Revised Common Lectionary (Semicontinuous)
ਨਿਰਦੇਸ਼ਕ ਲਈ: ਯਦੂਥੂਨ ਲਈ। ਆਸਾਫ਼ ਦਾ ਇੱਕ ਉਸਤਤਿ ਗੀਤ।
77 ਮੈਂ ਪਰਮੇਸ਼ੁਰ ਨੂੰ ਆਵਾਜ਼ ਦਿੰਦਾ ਹਾਂ ਅਤੇ ਸਹਾਇਤਾ ਲਈ ਰੋਂਦਾ ਹਾਂ।
ਹੇ ਪਰਮੇਸ਼ੁਰ ਮੈਂ ਤੈਨੂੰ ਆਵਾਜ਼ ਦਿੰਦਾ ਹਾਂ, ਮੇਰੀ ਆਵਾਜ਼ ਸੁਣੋ।
2 ਮੇਰੇ ਮਾਲਕ, ਮੈਂ ਜਦੋਂ ਵੀ ਮੁਸੀਬਤ ਵਿੱਚ ਹੁੰਦਾ ਹਾਂ ਤੇਰੇ ਕੋਲ ਆਉਂਦਾ ਹਾਂ।
ਮੈਂ ਰਾਤ ਭਰ ਤੁਹਾਡੇ ਲਈ ਪੁਕਾਰਿਆ।
ਮੇਰੀ ਰੂਹ ਨੇ ਸੁਖੀ ਹੋਣਾ ਨਾਮੰਜ਼ੂਰ ਕਰ ਦਿੱਤਾ।
11 ਮੈਨੂੰ ਯਾਦ ਹੈ ਯਹੋਵਾਹ ਨੇ ਕੀ ਕੁਝ ਕੀਤਾ।
ਹੇ ਪਰਮੇਸ਼ੁਰ, ਮੈਨੂੰ ਉਹ ਅਦਭੁਤ ਗੱਲਾਂ ਚੇਤੇ ਹਨ ਜਿਹੜੀਆਂ ਤੁਸਾਂ ਬਹੁਤ ਸਮਾਂ ਪਹਿਲਾਂ ਕੀਤੀਆਂ ਸਨ।
12 ਮੈਂ ਉਸ ਬਾਰੇ ਸੋਚਿਆ ਜੋ ਤੁਸਾਂ ਨੇ ਕੀਤਾ ਹੈ।
ਮੈਂ ਉਨ੍ਹਾਂ ਗੱਲਾਂ ਬਾਰੇ ਸੋਚਿਆ।
13 ਹੇ ਪਰਮੇਸ਼ੁਰਾ ਤੁਹਾਡੇ ਰਾਹ ਪਵਿੱਤਰ ਹਨ।
ਹੇ ਪਰਮੇਸ਼ੁਰ ਤੁਹਾਡੇ ਜਿਹਾ ਕੋਈ ਮਹਾਨ ਨਹੀਂ ਹੈ।
14 ਤੁਸੀਂ ਪਰਮੇਸ਼ੁਰ ਹੋ ਜਿਸਨੇ ਅਦਭੁਤ ਗੱਲਾਂ ਕੀਤੀਆਂ ਹਨ।
ਤੁਸੀਂ ਲੋਕਾਂ ਨੂੰ ਆਪਣੀ ਮਹਾਨ ਸ਼ਕਤੀ ਦਰਸ਼ਾਈ।
15 ਤੁਸੀਂ ਆਪਣੇ ਲੋਕਾਂ ਨੂੰ ਆਪਣੀ ਸ਼ਕਤੀ ਨਾਲ ਬਚਾਇਆ।
ਤੁਸੀਂ ਯਾਕੂਬ ਅਤੇ ਯੂਸੁਫ਼ ਦੀ ਔਲਾਦਾਂ ਨੂੰ ਬਚਾਇਆ।
16 ਹੇ ਪਰਮੇਸ਼ੁਰ, ਪਾਣੀ ਨੇ ਤੁਹਾਨੂੰ ਵੇਖਿਆ ਅਤੇ ਡਰ ਗਿਆ।
ਡੂੰਘਾ ਪਾਣੀ ਡਰ ਨਾਲ ਕੰਬ ਉੱਠਿਆ।
17 ਮੋਟੇ ਬੱਦਲਾਂ ਨੇ ਆਪਣਾ ਪਾਣੀ ਸੁੱਟ ਦਿੱਤਾ।
ਲੋਕਾਂ ਨੇ ਉੱਚੇ ਬੱਦਲਾਂ ਵਿੱਚ ਉੱਚੀ ਕੜਕ ਸੁਣੀ।
ਫ਼ੇਰ ਤੁਹਾਡੇ ਬਿਜਲੀ ਦੇ ਤੀਰ ਬੱਦਲਾਂ ਵਿੱਚ ਚਮਕੇ।
18 ਬਹੁਤ ਉੱਚੀ ਗਰਜ ਹੋਈ।
ਬਿਜਲੀ ਨੇ ਸਾਰੀ ਦੁਨੀਆਂ ਰੌਸ਼ਨ ਕੀਤੀ।
ਕੰਬੀ ਅਤੇ ਹਿੱਲੀ ਧਰਤੀ।
19 ਹੇ ਪਰਮੇਸ਼ੁਰ, ਤੁਸੀਂ ਡੂੰਘੇ ਪਾਣੀਆਂ ਵਿੱਚੋਂ ਦੀ ਚੱਲੇ, ਤੁਸੀਂ ਡੂੰਘਾ ਸਮੁੰਦਰ ਪਾਰ ਕੀਤਾ।
ਪਰ ਤੁਸੀਂ ਕੋਈ ਵੀ ਪੈਰ ਚਿਨ੍ਹ ਨਹੀਂ ਛੱਡਿਆ।
20 ਤੁਸੀਂ ਮੂਸਾ ਅਤੇ ਹਾਰੂਨ ਨੂੰ ਆਪਣੇ ਲੋਕਾਂ ਦੀ ਭੇਡਾਂ ਵਾਂਗ
ਅਗਵਾਈ ਕਰਨ ਲਈ ਇਸਤੇਮਾਲ ਕੀਤਾ।
ਰਾਮੋਥ ਗਿਲਆਦ ਚ ਲੜਾਈ
29 ਤਦ ਅਹਾਬ ਪਾਤਸ਼ਾਹ ਅਤੇ ਯਹੋਸ਼ਾਫ਼ਾਟ ਰਾਮੋਥ ਵਿੱਚ ਅਰਾਮ ਦੀ ਸੈਨਾ ਦੇ ਖਿਲਾਫ਼ ਲੜਨ ਲਈ ਗਏ। ਇਹ ਥਾਂ ਗਿਲਆਦ ਦੇ ਇਲਾਕੇ ਵਿੱਚ ਸੀ। 30 ਅਹਾਬ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਮੈਂ ਆਪਣਾ ਭੇਸ ਵਟਾਅ ਕੇ ਲੜਾਈ ਵਿੱਚ ਜਾਵਾਂਗਾ, ਪਰ ਤੂੰ ਆਪਣੇ ਵਸਤਰ ਪਾਈ ਰੱਖ। ਸੋ ਇਸਰਾਏਲ ਦਾ ਪਾਤਸ਼ਾਹ ਭੇਸ ਵਟਾਅ ਕੇ ਲੜਾਈ ਵਿੱਚ ਗਿਆ।”
31 ਅਰਾਮ ਦੇ ਰਾਜਾ ਨੇ ਆਪਣੇ ਰੱਥਾਂ ਦੇ 32 ਸਰਦਾਰਾਂ ਨੂੰ ਹੁਕਮ ਦਿੱਤਾ ਕਿ ਇਸਰਾਏਲ ਦੇ ਪਾਤਸ਼ਾਹ ਤੋਂ ਛੁੱਟ ਹਰ ਕਿਸੇ ਛੋਟੇ-ਵੱਡੇ ਨਾਲ ਨਾ ਲੜਨਾ। ਸਿਰਫ਼ ਉਸ ਨੂੰ ਹੀ ਜਾਨੋ ਮਾਰ ਮੁਕਾਉਣਾ ਹੈ। 32 ਤਾਂ ਲੜਾਈ ਦੌਰਾਨ ਇਨ੍ਹਾਂ ਸਰਦਾਰਾਂ ਨੇ ਜਦੋਂ ਯਹੋਸ਼ਾਫ਼ਾਟ ਰਾਜੇ ਨੂੰ ਵੇਖਿਆ, ਤਾਂ ਉਨਹਾਂ ਸੋਚਿਆ ਕਿ ਇਹੀ ਇਸਰਾਏਲ ਦਾ ਪਾਤਸ਼ਾਹ ਹੈ, ਤਾਂ ਉਹ ਉਸ ਨੂੰ ਮਾਰਨ ਲਈ ਦੌੜੇ ਤਾਂ ਯਹੋਸ਼ਾਫ਼ਾਟ ਨੇ ਦੁਹਾਈ ਦਿੱਤੀ। 33 ਸਰਦਾਰਾਂ ਨੇ ਵੇਖਿਆ ਕਿ ਉਹ ਅਹਾਬ ਪਾਤਸ਼ਾਹ ਨਹੀਂ ਹੈ, ਤਾਂ ਉਨ੍ਹਾਂ ਉਸ ਨੂੰ ਨਾ ਮਾਰਿਆ।
34 ਪਰ ਸਿਪਾਹੀਆਂ ਵਿੱਚੋਂ ਇੱਕ ਨੇ ਬਿਨਾ ਕਿਸੇ ਤੇ ਨਿਸ਼ਾਨਾ ਲਾਇਆਂ ਹਵਾ ਵਿੱਚ ਤੀਰ ਛੱਡਿਆ, ਪਰ ਉਸਦਾ ਤੀਰ ਇਸਰਾਏਲ ਦੇ ਪਾਤਸ਼ਾਹ ਅਹਾਬ ਨੂੰ ਉਸ ਜਗ੍ਹਾ ਤੇ ਜਾ ਲੱਗਿਆ ਜਿੱਥੇ ਕਵਚ ਨੇ ਉਸ ਨੂੰ ਨਹੀਂ ਕਜਿਆ ਹੋਇਆ ਸੀ। ਤਾਂ ਅਹਾਬ ਨੇ ਆਪਣੇ ਸਾਰਥੀ ਨੂੰ ਕਿਹਾ, “ਮੈਨੂੰ ਤੀਰ ਲੱਗ ਗਿਆ ਹੈ। ਮੈਨੂੰ ਇਥੋਂ ਬਾਹਰ ਲੈ ਚੱਲ, ਸਾਨੂੰ ਇੱਥੋਂ ਦੂਰ ਚੱਲੇ ਜਾਣਾ ਚਾਹੀਦਾ ਹੈ।”
35 ਉਸ ਦਿਨ ਲੜਾਈ ਵੱਧ ਗਈ ਅਤੇ ਪਾਤਸ਼ਾਹ ਅਰਾਮੀਆਂ ਦੇ ਸਾਹਮਣੇ ਰੱਥ ਵਿੱਚ ਹੀ ਥੰਮਿਆ ਰਿਹਾ ਅਤੇ ਅਰਾਮ ਦੀ ਸੈਨਾ ਵੱਲ ਵੇਖਦਾ ਰਿਹਾ, ਉਸਦਾ ਲਹੂ ਵਗ-ਵਗ ਕੇ ਰੱਥ ਦਾ ਤੱਲਵਾਂ ਹਿੱਸਾ ਭਰ ਗਿਆ ਅਤੇ ਸ਼ਾਮ ਹੋਣ ਤੱਕ ਪਾਤਸ਼ਾਹ ਮਰ ਗਿਆ। 36 ਸ਼ਾਮ ਦੇ ਵੇਲੇ ਦਲ ਵਿੱਚ ਇਹ ਹੋਕਾ ਫ਼ਿਰ ਗਿਆ ਕਿ ਇਸਰਾਏਲ ਦਾ ਹਰ ਮਨੁੱਖ ਆਪੋ-ਆਪਣੇ ਸ਼ਹਿਰ ਅਤੇ ਦੇਸ ਨੂੰ ਤੁਰ ਜਾਵੇ।
37 ਇਉਂ ਅਹਾਬ ਪਾਤਸ਼ਾਹ ਦੀ ਮੌਤ ਹੋਈ ਤੇ ਕੁਝ ਲੋਕ ਉਸਦੀ ਲਾਸ਼ ਸਾਮਰਿਯਾ ਨੂੰ ਲੈ ਆਏ ਅਤੇ ਉਸ ਨੂੰ ਉੱਥੇ ਦਫ਼ਨਾਇਆ ਗਿਆ। 38 ਆਦਮੀਆਂ ਨੇ ਅਹਾਬ ਦੇ ਰੱਥ ਨੂੰ ਸਾਮਰਿਯਾ ’ਚ ਇੱਕ ਪਾਣੀ ਦੇ ਤਲਾਅ ’ਚ ਧੋਤਾ। ਜਿੱਥੇ ਵੇਸਵਾਵਾਂ ਆਕੇ ਨਹਾਉਂਦੀ ਹੁੰਦੀਆਂ ਸਨ ਅਤੇ ਉਸ ਰੱਥ ਵਿੱਚੋਂ ਕੁਤਿਆਂ ਨੇ ਆਕੇ ਉਸਦਾ ਲਹੂ ਚੱਟਿਆ। ਅਤੇ ਇਹ ਸਭ ਕੁਝ ਯਹੋਵਾਹ ਦੇ ਫ਼ੁਰਮਾਣ ਅਨੁਸਾਰ ਹੀ ਵਾਪਰਿਆ।
39 ਜਿੰਨੀ ਦੇਰ ਅਹਾਬ ਪਾਤਸ਼ਾਹ ਨੇ ਰਾਜ ਕੀਤਾ, ਉਸ ਦੇ ਇਹ ਕਾਰਨਾਮੇ ਇਸਰਾਏਲ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। ਅਤੇ ਉਹ ਕਿਤਾਬ ਪਾਤਸ਼ਾਹ ਦੇ ਹਾਥੀ ਦੰਦ ਦੇ ਘਰ ਜੋ ਉਸ ਨੇ ਬਣਵਾਇਆ ਸੀ, ਅਤੇ ਉਹ ਸ਼ਹਿਰ ਜੋ ਉਸ ਨੇ ਉਸਾਰੇ ਸਨ ਸਭ ਕੁਝ ਬਾਰੇ ਦੱਸਦੀ ਹੈ। 40 ਅਹਾਬ ਆਪਣੀ ਮੌਤ ਤੋਂ ਬਾਅਦ ਆਪਣੇ ਪੁਰਖਿਆਂ ਨਾਲ ਹੀ ਦਫ਼ਨਾਇਆ ਗਿਆ।
ਇਸਰਾਏਲ ਦਾ ਪਾਤਸ਼ਾਹ, ਅਹਜ਼ਯਾਹ
51 ਅਹਾਬ ਦਾ ਪੁੱਤਰ ਅਹਜ਼ਯਾਹ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫਾਟ ਦੇ 17 ਸਾਲ ਵਿੱਚ ਇਸਰਾਏਲ ਉੱਤੇ ਸਾਮਰਿਯਾ ਵਿੱਚ ਰਾਜ ਕਰਨ ਲੱਗਾ ਅਤੇ ਉਸ ਨੇ ਇਸਰਾਏਲ ਉੱਪਰ ਵੀ 2 ਸਾਲ ਰਾਜ ਕੀਤਾ। 52 ਅਹਜ਼ਯਾਹ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤੇ। ਉਸ ਨੇ ਵੀ ਆਪਣੇ ਪਿਤਾ ਅਹਾਬ ਅਤੇ ਆਪਣੀ ਮਾਂ ਦੇ ਰਾਹ ਵਿੱਚ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਰਾਹ ਵਿੱਚ, ਜਿਸ ਨੇ ਇਸਰਾਏਲ ਤੋਂ ਪਾਪ ਕਰਵਾਇਆ ਸੀ, ਵਾਂਗ ਹੀ ਕੀਤਾ। 53 ਉਸ ਨੇ ਵੀ ਆਪਣੇ ਪਿਤਾ ਵਾਂਗ ਬਆਲ ਦੀ ਉਪਾਸਨਾ ਕੀਤੀ ਅਤੇ ਉਸ ਅੱਗੇ ਮੱਥਾ ਟੇਕਿਆ ਅਤੇ ਇਉਂ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੂੰ ਖਿਝਾਇਆ। ਯਹੋਵਾਹ ਵੀ ਉਸਤੇ ਉਵੇਂ ਕ੍ਰੋਧਿਤ ਹੋਇਆ ਜਿਵੇਂ ਉਸ ਦੇ ਪਿਤਾ ਤੇ ਇਸ ਤੋਂ ਪਹਿਲਾਂ ਹੋਇਆ ਸੀ।
5 ਆਪਣੇ ਆਪ ਦੀ ਪਰੀਖਿਆ ਕਰੋ ਅਤੇ ਵੇਖੋ ਕਿ ਕੀ ਤੁਸੀਂ ਵਿਸ਼ਵਾਸ ਵਿੱਚ ਜਿਉਂ ਰਹੇ ਹੋ? ਤੁਹਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਮਸੀਹ ਯਿਸੂ ਤੁਹਾਡੇ ਵਿੱਚ ਹੈ। ਪਰ ਜੇ ਤੁਸੀਂ ਪਰੀਖਿਆ ਵਿੱਚੋਂ ਫ਼ੇਲ ਹੋ ਗਏ ਤਾਂ ਮਸੀਹ ਤੁਹਾਡੇ ਅੰਦਰ ਨਹੀਂ ਰਹਿ ਰਿਹਾ। 6 ਪਰ ਮੈਨੂੰ ਉਮੀਦ ਹੈ ਕਿ ਤੁਸੀਂ ਦੇਖ ਲਵੋਂਗੇ ਕਿ ਅਸੀਂ ਪਰੱਖ ਵਿੱਚੋਂ ਫ਼ੇਲ ਨਹੀਂ ਹਾਂ। 7 ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕੋਈ ਮਾੜਾ ਕੰਮ ਨਾ ਕਰੋ। ਕੀ ਇਹ ਗੱਲ ਮਹੱਤਵਪੂਰਣ ਨਹੀਂ ਹੈ ਕਿ ਇਹ ਲੋਕ ਵੇਖਣ ਕਿ ਅਸੀਂ ਪਰੀਖਿਆ ਵਿੱਚ ਸਫ਼ਲ ਹੋ ਗਏ ਹਾਂ। ਪਰ ਮਹੱਤਵਪੂਰਣ ਗੱਲ ਇਹ ਹੈ ਕਿ ਤੁਸੀਂ ਉਹੀ ਕਰੋ ਜੋ ਠੀਕ ਹੈ। ਭਾਵੇਂ ਇਹ ਲੱਗਦਾ ਹੈ ਕਿ ਅਸੀਂ ਪਰੱਖ ਵਿੱਚ ਅਸਫ਼ਲ ਹੋ ਗਏ ਹਾਂ। 8 ਅਸੀਂ ਕੁਝ ਵੀ ਨਹੀਂ ਕਰ ਸੱਕਦੇ ਜੋ ਸੱਚ ਦੇ ਵਿਰੁੱਧ ਹੈ। ਅਸੀਂ ਓਹੀ ਗੱਲਾਂ ਕਰ ਸੱਕਦੇ ਹਾਂ ਜਿਹੜੀਆਂ ਸੱਚ ਲਈ ਹਨ। 9 ਅਸੀਂ ਕਮਜ਼ੋਰ ਹੋਣ ਲਈ ਖੁਸ਼ ਹਾਂ ਜੇ ਤੁਸੀਂ ਤਾਕਤਵਰ ਹੋ। ਅਤੇ ਸਾਡੀ ਪ੍ਰਾਰਥਨਾ ਹੈ ਕਿ ਤੁਸੀਂ ਹੋਰ ਵੱਧੇਰੇ ਤਕੜੇ ਹੋਵੋ। 10 ਇਹ ਗੱਲਾਂ ਮੈਂ ਤੁਹਾਨੂੰ ਤੁਹਾਡੀ ਗੈਰ ਹਾਜ਼ਰੀ ਵਿੱਚ ਲਿਖ ਰਿਹਾ ਹਾਂ ਇਹ ਮੈਂ ਇਸ ਲਈ ਆਖ ਰਿਹਾ ਹਾਂ ਤਾਂ ਜੋ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਆਪਣੀ ਸ਼ਕਤੀ ਤੁਹਾਨੂੰ ਸਜ਼ਾ ਦੇਣ ਵਾਸਤੇ ਨਾ ਵਰਤਨੀ ਪਵੇ। ਪ੍ਰਭੂ ਨੇ ਇਹ ਸ਼ਕਤੀ ਮੈਨੂੰ ਤੁਹਾਨੂੰ ਤਕੜਾ ਬਨਾਉਣ ਲਈ ਪ੍ਰਦਾਨ ਕੀਤੀ ਹੈ। ਤੁਹਾਨੂੰ ਤਬਾਹ ਕਰਨ ਲਈ ਨਹੀਂ।
2010 by World Bible Translation Center