Revised Common Lectionary (Semicontinuous)
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
14 ਬਦਚਲਣ, ਆਪਣੇ ਮਨ ਵਿੱਚ ਆਖਦੇ ਨੇ, “ਕਿਤੇ ਵੀ ਕੋਈ ਪਰਮੇਸ਼ੁਰ ਨਹੀਂ ਹੈ।”
ਮੂਰਖ ਲੋਕ ਭਰਿਸ਼ਟ ਕਰਨੀਆਂ ਕਰਦੇ ਹਨ।
ਉਨ੍ਹਾਂ ਵਿੱਚੋਂ ਕੋਈ ਵੀ ਚੰਗਿਆਈ ਨਹੀਂ ਕਰਦਾ।
2 ਯਹੋਵਾਹ ਨੇ ਸਵਰਗ ਵਿੱਚੋਂ, ਜੇ ਕੁਝ ਸਿਆਣੇ ਲੋਕ ਹੋਣ, ਵੇਖਣ ਲਈ ਤੱਕਿਆ।
ਸਿਆਣੇ ਲੋਕੋ, ਮਦਦ ਲਈ ਪਰਮੇਸ਼ੁਰ ਵੱਲ ਮੁੜੋ।
3 ਪਰ ਹਰ ਕਿਸੇ ਨੇ ਪਰਮੇਸ਼ੁਰ ਤੋਂ ਮੁੱਖ ਮੋੜਿਆ ਹੋਇਆ ਹੈ,
ਸਾਰੇ ਹੀ ਦੁਸ਼ਟ ਰੂਹਾਂ ਬਣ ਗਏ ਹਨ।
ਇੱਕ ਵੀ ਚੰਗੀਆਂ ਕਰਨੀਆਂ ਨਹੀਂ ਕਰਦਾ।
4 ਦੁਸ਼ਟ ਲੋਕਾਂ ਨੇ ਮੇਰੇ ਲੋਕਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਉਹ ਬੁਰੇ ਲੋਕ ਪਰਮੇਸ਼ੁਰ ਬਾਰੇ ਨਹੀਂ ਜਾਣਦੇ।
ਬੁਰੇ ਵਿਅਕਤੀਆਂ ਕੋਲ ਚੋਖਾ ਭੋਜਨ ਹੈ
ਅਤੇ ਉਹ ਯਹੋਵਾਹ ਦੀ ਉਪਾਸਨਾ ਨਹੀਂ ਕਰਦੇ।
5 ਉਹ ਬੁਰੇ ਲੋਕ ਕਿਸੇ ਗਰੀਬ ਪਾਸੋਂ ਚੰਗਿਆਈ ਨਹੀਂ ਸੁਣਨਾ ਚਾਹੁੰਦੇ।
ਕਿਉਂਕਿ ਉਹ ਗਰੀਬ ਆਦਮੀ ਪਰਮੇਸ਼ੁਰ ਉੱਤੇ ਨਿਰਭਰ।
6 ਪਰ ਪਰਮੇਸ਼ੁਰ ਹਮੇਸ਼ਾ ਭਗਤ ਬੰਦਿਆਂ ਦੇ ਨਾਲ ਹੈ।
ਇਸੇ ਲਈ ਬੁਰੇ ਬੰਦਿਆਂ ਨੂੰ ਵੱਡੇਰਾ ਭੈ ਹੈ।
7 ਸੀਯੋਨ ਪਰਬਤ ਉੱਤੇ ਕੌਣ ਹੈ ਜੋ ਇਸਰਾਏਲ ਦੀ ਰੱਖਿਆ ਕਰ ਸੱਕਦਾ?
ਯਹੋਵਾਹ ਹੀ ਹੈ ਜੋ ਇਸਰਾਏਲ ਨੂੰ ਬਚਾ ਸੱਕਦਾ।
ਯਹੋਵਾਹ ਦੇ ਲੋਕਾਂ ਨੂੰ ਕੈਦੀਆਂ ਵਾਂਗ ਲੈ ਲਿਆ ਗਿਆ ਹੈ।
ਪਰ ਪਰਮੇਸ਼ੁਰ ਆਪਣੇ ਲੋਕਾਂ ਨੂੰ ਵਾਪਸ ਲਿਆਵੇਗਾ।
ਫ਼ੇਰ ਯਾਕੂਬ (ਇਸਰਾਏਲ) ਬਹੁਤ ਖੁਸ਼ ਹੋਵੇਗਾ।
13 ਦੇਖੋ! ਦੁਸ਼ਮਣ ਬੱਦਲ ਵਾਂਗ ਉੱਠ ਰਿਹਾ ਹੈ।
ਉਸ ਦੇ ਰੱਥ ਵਾਵਰੋਲੇ ਵਾਂਗ ਆਉਂਦੇ ਨੇ।
ਉਸ ਦੇ ਘੋੜੇ ਬਾਜ਼ਾਂ ਨਾਲੋਂ ਵੀ ਤੇਜ਼ ਤਰਾਰ ਨੇ।
ਸਾਡੇ ਲਈ ਇਹ ਬਹੁਤ ਬੁਰਾ ਹੋਵੇਗਾ!
ਅਸੀਂ ਬਰਬਾਦ ਹੋ ਗਏ ਹਾਂ!
14 ਯਰੂਸ਼ਲਮ ਦੇ ਲੋਕੋ,
ਬਦੀ ਨੂੰ ਆਪਣੇ ਦਿਲਾਂ ਉੱਤੋਂ ਧੋ ਦਿਓ।
ਆਪਣੇ ਦਿਲਾਂ ਨੂੰ ਪਾਕ ਬਣਾ ਲਵੋ ਤਾਂ ਜੋ ਤੁਸੀਂ ਬਚ ਸੱਕੋ।
ਮੰਦੀਆਂ ਯੋਜਨਾਵਾਂ ਨਾ ਬਣਾਉਂਦੇ ਰਹੋ।
15 ਸੰਦੇਸ਼ਵਾਹਕ ਦੀ ਅਵਾਜ਼ ਨੂੰ ਸੁਣੋ ਜਿਹੜੀ
ਦਾਨ ਦੇ ਦੇਸ ਅੰਦਰੋਂ ਆ ਰਹੀ ਹੈ।
ਇੱਕ ਬੰਦਾ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚੋਂ
ਮੰਦੀ ਖਬਰ ਲਿਆ ਰਿਹਾ ਹੈ।
16 “ਇਸਦੀ ਸੂਚਨਾ ਇਸ ਕੌਮ ਨੂੰ ਦੇਵੋ।
ਇਹ ਖਬਰ ਯਰੂਸ਼ਲਮ ਦੇ ਲੋਕਾਂ ਅੰਦਰ ਫ਼ੈਲਾ ਦਿਓ।
ਇੱਕ ਦੂਰ-ਦੁਰਾਡੇ ਦੇਸ਼ ਵਿੱਚੋਂ ਦੁਸ਼ਮਣ ਆ ਰਹੇ ਨੇ।
ਉਹ ਦੁਸ਼ਮਣ ਯਹੂਦਾਹ ਦੇ ਸ਼ਹਿਰਾਂ ਦੇ ਖਿਲਾਫ਼ ਜੰਗ ਦੇ ਨਾਰੇ ਮਾਰ ਰਹੇ ਨੇ।
17 ਦੁਸ਼ਮਣ ਨੇ ਯਰੂਸ਼ਲਮ ਨੂੰ ਖੇਤ ਦੀ
ਰਾਖੀ ਕਰਨ ਵਾਲੇ ਬੰਦਿਆਂ ਵਾਂਗ ਘੇਰ ਲਿਆ ਹੈ।
ਯਹੂਦਾਹ, ਤੂੰ ਮੇਰੇ ਖਿਲਾਫ਼ ਹੋ ਗਿਆ ਸੀ!
ਇਸ ਲਈ ਦੁਸ਼ਮਣ ਤੇਰੇ ਵਿਰੁੱਧ ਆ ਰਿਹਾ ਹੈ।”
ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
18 “ਜਿਸ ਢੰਗ ਨਾਲ ਤੁਸੀਂ ਰਹਿੰਦੇ ਸੀ ਅਤੇ ਜਿਹੜੀਆਂ ਗੱਲਾਂ ਤੁਸੀਂ ਕਰਦੇ ਸੀ
ਉਨ੍ਹਾਂ ਨੇ ਹੀ ਤੁਹਾਡੇ ਲਈ ਇਹ ਮੁਸੀਬਤ ਲਿਆਂਦੀ ਹੈ।
ਇਹ ਤੁਹਾਡੀ ਬਦੀ ਹੀ ਸੀ ਜਿਸਨੇ ਤੁਹਾਡਾ ਜੀਵਨ ਇੰਨਾ ਮੁਸ਼ਕਿਲ ਕਰ ਦਿੱਤਾ ਸੀ।
ਤੁਹਾਡੇ ਬਦੀ ਭਰੇ ਜੀਵਨ ਨੇ ਦੁੱਖ ਲਿਆਂਦਾ ਜਿਹੜਾ ਤੁਹਾਡੇ ਦਿਲ ਦੇ ਧੁਰ ਅੰਦਰ ਰਿੜਕਦਾ ਹੈ।”
ਯਿਰਮਿਯਾਹ ਦੀ ਪੁਕਾਰ
19 ਆਹ, ਮੇਰੀ ਉਦਾਸੀ ਅਤੇ ਮੇਰੀ ਚਿੰਤਾ ਮੇਰੇ ਪੇਟ ਨੂੰ ਦੁੱਖਾ ਰਹੀ ਹੈ।
ਮੈਂ ਦਰਦ ਨਾਲ ਦੂਹਰਾ ਹੋ ਰਿਹਾ ਹਾਂ।
ਆਹ, ਮੈਂ ਕਿੰਨਾ ਭੈਭੀਤ ਹਾਂ।
ਮੇਰਾ ਦਿਲ ਅੰਦਰ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ।
ਮੈਂ ਸ਼ਾਂਤ ਨਹੀਂ ਹੋ ਸੱਕਦਾ।
ਕਿਉਂ ਕਿ ਮੈਂ ਵਜ੍ਜਦੀ ਹੋਈ ਤੁਰ੍ਹੀ ਦੀ ਅਵਾਜ਼ ਸੁਣ ਲਈ ਹੈ।
ਤੁਰ੍ਹੀ ਫ਼ੌਜ ਨੂੰ ਜੰਗ ਲਈ ਸੱਦਾ ਦੇ ਰਹੀ ਹੈ!
20 ਤਬਾਹੀ ਉੱਤੇ ਤਬਾਹੀ ਆ ਰਹੀ ਹੈ!
ਸਾਰਾ ਦੇਸ਼ ਤਬਾਹ ਹੋ ਗਿਆ ਹੈ!
ਅਚਾਨਕ ਹੀ ਮੇਰੇ ਤੰਬੂ ਨਸ਼ਟ ਹੋਏ ਨੇ!
ਮੇਰੇ ਪਰਦੇ ਪਾਟ ਗਏ ਨੇ!
21 ਯਹੋਵਾਹ, ਹੋਰ ਕਿੰਨਾ ਕੁ ਚਿਰ ਮੈਂ ਜੰਗ ਦੇ ਝੰਡਿਆਂ ਨੂੰ ਦੇਖਾਂਗਾ?
ਹੋਰ ਕਿੰਨਾ ਕੁ ਚਿਰ ਮੈਨੂੰ ਜੰਗ ਦੀਆਂ ਤੁਰ੍ਹੀਆਂ ਨੂੰ ਸੁਣਨਾ ਪਵੇਗਾ?
29 ਯਹੂਦਾਹ ਦੇ ਲੋਕ ਘੋੜਸਵਾਰਾਂ ਅਤੇ ਤੀਰਅੰਦਾਜ਼ਾਂ ਦੀ
ਅਵਾਜ਼ ਸੁਣਨਗੇ ਅਤੇ ਲੋਕ ਭੱਜ ਜਾਣਗੇ!
ਕੁਝ ਲੋਕ ਗੁਫ਼ਾਵਾਂ ਅੰਦਰ ਛੁਪ ਜਾਣਗੇ,
ਕੁਝ ਲੋਕ ਝਾੜੀਆਂ ਅੰਦਰ ਛੁਪ ਜਾਣਗੇ,
ਕੁਝ ਲੋਕ ਚੱਟਾਨਾਂ ਉੱਤੇ ਚੜ੍ਹ ਜਾਣਗੇ।
ਯਹੂਦਾਹ ਦੇ ਸਾਰੇ ਸ਼ਹਿਰ ਸੱਖਣੇ ਹੋ ਜਾਣਗੇ।
ਉਨ੍ਹਾਂ ਅੰਦਰ ਕੋਈ ਵੀ ਬੰਦਾ ਨਹੀਂ ਰਹੇਗਾ।
30 ਯਹੂਦਾਹ, ਤੂੰ ਤਬਾਹ ਕੀਤਾ ਗਿਆ ਹੈਂ।
ਇਸ ਲਈ ਹੁਣ ਤੂੰ ਕੀ ਕਰ ਰਿਹਾ ਹੈਂ?
ਤੂੰ ਆਪਣੀ ਸਭ ਤੋਂ ਸੋਹਣੀ ਲਾਲ ਪੋਸ਼ਾਕ ਕਿਉਂ ਪਾਈ ਹੋਈ ਹੈ?
ਤੂੰ ਸੋਨੇ ਦੇ ਗਹਿਣੇ ਕਿਉਂ ਪਹਿਨੇ ਹੋਏ ਨੇ?
ਤੂੰ ਆਪਣੀਆਂ ਅੱਖਾਂ ਕਿਉਂ ਸਿਂਗਾਰੀਆਂ ਨੇ?
ਤੂੰ ਆਪਣੇ-ਆਪ ਨੂੰ ਸੁੰਦਰ ਬਣਾਇਆ ਪਰ ਇਹ ਸਿਰਫ਼ ਵਕਤ ਦੀ ਬਰਬਾਦੀ ਹੈ।
ਤੈਨੂੰ ਤੇਰੇ ਪ੍ਰੇਮੀ ਨਫ਼ਰਤ ਕਰਦੇ ਨੇ।
ਉਹ ਤੈਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ।
31 ਮੈਂ ਕਿਸੇ ਬੱਚਾ ਜੰਮਦੀ ਔਰਤ ਦੀ ਅਵਾਜ਼ ਸੁਣ ਰਿਹਾ ਹਾਂ।
ਇਹ ਚੀਖ ਉਸ ਔਰਤ ਵਰਗੀ ਹੈ ਜਿਹੜੀ ਪਹਿਲੋਠੇ ਬੱਚੇ ਨੂੰ ਜੰਮ ਰਹੀ ਹੋਵੇ।
ਇਹ ਸੀਯੋਨ ਦੀ ਧੀ ਦੀ ਚੀਖ ਹੈ।
ਉਹ ਇਹ ਆਖਦੀ ਹੋਈ ਪ੍ਰਾਰਥਨਾ ਵਿੱਚ ਆਪਣੇ ਹੱਥ ਉਟਾ ਰਹੀ ਹੈ,
“ਆਹ! ਮੈਂ ਬੇਹੋਸ਼ ਹੋਣ ਵਾਲੀ ਹਾਂ!
ਮੇਰੇ ਚੌਗਿਰਦੇ ਕਾਤਲ ਖਲੋਤੇ ਨੇ!”
11 “ਮੈਂ ਚੰਗਾ ਆਜੜੀ ਹਾਂ। ਇੱਕ ਚੰਗਾ ਆਜੜੀ ਭੇਡਾਂ ਦੀ ਖਾਤਰ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ। 12 ਇੱਕ ਭਾੜੇ ਦਾ ਮਜ਼ਦੂਰ ਆਜੜੀ ਨਹੀਂ ਹੈ। ਉਹ ਭੇਡਾਂ ਦਾ ਮਾਲਕ ਨਹੀਂ ਹੈ। ਇਸ ਲਈ ਜਿਉਂ ਹੀ ਉਹ ਬਘਿਆੜ ਨੂੰ ਆਉਂਦਿਆਂ ਵੇਖਦਾ, ਉਹ ਨਠ ਜਾਂਦਾ ਹੈ। ਬਘਿਆੜ ਉਨ੍ਹਾਂ ਭੇਡਾਂ ਤੇ ਹਮਲਾ ਕਰਦਾ ਅਤੇ ਉਨ੍ਹਾਂ ਨੂੰ ਖਿੰਡਾ ਦਿੰਦਾ ਹੈ। 13 ਮਜ਼ਦੂਰ ਨੱਠ ਜਾਂਦਾ ਹੈ ਕਿਉਂ ਕਿ ਉਹ ਸਿਰਫ਼ ਤਨਖਾਹ ਲਈ ਕੰਮ ਕਰਦਾ ਹੈ ਅਤੇ ਭੇਡਾਂ ਦਾ ਖਿਆਲ ਨਹੀਂ ਰੱਖਦਾ।
14-15 “ਮੈਂ ਚੰਗਾ ਆਜੜੀ ਹਾਂ, ਜੋ ਭੇਡਾਂ ਦਾ ਧਿਆਨ ਰੱਖਦਾ ਹਾਂ। ਉਵੇਂ ਹੀ ਜਿਵੇਂ ਕਿ ਪਿਤਾ ਮੈਨੂੰ ਜਾਣਦਾ ਹੈ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਜਿਵੇਂ ਮੈਂ ਪਿਤਾ ਨੂੰ ਜਾਣਦਾ ਹਾਂ, ਮੇਰੀਆਂ ਭੇਡਾਂ ਵੀ ਮੈਨੂੰ ਜਾਣਦੀਆਂ ਹਨ। ਮੈਂ ਭੇਡਾਂ ਦੇ ਬਦਲੇ ਆਪਣੀ ਜਾਨ ਕੁਰਬਾਨ ਕਰਦਾ ਹਾਂ। 16 ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਇੱਜੜ ਵਿੱਚ ਨਹੀਂ ਹਨ। ਮੈਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਵੀ ਲਿਆਵਾਂ ਅਤੇ ਉਹ ਮੇਰੀ ਅਵਾਜ਼ ਸੁਣਨਗੀਆਂ ਅਤੇ ਇੱਕ ਇੱਜੜ ਅਤੇ ਇੱਕੋ ਆਜੜੀ ਹੋਵੇਗਾ। 17 ਮੇਰਾ ਪਿਤਾ ਮੈਨੂੰ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ, ਤਾਂ ਜੋ ਮੈਂ ਇਸ ਨੂੰ ਫ਼ੇਰ ਤੋਂ ਵਾਪਸ ਲੈ ਸੱਕਾਂ। ਕੋਈ ਮਨੁੱਖ ਮੇਰੀ ਜ਼ਿੰਦਗੀ ਮੇਰੇ ਤੋਂ ਨਹੀਂ ਖੋਂਹਦਾ ਪਰ ਮੈਂ ਇਸ ਨੂੰ ਆਪੇ ਹੀ ਗੁਆ ਦਿੰਦਾ ਹਾਂ। 18 ਮੈਨੂੰ ਆਪਣਾ ਜੀਵਨ ਦੇਣ ਦਾ ਅਤੇ ਇਸ ਨੂੰ ਫ਼ੇਰ ਵਾਪਸ ਲੈਣ ਦਾ ਅਧਿਕਾਰ ਹੈ। ਮੇਰੇ ਪਿਤਾ ਨੇ ਮੈਨੂੰ ਇਹ ਹੁਕਮ ਦਿੱਤਾ ਹੈ।”
19 ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ, ਇੱਕ ਵਾਰ ਫ਼ੇਰ ਸੁਨਣ ਤੋਂ ਬਾਦ, ਯਹੂਦੀਆਂ ਦਾ ਆਪਸ ਵਿੱਚ ਮਤਭੇਦ ਹੋ ਗਿਆ। 20 ਬਹੁਤਿਆਂ ਨੇ ਆਖਿਆ, “ਇਸ ਦੇ ਅੰਦਰ ਭੂਤ ਹੈ ਇਸ ਲਈ ਇਹ ਇੱਕ ਪਾਗਲ ਆਦਮੀ ਵਾਂਗ ਬੋਲ ਰਿਹਾ ਹੈ। ਤੁਸੀਂ ਇਸ ਨੂੰ ਕਿਉਂ ਸੁਣ ਰਹੇ ਹੋ?”
21 ਪਰ ਦੂਜਿਆਂ ਨੇ ਆਖਿਆ, “ਜਿਸ ਆਦਮੀ ਵਿੱਚ ਭੂਤ ਹੋਵੇ ਉਹ ਇਸ ਤਰ੍ਹਾਂ ਨਹੀਂ ਬੋਲ ਸੱਕਦਾ। ਕੀ ਕੋਈ ਭੂਤ ਕਿਸੇ ਅੰਨ੍ਹੇ ਨੂੰ ਦ੍ਰਿਸ਼ਟੀ ਦੇ ਸੱਕਦਾ ਹੈ? ਨਹੀਂ!”
2010 by World Bible Translation Center