Revised Common Lectionary (Semicontinuous)
ਨਿਰਦੇਸ਼ਕ ਲਈ। ਸੇਮਿਨਿਥ [a] ਨਾਲ ਵਜਾਏ ਜਾਣ ਵਾਲੇ ਤਾਰਾਂ ਵਾਲੇ ਸਾਜ਼ਾਂ ਨਾਲ। ਦਾਊਦ ਦਾ ਇੱਕ ਗੀਤ।
6 ਯਹੋਵਾਹ, ਮੈਨੂੰ ਗੁੱਸੇ ਨਾਲ ਠੀਕ ਨਾ ਕਰੋ।
ਗੁਸੇ ਨਾ ਹੋਵੋ, ਮੈਨੂੰ ਸਜ਼ਾ ਨਾ ਦੇਵੋ ਅਤੇ ਮੈਨੂੰ ਧੀਰਜ ਨਾਲ ਠੀਕ ਕਰੋ।
2 ਯਹੋਵਾਹ, ਮੇਰੇ ਉੱਤੇ ਦਯਾ ਕਰੋ,
ਮੈਂ ਬਿਮਾਰ ਤੇ ਕਮਜ਼ੋਰ ਹਾਂ।
ਮੈਨੂੰ ਤੰਦਰੁਸਤੀ ਬਖਸ਼ੋ!
ਮੇਰੀ ਹੱਡੀਆਂ ਬਲਹੀਣ ਹੋ ਗਈਆਂ ਹਨ।
3 ਮੇਰਾ ਸਾਰਾ ਸ਼ਰੀਰ ਕੰਬ ਰਿਹਾ ਹੈ।
ਯਹੋਵਾਹ, ਮੈਨੂੰ ਚੰਗਾ ਕਰਨ ਲਈ ਤੁਸੀਂ ਕਿੰਨਾ ਸਮਾਂ ਲਵੋਂਗੇ?
4 ਯਹੋਵਾਹ ਕਿਰਪਾ ਕਰਕੇ ਜਾਉ, ਅਤੇ ਮੈਨੂੰ ਸਵਸਥ ਬਣਾਉ!
ਤੁਸੀਂ ਬਹੁਤ ਕ੍ਰਿਪਾਲੂ ਹੋ, ਇਸ ਲਈ ਮੇਰੀ ਰੱਖਿਆ ਕਰੋ।
5 ਮੁਰਦੇ ਆਪਣੀਆਂ ਕਬਰਾਂ ਵਿੱਚ ਤੁਹਾਨੂੰ ਯਾਦ ਨਹੀਂ ਕਰਦੇ।
ਅਤੇ ਜਿਹੜੇ ਲੋਕ ਮ੍ਰਿਤੂ ਲੋਕ ਵਿੱਚ ਹਨ, ਤੇਰੀ ਉਸਤਤਿ ਨਹੀਂ ਕਰਦੇ।
6 ਯਹੋਵਾਹ, ਮੈਂ ਸਾਰੀ ਰਾਤ ਤੁਹਾਨੂੰ ਪ੍ਰਾਰਥਨਾ ਕੀਤੀ
ਅਤੇ ਮੇਰੇ ਹੰਝੂਆਂ ਨਾਲ ਮੇਰਾ ਬਿਸਤਰਾ ਭਿੱਜ ਗਿਆ ਹੈ।
ਮੇਰੇ ਹੰਝੂ ਬਿਸਤਰੇ ਵਿੱਚੋਂ ਚੋਅ ਰਹੇ ਹਨ।
ਮੈਂ ਤੇਰੇ ਅੱਗੇ ਰੋ ਰਿਹਾ ਸਾਂ ਅਤੇ ਇਸ ਲਈ ਮੈਂ ਕਮਜ਼ੋਰ ਹੋ ਗਿਆ।
7 ਮੇਰੇ ਦੁਸ਼ਮਣਾਂ ਨੇ ਮੈਨੂੰ ਬਹੁਤ ਦੁੱਖ ਦਿੱਤੇ ਹਨ।
ਇਸੇ ਗੱਲੋਂ ਮੈਂ ਬਹੁਤ ਦੁੱਖੀ ਤੇ ਉਦਾਸ ਹਾਂ।
ਕਿਉਂਕਿ ਮੈਂ ਆਪਣੇ ਦੁੱਖਾਂ ਕਾਰਣ ਰੋ ਰਿਹਾ ਸੀ ਮੇਰੀਆਂ ਅੱਖਾਂ ਧੁੰਦਲੀਆਂ ਤੇ ਕਮਜ਼ੋਰ ਹੋ ਗਈਆਂ ਹਨ।
8 ਤੁਸੀਂ ਬਦ ਲੋਕੋ, ਦੂਰ ਚੱਲੇ ਜਾਉ।
ਕਿਉਂਕਿ ਯਹੋਵਾਹ ਨੇ ਮੇਰੀਆਂ ਚੀਕਾਂ ਸੁਣ ਲਈਆਂ ਹਨ।
9 ਯਹੋਵਾਹ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ
ਅਤੇ ਸੁਣਨ ਤੋਂ ਬਾਅਦ ਯਹੋਵਾਹ ਨੇ ਸੁਣਕੇ ਮੇਰੀ ਪ੍ਰਾਰਥਨਾ ਕਬੂਲ ਕਰ ਲਈ ਹੈ।
10 ਮੇਰੇ ਸਾਰੇ ਦੁਸ਼ਮਣ ਦੁੱਖੀ ਤੇ ਨਾਉੱਮੀਦ ਹੋਣਗੇ।
ਨਿਸ਼ਚਿਤ ਹੀ ਅਚਾਨਕ ਕੁਝ ਵਾਪਰੇਗਾ, ਅਤੇ ਉਹ ਸਾਰੇ ਲੋਕ ਸ਼ਰਮਸਾਰ ਹੋਕੇ ਮੁੜ ਜਾਣਗੇ।
19 ਤਦ ਅਲੀਸ਼ਾ ਨੇ ਨਅਮਾਨ ਨੂੰ ਆਖਿਆ, “ਜਾਹ ਅਤੇ ਸੁਖੀ ਰਹੁ।”
ਤਦ ਨਅਮਾਨ ਉਸ ਤੋਂ ਬੋੜੀ ਦੂਰ ਚੱਲਾ ਗਿਆ। 20 ਪਰ ਪਰਮੇਸ਼ੁਰ ਦੇ ਮਨੁੱਖ, ਅਲੀਸ਼ਾ ਦੇ ਸੇਵਕ ਗੇਹਾਜੀ ਨੇ ਆਖਿਆ, “ਵੇਖੋ, ਮੇਰੇ ਸੁਆਮੀ ਨੇ ਨਅਮਾਨ ਅਰਾਮੀ ਦੇ ਹੱਥੋਂ ਜੋ ਕੁਝ ਉਹ ਲਿਆਇਆ ਸੀ ਉਸ ਨੂੰ ਇਨਕਾਰ ਕਰਕੇ ਉਸ ਨੂੰ ਵਰਜ ਦਿੱਤਾ ਤੇ ਉਸ ਦੇ ਹੱਥੋਂ ਤੋਹਫ਼ੇ ਸਵੀਕਾਰ ਨਹੀਂ ਕੀਤੇ। ਜਿਉਂਦੇ ਯਹੋਵਾਹ ਦੀ ਸੌਂਹ ਮੈਂ ਸੱਚਮੁੱਚ ਉਸ ਦੇ ਪਿੱਛੇ ਨੱਸਾਂਗਾ ਅਤੇ ਉਸ ਕੋਲੋਂ ਕੁਝ ਲੈ ਆਵਾਂਗਾ।” 21 ਤਾਂ ਗੇਹਾਜੀ ਨਅਮਾਨ ਦੇ ਪਿੱਛੇ ਨੱਸਿਆ।
ਨਅਮਾਨ ਨੇ ਵੇਖਿਆ ਕਿ ਉਸ ਦੇ ਪਿੱਛੇ ਕੋਈ ਭੱਜਿਆ ਆ ਰਿਹਾ ਹੈ ਤਾਂ ਉਸ ਨੇ ਆਪਣਾ ਰੱਥ ਰੋਕ ਕੇ ਉਸਤੋਂ ਥੱਲੇ ਉਤਰ ਕੇ ਗੇਹਾਜੀ ਨੂੰ ਮਿਲਿਆ ਅਤੇ ਨਅਮਾਨ ਨੇ ਪੁੱਛਿਆ, “ਕੀ ਸਭ ਠੀਕ-ਠਾਕ ਤਾਂ ਹੈ?”
22 ਗੇਹਾਜੀ ਨੇ ਆਖਿਆ, “ਹਾਂ, ਸਭ ਠੀਕ-ਠਾਕ ਹੈ। ਮੇਰੇ ਸੁਆਮੀ ਅਲੀਸ਼ਾ ਨੇ ਮੈਨੂੰ ਇਹ ਆਖਣ ਲਈ ਭੇਜਿਆ ਕਿ ਨਬੀਆਂ ਦੇ ਸਮੂਹ ਵਿੱਚੋਂ ਦੋ ਨੌਜੁਆਨ ਇਫ਼ਰਾਈਮ ਦੇ ਪਹਾੜੀ ਦੇਸ਼ ਤੋਂ ਮੇਰੇ ਕੋਲ ਆ ਰਹੇ ਹਨ। ਉਨ੍ਹਾਂ ਨੂੰ 34 ਕਿੱਲੋ ਚਾਂਦੀ ਅਤੇ ਦੋ ਜੋੜੇ ਬਸਤਰ ਦੇਹ।”
23 ਨਅਮਾਨ ਨੇ ਆਖਿਆ, “ਖੁਸ਼ੀ ਨਾਲ 68 ਕਿੱਲੋ ਲੈ।” ਅਤੇ ਉਹ ਉਸ ਦੇ ਪਿੱਛੇ ਪੈ ਗਿਆ ਜ਼ਿਦ ਨਾਲ ਦੋ ਥੈਲੀਆਂ ਵਿੱਚ 68 ਕਿੱਲੋ ਚਾਂਦੀ ਦੇ ਅਤੇ ਦੋ ਜੋੜੇ ਬਸਤਰਾਂ ਦੇ ਬੰਨ੍ਹ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਦੋ ਸੇਵਕਾਂ ਉੱਪਰ ਲੱਦ ਦਿੱਤਾ ਅਤੇ ਉਹ ਸੇਵਕ ਉਹ ਤੋਹਫ਼ੇ ਚੁੱਕ ਕੇ ਉਸ ਦੇ ਅੱਗੇ-ਅੱਗੇ ਹੋਕੇ ਤੁਰ ਪਏ। 24 ਜਦ ਗੇਹਾਜੀ ਪਹਾੜੀ ਕੋਲ ਪਹੁੰਚਿਆ ਤਾਂ ਉਸ ਨੇ ਇਹ ਵਸਤਾਂ ਨੌਕਰਾਂ ਕੋਲੋਂ ਆਪਣੇ ਹੱਥਾਂ ਵਿੱਚ ਫ਼ੜਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਤੇ ਉਹ ਵਾਪਸ ਮੁੜ ਗਏ। ਉਸ ਉਪਰੰਤ ਗੇਹਾਜੀ ਨੇ ਉਹ ਵਸਤਾਂ ਆਪਣੇ ਘਰ ਵਿੱਚ ਛੁਪਾ ਲਈਆਂ।
25 ਜਦੋਂ ਗੇਹਾਜੀ ਅੰਦਰ ਆਕੇ ਆਪਣੇ ਸੁਆਮੀ ਅਲੀਸ਼ਾ ਅੱਗੇ ਖਲੋਤਾ ਤਾਂ ਅਲੀਸ਼ਾ ਨੇ ਉਸ ਨੂੰ ਕਿਹਾ, “ਗੇਹਾਜੀ! ਤੂੰ ਇੰਨੀ ਦੇਰ ਤੋਂ ਕਿੱਥੇ ਸੀ?”
ਗੇਹਾਜੀ ਨੇ ਆਖਿਆ, “ਮੈਂ ਤਾਂ ਕਿਤੇ ਵੀ ਨਹੀਂ ਸੀ ਗਿਆ ਇੱਥੇ ਹੀ ਸੀ!”
26 ਅਲੀਸ਼ਾ ਨੇ ਗੇਹਾਜੀ ਨੂੰ ਕਿਹਾ, “ਤੂੰ ਝੂਠ ਬੋਲ ਰਿਹਾ ਹੈਂ। ਜਦੋਂ ਨਅਮਾਨ ਤੈਨੂੰ ਮਿਲਣ ਲਈ ਰੱਥ ਤੋਂ ਉਤਰਿਆ ਉਸ ਵਕਤ ਕੀ ਮੇਰਾ ਦਿਲ ਭਲਾ ਤੇਰੇ ਨਾਲ ਨਹੀਂ ਸੀ? ਚਾਂਦੀ ਲੈਣ ਅਤੇ ਵਸਤਰ, ਜੈਤੂਨ ਦੇ ਬਾਗਾਂ ਅਤੇ ਅੰਗੂਰੀ ਬਾਗਾਂ, ਇੱਜੜਾਂ ਦੇ ਵੱਗਾਂ, ਸੇਵਕ ਅਤੇ ਦਾਸੀਆਂ ਨੂੰ ਲੈਣ ਲਈ ਇਹ ਵਕਤ ਠੀਕ ਨਹੀਂ। 27 ਹੁਣ ਇਸੇ ਕਾਰਣ ਨਅਮਾਨ ਦਾ ਕੋੜ੍ਹ ਤੈਨੂੰ ਤੇ ਤੇਰੀ ਅੰਸ ਨੂੰ ਹਮੇਸ਼ਾ ਤੀਕ ਲੱਗਾ ਰਹੇਗਾ।”
ਜਦੋਂ ਗੇਹਾਜੀ ਅਲੀਸ਼ਾ ਕੋਲੋਂ ਬਾਹਰ ਗਿਆ, ਉਸ ਨੂੰ ਕੋੜ੍ਹ ਹੋ ਗਿਆ ਅਤੇ ਉਸਦੀ ਚਮੜੀ ਬਰਫ਼ ਜਿੰਨੀ ਸਫ਼ੇਦ ਸੀ।
28 ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਉਹ ਬੜੇ ਕਰੋਧ ਵਿੱਚ ਆਏ ਅਤੇ ਉੱਚੀ-ਉੱਚੀ ਚਿਲਾਉਣ ਲੱਗੇ, “ਅਫ਼ਸੁਸ ਸ਼ਹਿਰ ਦੀ ਦੇਵੀ ਅਰਤਿਮਿਸ ਮਹਾਨ ਹੈ।” 29 ਸ਼ਹਿਰ ਵਿੱਚ ਗੜਬੜੀ ਮੱਚ ਗਈ। ਭੀੜ ਨੇ ਮਕਦੂਨਿਯਾ ਤੋਂ ਆਏ ਗਾਯੁਸ ਅਤੇ ਅਰਿਸਤਰੱਖੁਸ ਨੂੰ ਜਿਹੜੇ ਪੌਲੁਸ ਦੇ ਨਾਲ ਸਫ਼ਰ ਵਿੱਚ ਆਏ ਸਨ ਜੋ ਸਨ ਫ਼ੜ ਲਿਆ। ਤਦ ਸਾਰੇ ਲੋਕ ਇੱਕ ਮੈਦਾਨ ਵਿੱਚ ਇਕੱਠੇ ਹੋਏ। 30 ਪੌਲੁਸ ਅੰਦਰ ਜਾਕੇ ਭੀੜ ਨਾਲ ਗੱਲ ਕਰਨੀ ਚਾਹੁੰਦਾ ਸੀ, ਪਰ ਯਿਸੂ ਦੇ ਚੇਲਿਆਂ ਨੇ ਉਸ ਨੂੰ ਅੰਦਰ ਨਾ ਜਾਣ ਦਿੱਤਾ। 31 ਉਸ ਦੇਸ਼ ਦੇ ਕੁਝ ਆਗੂ ਪੌਲੁਸ ਦੇ ਮਿੱਤਰ ਵੀ ਸਨ। ਉਨ੍ਹਾਂ ਨੇ ਉਸ ਨੂੰ ਇਹ ਬੇਨਤੀ ਕਰਦਿਆਂ ਕਿ ਉਹ ਮੈਦਾਨ ਵਿੱਚ ਨਾ ਜਾਵੇ ਇੱਕ ਸੰਦੇਸ਼ ਭੇਜਿਆ।
32 ਕੁਝ ਲੋਕ ਰੌਲਾ ਪਾਕੇ ਕੁਝ ਆਖ ਰਹੇ ਸਨ ਤੇ ਕੁਝ ਲੋਕ ਕੁਝ ਹੋਰ। ਉੱਥੇ ਲੋਕਾਂ ਵਿੱਚ ਇਹ ਗੱਲਾਂ ਲੈ ਕੇ ਕਿ, ਉਹ ਇਕੱਠੇ ਕਿਉਂ ਹੋਏ ਹਨ, ਹਫ਼ੜਾ-ਦਫ਼ੜੀ ਮੱਚੀ ਹੋਈ ਸੀ। 33 ਯਹੂਦੀਆਂ ਨੇ ਇੱਕ ਸਿਕੰਦਰ ਨਾਂ ਦੇ ਆਦਮੀ ਨੂੰ ਉਨ੍ਹਾਂ ਦੇ ਸਾਹਮਣੇ ਖੜ੍ਹਾ ਕੀਤਾ। ਲੋਕਾਂ ਨੇ ਉਸ ਨੂੰ ਕਿਹਾ ਕਿ ਕੀ ਕਰੀਏ? ਉਸ ਨੇ ਲੋਕਾਂ ਨੂੰ ਸ਼ਾਂਤ ਰਹਿਣ ਵਾਸਤੇ ਆਪਣੇ ਹੱਥ ਚੁੱਕੇ, ਕਿਉਂਕਿ ਉਹ ਉਨ੍ਹਾਂ ਗੱਲਾਂ ਦੀ ਵਿਆਖਿਆ ਕਰਨੀ ਚਾਹੁੰਦਾ ਸੀ। 34 ਪਰ ਜਦ ਲੋਕਾਂ ਨੇ ਮਹਿਸੂਸ ਕੀਤਾ ਕਿ ਸਿਕੰਦਰ ਇੱਕ ਯਹੂਦੀ ਸੀ, ਉਨ੍ਹਾਂ ਸਭਨਾ ਨੇ ਇੱਕ ਅਵਾਜ਼ ਵਿੱਚ ਇਹ ਆਖਦਿਆਂ ਹੋਇਆਂ ਦੋ ਘੰਟਿਆਂ ਲਈ ਰੌਲਾ ਪੌਣਾ ਸ਼ੁਰੂ ਕਰ ਦਿੱਤਾ “ਅਫ਼ਸੀਆਂ ਦੀ ਅਰਤਿਮਿਸ ਮਹਾਨ ਹੈ।”
35 ਫ਼ੇਰ ਸ਼ਹਿਰ ਦੇ ਮੁਹਰੱਰ ਨੇ ਉਨ੍ਹਾਂ ਨੂੰ ਸ਼ਾਂਤ ਹੋਣ ਲਈ ਜ਼ੋਰ ਪਾਇਆ ਅਤੇ ਆਖਿਆ, “ਹੇ ਅਫ਼ਸੀ ਮਨੁੱਖੋ, ਉਹ ਕੌਣ ਹੈ ਜੋ ਇਹ ਨਹੀਂ ਜਾਣਦਾ ਕਿ ਅਫ਼ਸੀਆਂ ਦਾ ਸ਼ਹਿਰ ਮਹਾਂ ਅਰਤਿਮਿਸ ਦੇ ਮੰਦਰ ਅਤੇ ਸਵਰਗ ਵੱਲੋਂ ਡਿੱਗੀ ਹੋਈ ਪਵਿੱਤਰ ਚੱਟਾਨ ਦਾ ਸੇਵਕ ਹੈ?” 36 ਕੋਈ ਵੀ ਨਹੀਂ ਆਖ ਸੱਕਦਾ ਕਿ ਇਹ ਗੱਲਾਂ ਸੱਚੀਆਂ ਨਹੀਂ ਹਨ, ਇਸੇ ਲਈ ਤੁਹਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ। ਤੁਹਾਨੂੰ ਕੁਝ ਵੀ ਕਰਨ ਤੋਂ ਪਹਿਲਾਂ ਰੁਕ ਕੇ ਵਿੱਚਾਰ ਕਰ ਲੈਣਾ ਚਾਹੀਦਾ ਹੈ।
37 “ਤੁਸੀਂ ਇਨ੍ਹਾਂ ਆਦਮੀਆਂ ਨੂੰ ਲਿਆਏ ਹੋ, ਪਰ ਇਨ੍ਹਾਂ ਨੇ ਸਾਡੀ ਦੇਵੀ ਦੇ ਖਿਲਾਫ਼ ਬੇਇੱਜ਼ਤੀ ਦੇ ਸ਼ਬਦ ਨਹੀਂ ਬੋਲੇ, ਨਾ ਹੀ ਇਨ੍ਹਾਂ ਨੇ ਉਸ ਦੇ ਮੰਦਰ ਵਿੱਚੋਂ ਕੁਝ ਚੋਰੀ ਕੀਤਾ ਹੈ। 38 ਸਾਡੇ ਕੋਲ ਅਦਾਲਤਾਂ ਹਨ ਅਤੇ ਉੱਥੇ ਨਿਆਂਕਾਰ ਹਨ। ਜੇਕਰ ਦੇਮੇਤ੍ਰਿਯੁਸ ਅਤੇ ਉਸ ਦੇ ਨਾਲ ਕੰਮ ਕਰਨ ਵਾਲੇ ਹੋਰਨਾਂ ਨੂੰ ਕਿਸੇ ਦੇ ਖਿਲਾਫ਼ ਕੋਈ ਸ਼ਿਕਾਇਤ ਹੈ, ਤਾਂ ਉਨ੍ਹਾਂ ਨੂੰ ਕਚਿਹਰੀਆਂ ਵਿੱਚ ਜਾਣਾ ਚਾਹੀਦਾ ਹੈ। ਉੱਥੇ ਉਹ ਆਪਣੇ ਮਾਮਲੇ ਬਾਰੇ ਇੱਕ ਦੂਜੇ ਦੇ ਖਿਲਾਫ਼ ਦਲੀਲਬਾਜ਼ੀ ਕਰ ਸੱਕਦੇ ਹਨ।
39 “ਕੀ ਹੋਰ ਵੀ ਕੋਈ ਗੱਲ ਹੈ ਜਿਸ ਬਾਰੇ ਤੁਸੀਂ ਕੁਝ ਆਖਣਾ ਚਾਹੁੰਦੇ ਹੋ? ਤਾਂ ਜਿਹੜੀ ਲੋਕਾਂ ਦੀ ਮਜਲਸ ਲੱਗਦੀ ਹੈ, ਇਹ ਨਿਬੇੜਾ ਉੱਥੇ ਹੋਵੇਗਾ। 40 ਅੱਜ ਵਾਪਰੀ ਮੁਸੀਬਤ ਕਰਕੇ ਸਾਨੂੰ ਦੰਗਿਆਂ ਦੇ ਅਪਰਾਧੀ ਸਮਝੇ ਜਾਣਦਾ ਖਤਰਾ ਹੈ। ਅਸੀਂ ਇਸ ਅਫ਼ਰਾਤਫ਼ਰੀ ਦੀ ਵਿਆਖਿਆ ਨਹੀਂ ਕਰ ਸੱਕਦੇ, ਕਿਉਂਕਿ ਸਾਡੇ ਕੋਲ; ਇਸ ਸਭਾ ਲਈ ਕੋਈ ਪੱਕਾ ਕਾਰਣ ਨਹੀਂ ਹੈ।” 41 ਜਦੋਂ ਸ਼ਹਿਰ ਦੇ ਮੁਹਰਰ ਨੇ ਅਜਿਹੀਆਂ ਗੱਲਾਂ ਕੀਤੀਆਂ, ਤਾਂ ਫ਼ੇਰ ਉਸ ਨੇ ਲੋਕਾਂ ਨੂੰ ਘਰਾਂ ਨੂੰ ਵਾਪਸ ਜਾਣ ਲਈ ਕਿਹਾ ਤਾਂ ਸਭ ਲੋਕੀਂ ਘਰੋ-ਘਰੀ ਚੱਲੇ ਗਏ।
2010 by World Bible Translation Center