Revised Common Lectionary (Semicontinuous)
150 ਯਹੋਵਾਹ ਦੀ ਉਸਤਤਿ ਕਰੋ!
ਪਰਮੇਸ਼ੁਰ ਦੀ ਉਸ ਦੇ ਮੰਦਰ ਵਿੱਚ ਉਸਤਤਿ ਕਰੋ!
ਸਵਰਗ ਵਿੱਚ ਉਸਦੀ ਸ਼ਕਤੀ ਦੀ ਉਸਤਤਿ ਕਰੋ।
2 ਪਰਮੇਸ਼ੁਰ ਦੀ ਉਸ ਦੇ ਮਹਾਨ ਕਾਰਿਆਂ ਲਈ ਉਸਤਤਿ ਕਰੋ!
ਉਸਦੀ ਉਸਤਤਿ ਉਸਦੀ ਸਾਰੀ ਮਹਾਨਤਾ ਲਈ ਕਰੋ।
3 ਪਰਮੇਸ਼ੁਰ ਦੀ ਵਾਜੇ-ਗਾਜੇ ਨਾਲ ਉਸਤਤਿ ਕਰੋ।
ਵੰਝਲੀਆ ਸਾਰੰਗੀਆ ਨਾਲ ਉਸਦੀ ਉਸਤਤਿ ਕਰੋ।
4 ਤੰਬੂਰੀਆ ਤੇ ਨੱਚਣ ਨਾਲ ਪਰਮੇਸ਼ੁਰ ਦੀ ਉਸਤਤਿ ਕਰੋ।
ਉਸਦੀ ਉਸਤਤਿ ਤਾਰਾਂ ਵਾਲੇ ਸਾਜ਼ਾਂ ਅਤੇ ਬੰਸਰੀਆ ਨਾਲ ਕਰੋ।
5 ਪਰਮੇਸ਼ੁਰ ਦੀ ਉਸਤਤਿ ਛੈਣਿਆਂ ਨਾਲ ਉੱਚੀ ਅਵਾਜ਼ ਨਾਲ ਕਰੋ।
ਛਣਕਦੇ ਛੈਣਿਆ ਨਾਲ ਉਸਦੀ ਉਸਤਤਿ ਕਰੋ।
6 ਹਰ ਜਾਨਦਾਰ ਪ੍ਰਾਣੀ, ਯਹੋਵਾਹ ਦੀ ਉਸਤਤਿ ਕਰੋ!
ਯਹੋਵਾਹ ਦੀ ਉਸਤਤਿ ਕਰੋ!
ਗੋਲਿਆਥ ਦਾ ਇਸਰਾਏਲ ਨੂੰ ਵੰਗਾਰਨਾ
17 ਹੁਣ ਫ਼ਲਿਸਤੀਆਂ ਨੇ ਲੜਾਈ ਲਈ ਆਪਣੀ ਸੈਨਾ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਯਹੂਦਾਹ ਦੇ ਸ਼ਹਿਰ ਸੋਕੋਹ ਵਿੱਚ ਇਕੱਠੇ ਹੋਏ। ਉਨ੍ਹਾਂ ਨੇ ਸੋਕੋਹ ਅਤੇ ਅਜ਼ੇਕਾਹ ਦੇ ਵਿੱਚਕਾਰ ਅਫ਼ਸਦੰਮੀਮ ਵਿੱਚ ਡੇਰੇ ਲਾਏ।
2 ਸ਼ਾਊਲ ਅਤੇ ਇਸਰਾਏਲੀ ਸੈਨਾ ਵੀ ਇਕੱਠੀ ਹੋ ਗਈ। ਉਨ੍ਹਾਂ ਦਾ ਡੇਰਾ ਏਲਾਹ ਦੀ ਵਾਦੀ ਵਿੱਚ ਲੱਗਾ। ਸ਼ਾਊਲ ਦੇ ਸਿਪਾਹੀ ਫ਼ਲਿਸਤੀਆਂ ਦੇ ਵਿਰੁੱਧ ਪਾਲਾਂ ਬੰਨ੍ਹਕੇ ਲੜਨ ਲਈ ਤਿਆਰ ਬਰ ਤਿਆਰ ਸਨ। 3 ਇੱਕ ਪਾਸੇ ਦੇ ਪਹਾੜ ਉੱਤੇ ਫ਼ਲਿਸਤੀ ਖਲੋਤੇ ਸਨ ਅਤੇ ਦੂਜੇ ਪਾਸੇ ਇਸਰਾਏਲੀ ਅਤੇ ਉਨ੍ਹਾਂ ਦੇ ਵਿੱਚਕਾਰ ਖਢ਼ੀ ਸੀ, ਇਹ ਵਾਦੀ।
4 ਫ਼ਲਿਸਤੀਆਂ ਕੋਲ ਇੱਕ ਸੂਰਮਾ ਸਿਪਾਹੀ ਸੀ ਜਿਸਦਾ ਨਾਉਂ ਗੋਲਿਆਥ ਸੀ, ਜੋ ਕਿ ਗਾਥੀ ਸੀ। ਗੋਲੀਆਥ ਕਰੀਬ 9 ਫੁੱਟ ਲੰਬਾ ਸੀ। ਗੋਲਿਆਥ ਫ਼ਲਿਸਤੀ ਡੇਰੇ ਵਿੱਚੋਂ ਬਾਹਰ ਨਿਕਲਿਆ। 5 ਉਸ ਨੇ ਆਪਣੇ ਸਿਰ ਉੱਤੇ ਪਿੱਤਲ ਦਾ ਟੋਪ ਪਾਇਆ ਹੋਇਆ ਸੀ। ਉਸ ਨੇ ਇੱਕ ਅਜਿਹਾ ਕਵਚ ਆਪਣੇ ਉੱਪਰ ਪਾਇਆ ਹੋਇਆ ਸੀ ਜਿਵੇਂ ਉਹ ਮੱਛੀ ਦੇ ਤਿੱਖੇ ਕੁੰਡਿਆਂ ਦਾ ਬਣਿਆ ਹੋਵੇ। ਇਹ ਕਵਚ ਭਾਰ ਵਿੱਚ 125 ਪੌਂਡ ਪਿੱਤਲ ਦਾ ਬਣਿਆ ਹੋਇਆ ਸੀ। 6 ਗੋਲਿਆਥ ਨੇ ਦੋਨਾਂ ਲੱਤਾਂ ਉੱਪਰ ਵੀ ਪਿੱਤਲ ਦੇ ਕਵਚ ਪਾਏ ਹੋਏ ਸਨ ਅਤੇ ਉਸ ਦੇ ਦੋਨਾਂ ਮੋਢਿਆਂ ਵਿੱਚਕਾਰ ਪਿੱਤਲ ਦੀ ਬਰਛੀ ਸੀ। 7 ਉਸ ਦੇ ਬਰਛੇ ਦਾ ਡੰਡਾ ਜੁਲਾਹੇ ਦੀ ਤੁਰ ਵਰਗਾ ਸੀ ਅਤੇ ਉਸ ਦੇ ਬਰਛੇ ਦਾ ਫ਼ਲ 15 ਪੌਂਡ ਲੋਹੇ ਦਾ ਸੀ ਅਤੇ ਉਸ ਦੇ ਅੱਗੇ ਇੱਕ ਮਨੁੱਖ ਢਾਲ ਚੁੱਕ ਕੇ ਤੁਰਦਾ ਸੀ।
8 ਹਰ ਰੋਜ਼ ਗੋਲਿਆਥ ਬਾਹਰ ਨਿਕਲਦਾ ਅਤੇ ਇਸਰਾਏਲੀ ਸਿਪਾਹੀਆਂ ਨੂੰ ਜ਼ੋਰ ਦੀ ਲਲਕਾਰਦਾ ਅਤੇ ਆਖਦਾ, “ਤੁਸੀਂ ਲੜਾਈ ਲਈ ਕਿਸ ਲਈ ਪਾਲ ਬੰਨ੍ਹੀ ਹੋਈ ਹੈ? ਤੁਸੀਂ ਸ਼ਾਊਲ ਦੇ ਸੇਵਕ ਹੋ। ਮੈਂ ਵੀ ਫ਼ਲਿਸਤੀ ਹਾਂ। ਤੁਸੀਂ ਆਪਣੇ ਵਿੱਚੋਂ ਇੱਕ ਆਦਮੀ ਚੁਣੋ ਅਤੇ ਉਸ ਨੂੰ ਮੇਰੇ ਵੱਲ ਲੜਨ ਲਈ ਭੇਜੋ। 9 ਜੇਕਰ ਉਹ ਆਦਮੀ ਮੈਨੂੰ ਮਾਰ ਦੇਵੇ ਤਾਂ ਅਸੀਂ ਫ਼ਲਿਸਤੀ ਤੁਹਾਡੇ ਸੇਵਕ ਹੋ ਜਾਵਾਂਗੇ। ਪਰ ਜੇ ਮੈਂ ਤੁਹਾਡਾ ਆਦਮੀ ਮਾਰ ਦਿੱਤਾ ਤਾਂ ਮੈਂ ਜੇਤੂ ਹੋ ਜਾਵਾਂਗਾ ਅਤੇ ਤੁਸੀਂ ਸਾਡੇ ਗੁਲਾਮ। ਫ਼ਿਰ ਤੁਹਾਨੂੰ ਸਾਡੀ ਟਹਿਲ ਸੇਵਾ ਕਰਨੀ ਪਵੇਗੀ।”
10 ਫ਼ੇਰ ਫ਼ਲਿਸਤੀ ਨੇ ਇਹ ਵੀ ਕਿਹਾ, “ਅੱਜ ਮੈਂ ਇਸਰਾਏਲ ਦੇ ਦਲਾਂ ਨੂੰ ਸ਼ਰਮਿੰਦਾ ਕਰਦਾ ਹਾਂ। ਮੈਂ ਇਹ ਆਖਣ ਦੀ ਜ਼ੁਰ੍ਰਅਤ ਰੱਖਦਾ ਹਾਂ ਅਤੇ ਤੁਹਾਨੂੰ ਆਖਦਾ ਹਾਂ ਕਿ ਤੁਸੀਂ ਆਪਣੇ ਕਿਸੇ ਵੀ ਆਦਮੀ ਨੂੰ ਮੇਰੇ ਵੱਲ ਭੇਜੋ ਜੋ ਮੇਰੇ ਨਾਲ ਯੁੱਧ ਕਰੇ।”
11 ਸ਼ਾਊਲ ਅਤੇ ਇਸਰਾਏਲੀ ਲੋਕਾਂ ਨੇ ਉਹ ਸਭ ਸੁਣਿਆ ਜੋ ਗੋਲਿਆਥ ਬੋਲਿਆ ਤਾਂ ਉਹ ਬੜੇ ਡਰ ਗਏ।
ਦਾਊਦ ਦਾ ਜੰਗ ਦੇ ਮੈਦਾਨ ’ਚ ਉੱਤਰਨਾ
12 ਦਾਊਦ ਯੱਸੀ ਦਾ ਪੁੱਤਰ ਸੀ ਅਤੇ ਯੱਸੀ ਬੈਤਲਹਮ ਯਹੂਦਾਹ ਦੇ ਅਫ਼ਰਾਥੀ ਪਰਿਵਾਰ ਦਾ ਮਨੁੱਖ ਸੀ। ਯੱਸੀ ਦੇ 8 ਪੁੱਤਰ ਸਨ। ਯੱਸੀ ਸ਼ਾਊਲ ਦੇ ਜ਼ਮਾਨੇ ਵਿੱਚ ਆਪ ਬੁੱਢਾ ਹੋ ਚੁੱਕਾ ਸੀ। 13 ਯੱਸੀ ਦੇ ਤਿੰਨ ਵੱਡੇ ਪੁੱਤਰ ਸ਼ਾਊਲ ਨਾਲ ਜੰਗ ਵਿੱਚ ਗਏ। ਉਸਦਾ ਪਹਿਲੋਠਾ ਪੁੱਤਰ ਅਲੀਆਬ ਦੂਜਾ ਅਬੀਨਾਦਾਬ ਅਤੇ ਤੀਜਾ ਸ਼ੰਮਾਹ ਸੀ। 14 ਦਾਊਦ ਯੱਸੀ ਦਾ ਸਭ ਤੋਂ ਛੋਟਾ ਅੱਠਵਾਂ ਪੁੱਤਰ ਸੀ। ਤਿੰਨ ਵੱਡੇ ਪੁੱਤਰ ਸ਼ਾਊਲ ਦੀ ਸੈਨਾ ਵਿੱਚ ਭਰਤੀ ਸਨ। 15 ਪਰ ਦਾਊਦ ਸ਼ਾਊਲ ਕੋਲੋਂ ਵੱਖਰਾ ਹੋਕੇ ਸਮੇਂ ਉੱਤੇ ਆਪਣੇ ਪਿਉ ਦੇ ਇੱਜੜ ਨੂੰ ਬੈਤਲਹਮ ਵਿੱਚ ਚਰਾਉਣ ਲਈ ਗਿਆ।
16 ਉਹ ਫ਼ਲਿਸਤੀ (ਗੋਲਿਆਥ) ਰੋਜ਼ ਸਵੇਰੇ-ਸ਼ਾਮ ਇਸਰਾਏਲੀ ਸੈਨਾ ਦੇ ਸਾਹਮਣੇ ਆ ਖੜ੍ਹਾ ਹੁੰਦਾ। ਇਉਂ ਉਹ 40 ਦਿਨ ਤੱਕ ਇਸਰਾਏਲੀਆਂ ਦਾ ਰੋਜ਼ ਮਖੌਲ ਉਡਾਉਂਦਾ ਰਿਹਾ।
17 ਇੱਕ ਦਿਨ ਯੱਸੀ ਨੇ ਆਪਣੇ ਪੁੱਤਰ ਦਾਊਦ ਨੂੰ ਕਿਹਾ, “ਇਹ ਭੁੱਜੇ ਹੋਏ ਦਾਣਿਆਂ ਦਾ ਟੋਕਰਾ ਅਤੇ ਦਸ ਰੋਟੀਆਂ ਆਪਣੇ ਭਰਾਵਾਂ ਲਈ ਡੇਰੇ ਉੱਤੇ ਲੈ ਜਾ। 18 ਅਤੇ ਇਹ 10 ਚੱਕੀਆਂ ਪਨੀਰ ਦੀਆਂ ਉਨ੍ਹਾਂ ਨੇ ਕਮਾਂਡਰਾ ਲਈ ਲੈ ਜਾ, ਜੋ ਤੇਰੇ ਭਰਾਵਾਂ ਦੇ 1,000 ਮਨੁੱਖਾਂ ਉੱਪਰ ਹੁਕਮ ਕਰਦਾ ਹੈ। ਅਤੇ ਇਹ ਵੀ ਵੇਖ ਕਿ ਤੇਰੇ ਭਰਾ ਉੱਥੇ ਕਿਵੇਂ ਹਨ, ਕੀ ਕਰ ਰਹੇ ਹਨ, ਅਤੇ ਉਨ੍ਹਾਂ ਦੀ ਕੁਝ ਨਿਸ਼ਾਨੀ ਲੈ ਆ। 19 ਉਸ ਵਕਤ ਸ਼ਾਊਲ ਅਤੇ ਉਹ ਅਤੇ ਇਸਰਾਏਲ ਦੇ ਸਭ ਲੋਕ ਏਲਾਹ ਦੀ ਵਾਦੀ ਵਿੱਚ ਫ਼ਲਿਸਤੀਆਂ ਨਾਲ ਲੜਦੇ ਪਏ ਸਨ।”
20 ਸਵੇਰ-ਸਾਰ ਹੀ ਦਾਊਦ ਨੇ ਉੱਠ ਕੇ ਭੇਡਾਂ ਨੂੰ ਰਾਖੇ ਦੇ ਕੋਲ ਛੱਡਿਆ ਅਤੇ ਜਿਵੇਂ ਯੱਸੀ ਨੇ ਉਸ ਨੂੰ ਆਖਿਆ ਸੀ ਉਹ ਵਸਤਾਂ ਲੈ ਕੇ ਤੁਰ ਪਿਆ। ਦਾਊਦ ਨੇ ਉਹ ਛਕੜਾ ਗੱਡੀ ਡੇਰੇ ਅੱਗੇ ਲਾਈ। ਉਸ ਵਕਤ ਸਿਪਾਹੀ ਆਪਣੀਆਂ ਪਾਲਾਂ ਬਨਾਉਣ ਦੇ ਆਹਰ ਵਿੱਚ ਰੁਝੇ ਸਨ ਅਤੇ ਉਹ ਆਪਣੇ ਮੋਰਚੇ ਵਿੱਚ ਲਲਕਾਰਾਂ ਮਾਰ ਰਹੇ ਸਨ, ਜਦੋਂ ਦਾਊਦ ਉੱਥੇ ਪਹੁੰਚਿਆ। 21 ਦੋਨੋਂ ਪਾਸੇ ਇਸਰਾਏਲੀ ਅਤੇ ਫ਼ਲਿਸਤੀ ਪਾਲਾਂ ਬੰਨ੍ਹ ਕੇ ਲੜਾਈ ਲਈ ਤਿਆਰ ਸਨ।
22 ਦਾਊਦ ਨੇ ਉਹ ਸਾਰੀਆਂ ਵਸਤਾਂ ਉਸ ਆਦਮੀ ਨੂੰ ਸੌਂਪੀਆਂ ਜੋ ਖਾਣ-ਪੀਣ ਦੇ ਸਮਾਨ ਦਾ ਪਾਹਰੂ ਸੀ ਅਤੇ ਆਪ ਉਹ ਉੱਥੇ ਗਿਆ ਜਿੱਥੇ ਇਸਰਾਏਲੀ ਸਿਪਾਹੀ ਤੈਨਾਤ ਸਨ। ਦਾਊਦ ਨੇ ਉਨ੍ਹਾਂ ਨੂੰ ਆਪਣੇ ਭਰਾਵਾਂ ਬਾਰੇ ਪੁੱਛਿਆ। 23 ਫ਼ਿਰ ਦਾਊਦ ਨੇ ਆਪਣੇ ਭਰਾਵਾਂ ਨਾਲ ਗੱਲ ਬਾਤ ਕਰਨੀ ਸ਼ੁਰੂ ਕੀਤੀ। ਅਜੇ ਉਹ ਹਾਲ-ਚਾਲ ਹੀ ਪੁੱਛ ਰਿਹਾ ਸੀ ਤਦ ਗੋਲਿਆਥ ਉਹ ਬਲਵਾਨ ਫ਼ਲਿਸਤੀ ਗਾਥੀ ਪਾਲਾਂ ਵਿੱਚੋਂ ਨਿਕਲਿਆ ਅਤੇ ਉਸ ਰੋਜ਼ ਵਾਂਗ ਫ਼ੇਰ ਗੱਲਾਂ ਕੀਤੀਆਂ ਅਤੇ ਲਲਕਾਰਿਆ ਜੋ ਦਾਊਦ ਨੇ ਵੀ ਸੁਣਿਆ।
ਪਰਮੇਸ਼ੁਰ ਵੱਲੋਂ ਨਿਸ਼ਾਨੀਆਂ
12 ਰਸੂਲਾਂ ਨੇ ਬਹੁਤ ਸਾਰੀਆਂ ਸ਼ਕਤੀਸ਼ਾਲੀ ਕਰਾਮਾਤਾਂ ਤੇ ਚਮਤਕਾਰ ਕੀਤੇ। ਸਭ ਲੋਕਾਂ ਨੇ ਇਹ ਵੇਖੀਆਂ। ਸਾਰੇ ਰਸੂਲ ਇੱਕੋ ਮਨ ਨਾਲ ਸੁਲੇਮਾਨ ਦੇ ਦਲਾਨ ਵਿੱਚ ਇਕੱਠੇ ਹੋਏ ਸਨ। 13 ਉਨ੍ਹਾਂ ਵਿੱਚੋਂ ਕਿਸੇ ਦਾ ਵੀ ਉਨ੍ਹਾਂ ਨਾਲ ਜੁੜਨ ਦਾ ਹੀਆਂ ਨਾ ਪਿਆ ਪਰ ਸਾਰੇ ਲੋਕ ਰਸੂਲਾਂ ਦੀ ਉਸਤਤਿ ਕਰ ਰਹੇ ਸਨ। 14 ਵੱਧ ਤੋਂ ਵੱਧ ਲੋਕ, ਆਦਮੀ ਤੇ ਔਰਤਾਂ ਦੋਵੇਂ ਹੀ ਪ੍ਰਭੂ ਵਿੱਚ ਨਿਹਚਾ ਰੱਖਣ ਲੱਗੇ। ਅਤੇ ਉਨ੍ਹਾਂ ਨਿਹਚਾਵਾਨਾਂ ਦੀ ਸੰਗਤ ਵਿੱਚ ਰਲਦੇ ਗਏ। 15 ਇਸ ਲਈ ਲੋਕਾਂ ਨੇ ਬਿਮਾਰਾਂ ਨੂੰ ਗਲੀਆਂ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਕਿਉਂ ਕਿ ਉਨ੍ਹਾਂ ਸੁਣਿਆ ਸੀ ਕਿ ਪਤਰਸ ਉੱਥੇ ਆ ਰਿਹਾ ਹੈ, ਤਾਂ ਲੋਕ ਬਿਮਾਰਾਂ ਨੂੰ ਮੰਜੀਆਂ ਜਾਂ ਗਧਿਆਂ ਤੇ ਪਾਕੇ ਲਿਆਉਂਦੇ, ਇਸ ਲਈ ਕਿ ਜਦ ਪਤਰਸ ਆਵੇ ਤਾਂ ਹੋਰ ਨਹੀਂ ਤਾਂ ਸ਼ਾਇਦ ਉਸ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਤੇ ਪੈ ਜਾਵੇ, ਉਨ੍ਹਾਂ ਨੂੰ ਠੀਕ ਕਰਨ ਵਾਸਤੇ ਇਹੀ ਕਾਫ਼ੀ ਹੈ। 16 ਲੋਕਾਂ ਦੀ ਭੀੜ ਯਰੂਸ਼ਲਮ ਦੇ ਆਸ-ਪਾਸ ਦੇ ਨਗਰਾਂ ਤੋਂ ਵੀ ਆ ਰਹੀ ਸੀ। ਉਹ ਬਿਮਾਰਾਂ ਨੂੰ ਆਪਣੇ ਨਾਲ ਲੈ ਕੇ ਆਉਂਦੇ ਅਤੇ ਉਨ੍ਹਾਂ ਨੂੰ ਵੀ ਜੋ ਸ਼ੈਤਾਨ ਵੱਲੋਂ ਭਰਿਸ਼ਟ ਆਤਮਾ ਦੇ ਸਤਾਏ ਹੋਏ ਹੁੰਦੇ ਸਨ। ਇਹ ਸਾਰੇ ਰੋਗੀ ਉੱਥੇ ਠੀਕ ਹੋ ਗਏ।
2010 by World Bible Translation Center