖਿਲਾਫ਼ ਲੜਨ ਲਈ ਨਹੀਂ ਖਲੋਤਾ ਜਿਹੜੇ ਮੰਦੇ ਕੰਮ ਕਰਦੇ ਹਨ।
17 ਅਤੇ ਜੇ ਯਹੋਵਾਹ ਨੇ ਮੇਰੀ ਸਹਾਇਤਾ ਨਾ ਕੀਤੀ ਹੁੰਦੀ,
ਮੈਨੂੰ ਮੌਤ ਨੇ ਖਾਮੋਸ਼ ਕਰ ਦਿੱਤਾ ਹੋਣਾ ਸੀ।
18 ਮੈਂ ਜਾਣਦਾ ਹਾਂ ਕਿ ਮੈਂ ਡਿੱਗਣ ਵਾਲਾ ਸਾਂ,
ਪਰ ਯਹੋਵਾਹ ਨੇ ਆਪਣੇ ਪੈਰੋਕਾਰਾਂ ਨੂੰ ਸਹਾਰਾ ਦਿੱਤਾ।
19 ਮੈਂ ਬਹੁਤ ਫ਼ਿਕਰਮੰਦ ਅਤੇ ਬੇਚੈਨ ਸਾਂ।
ਪਰ ਹੇ ਯਹੋਵਾਹ, ਤੁਸੀਂ ਮੈਨੂੰ ਸੁਕੂਨ ਪਹੁੰਚਾਇਆ ਅਤੇ ਮੈਨੂੰ ਪ੍ਰਸੰਨ ਕਰ ਦਿੱਤਾ।
20 ਹੇ ਪਰਮੇਸ਼ੁਰ, ਤੁਸੀਂ ਭ੍ਰਿਸ਼ਟ ਨਿਆਕਾਰਾਂ ਦੀ ਸਹਾਇਤਾ ਨਹੀਂ ਕਰਦੇ।
ਉਹ ਮੰਦੇ ਨਿਆਂਕਾਰ ਲੋਕਾਂ ਦਾ ਜੀਣਾ ਦੁਭਰ ਕਰਨ ਲਈ ਕਾਨੂੰਨ ਦਾ ਇਸਤੇਮਾਲ ਕਰਦੇ ਹਨ।
21 ਉਹ ਨਿਆਂਕਾਰ ਨੇਕ ਬੰਦਿਆਂ ਉੱਤੇ ਹਮਲਾ ਕਰਦੇ ਹਨ।
ਉਹ ਮਾਸੂਮ ਲੋਕਾਂ ਨੂੰ ਦੋਸ਼ੀ ਆਖਦੇ ਹਨ ਅਤੇ ਉਨ੍ਹਾਂ ਨੂੰ ਮਾਰਦੇ ਹਨ।
22 ਪਰ ਉੱਚੇ ਪਰਬਤ ਉੱਤੇ ਪਰਮੇਸ਼ੁਰ ਹੀ ਮੇਰੀ ਸੁਰੱਖਿਆ ਦਾ ਸਥਾਨ ਹੈ।
ਪਰਮੇਸ਼ੁਰ, ਮੇਰੀ ਚੱਟਾਨ ਹੈ, ਉਹ ਮੇਰੀ ਰੱਖਿਆ ਦਾ ਸਥਾਨ ਹੈ।
23 ਪਰਮੇਸ਼ੁਰ ਉਨ੍ਹਾਂ ਮੰਦੇ ਨਿਆਕਾਰਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਦਾ ਦੰਡ ਦੇਵੇਗਾ।
ਪਰਮੇਸ਼ੁਰ ਉਨ੍ਹਾਂ ਨੂੰ ਤਬਾਹ ਕਰ ਦੇਵੇਗਾ ਕਿਉਂਕਿ ਉਨ੍ਹਾਂ ਨੇ ਗੁਨਾਹ ਕੀਤਾ ਸੀ।
ਯਹੋਵਾਹ, ਸਾਡਾ ਪਰਮੇਸ਼ੁਰ ਉਨ੍ਹਾਂ ਮੰਦੇ ਨਿਆਕਾਰਾਂ ਦਾ ਨਾਸ਼ ਕਰੇਗਾ।
ਯਹੂਦਾਹ ਦੇ ਲੋਕਾਂ ਦੀ ਬਦੀ
5 ਯਹੋਵਾਹ ਆਖਦਾ ਹੈ, “ਯਰੂਸ਼ਲਮ ਦੀਆਂ ਗਲੀਆਂ ਵਿੱਚ ਘੁੰਮੋ। ਆਲੇ-ਦੁਆਲੇ ਦੇਖੋ ਅਤੇ ਇਨ੍ਹਾਂ ਗੱਲਾਂ ਬਾਰੇ ਸੋਚੋ। ਸ਼ਹਿਰ ਦੀਆਂ ਜਨਤਕ ਥਾਵਾਂ ਦੀ ਖੋਜ ਕਰੋ। ਦੇਖੋ ਕਿ ਕੀ ਤੁਸੀਂ ਇੱਕ ਵੀ ਨੇਕ ਬੰਦਾ ਲੱਭ ਸੱਕਦੇ ਹੋ, ਅਜਿਹਾ ਬੰਦਾ ਜਿਹੜਾ ਇਮਾਨਦਾਰੀ ਕਰਦਾ ਹੈ, ਜਿਹੜਾ ਸੱਚ ਦੀ ਤਲਾਸ਼ ਕਰਦਾ ਹੈ। ਜੇ ਤੁਸੀਂ ਇੱਕ ਵੀ ਨੇਕ ਬੰਦਾ ਲੱਭ ਲਵੋਂਗੇ ਤਾਂ ਮੈਂ ਯਰੂਸ਼ਲਮ ਨੂੰ ਮਾਫ਼ ਕਰ ਦਿਆਂਗਾ! 2 ਲੋਕੀ ਇਕਰਾਰ ਕਰਦੇ ਨੇ ਤੇ ਆਖਦੇ ਨੇ, ‘ਜਿਵੇਂ ਕਿ ਯਹੋਵਾਹ ਹਾਜ਼ਰ ਨਾਜ਼ਰ ਹੈ।’ ਪਰ ਅਸਲ ਵਿੱਚ ਉਨ੍ਹਾਂ ਦਾ ਭਾਵ ਅਜਿਹਾ ਨਹੀਂ ਹੁੰਦਾ।”
3 ਯਹੋਵਾਹ ਜੀ, ਮੈਂ ਜਾਣਦਾ ਹਾਂ ਕਿ
ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਵਫ਼ਾਦਾਰ ਹੋਣ।
ਤੁਸੀਂ ਯਹੂਦਾਹ ਦੇ ਲੋਕਾਂ ਨੂੰ ਸੱਟ ਮਾਰੀ
ਪਰ ਉਨ੍ਹਾਂ ਨੇ ਕੋਈ ਦਰਦ ਮਹਿਸੂਸ ਨਹੀਂ ਕੀਤਾ।
ਤੁਸੀਂ ਉਨ੍ਹਾਂ ਨੂੰ ਤਬਾਹ ਕਰ ਦਿੱਤਾ।
ਪਰ ਉਨ੍ਹਾਂ ਨੇ ਸਬਕ ਸਿੱਖਣ ਤੋਂ ਇਨਕਾਰ ਕਰ ਦਿੱਤਾ।
ਉਹ ਬਹੁਤ ਜ਼ਿੱਦੀ ਬਣ ਗਏ।
ਉਨ੍ਹਾਂ ਆਪਣੇ ਮੰਦੇ ਅਮਲਾਂ ਉੱਤੇ ਅਫ਼ਸੋਸ ਕਰਨ ਤੋਂ ਇਨਕਾਰ ਕੀਤਾ।
4 ਪਰ ਮੈਂ ਆਪਣੇ ਦਿਲ ਵਿੱਚ ਆਖਿਆ,
“ਅਵੱਸ਼ ਹੀ ਸਿਰਫ਼ ਗਰੀਬ ਲੋਕ ਅਜਿਹੇ ਹੋਣਗੇ ਜਿਹੜੇ ਇੰਨੇ ਮੂਰਖ ਹਨ।
ਗਰੀਬ ਲੋਕਾਂ ਨੇ ਯਹੋਵਾਹ ਦੇ ਮਾਰਗ ਦੀ ਸਿੱਖਿਆ ਨਹੀਂ ਲਈ।
ਗਰੀਬ ਲੋਕ ਆਪਣੇ ਪਰਮੇਸ਼ੁਰ ਦੀ ਬਿਵਸਬਾ ਨਹੀਂ ਜਾਣਦੇ।
5 ਇਸ ਲਈ ਮੈਂ ਯਹੂਦਾਹ ਦੇ ਆਗੂਆਂ ਕੋਲ ਜਾਵਾਂਗਾ।
ਮੈਂ ਉਨ੍ਹਾਂ ਨਾਲ ਗੱਲ ਕਰਾਂਗਾ।
ਅਵੱਸ਼ ਹੀ, ਆਗੂ ਯਹੋਵਾਹ ਦੇ ਮਾਰਗ ਬਾਰੇ ਜਾਣਦੇ ਹਨ।
ਮੈਨੂੰ ਪੱਕ ਹੈ ਕਿ ਉਹ ਪਰਮੇਸ਼ੁਰ ਦੇ ਨੇਮ ਬਾਰੇ ਜਾਣਦੇ ਨੇ।”
ਪਰ ਸਾਰੇ ਹੀ ਆਗੂ ਯਹੋਵਾਹ ਦੀ ਸੇਵਾ ਤੋਂ ਦੂਰ
ਹੋ ਜਾਣ ਲਈ ਇਕੱਠੇ ਹੋ ਗਏ ਸਨ।
6 ਉਹ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸਨ।
ਇਸ ਲਈ ਜੰਗਲ ਦਾ ਇੱਕ ਸ਼ੇਰ ਉਨ੍ਹਾਂ ਉੱਤੇ ਹਮਲਾ ਕਰੇਗਾ।
ਮਾਰੂਬਲ ਦਾ ਇੱਕ ਬਘਿਆੜ ਉਨ੍ਹਾਂ ਨੂੰ ਮਾਰ ਸੁੱਟੇਗਾ।
ਉਨ੍ਹਾਂ ਦੇ ਸ਼ਹਿਰ ਨੇੜੇ ਇੱਕ ਚੀਤਾ ਲੁਕਿਆ ਹੋਇਆ ਹੈ।
ਚੀਤਾ ਹਰ ਉਸ ਬੰਦੇ ਨੂੰ ਚੀਰ ਦੇਵੇਗਾ ਜਿਹੜਾ ਸ਼ਹਿਰ ਵਿੱਚੋਂ ਬਾਹਰ ਆਵੇਗਾ।
ਅਜਿਹਾ ਇਸ ਲਈ ਵਾਪਰੇਗਾ
ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਬਾਰ-ਬਾਰ ਪਾਪ ਕੀਤਾ ਹੈ।
ਉਹ ਅਨੇਕਾਂ ਵਾਰੀ ਯਹੋਵਾਹ ਤੋਂ ਭਟਕ ਗਏ ਹਨ।
7 ਪਰਮੇਸ਼ੁਰ ਨੇ ਆਖਿਆ, “ਯਹੂਦਾਹ, ਮੈਨੂੰ ਇੱਕ ਵਾਰੀ ਵੀ ਚੰਗਾ ਜਿਹਾ ਕਾਰਣ ਦੱਸ ਕਿ ਮੈਨੂੰ ਤੈਨੂੰ ਮਾਫ਼ ਕਿਉਂ ਕਰ ਦੇਣਾ ਚਾਹੀਦਾ ਸੀ।
ਤੇਰੇ ਬੱਚਿਆਂ ਨੇ ਮੈਨੂੰ ਛੱਡ ਦਿੱਤਾ ਹੈ।
ਉਨ੍ਹਾਂ ਨੇ ਬੁੱਤਾਂ ਨਾਲ ਇਕਰਾਰ ਕੀਤੇ ਹਨ ਅਤੇ ਉਹ ਬੁੱਤ ਸੱਚਮੁੱਚ ਦੇਵਤੇ ਨਹੀਂ ਹਨ!
ਮੈਂ ਤੇਰੇ ਬੱਚਿਆਂ ਨੂੰ ਹਰ ਚੀਜ਼ ਦਿੱਤੀ ਜਿਸਦੀ ਉਨ੍ਹਾਂ ਨੂੰ ਲੋੜ ਸੀ।
ਪਰ ਫ਼ੇਰ ਵੀ ਉਹ ਮੇਰੇ ਨਾਲ ਬੇਵਫ਼ਾ ਰਹੇ!
ਉਨ੍ਹਾਂ ਵੱਧੇਰੇ ਸਮਾਂ ਵੇਸਵਾਵਾਂ ਨਾਲ ਗੁਜ਼ਾਰਿਆ।
8 ਉਹ ਅਜਿਹੇ ਘੋੜਿਆਂ ਵਰਗੇ ਹਨ ਜਿਨ੍ਹਾਂ ਕੋਲ ਖਾਣ ਲਈ ਬਹੁਤ ਕੁਝ ਸੀ ਅਤੇ ਉਹ ਜਿਨਸੀ ਮਿਲਾਪ ਲਈ ਤਿਆਰ ਹਨ।
ਉਹ ਉਸ ਘੋੜੇ ਵਰਗੇ ਹਨ ਜਿਹੜਾ ਆਪਣੇ ਗੁਆਂਢੀ ਦੀ ਪਤਨੀ ਨੂੰ ਸੱਦ ਰਿਹਾ ਹੈ।
9 ਕੀ ਮੈਨੂੰ ਯਹੂਦਾਹ ਦੇ ਲੋਕਾਂ ਨੂੰ ਅਜਿਹੀਆਂ ਗੱਲਾਂ ਕਰਨ ਲਈ
10 “ਯਹੂਦਾਹ ਦੀਆਂ ਅੰਗੂਰੀ ਵੇਲਾਂ ਦੀਆਂ ਕਿਆਰੀਆਂ ਦੇ ਨਾਲ-ਨਾਲ ਜਾਵੋ।
ਵੇਲਾਂ ਨੂੰ ਕੱਟ ਸੁੱਟੋ। (ਪਰ ਪੂਰੀ ਤਰ੍ਹਾਂ ਬਰਬਾਦ ਨਾ ਕਰੋ ਉਨ੍ਹਾਂ ਨੂੰ।)
ਕੱਟ ਦੇਵੋ ਉਨ੍ਹਾਂ ਦੀਆਂ ਸਾਰੀਆਂ ਟਾਹਣੀਆਂ।
ਕਿਉਂ ਕਿ ਇਹ ਟਾਹਣੀਆਂ ਯਹੋਵਾਹ ਦੀ ਮਲਕੀਅਤ ਨਹੀਂ ਹਨ।
11 ਇਸਰਾਏਲ ਦਾ ਪਰਿਵਾਰ ਅਤੇ ਯਹੂਦਾਹ ਦਾ ਪਰਿਵਾਰ ਰਿਹਾ ਹੈ
ਬੇਵਫ਼ਾ ਮੇਰੇ ਨਾਲ ਹਰ ਤਰ੍ਹਾਂ।”
ਸੰਦੇਸ਼ ਹੈ ਇਹ ਯਹੋਵਾਹ ਵੱਲੋਂ।
12 “ਉਨ੍ਹਾਂ ਲੋਕਾਂ ਯਹੋਵਾਹ ਬਾਰੇ ਝੂਠ ਬੋਲਿਆ ਹੈ।
ਉਨ੍ਹਾਂ ਆਖਿਆ ਹੈ, ‘ਯਹੋਵਾਹ ਸਾਡੇ ਨਾਲ ਕੁਝ ਨਹੀਂ ਕਰੇਗਾ।
ਸਾਡੇ ਨਾਲ ਕੁਝ ਵੀ ਨਹੀਂ ਵਾਪਰੇਗਾ।
ਅਸੀਂ ਕਿਸੇ ਦੁਸ਼ਮਣ ਨੂੰ ਸਾਡੇ ਉੱਤੇ ਹਮਲਾ ਕਰਦਿਆਂ ਨਹੀਂ ਦੇਖਾਂਗੇ।
ਅਸੀਂ ਕਦੇ ਵੀ ਭੁੱਖੇ ਨਹੀਂ ਮਰਾਂਗੇ।’
13 ਇਹ ਝੂਠੇ ਨਬੀ ਸਿਰਫ਼ ਫ਼ੋਕੀ ਹਵਾ ਹਨ।
ਪਰਮੇਸ਼ੁਰ ਦਾ ਬਚਨ ਉਨ੍ਹਾਂ ਅੰਦਰ ਨਹੀਂ।
ਉਨ੍ਹਾਂ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ।”
14 ਸਰਬ ਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਨੇ ਇਹ ਗੱਲਾਂ ਆਖੀਆਂ:
“ਉਨ੍ਹਾਂ ਲੋਕਾਂ ਆਖਿਆ ਸੀ ਕਿ ਮੈਂ ਉਨ੍ਹਾਂ ਨੂੰ ਸਜ਼ਾ ਨਹੀਂ ਦਿਆਂਗਾ।
ਇਸ ਲਈ ਯਿਰਮਿਯਾਹ, ਜਿਹੜੇ ਸ਼ਬਦ ਮੈਂ ਤੈਨੂੰ ਦਿੰਦਾ ਹਾਂ ਉਹ ਅੱਗ ਵਰਗੇ ਹੋਣਗੇ,
ਅਤੇ ਉਹ ਲੋਕ ਲੱਕੜ ਵਰਗੇ ਹੋਣਗੇ।
ਉਹ ਅੱਗ ਉਨ੍ਹਾਂ ਨੂੰ ਪੂਰੀ ਤਰ੍ਹਾਂ ਸ਼ਾੜ ਦੇਵੇਗੀ!”
15 ਇਸਰਾਏਲ ਦੇ ਪਰਿਵਾਰ, ਇਹ ਸੰਦੇਸ਼ ਹੈ ਯਹੋਵਾਹ ਵੱਲੋਂ,
“ਮੈਂ ਤੁਹਾਡੇ ਉੱਤੇ ਹਮਲਾ ਕਰਨ ਲਈ ਇੱਕ ਕੌਮ ਨੂੰ ਦੂਰ-ਦੁਰਾਡਿਓ ਲਿਆਵਾਂਗਾ।
ਇਹ ਪੁਰਾਣੀ ਕੌਮ ਹੈ,
ਇਹ ਪੁਰਾਤਨ ਕੌਮ ਹੈ।
ਉਸ ਕੌਮ ਦੇ ਲੋਕ ਅਜਿਹੀ ਭਾਸ਼ਾ ਬੋਲਦੇ ਹਨ ਜਿਸ ਨੂੰ ਤੁਸੀਂ ਨਹੀਂ ਜਾਣਦੇ।
ਤੁਸੀਂ ਨਹੀਂ ਸਮਝਦੇ, ਉਹ ਕੀ ਆਖਦੇ ਨੇ।
16 ਉਨ੍ਹਾਂ ਦੇ ਤੀਰਾਂ ਦੇ ਭੱਬੇ ਖੁੱਲ੍ਹੀਆਂ ਕਬਰਾਂ ਵਰਗੇ ਨੇ।
ਉਨ੍ਹਾਂ ਦੇ ਸਾਰੇ ਹੀ ਆਦਮੀ ਮਜ਼ਬੂਤ ਸਿਪਾਹੀ ਨੇ।
17 ਉਹ ਸਿਪਾਹੀ ਉਨ੍ਹਾਂ ਸਮੂਹ ਫ਼ਸਲਾਂ ਨੂੰ ਖਾ ਜਾਣਗੇ,
ਜਿਨ੍ਹਾਂ ਦੀ ਤੁਸੀਂ ਵਾਢੀ ਕੀਤੀ ਹੈ।
ਉਹ ਤੁਹਾਡਾ ਸਾਰਾ ਭੋਜਨ ਖਾ ਜਾਣਗੇ।
ਉਹ ਤੁਹਾਡੇ ਧੀਆਂ ਪੁੱਤਰਾਂ ਨੂੰ ਖਾ ਜਾਣਗੇ।
ਉਹ ਤੁਹਾਡੇ ਵੱਗਾਂ ਅਤੇ ਇੱਜੜਾਂ ਨੂੰ ਖਾ ਜਾਣਗੇ,
ਉਹ ਤੁਹਾਡੇ ਅੰਗੂਰਾਂ ਅਤੇ ਤੁਹਾਡੇ ਅੰਜੀਰਾਂ ਨੂੰ ਖਾ ਜਾਣਗੇ।”
18 ਤਿਮੋਥਿਉਸ, ਤੁਸੀਂ ਮੇਰੇ ਲਈ ਇੱਕ ਪੁੱਤਰ ਵਾਂਗ ਹੋ। ਮੈਂ ਤੁਹਾਨੂੰ ਆਦੇਸ਼ ਦੇ ਰਿਹਾ ਹਾਂ। ਇਹ ਆਦੇਸ਼ ਉਨ੍ਹਾਂ ਅਗੰਮੀ ਵਾਕਾਂ ਦੇ ਅਨੁਸਾਰ ਹੈ ਜਿਹੜੇ ਅਤੀਤ ਵਿੱਚ ਤੁਹਾਡੇ ਸੰਬੰਧ ਵਿੱਚ ਦੱਸੇ ਗਏ ਸਨ। ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਤੁਸੀਂ ਉਨ੍ਹਾਂ ਅਗੰਮ ਵਾਕਾਂ ਅਨੁਸਾਰ ਚੱਲੋ ਅਤੇ ਵਿਸ਼ਵਾਸ ਲਈ ਸਫ਼ਲ ਯੁੱਧ ਲੜੋ। 19 ਵਿਸ਼ਵਾਸ ਵਿੱਚ ਸਥਿਰ ਰਹੋ, ਅਤੇ ਉਸ ਦੇ ਆਧਾਰ ਤੇ ਜੀਣ ਜਿਸ ਨੂੰ ਤੁਸੀਂ ਮੰਨੋ ਕਿ ਸਹੀ ਹੈ। ਕੁਝ ਲੋਕਾਂ ਨੇ ਅਜਿਹਾ ਨਹੀਂ ਕੀਤਾ, ਇਸ ਲਈ ਉਹ ਵਿਸ਼ਵਾਸ ਤੋਂ ਡਿੱਗ ਗਏ। 20 ਹੁਮਿਨਾਯੁਸ ਅਤੇ ਸਿਕੰਦਰ ਉਨ੍ਹਾਂ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਇਹ ਕੀਤਾ ਹੈ। ਮੈਂ ਉਨ੍ਹਾਂ ਨੂੰ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ ਤਾਂ ਜੋ ਉਹ ਪਰਮੇਸ਼ੁਰ ਦੇ ਖਿਲਾਫ਼ ਬੋਲਣਾ ਨਾ ਸਿੱਖਣਗੇ।
2010 by World Bible Translation Center