Print Page Options
Previous Prev Day Next DayNext

Revised Common Lectionary (Semicontinuous)

Daily Bible readings that follow the church liturgical year, with sequential stories told across multiple weeks.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 20

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

20 ਯਹੋਵਾਹ ਤੁਹਾਡੀ ਬੇਨਤੀ ਸੁਣੇ ਅਤੇ ਜਵਾਬ ਦੇਵੇ, ਜਦੋਂ ਵੀ ਤੁਸੀਂ ਗੰਭੀਰ ਮੁਸੀਬਤਾਂ ਪਾਰ ਕਰਦੇ ਹੋਏ ਉਸਦੀ ਮਦਦ ਲਈ ਪੁਕਾਰ ਕਰੋ।
    ਯਾਕੂਬ ਦਾ ਪਰਮੇਸ਼ੁਰ ਤੁਹਾਡੀ ਰੱਖਿਆ ਕਰੇ।
ਕਾਸ਼ ਪਰਮੇਸ਼ੁਰ ਤੁਹਾਨੂੰ ਆਪਣੇ ਪਵਿੱਤਰ ਸਥਾਨ ਵਿੱਚੋਂ ਮਦਦ ਭੇਜੇ।
    ਉਹ ਸੀਯੋਨ ਤੋਂ ਤੁਹਾਡੀ ਸਹਾਇਤਾ ਕਰੇ।
ਯਹੋਵਾਹ ਉਨ੍ਹਾਂ ਸਾਰੀਆਂ ਸੁਗਾਤਾਂ ਨੂੰ ਚੇਤੇ ਰੱਖੇ ਜਿਹੜੀਆਂ ਤੁਸੀਂ ਭੇਟ ਕਰਦੇ ਹੋ
    ਅਤੇ ਤੁਹਾਡੀਆਂ ਸਾਰੀਆਂ ਬਲੀਆਂ ਪ੍ਰਵਾਨ ਕਰੇ।
ਪਰਮੇਸ਼ੁਰ ਤੁਹਾਨੂੰ ਉਹ ਸਭ ਕੁਝ ਦੇਵੇ ਜਿਸਦੀ ਸੱਚਮੁੱਚ ਤੁਸੀਂ ਇੱਛਾ ਕਰਦੇ ਹੋ।
    ਉਹ ਤੁਹਾਡੀਆਂ ਸਾਰੀਆਂ ਯੋਜਨਾਵਾਂ ਸਫ਼ਲ ਬਣਾਵੇ।
ਸਾਨੂੰ ਖੁਸ਼ੀ ਹੋਵੇਗੀ ਜਦੋਂ ਪਰਮੇਸ਼ੁਰ ਤੁਹਾਡਾ ਸਹਾਈ ਹੋਵੇਗਾ।
    ਆਉ ਪਰਮੇਸ਼ੁਰ ਦੇ ਨਾਮ ਦੀ ਉਸਤਤਿ ਕਰੀਏ।
ਜੋ ਕੁਝ ਵੀ ਤੁਸੀਂ ਉਸਤੋਂ ਮੰਗੋ ਪਰਮੇਸ਼ੁਰ ਤੁਹਾਨੂੰ ਦੇਵੇ।

ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਆਪਣੇ ਚੁਣੇ ਹੋਏ ਰਾਜੇ ਦੀ ਮਦਦ ਕਰਦਾ ਹੈ।
    ਪਰਮੇਸ਼ੁਰ ਆਪਣੇ ਪਵਿੱਤਰ ਸਵਰਗ ਵਿੱਚ ਸੀ, ਅਤੇ ਉਸ ਨੇ ਆਪਣੇ ਚੁਣੇ ਹੋਏ ਰਾਜੇ ਦੀ ਪੁਕਾਰ ਸੁਣੀ।
    ਪਰਮੇਸ਼ੁਰ ਨੇ ਰਾਜੇ ਨੂੰ ਬਚਾਉਣ ਲਈ ਆਪਣੀ ਮਹਾਂ ਸ਼ਕਤੀ ਵਰਤੀ।
ਕੁਝ ਲੋਕੀਂ ਆਪਣੇ ਰੱਥਾਂ ਉੱਤੇ ਭਰੋਸਾ ਰੱਖਦੇ ਹਨ।
ਦੂਜੇ ਲੋਕ ਆਪਣੇ ਫ਼ੌਜੀਆਂ ਉੱਤੇ ਭਰੋਸਾ ਕਰਦੇ ਹਨ।
    ਪਰ ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਯਾਦ ਰੱਖਦੇ ਹਾਂ।
ਉਹ ਦੂਸਰੇ ਲੋਕ ਹਾਰ ਗਏ ਸਨ – ਉਹ ਯੁੱਧ ਅੰਦਰ ਮਰ ਗਏ।
    ਪਰ ਅਸੀਂ ਜਿੱਤ ਪ੍ਰਾਪਤ ਕੀਤੀ ਸੀ। ਅਸੀਂ ਜੇਤੂ ਹਾਂ।

ਯਹੋਵਾਹ ਨੇ ਆਪਣੇ ਚੁਣੇ ਰਾਜੇ ਨੂੰ ਬਚਾਇਆ।
    ਪਰਮੇਸ਼ੁਰ ਦੇ ਚੁਣੇ ਰਾਜੇ ਨੇ ਸਹਾਇਤਾ ਲਈ ਪੁਕਾਰਿਆ ਸੀ, ਅਤੇ ਪਰਮੇਸ਼ੁਰ ਨੇ ਪੁਕਾਰ ਸੁਣੀ ਸੀ।

ਕੂਚ 40:1-15

ਮੂਸਾ ਪਵਿੱਤਰ ਤੰਬੂ ਨੂੰ ਸਥਾਪਿਤ ਕਰਦਾ ਹੈ

40 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਪਹਿਲੇ ਮਹੀਨੇ ਦੇ ਪਹਿਲੇ ਦਿਨ ਪਵਿੱਤਰ ਤੰਬੂ, ਅਰਥਾਤ ਮੰਡਲੀ ਵਾਲੇ ਤੰਬੂ ਨੂੰ ਸਥਾਪਿਤ ਕਰੀਂ। ਇਕਰਾਰਨਾਮੇ ਵਾਲੇ ਸੰਦੂਕ ਨੂੰ ਪਵਿੱਤਰ ਤੰਬੂ ਵਿੱਚ ਰੱਖ ਦੇਵੀਂ। ਸੰਦੂਕ ਨੂੰ ਪਰਦੇ ਨਾਲ ਢੱਕ ਦੇਵੀ। ਫ਼ੇਰ ਮੇਜ ਲਿਆਵੀਂ। ਉਹ ਸਾਰੀਆਂ ਚੀਜ਼ਾਂ ਮੇਜ ਉੱਪਰ ਰੱਖ ਦੇਵੀਂ ਜਿਹੜੀਆਂ ਉੱਥੇ ਹੋਣੀਆਂ ਚਾਹੀਦੀਆਂ ਹਨ। ਫ਼ੇਰ ਸ਼ਮਾਦਾਨ ਨੂੰ ਤੰਬੂ ਵਿੱਚ ਰੱਖੀਂ। ਸ਼ਮਾਦਾਨ ਨੂੰ ਸਹੀ ਥਾਵਾਂ ਉੱਤੇ ਦੀਵੇ ਰੱਖੀਂ। ਤੰਬੂ ਵਿੱਚ ਧੂਫ਼ ਧੁਖਾਉਣ ਲਈ ਇਕਰਾਰਨਾਮੇ ਵਲੇ ਸੰਦੂਕ ਦੇ ਸਾਹਮਣੇ ਸੁਨਿਹਰੀ ਜਗਵੇਦੀ ਰੱਖੀਂ। ਫ਼ੇਰ ਪਵਿੱਤਰ ਤੰਬੂ ਦੇ ਪ੍ਰਵੇਸ਼ ਦੁਆਰ ਤੇ ਪਰਦਾ ਟੰਗੀ।

“ਪਵਿੱਤਰ ਤੰਬੂ ਅਰਥਾਤ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਸਾਹਮਣੇ ਹੋਮ ਦੀਆਂ ਭੇਟਾਂ ਦੀ ਜਗਵੇਦੀ ਸਥਾਪਿਤ ਕਰੀਂ। ਤਸਲੇ ਨੂੰ ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਦੇ ਵਿੱਚਕਾਰ ਰੱਖੀਂ। ਤਸਲੇ ਵਿੱਚ ਪਾਣੀ ਰੱਖੀਂ। ਵਿਹੜੇ ਦੇ ਆਲੇ-ਦੁਆਲੇ ਪਰਦਿਆਂ ਦੀ ਕੰਧ ਉਸਾਰੀ। ਫ਼ੇਰ ਵਿਹੜੇ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਲਾਵੀਂ।

“ਮਸਹ ਵਾਲਾ ਤੇਲ ਲੈ ਕੇ ਇਸ ਨੂੰ ਪਵਿੱਤਰ ਤੰਬੂ ਦੀ ਹਰ ਸੈਅ ਉੱਪਰ ਛਿੜਕ ਦੇਵੀਂ। ਜਦੋਂ ਤੂੰ ਇਨ੍ਹਾਂ ਚੀਜ਼ਾਂ ਉੱਪਰ ਤੇਲ ਛਿੜਕੇਂਗਾ ਤਾਂ ਤੂੰ ਇਨ੍ਹਾਂ ਨੂੰ ਪਵਿੱਤਰ ਬਣਾ ਦੇਵੇਂਗਾ। 10 ਹੋਮ ਦੀਆਂ ਭੇਟਾਂ ਵਾਲੀ ਜਗਵੇਦੀ ਉੱਤੇ ਤੇਲ ਛਿੜਕੀਂ। ਜਗਵੇਦੀ ਦੀ ਹਰ ਚੀਜ਼ ਉੱਤੇ ਤੇਲ ਛਿੜਕੀਂ। ਤੂੰ ਜਗਵੇਦੀ ਨੂੰ ਪਵਿੱਤਰ ਬਣਾ ਦੇਵੇਂਗਾ। ਇਹ ਬਹੁਤ ਪਵਿੱਤਰ ਹੋਵੇਗੀ। 11 ਫ਼ੇਰ ਤੂੰ ਤਸਲੇ ਨੂੰ ਅਤੇ ਇਸਦੀ ਚੌਂਕੀ ਉੱਤੇ ਤੇਲ ਛਿੜਕੀਂ। ਇਨ੍ਹਾਂ ਚੀਜ਼ਾਂ ਨੂੰ ਪਵਿੱਤਰ ਬਨਾਉਣ ਲਈ ਅਜਿਹਾ ਕਰੀਂ।

12 “ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਕੋਲ ਲੈ ਆਵੀਂ। ਉਨ੍ਹਾਂ ਦਾ ਪਾਣੀ ਨਾਲ ਇਸਨਾਨ ਕਰਾਵੀਂ। 13 ਫ਼ੇਰ ਹਾਰੂਨ ਨੂੰ ਖਾਸ ਵਸਤਰ ਪਹਿਨਾਵੀਂ। ਉਸ ਉੱਪਰ ਤੇਲ ਛਿੜਕੀਂ ਤੇ ਉਸ ਨੂੰ ਪਵਿੱਤਰ ਬਣਾ ਦੇਵੀਂ। ਫ਼ੇਰ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸੱਕਦਾ ਹੈ। 14 ਫ਼ੇਰ ਉਸ ਦੇ ਪੁੱਤਰਾਂ ਨੂੰ ਵਸਤਰ ਪਹਿਨਾਵੀਂ। 15 ਉਸ ਦੇ ਪੁੱਤਰਾਂ ਉੱਤੇ ਵੀ ਓਸੇ ਤਰ੍ਹਾਂ ਤੇਲ ਛਿੜਕੀਂ ਜਿਵੇਂ ਤੂੰ ਉਨ੍ਹਾਂ ਦੇ ਪਿਤਾ ਉੱਤੇ ਛਿੜਕਿਆ ਸੀ। ਫ਼ੇਰ ਉਹ ਵੀ ਜਾਜਕਾਂ ਵਜੋਂ ਮੇਰੀ ਸੇਵਾ ਕਰ ਸੱਕਣਗੇ। ਜਦੋਂ ਤੂੰ ਉਨ੍ਹਾਂ ਨੂੰ ਮਸਹ ਕਰੇਂਗਾ ਤਾਂ ਉਹ ਜਾਜਕ ਬਣ ਜਾਣਗੇ। ਉਹ ਪਰਿਵਾਰ ਸਾਰੇ ਸਮਿਆਂ ਲਈ ਜਾਜਕਾਂ ਦਾ ਬਣਿਆ ਰਹੇਗਾ।”

ਇਬਰਾਨੀਆਂ ਨੂੰ 10:19-25

ਪਰਮੇਸ਼ੁਰ ਦੇ ਨਜ਼ਦੀਕ ਆਓ

19 ਅਤੇ ਇਸ ਲਈ ਭਰਾਵੋ ਅਤੇ ਭੈਣੋ ਅਸੀਂ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹਾਂ। ਅਸੀਂ ਮਸੀਹ ਦੇ ਲਹੂ ਦੇ ਕਾਰਣ ਇਹ ਬਿਨਾ ਡਰ ਕਰ ਸੱਕਦੇ ਹਾਂ। 20 ਅਸੀਂ ਉਸ ਨਵੇਂ ਰਾਹ ਰਾਹੀਂ ਪ੍ਰਵੇਸ਼ ਕਰ ਸੱਕਦੇ ਹਾਂ ਜਿਹੜਾ ਸਾਡੇ ਲਈ ਮਸੀਹ ਨੇ ਖੋਲ੍ਹਿਆ ਹੈ। ਇਹ ਇੱਕ ਸਜੀਵ ਰਾਹ ਹੈ। ਇਹ ਨਵਾਂ ਰਾਹ ਪਰਦੇ ਰਾਹੀਂ ਅਗਵਾਈ ਕਰਦਾ ਹੈ ਜਿਹੜਾ ਮਸੀਹ ਦਾ ਸਰੀਰ ਹੈ। 21 ਅਤੇ ਸਾਡੇ ਕੋਲ ਇੱਕ ਮਹਾਨ ਜਾਜਕ ਹੈ ਜਿਹੜਾ ਪਰਮੇਸ਼ੁਰ ਦੇ ਘਰ ਉੱਪਰ ਹਕੂਮਤ ਕਰਦਾ ਹੈ। 22 ਅਸੀਂ ਦੋਸ਼ੀ ਭਾਵਨਾਵਾਂ ਤੋਂ ਸ਼ੁੱਧ ਅਤੇ ਸੁਤੰਤਰ ਬਣਾਏ ਗਏ ਹਾਂ। ਅਤੇ ਸਾਡੇ ਸਰੀਰਾਂ ਨੂੰ ਸ਼ੁੱਧ ਪਾਣੀ ਨਾਲ ਧੋ ਦਿੱਤਾ ਗਿਆ ਹੈ। ਇਸ ਲਈ ਸ਼ੁੱਧ ਦਿਲੀ ਨਾਲ ਅਤੇ ਤੁਹਾਡੇ ਵਿਸ਼ਵਾਸ ਦੇ ਭਰੋਸੇ ਪਰਮੇਸ਼ੁਰ ਦੇ ਨਜ਼ਦੀਕ ਆਓ। 23 ਸਾਨੂੰ ਉਸ ਉਮੀਦ ਨੂੰ ਕਸ ਕੇ ਫ਼ੜ ਲੈਣਾ ਚਾਹੀਦਾ ਹੈ ਜਿਹੜੀ ਸਾਨੂੰ ਮਿਲੀ ਹੋਈ ਹੈ। ਅਤੇ ਸਾਨੂੰ ਕਦੇ ਵੀ ਆਪਣੀ ਉਮੀਦ ਬਾਰੇ ਲੋਕਾਂ ਨੂੰ ਦੱਸਣ ਤੋਂ ਖੁੰਝਣਾ ਨਹੀਂ ਚਾਹੀਦਾ। ਸਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਉਹ ਕਰੇਗਾ ਜਿਸਦਾ ਉਸ ਨੇ ਵਾਇਦਾ ਕੀਤਾ ਹੈ।

ਮਜ਼ਬੂਤ ਬਣਨ ਵਿੱਚ ਇੱਕ ਦੂਸਰੇ ਦੀ ਸਹਾਇਤਾ ਕਰੋ

24 ਸਾਨੂੰ ਇੱਕ ਦੂਸਰੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਇੱਕ ਦੂਸਰੇ ਨੂੰ ਪ੍ਰੇਮ ਦਰਸ਼ਾਉਣ ਅਤੇ ਚੰਗੇ ਕੰਮ ਕਰਨ ਲਈ ਉਤਸਾਹਤ ਕਰਨਾ ਚਾਹੀਦਾ ਹੈ। 25 ਸਾਨੂੰ ਇੱਕ ਦੂਸਰੇ ਨਾਲ ਮਿਲਣਾ ਨਹੀਂ ਛੱਡਣਾ ਚਾਹੀਦਾ। ਇਹੀ ਗੱਲ ਹੈ ਜਿਹੜੀ ਕੁਝ ਲੋਕ ਕਰ ਰਹੇ ਹਨ। ਪਰ ਸਾਨੂੰ ਇੱਕ ਦੂਸਰੇ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਹੋਰ ਵੱਧੇਰੇ ਕਰੋ ਕਿਉਂਕਿ ਦਿਹਾੜਾ [a] ਨੇੜੇ ਆ ਰਿਹਾ ਹੈ।

Punjabi Bible: Easy-to-Read Version (ERV-PA)

2010 by World Bible Translation Center