Revised Common Lectionary (Semicontinuous)
ਨਿਰਦੇਸ਼ਕ ਲਈ: “ਬਰਬਾਦ ਨਾ ਕਰੋ” ਵਾਲੀ, ਦਾਊਦ ਦਾ ਉਸ ਵੇਲੇ ਦਾ ਇੱਕ ਭੱਗਤੀ ਗੀਤ। ਜਦੋਂ ਸ਼ਾਊਲ ਨੇ ਲੋਕਾਂ ਨੂੰ ਦਾਊਦ ਦੇ ਘਰ ਦੀ ਨਿਗਰਾਨੀ ਕਰਨ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲਈ ਭੇਜਿਆ ਸੀ।
59 ਹੇ ਪਰਮੇਸ਼ੁਰ, ਮੈਨੂੰ ਮੇਰੇ ਵੈਰੀਆਂ ਕੋਲੋਂ ਬਚਾ ਲੈ।
ਉਨ੍ਹਾਂ ਲੋਕਾਂ ਨੂੰ ਹਰਾਉਣ ਵਿੱਚ ਮੇਰੀ ਸਹਾਇਤਾ ਕਰੋ ਜਿਹੜੇ ਮੇਰੇ ਨਾਲ ਲੜਨ ਲਈ ਆਏ ਹਨ।
2 ਮੈਨੂੰ ਉਨ੍ਹਾਂ ਲੋਕਾਂ ਕੋਲੋਂ ਬਚਾਉ ਜਿਹੜੇ ਮੰਦੇ ਕਾਰੇ ਕਰਦੇ ਹਨ।
ਮੈਨੂੰ ਉਨ੍ਹਾਂ ਕਾਤਲਾਂ ਕੋਲੋਂ ਬਚਾਉ।
3 ਦੇਖੋ, ਤਕੜੇ ਆਦਮੀ ਮੇਰੀ ਉਡੀਕ ਵਿੱਚ ਹਨ,
ਉਹ ਮੈਨੂੰ ਮਾਰ ਮੁਕਾਉਣ ਲਈ ਉਡੀਕ ਰਹੇ ਹਨ।
ਭਾਵੇਂ ਮੈਂ ਕੋਈ ਗੁਨਾਹ ਜਾਂ ਜੁਰਮ ਨਹੀਂ ਕੀਤਾ।
4 ਮੈਂ ਕੁਝ ਵੀ ਗਲਤ ਨਹੀਂ ਕੀਤਾ, ਪਰ ਮੈਨੂੰ ਮਾਰਨ ਲਈ ਨੱਸੇ ਆਏ ਹਨ।
ਯਹੋਵਾਹ ਆਉ, ਖੁਦ ਆਪਣੀਆਂ ਅੱਖਾਂ ਨਾਲ ਵੇਖੋ?
5 ਤੁਸੀਂ ਇਸਰਾਏਲ ਦੇ ਪਰਮੇਸ਼ੁਰ, ਪਰਮੇਸ਼ੁਰ ਯਹੋਵਾਹ ਸਰਬ ਸ਼ਕਤੀਮਾਨ ਹੋ।
ਉੱਠੋ ਅਤੇ ਉਨ੍ਹਾਂ ਲੋਕਾਂ ਨੂੰ ਦੰਡ ਦੇਵੋ।
ਉਨ੍ਹਾਂ ਦੁਸ਼ਟ ਗੱਦਾਰਾਂ ਉੱਤੇ ਤਰਸ ਨਾ ਕਰੋ।
6 ਇਹ ਮੰਦੇ ਲੋਕ ਕੁੱਤਿਆਂ ਵਰਗੇ ਹਨ
ਜਿਹੜੇ ਸ਼ਾਮ ਨੂੰ ਸ਼ਹਿਰ ਅੰਦਰ ਭੌਕਦੇ ਹੋਏ
ਅਵਾਰਾ ਘੁੰਮਦੇ ਆ ਵੜਦੇ ਹਨ।
7 ਉਨ੍ਹਾਂ ਦੀਆਂ ਗਾਲ੍ਹਾਂ ਅਤੇ ਧਮਕੀਆਂ ਸੁਣੋ।
ਉਹ ਬੜੀਆਂ ਜ਼ੁਲਮੀ ਗੱਲਾਂ ਆਖਦੇ ਹਨ
ਅਤੇ ਇਹ ਵੀ ਖਿਆਲ ਨਹੀਂ ਕਰਦੇ ਕਿ ਉਨ੍ਹਾਂ ਨੂੰ ਕੌਣ ਸੁਣਦਾ ਹੈ।
8 ਯਹੋਵਾਹ, ਇਨ੍ਹਾਂ ਉੱਤੇ ਹੱਸੋ।
ਇਨ੍ਹਾਂ ਲੋਕਾਂ ਦਾ ਮਜ਼ਾਕ ਉਡਾਉ।
9 ਮੈਂ ਤੁਹਾਡੇ ਲਈ ਉਸਤਤਿ ਦੇ ਗੀਤ ਗਾਵਾਂਗਾ।
ਹੇ ਪਰਮੇਸ਼ੁਰ, ਤੁਸੀਂ ਹੀ ਉੱਚੇ ਪਰਬਤਾਂ ਅੰਦਰ, ਮੇਰਾ ਸੁਰੱਖਿਅਤ ਟਿਕਾਣਾ ਹੋ।
10 ਪਰਮੇਸ਼ੁਰ ਮੈਨੂੰ ਪਿਆਰ ਕਰਦਾ ਹੈ, ਅਤੇ ਉਹ ਮੇਰੀ ਜਿੱਤ ਲਈ ਸਹਾਇਤਾ ਕਰੇਗਾ।
ਉਹ ਵੈਰੀਆਂ ਨੂੰ ਹਰਾਉਣ ਵਿੱਚ ਮੇਰੀ ਸਹਾਇਤਾ ਕਰੇਗਾ।
11 ਹੇ ਪਰਮੇਸ਼ੁਰ, ਜੇਕਰ ਤੁਸੀਂ ਉਨ੍ਹਾਂ ਨੂੰ ਸਿਰਫ਼ ਮਾਰੋਂਗੇ ਸ਼ਾਇਦ ਮੇਰੇ ਲੋਕ ਭੁੱਲ ਜਾਣ।
ਇਸ ਲਈ ਮੇਰੇ ਮਾਲਕ ਅਤੇ ਰੱਖਿਅਕ, ਉਨ੍ਹਾਂ ਨੂੰ ਖਿੰਡਾ ਦਿਉ ਅਤੇ ਉਨ੍ਹਾਂ ਨੂੰ ਆਪਣੀ ਸ਼ਕਤੀ ਨਾਲ ਹਰਾ ਦਿਉ।
12 ਉਹ ਮੰਦੇ ਲੋਕ ਗਾਲ੍ਹਾਂ ਕੱਢਦੇ ਹਨ ਅਤੇ ਝੂਠ ਬੋਲਦੇ ਹਨ।
ਉਨ੍ਹਾਂ ਨੂੰ ਉਨ੍ਹਾਂ ਦੇ ਆਖੇ ਦਾ ਦੰਡ ਦਿਉ।
ਉਨ੍ਹਾਂ ਦੇ ਗੁਨਾਹ ਨੂੰ ਹੀ ਉਨ੍ਹਾਂ ਨੂੰ ਘੇਰਨ ਦਿਉ।
13 ਉਨ੍ਹਾਂ ਨੂੰ ਆਪਣੇ ਕਹਿਰ ਨਾਲ ਤਬਾਹ ਕਰ ਦਿਉ।
ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਉ।
ਫ਼ੇਰ ਦੁਨੀਆਂ ਦੇ ਸਾਰੇ ਲੋਕ ਜਾਣ ਲੈਣਗੇ ਕਿ ਪਰਮੇਸ਼ੁਰ ਇਸਰਾਏਲ ਵਿੱਚ ਰਾਜ ਕਰਦਾ ਹੈ।
14 ਉਹ ਮੰਦੇ ਲੋਕ ਸ਼ਾਮ ਨੂੰ ਭੌਕਦੇ ਕੁੱਤਿਆਂ ਵਾਂਗ
ਘੁੰਮਦੇ ਸ਼ਹਿਰ ਅੰਦਰ ਆਉਂਦੇ ਹਨ।
15 ਉਹ ਭੋਜਨ ਦੀ ਤਲਾਸ਼ ਕਰਨਗੇ
ਪਰ ਉਨ੍ਹਾਂ ਨੂੰ ਨਾ ਤਾਂ ਭੋਜਨ ਮਿਲੇਗਾ ਅਤੇ ਨਾ ਸੌਣ ਲਈ ਕੋਈ ਥਾਂ।
16 ਪਰ ਸਵੇਰੇ, ਮੈਂ ਤੁਹਾਨੂੰ ਉਸਤਤਿ ਦੇ ਆਪਣੇ ਗੀਤ ਗਾਵਾਂਗਾ।
ਮੈਂ ਤੇਰੇ ਪਿਆਰ ਵਿੱਚ ਆਨੰਦ ਮਾਣਾਂਗਾ।
ਕਿਉਂਕਿ ਉੱਚੇ ਪਰਬਤਾਂ ਵਿੱਚ ਤੁਸੀਂ ਮੇਰਾ ਸੁਰੱਖਿਅਤ ਸਥਾਨ ਹੋ।
ਅਤੇ ਜਦੋਂ ਮੁਸੀਬਤਾਂ ਆਉਂਦੀਆਂ ਹਨ ਤੁਸੀਂ ਹੀ ਮੇਰੀ ਸ਼ਰਨ ਹੋਂ।
17 ਮੈਂ ਤੁਹਾਨੂੰ ਉਸਤਤਿ ਦੇ ਆਪਣੇ ਗੀਤ ਗਾਵਾਂਗਾ।
ਕਿਉਂਕਿ ਉੱਚੇ ਪਰਬਤਾਂ ਵਿੱਚ ਤੁਸੀਂ ਮੇਰਾ ਸੁਰੱਖਿਅਤ ਸਥਾਨ ਹੋ।
ਯੇਹੂ ਦਾ ਯਿਜ਼ਰਏਲ ਜਾਣਾ
14 ਇਉਂ ਨਿਮਸ਼ੀ ਦੇ ਪੋਤਰੇ ਯਹੋਸ਼ਾਫ਼ਾਟ ਦੇ ਪੁੱਤਰ ਯੇਹੂ ਨੇ ਯੋਰਾਮ ਦੇ ਵਿਰੁੱਧ ਮਤਾ ਪਕਾਇਆ।
ਉਸ ਵਕਤ ਅਰਾਮ ਦੇ ਪਾਤਸ਼ਾਹ ਹਜ਼ਾਏਲ ਦੇ ਕਾਰਣ ਯੋਰਾਮ ਸਾਰੇ ਇਸਰਾਏਲ ਸਮੇਤ ਰਾਮੋਥ-ਗਿਲਆਦ ਦੀ ਦੇਖਭਾਲ ਕਰਦਾ ਸੀ। 15 ਯੋਰਾਮ ਪਾਤਸ਼ਾਹ, ਅਰਾਮ ਦੇ ਪਾਤਸ਼ਾਹ ਹਜ਼ਾਏਲ ਦੇ ਵਿਰੁੱਧ ਲੜਿਆ। ਪਰ ਅਰਾਮੀਆਂ ਨੇ ਯੋਰਾਮ ਪਾਤਸ਼ਾਹ ਨੂੰ ਫ਼ੱਟੜ ਕੀਤਾ, ਇਸ ਲਈ ਉਹ ਉਨ੍ਹਾਂ ਜ਼ਖਮਾਂ ਤੋਂ ਰਾਹਤ ਪਾਉਣ ਲਈ ਤੇ ਠੀਕ ਹੋਣ ਲਈ ਯਿਜ਼ਰਏਲ ਮੁੜ ਗਿਆ ਸੀ।
ਇਸ ਲਈ ਯੇਹੂ ਨੇ ਅਫ਼ਸਰਾਂ ਨੂੰ ਕਿਹਾ, “ਜੇਕਰ ਤੁਸੀਂ ਮੰਨਦੇ ਹੋ ਕਿ ਮੈਂ ਹੀ ਨਵਾਂ ਪਾਤਸ਼ਾਹ ਹਾਂ, ਤਾਂ ਕਿਸੇ ਨੂੰ ਵੀ ਸ਼ਹਿਰ ਵਿੱਚੋਂ ਬਾਹਰ ਜਾਕੇ ਯਿਜ਼ਰਾਏਲ ਨੂੰ ਇਹ ਖਬਰ ਨਾ ਦੇਣ ਦਿਓ।”
16 ਯੋਰਾਮ ਯਿਜ਼ਰਏਲ ਵਿੱਚ ਅਰਾਮ ਕਰ ਰਿਹਾ ਸੀ, ਤਾਂ ਯੇਹੂ ਰੱਥ ਉੱਤੇ ਚੜ੍ਹ ਕੇ ਯਿਜ਼ਰਏਲ ਨੂੰ ਗਿਆ। ਯਹੂਦਾਹ ਦਾ ਪਾਤਸ਼ਾਹ ਅਹਜ਼ਯਾਹ ਵੀ ਯੋਰਾਮ ਨੂੰ ਮਿਲਣ ਲਈ ਉੱਥੇ ਆਇਆ ਹੋਇਆ ਸੀ।
17 ਯਿਜ਼ਰਏਲ ਵਿੱਚ ਬੁਰਜ ਉੱਪਰ ਇੱਕ ਦਰਬਾਨ ਪਹਿਰੇ ਤੇ ਖੜ੍ਹਾ ਸੀ ਉਸ ਨੇ ਯੇਹੂ ਨਾਲ ਲੋਕਾਂ ਦਾ ਇੱਕ ਵੱਡਾ ਟੋਲਾ ਆਉਂਦਾ ਵੇਖਿਆਂ ਤਾਂ ਆਖਿਆ, “ਮੈਨੂੰ ਲੋਕਾਂ ਦਾ ਇੱਕ ਵੱਡਾ ਟੋਲਾ ਆਉਂਦਾ ਦਿਖਾਈ ਦੇ ਰਿਹਾ ਹੈ।”
ਯੋਰਾਮ ਨੇ ਕਿਹਾ, “ਕਿਸੇ ਨੂੰ ਘੋੜੇ ਤੇ ਉਨ੍ਹਾਂ ਨੂੰ ਮਿਲਣ ਲਈ ਅਤੇ ਪੁੱਛਣ ਲਈ ਭੇਜ ਕਿ ਜੇਕਰ ਉਹ ਸ਼ਾਂਤੀ ਲਈ ਆਏ ਹਨ?”
18 ਸੋ ਇੱਕ ਘੁੜਸਵਾਰ ਉਸ ਨੂੰ ਮਿਲਣ ਲਈ ਗਿਆ। ਸੰਦੇਸ਼ਵਾਹਕ ਨੇ ਕਿਹਾ, “ਯੋਰਾਮ ਪਾਤਸ਼ਾਹ ਪੁੱਛਦਾ ਹੈ ਸਭ ਸੁੱਖ ਤਾਂ ਹੈ?”
ਯੇਹੂ ਨੇ ਕਿਹਾ, “ਤੈਨੂੰ ਸ਼ਾਂਤੀ ਨਾਲ ਕੀ? ਮੇਰੇ ਪਿੱਛੇ ਚੱਲਦਾ ਆ।”
ਦਰਬਾਨ ਨੇ ਯੋਰਾਮ ਨੂੰ ਕਿਹਾ, “ਸੰਦੇਸ਼ਵਾਹਕ ਉਸ ਜੱਥੇ ਕੋਲ ਤਾਂ ਗਿਆ ਸੀ ਪਰ ਅਜੇ ਤੀਕ ਮੁੜਿਆ ਨਹੀਂ।”
19 ਤਦ ਯੋਰਾਮ ਨੇ ਦੂਜੇ ਸੰਦੇਸ਼ਵਾਹਕ ਨੂੰ ਘੋੜੇ ਤੇ ਭੇਜਿਆ ਅਤੇ ਇਹ ਆਦਮੀ ਯੇਹੂ ਦੇ ਜੱਥੇ ਕੋਲ ਪਹੁੰਚਿਆ ਅਤੇ ਆਖਣ ਲੱਗਾ, “ਪਾਤਸ਼ਾਹ ਯੋਰਾਮ ਪੁੱਛਦਾ ਹੈ ਕਿ ਸ਼ਾਂਤੀ ਤਾਂ ਹੈ?”
ਯੇਹੂ ਨੇ ਆਖਿਆ, “ਤੈਨੂੰ ਸ਼ਾਂਤੀ ਨਾਲ ਕੀ, ਚੱਲ ਮੇਰੇ ਪਿੱਛੇ ਚੱਲ ਪੈ।”
20 ਦਰਬਾਨ ਨੇ ਯੋਰਾਮ ਨੂੰ ਕਿਹਾ, “ਦੂਜਾ ਆਦਮੀ ਵੀ ਉਸ ਜੱਥੇ ਵੱਲ ਗਿਆ ਸੀ, ਪਰ ਅਜੇ ਤੀਕ ਮੁੜਿਆ ਨਹੀਂ। ਇੱਕ ਆਦਮੀ ਕਮਲਿਆਂ ਵਾਂਗ ਰੱਥ ਚਲਾਉਂਦਾ ਆ ਰਿਹਾ ਹੈ ਅਤੇ ਉਹ ਨਿਮਸ਼ੀ ਦੇ ਪੁੱਤਰ ਯੇਹੂ ਵਾਂਗ ਚਲਾਉਂਦਾ ਨਜ਼ਰ ਆ ਰਿਹਾ ਹੈ।”
21 ਯੋਰਾਮ ਨੇ ਆਖਿਆ, “ਮੇਰਾ ਰੱਥ ਤਿਆਰ ਕਰ!”
ਤਾਂ ਸੇਵਕ ਨੇ ਉਸਦਾ ਰੱਥ ਤਿਆਰ ਕੀਤਾ। ਤਦ ਇਸਰਾਏਲ ਦਾ ਪਾਤਸ਼ਾਹ ਯੋਰਾਮ ਅਤੇ ਯਹੂਦਾਹ ਦਾ ਪਾਤਸ਼ਾਹ ਅਹਜ਼ਯਾਹ ਆਪਣੇ-ਆਪਣੇ ਰੱਥ ਉੱਪਰ ਨਿਕਲੇ ਅਤੇ ਯੇਹੂ ਨੂੰ ਮਿਲਣ ਲਈ ਗਏ। ਉਨ੍ਹਾਂ ਨੂੰ ਯੇਹੂ ਨੂੰ ਯਿਜ਼ਰਏਲੀ ਨਬੋਥ ਦੀ ਜ਼ਮੀਨ ਉੱਪਰ ਲੱਭ ਲਿਆ।
22 ਯੋਰਾਮ ਨੇ ਯੇਹੂ ਨੂੰ ਵੇਖਿਆ ਤਾਂ ਪੁੱਛਿਆ, “ਯੇਹੂ, ਕੀ ਤੂੰ ਸੁੱਖ-ਸ਼ਾਂਤੀ ਵਿੱਚ ਆਇਆ ਹੈਂ?”
ਯੇਹੂ ਨੇ ਆਖਿਆ, “ਜਦੋਂ ਤੇਰੀ ਮਾਂ ਈਜ਼ਬਲ ਦੀਆਂ ਵੇਸ਼ਵਾਗਿਰੀ ਅਤੇ ਜਾਦੂਗਰੀਆਂ ਇੰਨੀਆਂ ਵਧੀਆਂ ਹੋਣ ਤਾਂ ਸ਼ਾਂਤੀ ਕੈਸੀ?”
23 ਤਦ ਯੋਰਾਮ ਨੇ ਉੱਥੋਂ ਭੱਜਣ ਲਈ ਆਪਣੇ ਘੋੜੇ ਦੀਆਂ ਵਾਗਾਂ ਮੋੜੀਆਂ ਅਤੇ ਅਹਜ਼ਯਾਹ ਨੂੰ ਆਖਿਆ, “ਅਹਜ਼ਯਾਹ! ਵਿਸ਼ਵਾਸ ਘਾਤ ਹੈ।”
24 ਪਰ ਯੇਹੂ ਨੇ ਆਪਣੇ ਧਨੁੱਖ ਜ਼ੋਰ ਨਾਲ ਖਿਚਿਆ ਅਤੇ ਯੋਰਾਮ ਦੇ ਮੋਢਿਆਂ ਵਿੱਚਕਾਰ ਮਾਰਿਆ। ਤੀਰ ਯੋਰਾਮ ਦੇ ਦਿਲ ਨੂੰ ਵਿੰਨ੍ਹ ਕੇ ਨਿਕਲਿਆ ਅਤੇ ਯੋਰਾਮ ਆਪਣੇ ਰੱਥ ਤੇ ਹੀ ਢਹਿ-ਢੇਰੀ ਹੋ ਗਿਆ।
25 ਯੇਹੂ ਨੇ ਆਪਣੇ ਇੱਕ ਰੱਥ ਚਾਲਕ ਬਿਦਕਰ ਨੂੰ ਆਖਿਆ, “ਯੋਰਾਮ ਦੀ ਲੋਥ ਨੂੰ ਚੁਕ ਕੇ ਨਬੋਥ ਯਿਜ਼ਰਏਲੀ ਦੇ ਖੇਤ ਵਿੱਚ ਸੁੱਟ ਦੇ। ਯਾਦ ਕਰ, ਜਦੋਂ ਆਪਾਂ ਦੋਵੇਂ ਉਸ ਦੇ ਪਿਤਾ ਅਹਾਬ ਦੇ ਪਿੱਛੇ ਸਵਾਰ ਹੋਏ ਸਾਂ ਤਾਂ ਯਹੋਵਾਹ ਨੇ ਉਸ ਦੇ ਖਿਲਾਫ਼ ਇਸੇ ਨਿਆਂ ਦਾ ਹੁਕਮ ਲਗਾਇਆ ਸੀ। 26 ਯਹੋਵਾਹ ਨੇ ਆਖਿਆ, ‘ਕੱਲ ਹੀ ਮੈਂ ਨਬੋਥ ਅਤੇ ਉਸ ਦੇ ਪੁੱਤਰ ਦਾ ਲਹੂ ਵੇਖਿਆ ਹੈ, ਇਸ ਲਈ ਮੈਂ ਅਹਾਬ ਨੂੰ ਇਸੇ ਖੇਤ ਵਿੱਚ ਦੰਡ ਦੇਵਾਂਗਾ।’ ਇਹ ਯਹੋਵਾਹ ਦੇ ਬਚਨ ਸਨ। ਇਸ ਲਈ, ਯੋਰਾਮ ਦੀ ਲਾਸ਼ ਚੁੱਕ ਅਤੇ ਯਹੋਵਾਹ ਦੇ ਕਹੇ ਅਨੁਸਾਰ ਇਸ ਨੂੰ ਉਸੇ ਖੇਤ ਵਿੱਚ ਸੁੱਟ ਦੇ!”
ਮਸੀਹ ਵਿੱਚ ਇੱਕਮਿਕ
11 ਤੁਸੀਂ ਗੈਰ ਯਹੂਦੀਆਂ ਦੇ ਤੌਰ ਤੇ ਜਨਮੇ ਸੀ। ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਯਹੂਦੀ “ਬੇ-ਸੁੰਨਤੀਏ” ਆਖਦੇ ਹਨ। ਉਹ ਯਹੂਦੀ ਜਿਹੜੇ ਤੁਹਾਨੂੰ “ਬੇ-ਸੁੰਨਤੀਏ” ਆਖਦੇ ਹਨ ਉਹ ਆਪਣੇ ਆਪ ਨੂੰ “ਸੁੰਨਤੀ” ਅਖਵਾਉਂਦੇ ਹਨ। ਉਨ੍ਹਾਂ ਦੀ ਸੁੰਨਤ ਅਜਿਹੀ ਹੈ ਜਿਹੜੀ ਉਹ ਖੁਦ ਆਪਣੇ ਸਰੀਰਾਂ ਉੱਪਰ ਕਰਦੇ ਹਨ। 12 ਅਤੀਤ ਵਿੱਚ, ਯਾਦ ਰੱਖੋ ਕਿ ਤੁਸੀਂ ਮਸੀਹ ਤੋਂ ਬਿਨਾ ਸੀ। ਤੁਸੀਂ ਇਸਰਾਏਲ ਦੇ ਨਾਗਰਿਕ ਨਹੀਂ ਸੀ। ਤੁਹਾਡੇ ਕੋਲ ਵਾਇਦੇ ਦਾ ਉਹ ਕਰਾਰ ਨਹੀਂ ਸੀ, ਜਿਹੜਾ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦਿੱਤਾ ਸੀ। ਤੁਹਾਨੂੰ ਕੋਈ ਉਮੀਦ ਨਹੀਂ ਸੀ ਅਤੇ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ। 13 ਇਸ ਤਰ੍ਹਾਂ ਇੱਕ ਸਮੇਂ ਤੁਸੀਂ ਪਰਮੇਸ਼ੁਰ ਤੋਂ ਬਹੁਤ ਦੂਰ ਸੀ। ਪਰ ਹੁਣ ਤੁਸੀਂ ਮਸੀਹ ਯਿਸੂ ਵਿੱਚ ਉਸ ਦੇ ਲਹੂ ਰਾਹੀਂ ਪਰਮੇਸ਼ੁਰ ਦੇ ਨੇੜੇ ਲਿਆਏ ਗਏ ਹੋ।
14 ਮਸੀਹ ਦੇ ਕਾਰਣ ਹੁਣ ਸਾਨੂੰ ਸ਼ਾਂਤੀ ਮਿਲੀ ਹੋਈ ਹੈ। ਮਸੀਹ ਨੇ ਸਾਨੂੰ ਦੋਹਾਂ ਨੂੰ ਇੱਕ ਕੌਮ ਵਾਂਗ ਇਕੱਠਿਆਂ ਕੀਤਾ ਹੈ। ਯਹੂਦੀ ਅਤੇ ਗੈਰ ਯਹੂਦੀ ਇਸ ਤਰ੍ਹਾਂ ਵੰਡੇ ਹੋਏ ਸਨ ਜਿਵੇਂ ਉਨ੍ਹਾਂ ਵਿੱਚਕਾਰ ਇੱਕ ਕੰਧ ਹੋਵੇ। ਉਹ ਇੱਕ ਦੂਸਰੇ ਨੂੰ ਨਫ਼ਰਤ ਕਰਦੇ ਸਨ। ਪਰ ਮਸੀਹ ਨੇ ਆਪਣਾ ਸਰੀਰ ਦੇਕੇ ਨਫ਼ਰਤ ਦੀ ਉਸ ਕੰਧ ਨੂੰ ਢਾਹ ਦਿੱਤਾ। 15 ਯਹੂਦੀ ਸ਼ਰ੍ਹਾ ਵਿੱਚ ਕਈ ਹੁਕਮ ਅਤੇ ਅਸੂਲ ਸਨ। ਪਰ ਮਸੀਹ ਨੇ ਉਸ ਸ਼ਰ੍ਹਾ ਦਾ ਅੰਤ ਕਰ ਦਿੱਤਾ। ਮਸੀਹ ਦਾ ਉਦੇਸ਼ ਲੋਕਾਂ ਦੇ ਦੋ ਸਮੂਹਾਂ ਨੂੰ ਆਪਣੇ ਵਿੱਚ ਇੱਕ ਕੌਮ ਬਨਾਉਣਾ ਅਤੇ ਉੱਥੇ ਸ਼ਾਂਤੀ ਸਥਾਪਿਤ ਕਰਨਾ ਸੀ। 16 ਮਸੀਹ ਨੇ ਸਲੀਬ ਤੇ ਮਰਕੇ ਇਨ੍ਹਾਂ ਦੋਹਾਂ ਸਮੂਹਾਂ ਵਿੱਚਲੀ ਨਫ਼ਰਤ ਦਾ ਅੰਤ ਕਰ ਦਿੱਤਾ ਹੈ। ਜਦੋਂ ਦੋ ਸਮੂਹ ਇੱਕ ਸਰੀਰ ਬਣ ਗਏ, ਉਹ ਵਾਪਸ ਉਨ੍ਹਾਂ ਨੂੰ ਪਰਮੇਸ਼ੁਰ ਕੋਲ ਲੈ ਆਇਆ। ਇਹ ਮਸੀਹ ਨੇ ਸਲੀਬ ਉੱਤੇ ਆਪਣੀ ਮੌਤ ਰਾਹੀਂ ਕੀਤਾ। 17 ਮਸੀਹ ਆਇਆ ਅਤੇ ਉਸ ਨੇ ਸ਼ਾਂਤੀ ਦਾ ਪ੍ਰਚਾਰ ਤੁਹਾਡੇ ਸਭਨਾਂ ਵਿੱਚ ਕੀਤਾ ਤੁਸੀਂ ਜੋ ਪਰਮੇਸ਼ੁਰ ਤੋਂ ਦੂਰ ਹੋ ਅਤੇ ਤੁਸੀਂ ਜਿਹੜੇ ਪਰਮੇਸ਼ੁਰ ਦੇ ਨਜ਼ਦੀਕ ਹੋ। 18 ਹਾਂ, ਮਸੀਹ ਰਾਹੀਂ, ਸਾਡੇ ਦੋਹਾਂ ਸਮੂਹਾਂ ਨੂੰ ਇੱਕ ਆਤਮਾ ਵਿੱਚ ਪਿਤਾ ਕੋਲ ਆਉਣ ਦਾ ਹੱਕ ਹੈ।
19 ਹੁਣ ਤੁਸੀਂ ਗੈਰ ਯਹੂਦੀਓ ਓਪਰੇ ਜਾਂ ਯਾਤਰੀ ਨਹੀਂ ਹੋ। ਹੁਣ ਤੁਸੀਂ, ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੇ ਨਾਲ ਦੇ ਨਾਗਰਿਕ ਹੋ ਤੁਸੀਂ ਪਰਮੇਸ਼ੁਰ ਦੇ ਪਰਿਵਾਰ ਦੇ ਹੋਂ। 20 ਤੁਸੀਂ ਵਿਸ਼ਵਾਸੀ ਉਸ ਇਮਾਰਤ ਵਾਂਗ ਹੋ ਜਿਸਦਾ ਮਾਲਕ ਪਰਮੇਸ਼ੁਰ ਹੈ। ਇਹ ਇਮਾਰਤ ਰਸੂਲਾਂ ਅਤੇ ਨਬੀਆਂ ਦੁਆਰਾ ਬਣਾਈ ਉਸ ਬੁਨਿਯਾਦ ਉੱਪਰ ਉਸਾਰੀ ਗਈ ਸੀ। ਮਸੀਹ ਯਿਸੂ ਖੁਦ ਇਸ ਇਮਾਰਤ ਦਾ ਸਭ ਤੋਂ ਮਹੱਤਵਪੂਰਣ ਪੱਥਰ ਹੈ। 21 ਇਹ ਸਾਰੀ ਇਮਾਰਤ ਮਸੀਹ ਵਿੱਚ ਸੰਯੁਕਤ ਹੈ। ਅਤੇ ਇਸ ਨੂੰ ਵੱਧਾਕੇ, ਮਸੀਹ ਇਸ ਨੂੰ ਪ੍ਰਭੂ ਵਿੱਚ ਇੱਕ ਪਵਿੱਤਰ ਮੰਦਰ ਬਣਾ ਦਿੰਦਾ ਹੈ। 22 ਅਤੇ ਮਸੀਹ ਵਿੱਚ, ਤੁਸੀਂ ਲੋਕ ਹੋਰਨਾਂ ਲੋਕਾਂ ਸਮੇਤ ਉਸਾਰੇ ਜਾ ਰਹੇ ਹੋਂ। ਤੁਸੀਂ ਇੱਕ ਅਜਿਹੇ ਸਥਾਨ ਤੇ ਨਿਰਮਾਣਿਤ ਕੀਤੇ ਜਾ ਰਹੇ ਹੋ ਜਿੱਥੇ ਆਤਮਾ ਦੇ ਰਾਹੀਂ ਪਰਮੇਸ਼ੁਰ ਨਿਵਾਸ ਕਰਦਾ ਹੈ।
2010 by World Bible Translation Center