Revised Common Lectionary (Semicontinuous)
ਨਿਰਦੇਸ਼ਕ ਲਈ: ਮਹਾਲਥ ਦੀ ਧੁਨੀ। ਦਾਊਦ ਦਾ ਇੱਕ ਭੱਗਤੀ ਗੀਤ।
53 ਇਹ ਸਿਰਫ਼ ਇੱਕ ਦੁਸ਼ਟ ਵਿਅਕਤੀ ਹੀ ਹੈ ਜਿਹੜਾ ਸੋਚਦਾ ਹੈ ਕਿ ਪਰਮੇਸ਼ੁਰ ਮੌਜੁਦ ਨਹੀਂ ਹੈ।
ਇਸ ਤਰ੍ਹਾਂ ਦੇ ਲੋਕੀਂ ਭ੍ਰਸ਼ਟ, ਦੁਸ਼ਟ ਅਤੇ ਦੋਖੀ ਹੁੰਦੇ ਹਨ
ਅਤੇ ਉਹ ਚੰਗੀਆਂ ਗੱਲਾਂ ਨਹੀਂ ਕਰਦੇ।
2 ਸੱਚਮੁੱਚ ਪਰਮੇਸ਼ੁਰ ਸਵਰਗ ਵਿੱਚੋਂ ਸਾਡੇ ਉੱਤੇ ਨਜ਼ਰ ਰੱਖ ਰਿਹਾ ਹੈ।
ਪਰਮੇਸ਼ੁਰ ਸਿਆਣੇ ਲੋਕਾਂ ਦੀ ਭਾਲ ਵਿੱਚ ਹੈ
ਜਿਹੜੇ ਪਰਮੇਸ਼ੁਰ ਨੂੰ ਭਾਲ ਰਹੇ ਹਨ।
3 ਪਰ ਹਰ ਕੋਈ ਪਰਮੇਸ਼ੁਰ ਤੋਂ ਦੂਰ ਹੋਇਆ ਹੈ।
ਹਰ ਬੰਦਾ ਬੁਰਾ ਹੈ ਕੋਈ ਵੀ ਬੰਦਾ ਨੇਕੀ ਨਹੀਂ ਕਰਦਾ।
ਕੋਈ ਨਹੀਂ, ਇੱਕ ਬੰਦਾ ਵੀ ਨਹੀਂ।
4 ਪਰਮੇਸ਼ੁਰ ਆਖਦਾ ਹੈ, “ਅਵੱਸ਼ ਹੀ ਉਹ ਮੰਦੇ ਲੋਕ ਸੱਚ ਜਾਣਦੇ ਹਨ।
ਪਰ ਉਹ ਮੇਰੇ ਅੱਗੇ ਪ੍ਰਾਰਥਨਾ ਨਹੀਂ ਕਰਦੇ।
ਮੰਦੇ ਲੋਕ ਮੇਰੇ ਲੋਕਾਂ ਨੂੰ ਬਰਬਾਦ ਕਰਨ ਲਈ ਇਸ ਤਰ੍ਹਾਂ ਤਿਆਰ ਹਨ ਜਿਵੇਂ ਉਹ ਭੋਜਨ ਕਰਨ ਲੱਗੇ ਹੋਣ।”
5 ਪਰ ਉਹ ਮੰਦੇ ਲੋਕੀਂ ਇੰਨੇ ਭੈਭੀਤ ਹੋਣਗੇ ਜਿੰਨਾ ਉਹ ਪਹਿਲਾਂ ਕਦੀ ਨਹੀਂ ਹੋਏ।
ਉਹ ਮੰਦੇ ਲੋਕ ਇਸਰਾਏਲ ਦੇ ਦੁਸ਼ਮਣ ਹਨ।
ਪਰਮੇਸ਼ੁਰ ਨੇ ਉਨ੍ਹਾਂ ਮੰਦੇ ਲੋਕਾਂ ਨੂੰ ਤਿਆਗ ਦਿੱਤਾ ਹੈ।
ਇਸ ਲਈ ਪਰਮੇਸ਼ੁਰ ਦੇ ਲੋਕ ਉਨ੍ਹਾਂ ਨੂੰ ਹਰਾ ਦੇਣਗੇ,
ਅਤੇ ਪਰਮੇਸ਼ੁਰ ਉਨ੍ਹਾਂ ਮੰਦੇ ਲੋਕਾਂ ਦੀਆਂ ਹੱਡੀਆਂ ਖਿਲਾਰ ਦੇਵੇਗਾ।
6 ਮੈਂ ਚਾਹੁੰਦਾ ਹਾਂ ਕਿ ਕੋਈ ਇਸਰਾਏਲ ਲਈ ਸੀਯੋਨ ਪਰਬਤ ਤੋਂ ਜਿੱਤ ਲੈ ਕੇ ਆਵੇ।
ਉਸ ਸਮੇਂ ਪਰਮੇਸ਼ੁਰ ਆਪਣੇ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਵਾਪਸ ਲਿਆਵੇਗਾ।
ਯਾਕੂਬ ਖੁਸ਼ੀ ਮਨਾਵੇਗਾ।
ਇਸਰਾਏਲ ਬਹੁਤ ਆਨੰਦਿਤ ਹੋਵੇਗਾ।
ਪਰਾਸਚਿਤ ਦਾ ਦਿਨ
26 ਯਹੋਵਾਹ ਨੇ ਮੂਸਾ ਨੂੰ ਆਖਿਆ, 27 “ਪਰਾਸਚਿਤ ਦਾ ਦਿਨ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਹੋਵੇਗਾ। ਇੱਥੇ ਇੱਕ ਪਵਿੱਤਰ ਸਭਾ ਹੋਵੇਗੀ। ਤੁਹਾਨੂੰ ਆਪਣੇ-ਆਪ ਨੂੰ ਨਿਮਾਣਾ ਬਣਾਕੇ ਵਰਤ ਰੱਖਣਾ ਚਾਹੀਦਾ ਅਤੇ ਤੁਹਾਨੂੰ ਯਹੋਵਾਹ ਨੂੰ ਅੱਗ ਦੁਆਰਾ ਇੱਕ ਭੇਟ ਚੜ੍ਹਾਉਣੀ ਚਾਹੀਦੀ ਹੈ। 28 ਤੁਹਾਨੂੰ ਇਸ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਪਰਾਸਚਿਤ ਦਾ ਦਿਨ ਤੁਹਾਡੇ ਲਈ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਾਹਮਣੇ ਪਰਾਸਚਿਤ ਕਰਨ ਲਈ ਹੋਵੇਗਾ।
29 “ਜੇ ਕੋਈ ਬੰਦਾ ਇਸ ਦਿਨ ਵਰਤ ਰੱਖਣ ਤੋਂ ਇਨਕਾਰ ਕਰਦਾ ਹੈ, ਉਸ ਨੂੰ ਉਸ ਦੇ ਲੋਕਾਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ। 30 ਜੇ ਕੋਈ ਬੰਦਾ ਇਸ ਦਿਨ ਕੋਈ ਕੰਮ ਕਰਦਾ ਹੈ ਮੈਂ (ਪਰਮੇਸ਼ੁਰ) ਉਸ ਬੰਦੇ ਨੂੰ ਉਸ ਦੇ ਲੋਕਾਂ ਵਿੱਚੋਂ ਤਬਾਹ ਕਰ ਦਿਆਂਗਾ। 31 ਤੁਹਾਨੂੰ ਬਿਲਕੁਲ ਵੀ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਨੇਮ ਹੈ ਜਿਹੜਾ ਤੁਹਾਡੇ ਲਈ ਹਮੇਸ਼ਾ ਲਈ ਜਾਰੀ ਰਹੇਗਾ ਭਾਵੇਂ ਤੁਸੀਂ ਕਿਧਰੇ ਵੀ ਰਹਿੰਦੇ ਹੋਵੋ। 32 ਇਹ ਤੁਹਾਡੇ ਲਈ ਅਰਾਮ ਦਾ ਖਾਸ ਦਿਨ ਹੋਵੇਗਾ। ਤੁਹਾਨੂੰ ਭੋਜਨ ਨਹੀਂ ਖਾਣਾ ਚਾਹੀਦਾ। ਤੁਸੀਂ ਇਸ ਦਿਨ ਨੂੰ ਅਰਾਮ ਦੇ ਖਾਸ ਦਿਨ ਵਜੋਂ ਮਹੀਨੇ ਦੇ ਨੌਵੇਂ ਦਿਨ ਦੀ ਸ਼ਾਮ ਨੂੰ ਸ਼ੁਰੂ [a] ਕਰੋਂਗੇ-ਇਹ ਅਰਾਮ ਦਾ ਖਾਸ ਦਿਨ ਉਸ ਸ਼ਾਮ ਤੋਂ ਲੈ ਕੇ ਅਗਲੀ ਸ਼ਾਮ ਤੱਕ ਜਾਰੀ ਰਹੇਗਾ।”
ਡੇਰਿਆਂ ਦਾ ਪਰਬ
33 ਯਹੋਵਾਹ ਨੇ ਮੂਸਾ ਨੂੰ ਫ਼ੇਰ ਆਖਿਆ, 34 “ਇਸਰਾਏਲ ਦੇ ਲੋਕਾਂ ਨੂੰ ਆਖ; ਸੱਤਵੇਂ ਮਹੀਨੇ ਦੇ 15ਵੇਂ ਦਿਨ ਡੇਰਿਆਂ ਦਾ ਪਰਬ ਹੈ। ਯਹੋਵਾਹ ਲਈ ਇਹ ਛੁੱਟੀ 7 ਦਿਨ ਰਹੇਗੀ। 35 ਪਹਿਲੇ ਦਿਨ ਪਵਿੱਤਰ ਸਭਾ ਹੋਵੇਗੀ। ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। 36 ਤੁਹਾਨੂੰ ਯਹੋਵਾਹ ਨੂੰ ਸੱਤਾਂ ਦਿਨਾਂ ਤੀਕ ਅੱਗ ਦੁਆਰਾ ਭੇਟ ਚੜ੍ਹਾਉਣੀ ਚਾਹੀਦੀ ਹੈ। ਅੱਠਵੇਂ ਦਿਨ, ਤੁਸੀਂ ਇੱਕ ਪਵਿੱਤਰ ਸਭਾ ਕਰੋਂਗੇ ਅਤੇ ਯਹੋਵਾਹ ਨੂੰ ਅੱਗ ਦੁਆਰਾ ਇੱਕ ਭੇਟ ਚੜ੍ਹਾਵੋਂਗੇ। ਇਹ ਪਰਬ ਦਾ ਖਾਸ ਦਿਨ ਹੈ। ਇਸ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ।
37 “ਇਹ ਯਹੋਵਾਹ ਦੀਆਂ ਖਾਸ ਛੁੱਟੀਆਂ ਹਨ। ਇਨ੍ਹਾਂ ਛੁੱਟੀਆਂ ਤੇ ਪਵਿੱਤਰ ਸਭਾਵਾਂ ਹੋਣਗੀਆਂ। ਤੁਸੀਂ ਯਹੋਵਾਹ ਲਈ ਸੁਗਾਤਾਂ ਲਿਆਵੋਂਗੇ-ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ, ਬਲੀਆਂ ਅਤੇ ਪੀਣ ਦੀਆਂ ਭੇਟਾਂ। ਤੁਹਾਨੂੰ ਇਹ ਸੁਗਾਤਾਂ ਸਹੀ ਦਿਨਾਂ ਤੇ ਲਿਆਉਣੀਆਂ ਚਾਹੀਦੀਆਂ ਹਨ। 38 ਤੁਸੀਂ ਇਨ੍ਹਾਂ ਛੁੱਟੀਆਂ ਨੂੰ ਯਹੋਵਾਹ ਦੇ ਸਬਤਾਂ ਤੋਂ ਇਲਾਵਾ ਮਨਾਉਂਗੇ। ਤੁਸੀਂ ਸੁਗਾਤਾਂ ਨੂੰ ਯਹੋਵਾਹ ਨੂੰ ਆਪਣੀਆਂ ਹੋਰਨਾਂ ਭੇਟਾਂ, ਖਾਸ ਇਕਰਾਰਾਂ ਲਈ ਤੁਹਾਡੀਆਂ ਭੇਟਾਂ, ਅਤੇ ਤੁਹਾਡੀਆਂ ਮਨ-ਮਰਜ਼ੀ ਦੀਆਂ ਭੇਟਾਂ ਤੋਂ ਇਲਾਵਾ ਚੜ੍ਹਾਵੋਂਗੇ।
39 “ਸੱਤਵੇਂ ਮਹੀਨੇ ਦੇ 15ਵੇਂ ਦਿਨ ਜਦੋਂ ਤੁਸੀਂ ਧਰਤੀ ਦੀਆਂ ਫ਼ਸਲਾਂ ਸਾਂਭ ਹਟੋਂਗੇ, ਤੁਸੀਂ ਸੱਤਾਂ ਦਿਨਾਂ ਤੀਕ ਯਹੋਵਾਹ ਦਾ ਤਿਉਹਾਰ ਮਨਾਉਂਗੇ। ਪਹਿਲਾ ਦਿਨ ਅਤੇ ਅੱਠਵਾਂ ਦਿਨ ਅਰਾਮ ਦੇ ਖਾਸ ਦਿਨ ਹੋਣਗੇ। 40 ਪਹਿਲੇ ਦਿਨ, ਤੁਸੀਂ ਫ਼ਲਦਾਰ ਰੁੱਖਾਂ ਤੋਂ ਚੰਗੇ ਫ਼ਲ ਅਤੇ ਨਦੀ ਕੰਢੇ ਉੱਗੇ ਹੋਏ ਖਜ਼ੂਰ ਦੇ ਰੁੱਖਾਂ, ਪੋਪਲਰ ਦੇ ਰੁੱਖਾਂ ਅਤੇ ਵਿਲੋ ਦੇ ਰੁੱਖਾਂ ਦੀਆਂ ਟਾਹਣੀਆਂ ਲਵੋਂਗੇ। ਤੁਸੀਂ ਸੱਤਾਂ ਦਿਨਾਂ ਤੀਕ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਹਮਣੇ ਜਸ਼ਨ ਮਨਾਉਂਗੇ। 41 ਤੁਸੀਂ ਹਰ ਸਾਲ ਸੱਤ ਦਿਨ ਇਹ ਛੁੱਟੀ ਯਹੋਵਾਹ ਲਈ ਮਨਾਉਂਗੇ। ਇਹ ਨੇਮ ਹਮੇਸ਼ਾ ਰਹੇਗਾ। ਤੁਸੀਂ ਇਹ ਛੁੱਟੀ ਸੱਤਵੇਂ ਮਹੀਨੇ ਵਿੱਚ ਮਨਾਉਂਗੇ।
ਸਵਰਗ ਵਿੱਚ ਲੋਕ ਪਰਮੇਸ਼ੁਰ ਦੀ ਉਸਤਤਿ ਕਰਦੇ ਹਨ
19 ਇਸਤੋਂ ਮਗਰੋਂ, ਮੈਂ ਸਵਰਗ ਵਿੱਚੋਂ ਇੱਕ ਉੱਚੀ ਅਵਾਜ਼ ਸੁਣੀ ਜੋ ਬਹੁਤ ਸਾਰੇ ਲੋਕਾਂ ਵਾਂਗੂ ਲੱਗੀ। ਉਹ,
“ਹਲਲੂਯਾਹ!
ਆਖ ਰਹੇ ਸਨ। ਫ਼ਤੇਹ, ਮਹਿਮਾ ਅਤੇ ਸ਼ਕਤੀ ਸਾਡੇ ਪਰਮੇਸ਼ੁਰ ਨਾਲ ਸੰਬੰਧਿਤ ਹੈ।
2 ਨਿਆਂ ਉਸ ਦੇ ਹਨ ਸੱਚੇ ਤੇ ਸਹੀ।
ਸਾਡੇ ਪਰਮੇਸ਼ੁਰ ਨੇ ਉਸ ਮਹਾਨ ਵੇਸ਼ਵਾ ਨੂੰ ਸਜ਼ਾ ਦਿੱਤੀ ਜਿਸਨੇ
ਆਪਣੇ ਜਿਨਸੀ ਪਾਪਾਂ ਨਾਲ ਧਰਤੀ ਨੂੰ ਪਲੀਤ ਕਰ ਦਿੱਤਾ।
ਪਰਮੇਸ਼ੁਰ ਨੇ ਵੇਸ਼ਵਾ ਨੂੰ ਦੰਡ ਦੇਕੇ ਆਪਣੇ ਸੇਵਕਾਂ ਦੀ ਮੌਤ ਦਾ ਬਦਲਾ ਲੈ ਲਿਆ।”
3 ਸਵਰਗ ਵਿੱਚਲੇ ਲੋਕਾਂ ਨੇ ਆਖਿਆ:
“ਹਲਲੂਯਾਹ!
ਉਹ ਸੜ ਰਹੀ ਹੈ ਅਤੇ ਉਸਦਾ ਧੂਆਂ ਸਦਾ ਅਤੇ ਸਦਾ ਲਈ ਉੱਠੇਗ਼ਾ।”
4 ਫ਼ਿਰ ਚੌਵੀ ਬਜ਼ੁਰਗ ਅਤੇ ਚਾਰ ਸਜੀਵ ਚੀਜ਼ਾਂ ਝੁਕੀਆਂ ਅਤੇ ਉਨ੍ਹਾਂ ਨੇ ਉਸ ਇੱਕ ਦੀ ਉਪਾਸਨਾ ਕੀਤੀ ਜੋ ਉਸ ਤਖਤ ਤੇ ਬਿਰਾਜਮਾਨ ਸੀ। ਉਨ੍ਹਾਂ ਨੇ ਆਖਿਆ:
“ਆਮੀਨ, ਹਲਲੂਯਾਹ।”
5 ਫ਼ਿਰ ਤਖਤ ਤੋਂ ਇੱਕ ਅਵਾਜ਼ ਆਈ। ਅਵਾਜ਼ ਨੇ ਆਖਿਆ:
“ਤੁਸੀਂ ਸਾਰੇ ਲੋਕੋ ਜੋ ਸਾਡੇ ਪਰਮੇਸ਼ੁਰ ਦੀ ਸੇਵਾ ਕਰਦੇ ਹੋ, ਉਸਦੀ ਉਸਤਤਿ ਕਰੋ।
ਸਾਰੇ ਲੋਕੋ, ਵੱਡੇ ਅਤੇ ਛੋਟੇ ਜਿਹੜੇ ਪਰਮੇਸ਼ੁਰ ਨੂੰ ਸਤਿਕਾਰਦੇ ਹੋ, ਉਸਦੀ ਉਸਤਤਿ ਕਰੋ।”
6 ਫ਼ਿਰ ਮੈਂ ਕੁਝ ਸੁਣਿਆ ਜਿਸਨੇ ਬਹੁਤ ਸਾਰੇ ਲੋਕਾਂ ਜਿੰਨਾ ਰੌਲਾ ਪਾਇਆ। ਇਹ ਹੜ੍ਹਾਂ ਦੇ ਪਾਣੀ ਵਰਗੀ ਅਤੇ ਸ਼ਕਤੀਸ਼ਾਲੀ ਗਰਜ ਵਰਗੀ ਸੀ। ਲੋਕ ਆਖ ਰਹੇ ਸਨ:
“ਹਲਲੂਯਾਹ!
ਸਾਡਾ ਪ੍ਰਭੂ ਪਰਮੇਸ਼ੁਰ ਸ਼ਾਸਨ ਕਰਦਾ ਹੈ।
ਉਹ ਹੀ ਸਰਬ ਸ਼ਕਤੀਮਾਨ ਹੈ।
7 ਆਓ, ਅਸੀਂ ਆਨੰਦ ਮਾਣੀਏ ਅਤੇ ਖੁਸ਼ ਹੋਈਏ ਅਤੇ ਪਰਮੇਸ਼ੁਰ ਨੂੰ ਮਹਿਮਾ
ਦੇਈਏ ਅਸੀਂ ਇੰਝ ਉਸਦੀ ਉਸਤਤਿ ਕਰੀਏ ਜਿਵੇਂ ਲੇਲੇ ਦਾ ਵਿਆਹ ਆਇਆ ਹੈ।
ਅਤੇ ਲੇਲੇ ਦੀ ਵਹੁਟੀ ਨੇ ਆਪਣੇ ਆਪ ਨੂੰ ਸ਼ਿੰਗਾਰਿਆ ਹੈ।
8 ਲਾੜੀ ਨੂੰ ਪਾਉਣ ਲਈ ਵੱਧੀਆ ਲਿਨਨ ਦੇ ਕੱਪੜੇ ਦਿੱਤੇ ਗਏ ਸਨ।
ਵੱਧੀਆ ਲਿਨਨ ਦੇ ਕੱਪੜਾ ਸਾਫ਼ ਅਤੇ ਚਮਕੀਲਾ ਸੀ।”
(ਵੱਧੀਆ ਲਿਨਨ ਦੇ ਕੱਪੜੇ ਤੋਂ ਭਾਵ ਹੈ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੀਆਂ ਚੰਗੀਆਂ ਕਰਨੀਆਂ।)
2010 by World Bible Translation Center