Revised Common Lectionary (Semicontinuous)
150 ਯਹੋਵਾਹ ਦੀ ਉਸਤਤਿ ਕਰੋ!
ਪਰਮੇਸ਼ੁਰ ਦੀ ਉਸ ਦੇ ਮੰਦਰ ਵਿੱਚ ਉਸਤਤਿ ਕਰੋ!
ਸਵਰਗ ਵਿੱਚ ਉਸਦੀ ਸ਼ਕਤੀ ਦੀ ਉਸਤਤਿ ਕਰੋ।
2 ਪਰਮੇਸ਼ੁਰ ਦੀ ਉਸ ਦੇ ਮਹਾਨ ਕਾਰਿਆਂ ਲਈ ਉਸਤਤਿ ਕਰੋ!
ਉਸਦੀ ਉਸਤਤਿ ਉਸਦੀ ਸਾਰੀ ਮਹਾਨਤਾ ਲਈ ਕਰੋ।
3 ਪਰਮੇਸ਼ੁਰ ਦੀ ਵਾਜੇ-ਗਾਜੇ ਨਾਲ ਉਸਤਤਿ ਕਰੋ।
ਵੰਝਲੀਆ ਸਾਰੰਗੀਆ ਨਾਲ ਉਸਦੀ ਉਸਤਤਿ ਕਰੋ।
4 ਤੰਬੂਰੀਆ ਤੇ ਨੱਚਣ ਨਾਲ ਪਰਮੇਸ਼ੁਰ ਦੀ ਉਸਤਤਿ ਕਰੋ।
ਉਸਦੀ ਉਸਤਤਿ ਤਾਰਾਂ ਵਾਲੇ ਸਾਜ਼ਾਂ ਅਤੇ ਬੰਸਰੀਆ ਨਾਲ ਕਰੋ।
5 ਪਰਮੇਸ਼ੁਰ ਦੀ ਉਸਤਤਿ ਛੈਣਿਆਂ ਨਾਲ ਉੱਚੀ ਅਵਾਜ਼ ਨਾਲ ਕਰੋ।
ਛਣਕਦੇ ਛੈਣਿਆ ਨਾਲ ਉਸਦੀ ਉਸਤਤਿ ਕਰੋ।
6 ਹਰ ਜਾਨਦਾਰ ਪ੍ਰਾਣੀ, ਯਹੋਵਾਹ ਦੀ ਉਸਤਤਿ ਕਰੋ!
ਯਹੋਵਾਹ ਦੀ ਉਸਤਤਿ ਕਰੋ!
32 ਤਾਂ ਦਾਊਦ ਨੇ ਸ਼ਾਊਲ ਨੂੰ ਆਖਿਆ, “ਉਸ ਗੋਲਿਆਥ ਕਰਕੇ ਕਿਸੇ ਮਨੁੱਖ ਨੂੰ ਘਬਰਾਉਣਾ ਨਹੀਂ ਚਾਹੀਦਾ। ਮੈਂ ਤੁਹਾਡਾ ਸੇਵਕ ਹਾਂ ਸੋ ਮੈਂ ਇਸ ਫ਼ਲਿਸਤੀ ਨਾਲ ਲੜਾਂਗਾ।”
33 ਸ਼ਾਊਲ ਨੇ ਜਵਾਬ ਦਿੱਤਾ, “ਤੂੰ ਬਾਹਰ ਜਾਕੇ ਇਸ ਫ਼ਲਿਸਤੀ ਨਾਲ ਨਹੀਂ ਲੜ ਸੱਕਦਾ, ਤੂੰ ਤਾਂ ਸਿਪਾਹੀ ਵੀ ਨਹੀਂ ਅਤੇ ਇਹ ਗੋਲਿਆਥ ਤਾਂ ਬਚਪਨ ਤੋਂ ਲੜਾਈਆਂ ਲੜਦਾ ਆ ਰਿਹਾ ਹੈ।”
34 ਪਰ ਦਾਊਦ ਨੇ ਸ਼ਾਊਲ ਨੂੰ ਕਿਹਾ, “ਮੈਂ, ਤੁਹਾਡਾ ਸੇਵਕ ਆਪਣੇ ਪਿਉ ਦੀਆਂ ਭੇਡਾਂ ਚੁਰਾਉਂਦਾ ਸੀ ਤਾਂ ਇੱਕ ਸ਼ੇਰ ਅਤੇ ਰਿੱਛ ਆਇਆ ਅਤੇ ਇੱਜੜ ਵਿੱਚੋਂ ਇੱਕ ਭੇਡ ਲੈ ਗਿਆ। 35 ਮੈਂ ਉਨ੍ਹਾਂ ਜੰਗਲੀ ਜਾਨਵਰਾਂ ਦਾ ਪਿੱਛਾ ਕੀਤਾ ਅਤੇ ਉਸ ਉੱਤੇ ਹਮਲਾ ਕਰਕੇ ਉਸ ਦੇ ਮੂੰਹ ਵਿੱਚੋਂ ਭੇਡ ਕੱਢ ਲਿਆਇਆ। ਤਾਂ ਉਹ ਜੰਗਲੀ ਜਾਨਵਰ ਮੇਰੇ ਉੱਤੇ ਟੁੱਟ ਪਿਆ ਪਰ ਮੈਂ ਉਸ ਨੂੰ ਉਸ ਦੇ ਮੂੰਹ ਹੇਠਾਂ ਬਰਾਛਾਂ ਤੋਂ ਫ਼ੜਕੇ ਮਾਰਿਆ ਅਤੇ ਮੈਂ ਉਸ ਨੂੰ ਫ਼ੜਕੇ ਪਾੜ ਸੁੱਟਿਆ। 36 ਮੈਂ ਇੱਕ ਸ਼ੇਰ ਅਤੇ ਇੱਕ ਰਿੱਛ ਮਾਰਿਆ ਅਤੇ ਮੈਂ ਉਸ ਅਸੁੰਨਤੀ ਫ਼ਲਿਸਤੀ ਗੋਲਿਆਥ ਨੂੰ ਵੀ ਉਨ੍ਹਾਂ ਵਾਂਗ ਹੀ ਮਾਰ ਮੁਕਾਵਾਂਗਾ। ਗੋਲਿਆਥ ਜ਼ਰੂਰ ਮਰੇਗਾ ਕਿਉਂਕਿ ਉਸ ਨੇ ਜਿਉਂਦੇ ਪਰਮੇਸ਼ੁਰ ਦੀ ਸੈਨਾ ਦਾ ਮਖੌਲ ਉਡਾਇਆ ਹੈ। 37 ਯਹੋਵਾਹ ਨੇ ਮੇਰੀ ਸ਼ੇਰ ਅਤੇ ਰਿੱਛ ਤੋਂ ਰੱਖਿਆ ਕੀਤੀ ਤਾਂ ਉਹ ਮੇਰੀ ਇਸ ਫ਼ਲਿਸਤੀ ਤੋਂ ਵੀ ਰੱਖਿਆ ਕਰੇਗਾ।”
ਸ਼ਾਊਲ ਨੇ ਦਾਊਦ ਨੂੰ ਕਿਹਾ, “ਜਾ ਫ਼ੇਰ, ਯਹੋਵਾਹ ਤੇਰੇ ਨਾਲ ਹੋਵੇ।” 38 ਤਾਂ ਸ਼ਾਊਲ ਨੇ ਆਪਣੇ ਵਸਤਰ-ਸ਼ਸਤਰ ਦਾਊਦ ਨੂੰ ਪਹਿਨਾਏ। ਸ਼ਾਊਲ ਨੇ ਉਸ ਦੇ ਸਿਰ ਉੱਤੇ ਪਿੱਤਲ ਦਾ ਟੋਪ ਪੁਆਇਆ ਅਤੇ ਉਸ ਦੇ ਸ਼ਰੀਰ ਉੱਤੇ ਜ਼ਰਾ-ਬਖਤਰ ਪੁਆਇਆ। 39 ਦਾਊਦ ਨੇ ਆਪਣੀ ਤਲਵਾਰ ਜ਼ਰਾ ਬਖਤਰ ਉੱਪਰ ਬੰਨ੍ਹੀ ਅਤੇ ਚੱਲਣ ਦਾ ਉਦਮ ਕੀਤਾ। ਦਾਊਦ ਨੇ ਸ਼ਾਊਲ ਦੇ ਵਸਤਰ-ਸ਼ਸਤਰ ਸਜਾਏ ਪਰ ਉਹ ਇਨ੍ਹਾਂ ਭਾਰੀਆਂ ਚੀਜ਼ਾਂ ਨੂੰ ਪਾਣ ਦਾ ਆਦੀ ਨਹੀਂ ਸੀ।
ਦਾਊਦ ਨੇ ਸ਼ਾਊਲ ਨੂੰ ਕਿਹਾ, “ਇਨ੍ਹਾਂ ਨਾਲ ਤਾਂ ਮੇਰੇ ਕੋਲੋਂ ਨਹੀਂ ਤੁਰਿਆ ਜਾਂਦਾ ਕਿਉਂ ਜੋ ਮੈਂ ਇਨ੍ਹਾਂ ਦਾ ਆਦੀ ਨਹੀਂ ਹਾਂ।” ਤਾਂ ਦਾਊਦ ਨੇ ਉਹ ਸਭ ਕੁਝ ਉਤਾਰ ਦਿੱਤਾ। 40 ਦਾਊਦ ਨੇ ਆਪਣੀ ਡਾਂਗ ਹੱਥ ਵਿੱਚ ਫ਼ੜੀ ਅਤੇ ਉਸ ਨਦੀ ਕੋਲੋਂ ਪੰਜ ਚੀਕਨੇ ਪੱਥਰ ਚੁੱਕ ਲਏ। ਉਸ ਨੇ ਉਹ ਪੰਜ ਮੁਲਾਇਮ ਜਿਹੇ ਪੱਥਰ ਆਪਣੇ ਅਯਾਲੀ ਦੇ ਝੋਲੇ ਵਿੱਚ ਪਾ ਲਏ ਅਤੇ ਉਸਦੀ ਗੁਲੇਲ ਉਸ ਦੇ ਹੱਥ ਵਿੱਚ ਸੀ ਅਤੇ ਉਹ ਫ਼ਲਿਸਤੀ ਗੋਲਿਆਥ ਵੱਲ ਚੱਲਾ ਗਿਆ।
ਦਾਊਦ ਦਾ ਗੋਲਿਆਥ ਨੂੰ ਮਾਰ ਸੁੱਟਣਾ
41 ਉਹ ਫ਼ਲਿਸਤੀ ਗੋਲਿਆਥ ਹੌਲੀ-ਹੌਲੀ ਚੱਲਦਾ ਦਾਊਦ ਦੇ ਨੇੜੇ ਹੁੰਦਾ ਗਿਆ। ਗੋਲਿਆਥ ਦਾ ਸਹਾਇਕ ਹੱਥ ਵਿੱਚ ਢਾਲ ਚੁੱਕੀ ਉਸ ਦੇ ਅੱਗੇ-ਅੱਗੇ ਚੱਲਦਾ ਆਉਂਦਾ ਸੀ। 42 ਗੋਲਿਆਥ ਨੇ ਦਾਊਦ ਵੱਲ ਵੇਖਿਆ ਅਤੇ ਹੱਸਿਆ ਉਸ ਨੇ ਵੇਖਿਆ ਕਿ ਉਹ ਸਿਰਫ਼ ਲਾਲ ਮੂੰਹ ਵਾਲਾ ਖੂਬਸੂਰਤ ਨੌਜੁਆਨ ਮੁੰਡਾ ਹੈ। 43 ਗੋਲਿਆਥ ਨੇ ਦਾਊਦ ਨੂੰ ਪੁੱਛਿਆ, “ਇਹ ਡਾਂਗ ਕਿਸ ਵਾਸਤੇ ਹੈ? ਕੀ ਤੂੰ ਮੈਨੂੰ ਇੱਥੋਂ ਇੱਕ ਕੁੱਤੇ ਵਾਂਗ ਭਜਾਉਣ ਲਈ ਮੇਰੇ ਪਿੱਛੇ ਆਇਆ ਹੈ?” ਫ਼ੇਰ ਗੋਲਿਆਥ ਨੇ ਦਾਊਦ ਨੂੰ ਆਪਣੇ ਫ਼ਲਿਸਤੀ ਦੇਵਤਿਆਂ ਦੇ ਨਾਵਾਂ ਉੱਤੇ ਗਾਲ੍ਹਾਂ ਕੱਢੀਆਂ। 44 ਤਦ ਉਸ ਨੇ ਦਾਊਦ ਨੂੰ ਆਖਿਆ, “ਇੱਧਰ ਆ ਜ਼ਰਾ, ਮੈਂ ਤੇਰਾ ਸ਼ਰੀਰ ਪਰਿੰਦਿਆਂ-ਦਰਿੰਦਿਆਂ ਨੂੰ ਪਾਵਾਂ।”
45 ਦਾਊਦ ਨੇ ਉਸ ਫ਼ਲਿਸਤੀ ਨੂੰ ਕਿਹਾ, “ਤੂੰ ਤਾ ਤਲਵਾਰ, ਢਾਲ ਅਤੇ ਬਰਛਾ ਲੈ ਕੇ ਮੇਰੇ ਵੱਲ ਆਉਂਦਾ ਹੈਂ। ਪਰ ਮੈਂ ਸਰਬ-ਸ਼ਕਤੀਮਾਨ ਯਹੋਵਾਹ, ਇਸਰਾਏਲ ਦੀ ਸੈਨਾ ਦੇ ਪਰਮੇਸ਼ੁਰ ਦੇ ਨਾਮ ਉੱਤੇ ਆ ਰਿਹਾ ਹਾਂ, ਜਿਸ ਬਾਰੇ ਤੂੰ ਮੰਦਾ ਬੋਲਿਆ ਹੈ। ਜਿਸ ਬਾਰੇ ਤੂੰ ਇੰਨਾ ਮੰਦਾ ਆਖਿਆ ਹੈ। 46 ਅਤੇ ਅੱਜ ਹੀ ਯਹੋਵਾਹ ਤੈਨੂੰ ਮੇਰੇ ਹੱਥ ਕਰ ਦੇਵੇਗਾ। ਮੈਂ ਤੈਨੂੰ ਮਾਰ ਸੁੱਟਾਂਗਾ। ਅੱਜ ਮੈਂ ਤੇਰੇ ਸ਼ਰੀਰ ਦੇ ਟੋਟੇ ਕਰਕੇ ਕਾਵਾਂ ਅਤੇ ਕੁੱਤਿਆਂ ਨੂੰ ਪਾਵਾਂਗਾ। ਮੈਂ ਤੇਰਾ ਸਿਰ ਵੱਢ ਸੁੱਟਾਂਗਾ ਅਤੇ ਉਸ ਨੂੰ ਪਰਿੰਦਿਆਂ-ਦਰਿੰਦਿਆਂ ਅੱਗੇ ਸੁੱਟਾਂਗਾ। ਅਤੇ ਅੱਜ ਹੀ ਫ਼ਲਿਸਤੀਆਂ ਦੇ ਦਲਾਂ ਦੀਆਂ ਲੋਥਾਂ ਪੌਣਾਂ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਨੂੰ ਦੇਵਾਂਗਾ ਤਾਂ ਜੋ ਸਾਰੀ ਦੁਨੀਆ ਜਾਣ ਜਾਵੇ ਕਿ ਸਿਰਾਏਲ ਵਿੱਚ ਇੱਕ ਪਰਮੇਸ਼ੁਰ ਹੈ। 47 ਅਤੇ ਇੱਥੇ ਹਾਜ਼ਰ ਸਾਰੇ ਲੋਕਾਂ ਨੂੰ ਵੀ ਇਹ ਖਬਰ ਹੋ ਜਾਵੇਗੀ ਕਿ ਯੁੱਧ ਦਾ ਸੁਆਮੀ ਤਾਂ ਯਹੋਵਾਹ ਤਲਵਾਰ ਅਤੇ ਬਰਛੀ ਨਾਲ ਨਹੀਂ ਬਚਾਉਂਦਾ ਕਿਉਂਕਿ ਯੁੱਧ ਦਾ ਸੁਆਮੀ ਤਾਂ ਯਹੋਵਾਹ ਹੈ ਅਤੇ ਯਹੋਵਾਹ ਹੀ ਤੈਨੂੰ ਅਤੇ ਫ਼ਲਿਸਤੀਆਂ ਨੂੰ ਸਾਡੇ ਹੱਥ ਦੇਵੇਗਾ।”
48 ਗੋਲਿਆਥ ਫ਼ਲਿਸਤੀ ਉੱਠਿਆ ਅਤੇ ਅੱਗੇ ਵੱਧਕੇ ਦਾਊਦ ਨਾਲ ਲੜਨ ਨੂੰ ਨੇੜੇ ਹੋਇਆ ਤਾਂ ਦਾਊਦ ਛੇਤੀ ਨਾਲ ਫ਼ਲਿਸਤੀ ਵੱਲ ਦੌੜਿਆ।
49 ਦਾਊਦ ਨੇ ਝੱਟ ਆਪਣੇ ਝੋਲੇ ਵਿੱਚੋਂ ਪੱਥਰ ਕੱਢਿਆ ਅਤੇ ਉਸ ਨੂੰ ਆਪਣੀ ਗੁਲੇਲ ਵਿੱਚ ਰੱਖਕੇ ਗੁਲੇਲ ਚੱਲਾ ਦਿੱਤੀ। ਗੁਲੇਲ ਵਿੱਚੋਂ ਪੱਥਰ ਨਿਕਿਲਆ ਅਤੇ ਏਨ ਗੋਲਿਆਥ ਦੀਆਂ ਦੋਨਾਂ ਅੱਖਾਂ ਦੇ ਵਿੱਚਕਾਰ ਜਾਕੇ ਵੱਜਿਆ ਅਤੇ ਜਾ ਉਸ ਦੇ ਸਿਰ ਵਿੱਚ ਖੁੱਭ ਗਿਆ ਅਤੇ ਗੋਲਿਆਥ ਉੱਥੇ ਹੀ ਮੂੰਹ ਪਰਨੇ ਜ਼ਮੀਨ ਉੱਤੇ ਡਿੱਗ ਪਿਆ।
50 ਇਉਂ ਦਾਊਦ ਨੇ ਫ਼ਲਿਸਤੀ ਨੂੰ ਖਾਲੀ ਇੱਕ ਗੁਲੇਲ ਉੱਤੇ ਇੱਕ ਪੱਥਰ ਨਾਲ ਹੀ ਹਾਰ ਦੇ ਦਿੱਤੀ। ਉਸ ਨੇ ਫ਼ਲਿਸਤੀ ਨੂੰ ਗੁਲੇਲ ਨਾਲ ਰੋੜਾ ਮਾਰਕੇ ਹੀ ਮਾਰ ਸੁੱਟਿਆ। ਦਾਊਦ ਕੋਲ ਕੋਈ ਤਲਵਾਰ ਨਹੀਂ ਸੀ। 51 ਇਸ ਲਈ ਦਾਊਦ ਭੱਜਕੇ ਫ਼ਲਿਸਤੀ ਦੇ ਉੱਪਰ ਚੜ੍ਹ ਖਲੋਤਾ ਅਤੇ ਉਸਦੀ ਤਲਵਾਰ ਫ਼ੜ੍ਹ ਕੇ ਮਿਆਨੋ ਖਿੱਚ ਲਈ ਅਤੇ ਉਸ ਨੂੰ ਜਾਨੋ ਮਾਰਕੇ ਉਸਦਾ ਸਿਰ ਤਲਵਾਰ ਨਾਲ ਵੱਢ ਸੁੱਟਿਆ। ਇਉਂ ਦਾਊਦ ਨੇ ਫ਼ਲਿਸਤੀ ਨੂੰ ਜਾਨੋਂ ਮਾਰਿਆ।
ਜਦੋਂ ਬਾਕੀ ਫ਼ਲਿਸਤੀਆਂ ਨੇ ਵੇਖਿਆ ਕਿ ਉਨ੍ਹਾਂ ਦਾ ਨਾਇਕ ਮਾਰਿਆ ਗਿਆ ਹੈ ਤਾਂ ਉਹ ਉੱਥੋਂ ਭੱਜ ਗਏ।
ਯਿਸੂ ਦਾ ਆਪਣੇ ਚੇਲਿਆਂ ਅੱਗੇ ਪ੍ਰਗਟ ਹੋਣਾ(A)
36 ਜਦੋਂ ਉਹ ਦੋ ਆਦਮੀ ਇਹ ਗੱਲਾਂ ਦੂਜਿਆਂ ਨੂੰ ਸੁਣਾ ਰਹੇ ਸਨ ਤਾਂ ਯਿਸੂ ਆਇਆ ਅਤੇ ਸਮੂਹ ਵਿੱਚ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੂੰ ਆਖਣ ਲੱਗਾ, “ਤੁਹਾਨੂੰ ਸ਼ਾਂਤੀ ਮਿਲੇ।”
37 ਪਰ ਸਭ ਚੇਲੇ ਵਿਆਕੁਲ ਹੋਕੇ ਡਰ ਗਏ। ਉਹ ਇਹ ਸਮਝੇ ਕਿ ਉਹ ਕਿਸੇ ਭੂਤ ਨੂੰ ਵੇਖ ਰਹੇ ਹਨ। 38 ਪਰ ਯਿਸੂ ਨੇ ਕਿਹਾ, “ਤੁਸੀਂ ਜੋ ਵੇਖ ਰਹੇ ਹੋ ਉਸਤੇ ਸ਼ੰਕਾ ਕਿਉਂ ਕਰ ਰਹੇ ਹੋ? 39 ਵੇਖੋ! ਮੇਰੇ ਹੱਥਾਂ ਅਤੇ ਮੇਰੇ ਪੈਰਾਂ ਵੱਲ ਵੇਖੋ। ਇਹ ਮੈਂ ਹੀ ਹਾਂ, ਮੈਨੂੰ ਛੁਹਕੇ ਵੇਖੋ। ਮੈਂ ਜਿਉਂਦਾ-ਜਾਗਦਾ ਹਾਂ। ਭੂਤ ਦਾ ਸਰੀਰ ਇਵੇਂ ਦਾ ਤਾਂ ਨਹੀਂ ਹੁੰਦਾ।”
40 ਜਦੋਂ ਯਿਸੂ ਨੇ ਉਨ੍ਹਾਂ ਨੂੰ ਇਹ ਕੁਝ ਆਖਿਆ, ਉਸ ਨੇ ਇਸਦੇ ਨਾਲ ਆਪਣੇ ਹੱਥ ਅਤੇ ਪੈਰ ਵਿਖਾਏ।
2010 by World Bible Translation Center