Revised Common Lectionary (Semicontinuous)
118 ਯਹੋਵਾਹ ਦਾ ਮਾਨ ਕਰੋ ਕਿਉਂਕਿ ਉਹ ਪਰਮੇਸ਼ੁਰ ਹੈ।
ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
2 ਇਸਰਾਏਲ ਆਖ,
“ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ!”
14 ਯਹੋਵਾਹ ਹੀ ਮੇਰੀ ਸ਼ਕਤੀ ਅਤੇ ਜਿੱਤ ਦਾ ਗੀਤ ਹੈ।
ਯਹੋਵਾਹ ਮੈਨੂੰ ਬਚਾਉਂਦਾ ਹੈ।
15 ਤੁਸੀਂ ਨੇਕ ਲੋਕਾਂ ਦੇ ਘਰੀਂ ਫ਼ਤਿਹ ਦਾ ਜਸ਼ਨ ਸੁਣ ਸੱਕਦੇ ਹੋ।
ਯਹੋਵਾਹ ਨੇ ਆਪਣੀ ਮਹਾਨ ਸ਼ਕਤੀ ਫ਼ੇਰ ਦਰਸਾਈ ਹੈ।
16 ਯਹੋਵਾਹ ਦੇ ਹੱਥ ਜਿੱਤ ਵਿੱਚ ਉੱਠੇ ਹੋਏ ਹਨ,
ਯਹੋਵਾਹ ਨੇ ਫ਼ੇਰ ਆਪਣੀ ਮਹਾਨ ਸ਼ਕਤੀ ਦਰਸਾਈ ਹੈ।
17 ਮੈਂ ਜੀਵਾਂਗਾ, ਮਰਾਂਗਾ ਨਹੀਂ
ਅਤੇ ਮੈਂ ਯਹੋਵਾਹ ਦੀ ਕਰਨੀ ਦੱਸਾਂਗਾ।
18 ਯਹੋਵਾਹ ਨੇ ਮੈਨੂੰ ਦੰਡ ਦਿੱਤਾ ਸੀ।
ਪਰ ਉਸ ਨੇ ਮੈਨੂੰ ਮਰਨ ਨਹੀਂ ਦਿੱਤਾ ਸੀ।
19 ਸ਼ੁਭ ਦਰਵਾਜਿਉ, ਮੇਰੇ ਲਈ ਖੁਲ੍ਹ ਜਾਵੋ,
ਅਤੇ ਮੈਂ ਆਵਾਂਗਾ ਅਤੇ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ।
20 ਉਹ ਦਰਵਾਜੇ ਯਹੋਵਾਹ ਦੇ ਹਨ।
ਇਨ੍ਹਾਂ ਵਿੱਚੋਂ ਦੀ ਸਿਰਫ਼ ਨੇਕ ਬੰਦੇ ਹੀ ਜਾ ਸੱਕਦੇ ਹਨ।
21 ਹੇ ਯਹੋਵਾਹ, ਮੇਰੀ ਪ੍ਰਾਰਥਨਾ ਦਾ ਉੱਤਰ ਦੇਣ ਲਈ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ।
ਮੈਨੂੰ ਬਚਾਉਣ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ।
22 ਉਹ ਪੱਥਰ ਜਿਸਦੀ ਉਸਾਰੀਆਂ ਨੂੰ ਲੋੜ ਨਹੀਂ ਸੀ, ਨੀਂਹ ਦਾ ਪੱਥਰ ਬਣ ਗਿਆ ਸੀ।
23 ਯਹੋਵਾਹ ਨੇ ਇਹ ਕੀਤਾ ਅਤੇ ਅਸੀਂ ਸੋਚਦੇ ਹਾਂ
ਕਿ ਇਹ ਗੱਲ ਵਿਸਮਾਦ ਭਰੀ ਹੈ।
24 ਅੱਜ ਦਾ ਦਿਨ, ਪਰਮੇਸ਼ੁਰ ਦੁਆਰਾ ਬਣਾਇਆ ਹੋਇਆ ਦਿਨ ਹੈ।
ਆਉ ਅੱਜ ਹੀ ਖੁਸ਼ੀ ਮਨਾਈਏ ਅਤੇ ਪ੍ਰਸੰਨ ਹੋਈਏ!
ਯਹੋਵਾਹ ਦਾ ਪਵਿੱਤਰ ਸੰਦੂਕ ਯਰੂਸ਼ਲਮ ਵਿੱਚ ਲਿਆਂਦਾ ਗਿਆ
6 ਫ਼ਿਰ ਦਾਊਦ ਨੇ ਇਸਰਾਏਲ ਦੇ ਸਭ ਤੋਂ ਵੱਧੀਆ ਚੁਣੇ ਹੋਏ 30,000 ਸਿਪਾਹੀ ਇਕੱਠੇ ਕੀਤੇ। 2 ਤਦ ਦਾਊਦ ਅਤੇ ਉਸ ਦੇ ਸਾਰੇ ਆਦਮੀ, ਯਹੂਦਾਹ ਵਿੱਚ ਬਆਲੇ ਨੂੰ ਗਏ ਅਤੇ ਉੱਥੋਂ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਯਰੂਸ਼ਲਮ ਨੂੰ ਲੈ ਗਏ। ਲੋਕ ਯਹੋਵਾਹ ਦੀ ਉਪਾਸਨਾ ਕਰਨ ਲਈ ਪਵਿੱਤਰ ਸੰਦੂਕ ਵੱਲ ਆਏ। ਉਹ ਪਵਿੱਤਰ ਸੰਦੂਕ ਯਹੋਵਾਹ ਦੇ ਸਿੰਘਾਸਣ ਦੇ ਬਰਾਬਰ ਹੈ। ਉਸੇ ਉੱਪਰ ਕਰੂਬੀ ਫ਼ਰਿਸ਼ਤਿਆਂ ਦੀਆਂ ਮੂਰਤਾਂ ਉਕਰੀਆਂ ਹੋਈਆਂ ਹਨ ਅਤੇ ਯਹੋਵਾਹ ਸਰਬ ਸ਼ਕਤੀਮਾਨ ਇਨ੍ਹਾਂ ਦੂਤਾਂ ਉੱਤੇ, ਪਾਤਸ਼ਾਹ ਬਣਕੇ ਬੈਠਾ ਹੈ। 3 ਸੋ ਉਨ੍ਹਾਂ ਨੇ ਪਵਿੱਤਰ ਸੰਦੂਕ ਨੂੰ ਨਵੀਂ ਗੱਡੀ ਦੇ ਉੱਤੇ ਰੱਖਿਆ ਅਤੇ ਉਸ ਨੂੰ ਅਬੀਨਾਦਾਬ ਦੇ ਘਰੋ ਜੋ ਕਿ ਇੱਕ ਪਹਾੜੀ ਉੱਤੇ ਸੀ, ਲਿਜਾ ਰਹੇ ਸਨ। ਅਬੀਨਾਦਾਬ ਦੇ ਪੁੱਤਰ ਊਜਾਹ ਅਤੇ ਅਹਯੋ ਉਸ ਨਵੀਂ ਗੱਡੀ ਨੂੰ ਚੱਲਾ ਰਹੇ ਸਨ।
4 ਅਤੇ ਉਨ੍ਹਾਂ ਨੇ ਉਸ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਆਹ ਵਿੱਚ ਸੀ, ਚੁੱਕ ਲਿਆਏ ਅਤੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਦੇ ਨਾਲ-ਨਾਲ ਗਏ ਅਤੇ ਅਹਯੋ ਸੰਦੂਕ ਦੇ ਅੱਗੇ-ਅੱਗੇ ਤੁਰਿਆ। 5 ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਚੀਲ ਦੀ ਲੱਕੜ ਦੇ ਸਭ ਤਰ੍ਹਾਂ ਦੇ ਸਾਜ਼ ਜਿਵੇਂ ਕਿ ਬੀਨ, ਮੱਧਮ, ਖੰਜਰੀਆਂ, ਚਿਮਟਾ ਅਤੇ ਛੈਣੇ ਲੈ ਕੇ ਯਹੋਵਾਹ ਦੇ ਅੱਗੇ-ਅੱਗੇ ਵਜਾਉਂਦੇ ਹੋਏ ਤੁਰੇ। 6 ਜਦੋਂ ਦਾਊਦ ਦੇ ਆਦਮੀ ਨਾਕੋਨ ਦੇ ਪਿੜ ਕੋਲ ਪਹੁੰਚੇ ਤਾਂ ਊਜ਼ਾਹ ਨੇ ਹੱਥ ਲੰਮਾ ਕਰਕੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਫ਼ੜ ਕੇ ਸੰਭਾਲਿਆ ਕਿਉਂ ਕਿ ਗਊਆਂ ਠੋਕਰ ਖਾ ਰਹੀਆਂ ਸਨ। 7 ਪਰ ਯਹੋਵਾਹ ਊਜ਼ਾਹ ਤੇ ਕਰੋਧ ਵਿੱਚ ਆਇਆ ਅਤੇ ਉਸ ਨੂੰ ਮਾਰ ਸੁੱਟਿਆ। [a] ਊਜ਼ਾਹ ਨੇ ਜਦੋਂ ਪਵਿੱਤਰ ਸੰਦੂਕ ਨੂੰ ਛੁਹਿਆ ਤਾਂ ਯਹੋਵਾਹ ਨੂੰ ਕੋਈ ਸੰਮਾਨ ਨਾ ਦਰਸਾਇਆ ਤਾਂ ਉਹ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਕੋਲ ਹੀ ਡਿੱਗ ਪਿਆ ਅਤੇ ਮਰ ਗਿਆ। 8 ਦਾਊਦ ਉਦਾਸ ਹੋ ਗਿਆ ਕਿਉਂ ਕਿ ਯਹੋਵਾਹ ਨੇ ਊਜ਼ਾਹ ਨੂੰ ਮਾਰ ਸੁੱਟਿਆ ਸੀ। ਉਸ ਨੇ ਉਸ ਥਾਂ ਦਾ ਨਾਂ “ਪਰਸ-ਊਜ਼ਾਹ” ਰੱਖਿਆ।
9 ਦਾਊਦ ਉਸ ਦਿਨ ਯਹੋਵਾਹ ਕੋਲੋਂ ਡਰਿਆ ਅਤੇ ਕਹਿਣ ਲੱਗਾ, “ਹੁਣ ਇੱਥੇ ਮੈਂ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਕਿਵੇਂ ਲਿਆ ਸੱਕਦਾ ਹਾਂ?” 10 ਸੋ ਦਾਊਦ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈਜਾਕੇ ਆਪਣੇ ਕੋਲ ਨਾ ਰੱਖ ਸੱਕਿਆ ਤਾਂ ਦਾਊਦ ਪਵਿੱਤਰ ਸੰਦੂਕ ਨੂੰ ਇੱਕ ਪਾਸੇ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਲੈ ਗਿਆ। 11 ਯਹੋਵਾਹ ਦਾ ਸੰਦੂਕ ਓਬੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨੇ ਰਿਹਾ ਅਤੇ ਯਹੋਵਾਹ ਨੇ ਓਬੇਦ-ਅਦੋਮ ਨੂੰ ਅਤੇ ਉਸ ਦੇ ਸਾਰੇ ਘਰਾਣੇ ਨੂੰ ਬਰਕਤ ਦਿੱਤੀ।
12 ਉਪਰੰਤ, ਲੋਕਾਂ ਨੇ ਦਾਊਦ ਨੂੰ ਕਿਹਾ, “ਓਬੇਦ-ਅਦੋਮ ਦੇ ਘਰ ਨੂੰ ਅਤੇ ਉਸ ਦੀਆਂ ਸਾਰੀਆਂ ਵਸਤਾਂ ਨੂੰ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਦੇ ਕਾਰਣ ਯਹੋਵਾਹ ਨੇ ਬਰਕਤ ਦਿੱਤੀ ਹੈ।” ਤਦ ਦਾਊਦ ਗਿਆ ਅਤੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋ ਦਾਊਦ ਦੇ ਸ਼ਹਿਰ ਵਿੱਚ ਨਿਹਾਲ ਹੋਕੇ ਚੜ੍ਹਾ ਲਿਆਇਆ। 13 ਜਦੋਂ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਚੁੱਕਣ ਵਾਲੇ ਛੇ ਕਦਮ ਹੀ ਤੁਰੇ ਤਾਂ ਉਸ ਨੇ ਬਲਦ ਅਤੇ ਇੱਕ ਮੋਟੇ ਵੱਛੇ ਦੀ ਬਲੀ ਦਿੱਤੀ। 14 ਯਹੋਵਾਹ ਦੇ ਅੱਗੇ ਫ਼ਿਰ ਦਾਊਦ ਆਪਣੇ ਸਾਰੇ ਜ਼ੋਰ ਨਾਲ ਨੱਚ ਰਿਹਾ ਸੀ ਅਤੇ ਦਾਊਦ ਨੇ ਲਿਨਨ ਦਾ ਏਫ਼ੋਦ ਪਾਇਆ ਹੋਇਆ ਸੀ।
15 ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਜ਼ੈਕਾਰਾ ਬੁਲਾਉਂਦੇ ਅਤੇ ਤੂਰੀਆਂ ਵਜਾਉਂਦੇ ਚੁੱਕ ਕੇ ਲੈ ਆਏ। ਜਦੋਂ ਉਹ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਸ਼ਹਿਰ ਵਿੱਚ ਲੈ ਆਏ।
ਯਿਸੂ ਦਾ ਪੁਨਰ ਉਥਾਨ(A)
24 ਹਫਤੇ ਦੇ ਪਹਿਲੇ ਦਿਨ ਅਮ੍ਰਿਤ ਵੇਲੇ, ਜੋ ਅਤਰ ਉਨ੍ਹਾਂ ਨੇ ਤਿਆਰ ਕੀਤੇ ਸਨ ਉਹ ਲੈ ਕੇ ਔਰਤਾਂ ਕਬਰ ਤੇ ਆਈਆਂ। 2 ਉਨ੍ਹਾਂ ਨੇ ਵੇਖਿਆ ਕਿ ਜਿਹੜਾ ਪੱਥਰ ਕਬਰ ਦੇ
ਪ੍ਰਵੇਸ਼ ਦੁਆਰ ਤੇ ਰੱਖਿਆ ਗਿਆ ਸੀ, ਪਾਸੇ ਰੋਢ਼ਿਆ ਹੋਇਆ ਸੀ। 3 ਉਹ ਅੰਦਰ ਗਈਆਂ, ਪਰ ਉੱਥੇ ਉਨ੍ਹਾਂ ਨੂੰ ਪ੍ਰਭੂ ਯਿਸੂ ਦੀ ਦੇਹ ਨਾ ਲੱਭੀ। 4 ਜਦੋਂ ਹਾਲੇ ਉਹ ਇਸ ਬਾਰੇ ਅਚੰਭਿਤ ਹੀ ਸਨ, ਦੋ ਦੂਤ ਚਮਕੀਲੇ ਕੱਪੜੇ ਪਾਏ ਹੋਏ ਆਏ ਅਤੇ ਉਨ੍ਹਾਂ ਦੇ ਕੋਲ ਖੜ੍ਹੇ ਹੋ ਗਏ। 5 ਡਰ ਦੇ ਕਾਰਣ ਉਨ੍ਹਾਂ ਨੇ ਆਪਣੇ ਸਿਰ ਝੁਕਾ ਲਏ। ਉਨ੍ਹਾਂ ਦੂਤਾਂ ਨੇ ਉਨ੍ਹਾਂ ਔਰਤਾਂ ਨੂੰ ਆਖਿਆ, “ਤੁਸੀਂ ਜਿਉਂਦਿਆਂ ਹੋਇਆਂ ਨੂੰ ਮੋਇਆਂ ਵਿੱਚ ਕਿਉਂ ਲੱਭ ਰਹੀਆਂ ਹੋ? 6 ਉਹ ਇੱਥੇ ਨਹੀਂ ਹੈ। ਉਹ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ। ਕੀ ਤੁਹਾਨੂੰ ਯਾਦ ਹੈ ਤੁਹਾਨੂੰ ਕੀ ਆਖਿਆ ਸੀ ਜਦੋਂ ਉਹ ਗਲੀਲ ਵਿੱਚ ਸੀ? 7 ਉਸ ਨੇ ਆਖਿਆ ਕਿ, ਮਨੁੱਖ ਦਾ ਪੁੱਤਰ ਭ੍ਰਿਸ਼ਟ ਲੋਕਾਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਅਤੇ, ਸੂਲੀ ਤੇ ਮਰਵਾਇਆ ਜਾਵੇਗਾ ਅਤੇ ਤੀਜੇ ਦਿਨ ਫ਼ਿਰ ਜੀਅ ਉੱਠੇਗਾ।” 8 ਤਦ ਉਨ੍ਹਾਂ ਔਰਤਾਂ ਨੂੰ ਯਿਸੂ ਦੇ ਕੀਤੇ ਬਚਨ ਯਾਦ ਆਏ।
9 ਤਦ ਔਰਤਾਂ ਕਬਰ ਤੋਂ ਵਿਦਾ ਹੋ ਗਈਆਂ ਅਤੇ ਗਿਆਰ੍ਹਾਂ ਰਸੂਲਾਂ ਅਤੇ ਬਾਕੀ ਦੇ ਸਾਰੇ ਚੇਲਿਆਂ ਕੋਲ ਆ ਗਈਆਂ। ਉਨ੍ਹਾਂ ਨੇ ਇਨ੍ਹਾਂ ਸਭ ਗੱਲਾਂ ਬਾਰੇ ਉਨ੍ਹਾਂ ਨੂੰ ਦਸਿਆ। 10 ਇਹ ਔਰਤਾਂ ਮਰਿਯਮ ਮਗਦਲੀਨੀ, ਯੋਆਨਾ ਅਤੇ ਯਾਕੂਬ ਦੀ ਮਾਂ ਅਤੇ ਕੁਝ ਹੋਰ ਔਰਤਾਂ ਸਨ। ਉਨ੍ਹਾਂ ਨੇ ਇਹ ਗੱਲਾਂ ਰਸੂਲਾਂ ਨੂੰ ਕਹੀਆਂ। 11 ਪਰ ਰਸੂਲਾਂ ਨੇ ਔਰਤਾਂ ਦਾ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਉਨ੍ਹਾਂ ਦੇ ਸ਼ਬਦ ਉਨ੍ਹਾਂ ਲਈ ਮੂਰੱਖਤਾ ਵਾਲੀਆਂ ਗੱਲਾਂ ਵਾਂਗ ਸਨ। 12 ਪਰ ਪਤਰਸ ਉੱਠਿਆ ਅਤੇ ਕਬਰ ਵੱਲ ਨੂੰ ਦੌੜਿਆ, ਪਰ ਉਸ ਨੇ ਸਿਰਫ਼ ਮਲਮਲ ਦਾ ਕੱਪੜਾ ਵੇਖਿਆ ਜਿਸ ਵਿੱਚ ਯਿਸੂ ਦਾ ਸਰੀਰ ਲਪੇਟਿਆ ਹੋਇਆ ਸੀ। ਇਸ ਸਭ ਬਾਰੇ ਹੈਰਾਨੀ ਨਾਲ ਭਰਿਆ, ਉਹ ਉੱਥੋਂ ਚੱਲਾ ਗਿਆ।
2010 by World Bible Translation Center