Revised Common Lectionary (Semicontinuous)
ਪਰਮੇਸ਼ੁਰ ਆਪਣੇ ਲੋਕਾਂ ਨੂੰ ਫ਼ੇਰ ਬਚਾਵੇਗਾ
16 ਯਹੋਵਾਹ ਸਮੁੰਦਰ ਵਿੱਚ ਸੜਕਾਂ ਬਣਾਵੇਗਾ। ਡੋਲਦੇ ਪਾਣੀਆਂ ਵਿੱਚੋਂ ਵੀ ਉਹ ਆਪਣੇ ਲੋਕਾਂ ਲਈ ਰਸਤਾ ਬਣਾਵੇਗਾ। ਅਤੇ ਯਹੋਵਾਹ ਆਖਦਾ ਹੈ, 17 “ਉਹ ਲੋਕ ਜਿਹੜੇ ਮੇਰੇ ਨਾਲ ਆਪਣੇ ਰੱਥਾਂ, ਘੋੜਿਆਂ ਅਤੇ ਫ਼ੌਜਾਂ ਨਾਲ ਲੜਦੇ ਹਨ, ਹਾਰ ਜਾਣਗੇ। ਉਹ ਫ਼ੇਰ ਕਦੇ ਨਹੀਂ ਉੱਠ ਸੱਕਣਗੇ। ਉਹ ਤਬਾਹ ਹੋ ਜਾਣਗੇ। ਉਨ੍ਹਾਂ ਨੂੰ ਉਸੇ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ ਜਿਵੇਂ ਮੋਮਬਤ੍ਤੀ ਦੀ ਲਾਟ ਬੁਝਾ ਦਿੱਤੀ ਜਾਂਦੀ ਹੈ। 18 ਇਸ ਲਈ ਉਨ੍ਹਾਂ ਗੱਲਾਂ ਨੂੰ ਚੇਤੇ ਨਾ ਕਰੋ ਜਿਹੜੀਆਂ ਆਦਿ ਵਿੱਚ ਵਾਪਰੀਆਂ ਸਨ। ਉਨ੍ਹਾਂ ਚੀਜ਼ਾਂ ਬਾਰੇ ਨਾ ਸੋਚੋ ਜਿਹੜੀਆਂ ਬਹੁਤ ਸਮਾਂ ਪਹਿਲਾਂ ਵਾਪਰੀਆਂ ਸਨ। 19 ਕਿਉਂਕਿ ਮੈਂ ਨਵੀਆਂ ਗੱਲਾਂ ਕਰਾਂਗਾ! ਹੁਣ ਤੁਸੀਂ ਨਵੇਂ ਪੌਦੇ ਵਾਂਗ ਉਗ੍ਗੋਁਗੇ ਅਵੱਸ਼ ਹੀ ਤੁਸੀਂ ਜਾਣਦੇ ਹੋ ਕਿ ਇਹ ਸਹੀ ਹੈ। ਮੈਂ ਸੱਚਮੁੱਚ ਮਾਰੂਬਲ ਵਿੱਚ ਸੜਕ ਬਣਾਵਾਂਗਾ। ਮੈਂ ਸੱਚਮੁੱਚ ਹੀ ਸੁੱਕੀ ਧਰਤੀ ਵਿੱਚ ਨਦੀਆਂ ਚੱਲਾ ਦਿਆਂਗਾ। 20 ਜੰਗਲੀ ਜਾਨਵਰ ਵੀ ਮੇਰੇ ਸ਼ੁਕਰਗੁਜ਼ਾਰ ਹੋਣਗੇ। ਵੱਡੇ ਜਾਨਵਰ ਅਤੇ ਪੰਛੀ ਮੇਰਾ ਆਦਰ ਕਰਨਗੇ। ਉਹ ਮੇਰਾ ਆਦਰ ਕਰਨਗੇ ਜਦੋਂ ਮੈਂ ਮਾਰੂਬਲ ਵਿੱਚ ਪਾਣੀ ਚੱਲਾ ਦਿਆਂਗਾ। ਉਹ ਮੇਰਾ ਆਦਰ ਕਰਨਗੇ ਜਦੋਂ ਮੈਂ ਸੁੱਕੀ ਧਰਤੀ ਵਿੱਚ ਨਦੀਆਂ ਵਗਾ ਦਿਆਂਗਾ। ਇਹ ਗੱਲ ਮੈਂ ਆਪਣੇ ਬੰਦਿਆਂ ਨੂੰ ਪਾਣੀ ਦੇਣ ਲਈ ਕਰਾਂਗਾ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਚੁਣਿਆ ਸੀ। 21 ਇਹੀ ਹਨ ਉਹ ਲੋਕ ਜਿਨ੍ਹਾਂ ਨੂੰ ਮੈਂ ਸਾਜਿਆ ਸੀ। ਅਤੇ ਇਹ ਲੋਕ ਮੇਰੀ ਉਸਤਤ ਕਰਨ ਲਈ ਗੀਤ ਗਾਉਣਗੇ।
ਮੰਦਰ ਜਾਣ ਵੇਲੇ ਦਾ ਇੱਕ ਗੀਤ।
126 ਜਦੋਂ ਇੱਕ ਵਾਰ ਫ਼ੇਰ ਯਹੋਵਾਹ ਸਾਨੂੰ ਮੁਕਤ ਕਰੇਗਾ
ਇਹ ਗੱਲ ਸੁਪਨੇ ਵਰਗੀ ਹੋਵੇਗੀ।
2 ਅਸੀਂ ਹੱਸ ਰਹੇ ਹੋਵਾਂਗੇ ਅਤੇ ਖੁਸ਼ੀ ਦੇ ਗੀਤ ਗਾ ਰਹੇ ਹੋਵਾਂਗੇ।
ਹੋਰਾਂ ਕੌਮਾਂ ਦੇ ਲੋਕ ਆਖਣਗੇ,
“ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਲਈ ਚਮਤਕਾਰ ਕੀਤਾ।”
3 ਹਾਂ, ਜੇ ਯਹੋਵਾਹ ਨੇ ਸਾਡੇ ਲਈ ਇਹੋ ਜਿਹਾ ਚਮਤਕਾਰ ਕੀਤਾ ਅਸੀਂ ਬਹੁਤ ਖੁਸ਼ ਹੋਵਾਂਗੇ।
4 ਯਹੋਵਾਹ, ਸਾਨੂੰ ਇੱਕ ਵਾਰ ਫ਼ੇਰ ਮੁਕਤ ਕਰੋ।
ਜਦੋਂ ਉਹ ਬੀਜ ਬੀਜਦਾ ਹੈ, ਪਰ ਉਹ ਖੁਸ਼ ਹੋਵੇਗਾ ਜਦੋਂ ਉਹ ਫ਼ਸਲਾਂ ਨੂੰ ਕੱਟੇਗਾ।
5 ਕੋਈ ਬੰਦਾ, ਜਦੋਂ ਉਹ ਬੀਜ ਬੀਜਦਾ ਹੈ ਉਦਾਸ ਹੋ ਸੱਕਦਾ ਹੈ।
ਪਰ ਉਹ ਉਦੋਂ ਖੁਸ਼ ਹੋਵੇਗਾ ਜਦੋਂ ਉਹ ਫ਼ਸਲਾ ਨੂੰ ਕੱਟੇਗਾ।
6 ਹੋ ਸੱਕਦਾ ਜਦੋਂ ਉਹ ਖੇਤਾ ਵੱਲ ਬੀਜ ਲੈ ਕੇ ਜਾਂਦਾ ਰੋਦਾ ਹੋਵੇ।
ਪਰ ਉਹ ਉਦੋਂ ਪ੍ਰਸੰਨ ਹੋਵੇਗਾ ਜਦੋਂ ਉਹ ਆਪਣੇ ਘਰ ਫ਼ਸਲ ਲੈ ਕੇ ਆਉਂਦਾ ਹੋਵੇ।
4 ਹਾਲਾਂ ਕਿ ਆਪਣਾ ਭਰੋਸਾ ਆਪਣੇ ਵਿੱਚ ਰੱਖ ਸੱਕਦਾ ਹਾਂ, ਪਰ ਮੈਂ ਅਜਿਹਾ ਨਹੀਂ ਕਰਦਾ। ਜੇਕਰ ਕੋਈ ਸੋਚਦਾ ਹੈ ਕਿ ਉਹ ਆਪਣਾ ਭਰੋਸਾ ਆਪਣੇ ਆਪ ਵਿੱਚ ਰੱਖ ਸੱਕਦਾ ਹੈ, ਫ਼ੇਰ ਮੇਰੇ ਕੋਲ ਆਪਣਾ ਭਰੋਸਾ ਆਪਣੇ ਆਪ ਵਿੱਚ ਰੱਖਣ ਲਈ ਵੱਧ ਕਾਰਣ ਹਨ। 5 ਮੇਰੀ ਸੁੰਨਤ ਜੰਮਨ ਤੋਂ ਬਾਦ ਅੱਠਵੇਂ ਦਿਨ ਹੀ ਹੋ ਗਈ ਸੀ। ਮੈਂ ਬਿਨਯਾਮੀਨ ਦੇ ਵੰਸ਼ ਵਿੱਚੋਂ ਹਾਂ। ਮੈਂ ਇੱਕ ਯਹੂਦੀ ਹਾਂ ਅਤੇ ਮੇਰੇ ਮਾਪੇ ਯਹੂਦੀ ਸਨ। ਮੂਸਾ ਦੀ ਸ਼ਰ੍ਹਾ ਮੇਰੇ ਲਈ ਬਹੁਤ ਮਹੱਤਵਪੂਰਣ ਸੀ, ਇਸੇ ਲਈ ਮੈਂ ਇੱਕ ਫ਼ਰੀਸੀ ਬਣ ਗਿਆ। 6 ਮੈਂ ਆਪਣੇ ਯਹੂਦੀ ਧਰਮ ਬਾਰੇ ਬੜਾ ਜੋਸ਼ੀਲਾ ਸੀ। ਇਸ ਲਈ ਮੈਂ ਕਲੀਸਿਯਾ ਨੂੰ ਦੰਡ ਦਿੱਤੇ। ਮੈਂ ਬੜੇ ਧਿਆਨ ਨਾਲ ਮੂਸਾ ਦੀ ਸ਼ਰ੍ਹਾ ਦੀ ਪਾਲਣਾ ਕੀਤੀ ਅਤੇ ਕਿਸੇ ਨੂੰ ਵੀ ਮੇਰੇ ਸ਼ਰ੍ਹਾ ਨੂੰ ਮੰਨਣ ਦੇ ਢੰਗ ਵਿੱਚ ਕੋਈ ਦੋਸ਼ ਨਾ ਲੱਭਿਆ।
7 ਪਰ ਜੋ ਸਾਰੀਆਂ ਚੀਜ਼ਾਂ ਇੱਕ ਸਮੇਂ ਵਿੱਚ ਮੇਰੇ ਲਈ ਮਹੱਤਵਪੂਰਣ ਸਨ, ਅੱਜ ਮੈਂ ਉਨ੍ਹਾਂ ਚੀਜ਼ਾਂ ਨੂੰ ਮਸੀਹ ਦੇ ਕਾਰਣ ਵਿਅਰਥ ਕਰਾਰ ਦਿੰਦਾ ਹਾਂ। 8 ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦੀ ਉੱਤਮਤਾਈ ਦੇ ਕਾਰਣ ਅੱਜ ਤੱਕ ਸਭ ਕਾਸੇ ਨੂੰ ਹੀਣ ਸਮਝਦਾ ਹਾਂ। ਉਸੇ ਲਈ ਮੈਂ ਸਭ ਕਾਸੇ ਨੂੰ ਤਿਆਗ ਦਿੱਤਾ ਹੈ। ਅਤੇ ਮੈਂ ਸਭ ਕਾਸੇ ਨੂੰ ਕੂੜਾ ਹੀ ਸਮਝਣ ਲੱਗਾ ਹਾਂ ਤਾਂ ਕਿ ਮੈਂ ਮਸੀਹ ਨੂੰ ਪਾ ਸੱਕਾਂ। 9 ਇਹ ਮੈਨੂੰ ਮਸੀਹ ਵਿੱਚ ਅਤੇ ਧਰਮੀ ਹੋਣ ਵਿੱਚ ਮਦਦ ਕਰਦਾ ਹੈ। ਇਹ ਧਾਰਮਿਕਤਾ ਸ਼ਰ੍ਹਾ ਦਾ ਅਨੁਸਰਣ ਕਰਨ ਤੋਂ ਨਹੀਂ ਆਉਂਦੀ, ਸਗੋਂ ਨਿਹਚਾ ਰਾਹੀਂ ਪਰਮੇਸ਼ੁਰ ਵੱਲੋਂ ਆਉਂਦੀ ਹੈ। ਪਰਮੇਸ਼ੁਰ ਮੈਨੂੰ ਮਸੀਹ ਵਿੱਚ ਮੇਰੇ ਵਿਸ਼ਵਾਸ ਰਾਹੀਂ ਧਰਮੀ ਬਣਾਉਂਦਾ ਹੈ। 10 ਮੈਂ ਜੋ ਜਾਨਣਾ ਚਾਹੁੰਦਾ ਹਾਂ ਮਸੀਹ ਅਤੇ ਉਸ ਸ਼ਕਤੀ ਨੂੰ ਜਿਸਨੇ ਉਸ ਨੂੰ ਮੌਤ ਤੋਂ ਜਿਵਾਲਿਆ ਹੈ। ਮੈਂ ਮਸੀਹ ਦੇ ਦੁੱਖਾਂ ਦਾ ਭਾਗੀਦਾਰ ਹੋਣਾ ਚਾਹੁੰਦਾ ਹਾਂ ਅਤੇ ਉਸਦੀ ਮੌਤ ਵਿੱਚ ਉਸੇ ਜਿਹਾ ਬਣਨਾ ਚਾਹੁੰਦਾ ਹਾਂ। 11 ਇਸ ਤਰ੍ਹਾਂ, ਮੈਨੂੰ ਉਮੀਦ ਹੈ ਕਿ ਕਿਵੇਂ ਵੀ ਮੈਂ ਉਨ੍ਹਾਂ ਵਿੱਚੋਂ ਹੋ ਸੱਕਦਾ ਹਾਂ ਜੋ ਮੌਤ ਤੋਂ ਜਿਵਾਲੇ ਜਾਣਗੇ।
ਟੀਚੇ ਉੱਪਰ ਪਹੁੰਚਣ ਦਾ ਜਤਨ
12 ਮੇਰਾ ਇਹ ਭਾਵ ਨਹੀਂ ਕਿ ਮੈਂ ਪਹਿਲਾਂ ਹੀ ਬਿਲਕੁਲ ਉਹੋ ਜਿਹਾ ਬਣ ਗਿਆ ਜਿਵੇਂ ਪਰਮੇਸ਼ੁਰ ਮੈਨੂੰ ਬਨਾਉਣਾ ਚਾਹੁੰਦਾ ਸੀ। ਮੈਂ ਹਾਲੇ ਟੀਚੇ ਤੱਕ ਨਹੀਂ ਪਹੁੰਚਿਆ। ਪਰ ਮੈਂ ਉਸ ਟੀਚੇ ਤੱਕ ਪਹੁੰਚਣ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹਾਂ। ਇਹ ਸਿਰਫ਼ ਇਹੀ ਕਾਰਣ ਹੈ ਕਿ ਮਸੀਹ ਯਿਸੂ ਨੇ ਮੈਨੂੰ ਆਪਣਾ ਬਣਾਇਆ। 13 ਭਰਾਵੋ ਅਤੇ ਭੈਣੋ ਮੈਂ ਜਾਣਦਾ ਹਾਂ ਕਿ ਮੈਂ ਹਾਲੇ ਤੱਕ ਮੰਜਿਲ ਤੇ ਨਹੀਂ ਪਹੁੰਚਿਆ। ਪਰ ਇੱਕ ਗੱਲ ਹੈ ਜੋ ਮੈਂ ਹਮੇਸ਼ਾ ਕਰਦਾ ਹਾਂ; ਮੈਂ ਬੀਤੀਆਂ ਗੱਲਾਂ ਨੂੰ ਭੁੱਲ ਚੁੱਕਿਆ ਹਾਂ ਅਤੇ ਮੈਂ ਉਸ ਮੰਜਿਲ ਤੇ ਪਹੁੰਚਣ ਦੀ ਸਖਤ ਕੋਸ਼ਿਸ਼ ਕਰ ਰਿਹਾ ਹਾਂ ਜੋ ਮੇਰੇ ਸਾਹਮਣੇ ਹੈ। 14 ਮੈਂ ਮੰਜਿਲ ਤੇ ਪਹੁੰਚਣ ਲਈ ਅਤੇ ਉਹ ਇਨਾਮ ਜਿੱਤਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹਾਂ, ਜਿਸ ਵਾਸਤੇ ਪਰਮੇਸ਼ੁਰ ਸਾਨੂੰ ਮਸੀਹ ਯਿਸੂ ਰਾਹੀਂ ਸਵਰਗ ਨੂੰ ਬੁਲਾ ਰਿਹਾ ਹੈ।
ਯਿਸੂ ਬੈਤਆਨਿਯਾ ਵਿੱਚ ਆਪਣੇ ਦੋਸਤਾਂ ਨਾਲ(A)
12 ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਆਨਿਯਾ ਨੂੰ ਆਇਆ ਇਹ ਉਹ ਸ਼ਹਿਰ ਸੀ ਜਿੱਥੇ ਲਾਜ਼ਰ ਰਹਿੰਦਾ ਸੀ। ਲਾਜ਼ਰ ਉਹ ਆਦਮੀ ਸੀ, ਜਿਸ ਨੂੰ ਯਿਸੂ ਨੇ ਮੌਤ ਤੋਂ ਜਿਵਾਲਿਆ ਸੀ। 2 ਉੱਥੇ ਉਨ੍ਹਾਂ ਨੇ ਯਿਸੂ ਵਾਸਤੇ ਰਾਤ ਦਾ ਭੋਜਨ ਤਿਆਰ ਕੀਤਾ ਸੀ ਅਤੇ ਮਾਰਥਾ ਨੇ ਭੋਜਨ ਵਰਤਾਇਆ। ਲਾਜ਼ਰ ਉਨ੍ਹਾਂ ਵਿੱਚੋਂ ਇੱਕ ਸੀ ਜੋ ਯਿਸੂ ਨਾਲ ਭੋਜਨ ਕਰ ਰਿਹਾ ਸੀ। 3 ਮਰਿਯਮ ਨੇ ਨਰਦ ਦੀ ਜੜ੍ਹ ਤੋਂ ਬਣੇ ਮਹਿੰਗੇ ਅਤਰ ਦਾ ਅੱਧਾ ਸੇਰ ਲਿਆ। ਉਸ ਨੇ ਇਸ ਨੂੰ ਯਿਸੂ ਦੇ ਚਰਣਾਂ ਉੱਤੇ ਡੋਲ੍ਹਿਆ ਅਤੇ ਆਪਣੇ ਵਾਲਾਂ ਨਾਲ ਉਸ ਦੇ ਪੈਰ ਪੂੰਝੇ। ਸਾਰਾ ਘਰ ਅਤਰ ਦੀ ਸੁਗੰਧ ਨਾਲ ਭਰ ਗਿਆ।
4 ਯਹੂਦਾ ਇਸੱਕਰਿਯੋਤੀ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਸੀ। ਇਹ ਉਹ ਸੀ ਜਿਸਨੇ ਯਿਸੂ ਦੇ ਖਿਲਾਫ਼ ਹੋ ਜਾਣਾ ਸੀ ਯਹੂਦਾ ਨੇ ਆਖਿਆ 5 “ਉਹ ਅਤਰ ਚਾਂਦੀ ਦੇ ਤਿੰਨ ਸੌ ਸਿੱਕਿਆਂ ਦੇ ਮੁੱਲ ਦਾ ਸੀ। ਯਿਸੂ ਉੱਪਰ ਮਲਨ ਦੀ ਬਜਾਇ ਇਸ ਅਤਰ ਨੂੰ ਬਾਜ਼ਾਰ ਵਿੱਚ ਵੇਚਕੇ ਗਰੀਬਾਂ ਦੀ ਮਦਦ ਕੀਤੀ ਜਾ ਸੱਕਦੀ ਸੀ।” 6 ਯਹੂਦਾ ਨੇ ਇਹ ਗੱਲ ਇਸ ਲਈ ਨਹੀਂ ਆਖੀ ਸੀ ਕਿ ਉਹ ਗਰੀਬਾਂ ਬਾਰੇ ਚਿੰਤਿਤ ਸੀ ਪਰ ਕਿਉਂ ਜੋ ਉਹ ਚੋਰ ਸੀ। ਚੇਲਿਆਂ ਦੀ ਟੋਲੀ ਲਈ ਧਨ ਵਾਲਾ ਸੰਦੂਕ ਉਸ ਕੋਲ ਹੁੰਦਾ ਸੀ, ਜਿਸ ਵਿੱਚੋਂ ਜਦੋਂ ਉਹ ਚਾਹਵੇ ਚੋਰੀ ਕਰ ਲੈਂਦਾ ਸੀ।
7 ਯਿਸੂ ਨੇ ਆਖਿਆ, “ਉਸ ਨੂੰ ਨਾ ਰੋਕੋ, ਉਸ ਨੂੰ ਇਹ ਮੇਰੇ ਜਨਾਜ਼ੇ ਦੇ ਦਿਨ ਦੀ ਤਿਆਰੀ ਲਈ ਕਰਨ ਦਿਉ। 8 ਗਰੀਬ ਲੋਕ ਹਮੇਸ਼ਾ ਤੁਹਾਡੇ ਨਾਲ ਹੋਣਗੇ, ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਹੋਵਾਂਗਾ।”
2010 by World Bible Translation Center