Revised Common Lectionary (Semicontinuous)
ਪਹਿਲੀ ਫ਼ਸਲ
26 “ਤੁਸੀਂ ਛੇਤੀ ਹੀ ਉਸ ਧਰਤੀ ਵਿੱਚ ਦਾਖਲ ਹੋਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰੋਂਗੇ ਅਤੇ ਉੱਥੇ ਰਹੋਂਗੇ। 2 ਤੁਸੀਂ ਉਹ ਫ਼ਸਲਾਂ ਇਕੱਠੀਆਂ ਕਰੋਂਗੇ ਜਿਹੜੀਆਂ ਉਸ ਧਰਤੀ ਉੱਤੇ ਉੱਗਦੀਆਂ ਹਨ ਜਿਹੜੀ ਯਹੋਵਾਹ ਤੁਹਾਨੂੰ ਦੇ ਰਿਹਾ ਹੈ ਤੁਹਾਨੂੰ ਚਾਹੀਦਾ ਹੈ ਕਿ ਪਹਿਲੀ ਫ਼ਸਲ ਨੂੰ ਟੋਕਰਿਆਂ ਵਿੱਚ ਇਕੱਠੀ ਕਰ ਲਵੋ। ਫ਼ੇਰ ਆਪਣੀ ਫ਼ਸਲ ਦਾ ਪਹਿਲਾ ਹਿੱਸਾ ਉਸ ਥਾਂ ਲੈ ਜਾਵੋ ਜਿਸ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਆਪਣੇ ਨਾਮ ਦੀ ਰਿਹਾਇਸ਼ ਲਈ ਚੁਣਿਆ ਹੈ। 3 ਉਸ ਜਾਜਕ ਕੋਲ ਜਾਵੋ ਜਿਹੜਾ ਉਸ ਵੇਲੇ ਸੇਵਾ ਕਰ ਰਿਹਾ ਹੋਵੇ। ਉਸ ਨੂੰ ਆਖੋ, ‘ਯਹੋਵਾਹ ਨੇ ਸਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ ਕਿ ਉਹ ਸਾਨੂੰ ਕੁਝ ਧਰਤੀ ਦੇਵੇਗਾ। ਅੱਜ ਮੈਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੇ ਸਾਹਮਣੇ ਇਹ ਐਲਾਨ ਕਰਨ ਲਈ ਆਇਆ ਹਾਂ ਕਿ ਮੈਂ ਉਸ ਧਰਤੀ ਉੱਤੇ ਆ ਗਿਆ ਹਾਂ!’
4 “ਫ਼ੇਰ ਜਾਜਕ ਤੁਹਾਡੇ ਪਾਸੋਂ ਟੋਕਰੀ ਲੈ ਲਵੇਗਾ। ਉਹ ਇਸ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਜਗਵੇਦੀ ਦੇ ਸਾਹਮਣੇ ਰੱਖ ਦੇਵੇਗਾ। 5 ਫ਼ੇਰ ਉੱਥੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸਨਮੁੱਖ ਇਹ ਆਖੋਂਗੇ: ‘ਮੇਰਾ ਪੁਰਖਾ ਇੱਕ ਖਾਣਾਬਦੋਸ਼ ਅਰਾਮੀ ਸੀ। ਉਹ ਮਿਸਰ ਵਿੱਚ ਗਿਆ ਅਤੇ ਉੱਥੇ ਰਹਿ ਪਿਆ। ਜਦੋਂ ਉਹ ਉੱਥੇ ਗਿਆ ਸੀ ਤਾਂ ਉਸਦਾ ਪਰਿਵਾਰ ਛੋਟਾ ਸੀ। ਪਰ ਮਿਸਰ ਵਿੱਚ ਉਹ ਇੱਕ ਮਹਾਨ ਕੌਮ ਬਣ ਗਿਆ-ਬਹੁਤ ਸਾਰੇ ਲੋਕਾਂ ਦੀ ਤਾਕਤਵਰ ਕੌਮ 6 ਮਿਸਰੀਆਂ ਨੇ ਸਾਡੇ ਨਾਲ ਬੁਰਾ ਵਿਹਾਰ ਕੀਤਾ। ਉਨ੍ਹਾਂ ਨੇ ਸਾਨੂੰ ਗੁਲਾਮ ਬਣਾਇਆ। ਉਨ੍ਹਾਂ ਨੇ ਸਾਨੂੰ ਦੁੱਖ ਦਿੱਤੇ ਅਤੇ ਸਾਡੇ ਕੋਲੋਂ ਬਹੁਤ ਮੁਸ਼ੱਕਤ ਕਰਵਾਈ। 7 ਫ਼ੇਰ ਅਸੀਂ ਯਹੋਵਾਹ, ਸਾਡੇ ਪੁਰਖਿਆਂ ਦੇ ਪਰਮੇਸ਼ੁਰ ਅੱਗੇ ਪੁਕਾਰ ਕੀਤੀ ਅਤੇ ਉਨ੍ਹਾਂ ਵਿਰੁੱਧ ਸ਼ਿਕਾਇਤ ਕੀਤੀ। ਯਹੋਵਾਹ ਨੇ ਸਾਡੀ ਗੱਲ ਸੁਣੀ, ਸਾਡੀਆਂ ਸਮੱਸਿਆਵਾਂ, ਸਾਡੀ ਸਖ਼ਤ ਮਿਹਨਤ ਅਤੇ ਸਾਡੀਆਂ ਮੁਸੀਬਤਾਂ ਵੇਖ ਲਈਆਂ। 8 ਫ਼ੇਰ ਯਹੋਵਾਹ ਸਾਨੂੰ ਆਪਣੀ ਮਹਾਨ ਸ਼ਕਤੀ ਅਤੇ ਤਾਕਤ ਨਾਲ ਮਿਸਰ ਵਿੱਚੋਂ ਕੱਢ ਲਿਆਇਆ। ਉਸ ਨੇ ਵੱਡੇ ਕਰਿਸ਼ਮੇ ਦਿਖਾਏ। ਉਸ ਨੇ ਹੈਰਾਨੀ ਭਰੀਆਂ ਗੱਲਾਂ ਕੀਤੀਆਂ। 9 ਇਸ ਤਰ੍ਹਾਂ ਉਹ ਸਾਨੂੰ ਇਸ ਥਾਂ ਉੱਤੇ ਲੈ ਆਇਆ। ਉਸ ਨੇ ਸਾਨੂੰ ਇਹ ਧਰਤੀ ਦੇ ਦਿੱਤੀ-ਬਹੁਤ ਸਾਰੀਆਂ ਨਿਆਮਤਾ ਨਾਲ ਭਰੀ ਹੋਈ ਧਰਤੀ। 10 ਹੁਣ ਯਹੋਵਾਹ, ਮੈਂ ਤੁਹਾਡੇ ਲਈ, ਤੁਹਾਡੀ ਦਿੱਤੀ ਹੋਈ ਧਰਤੀ ਦੀ ਪਹਿਲੀ ਫ਼ਸਲ ਲੈ ਕੇ ਆਇਆ ਹਾਂ।’
“ਫ਼ੇਰ ਤੁਹਾਨੂੰ ਪਹਿਲੇ ਫ਼ਲਾਂ ਦੀ ਟੋਕਰੀ ਯਹੋਵਾਹ, ਆਪਣੇ ਪਰਮੇਸ਼ੁਰ, ਅੱਗੇ ਰੱਖ ਦੇਣੀ ਚਾਹੀਦੀ ਹੈ ਅਤੇ ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਝੁਕ ਜਾਣਾ ਚਾਹੀਦਾ ਹੈ। 11 ਫ਼ੇਰ ਤੁਹਾਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਾਨਣਾ ਚਾਹੀਦਾ ਹੈ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦਿੱਤੀਆਂ ਹਨ। ਤੁਹਾਨੂੰ ਉਹ ਚੀਜ਼ਾਂ ਲੇਵੀਆਂ ਅਤੇ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀਆਂ ਨਾਲ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ।
91 ਤੁਸੀਂ ਸਰਬ ਉੱਚ ਪਰਮੇਸ਼ੁਰ ਕੋਲ ਲੁਕਣ ਲਈ ਜਾ ਸੱਕਦੇ ਹੋ।
ਤੁਸੀਂ ਸੁਰੱਖਿਆ ਲਈ ਸਰਬ ਸ਼ਕਤੀਮਾਨ ਪਰਮੇਸ਼ੁਰ ਕੋਲ ਜਾ ਸੱਕਦੇ ਹੋ।
2 ਮੈਂ ਆਪਣੇ ਪਰਮੇਸ਼ੁਰ ਨੂੰ ਦੱਸਦਾ ਹਾਂ, “ਤੁਸੀਂ ਮੇਰੀ ਸੁਰੱਖਿਆ ਦਾ ਸਥਾਨ, ਮੇਰਾ ਕਿਲ੍ਹਾ ਹੋ।
ਮੇਰੇ ਪਰਮੇਸ਼ੁਰ, ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ।”
9 ਕਿਉਂ? ਕਿਉਂਕਿ ਤੁਸੀਂ ਯਹੋਵਾਹ ਉੱਤੇ ਵਿਸ਼ਵਾਸ ਕਰਦੇ ਹੋ,
ਤੁਸੀਂ ਸਰਬ ਉੱਚ ਪਰਮੇਸ਼ੁਰ ਨੂੰ ਆਪਣਾ ਸੁਰੱਖਿਅਤ ਟਿਕਾਣਾ ਬਣਾਇਆ ਹੈ।
10 ਕੋਈ ਮੰਦੀ ਗੱਲ ਤੁਹਾਡੇ ਨਾਲ ਨਹੀਂ ਵਾਪਰੇਗੀ।
ਤੁਹਾਡੇ ਘਰ ਅੰਦਰ ਬਿਮਾਰੀਆਂ ਨਹੀਂ ਹੋਣਗੀਆਂ।
11 ਪਰਮੇਸ਼ੁਰ ਤੁਹਾਡੇ ਲਈ ਆਪਣੇ ਦੂਤਾਂ ਨੂੰ ਆਦੇਸ਼ ਕਰੇਗਾ ਅਤੇ ਤੁਸੀਂ ਜਿੱਥੇ ਵੀ ਜਾਵੋਂਗੇ ਉਹ ਤੁਹਾਡੀ ਹਰ ਥਾਂ ਰੱਖਿਆ ਕਰਨਗੇ।
12 ਉਨ੍ਹਾਂ ਦੇ ਹੱਥ ਤੁਹਾਨੂੰ ਫ਼ੜ ਲੈਣਗੇ,
ਤਾਂ ਜੋ ਤੁਹਾਡਾ ਪੈਰ ਪੱਥਰਾਂ ਉੱਤੇ ਨਾ ਵਜੇ।
13 ਤੁਹਾਡੇ ਕੋਲ ਸ਼ੇਰਾਂ ਅਤੇ ਜ਼ਹਿਰੀਲੇ ਸੱਪਾਂ ਉੱਪਰ
ਤੁਰਨ ਦੀ ਸ਼ਕਤੀ ਹੋਵੇਗੀ।
14 ਯਹੋਵਾਹ ਆਖਦੇ ਹਨ, “ਜੇ ਕੋਈ ਮੇਰੇ ਉੱਪਰ ਭਰੋਸਾ ਕਰਦਾ ਹੈ ਮੈਂ ਉਸ ਨੂੰ ਬਚਾ ਲਵਾਂਗਾ।
ਮੈਂ ਆਪਣੇ ਪੈਰੋਕਾਰਾਂ ਨੂੰ ਬਚਾਵਾਂਗਾ ਜਿਹੜੇ ਮੇਰੇ ਨਾਮ ਦੀ ਉਪਾਸਨਾ ਕਰਦੇ ਹਨ।
15 ਮੇਰੇ ਪੈਰੋਕਾਰ ਮੈਨੂੰ ਸਹਾਇਤਾ ਲਈ ਪੁਕਾਰਨਗੇ, ਅਤੇ ਮੈਂ ਉਨ੍ਹਾਂ ਦੀ ਪੁਕਾਰ ਸੁਣਾਂਗਾ।
ਜਦੋਂ ਵੀ ਉਨ੍ਹਾਂ ਉੱਤੇ ਮੁਸੀਬਤ ਆਵੇਗੀ ਮੈਂ ਉਨ੍ਹਾਂ ਦੇ ਅੰਗ-ਸੰਗ ਹੋਵਾਂਗਾ।
ਮੈਂ ਉਨ੍ਹਾਂ ਨੂੰ ਬਚਾ ਲਵਾਂਗਾ ਅਤੇ ਉਨ੍ਹਾਂ ਨੂੰ ਮਾਨ ਦੇਵਾਂਗਾ।
16 ਮੈਂ ਆਪਣੇ ਪੈਰੋਕਾਰਾਂ ਨੂੰ ਲੰਮੀ ਜ਼ਿੰਦਗੀ ਦੇਵਾਂਗਾ।
ਅਤੇ ਮੈਂ ਉਨ੍ਹਾਂ ਨੂੰ ਬਚਾਵਾਂਗਾ।”
8 ਇਸ ਦੀ ਜਗ਼੍ਹਾ, ਪੋਥੀ ਆਖਦੀ ਹੈ, “ਪਰਮੇਸ਼ੁਰ ਦੇ ਉਪਦੇਸ਼ ਤੁਹਾਡੇ ਨੇੜੇ ਹਨ। ਇਹ ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿੱਚ ਹਨ।” [a] ਇਹ ਸਿੱਖਿਆ ਨਿਹਚਾ ਦੀ ਸਿੱਖਿਆ ਹੈ ਜੋ ਅਸੀਂ ਲੋਕਾਂ ਵਿੱਚ ਪੁਕਾਰਦੇ ਹਾਂ। 9 ਜੇਕਰ ਤੂੰ ਆਪਣੇ ਮੂੰਹ ਨਾਲ ਐਲਾਨ ਕਰਦਾ ਹੈਂ, “ਯਿਸੂ ਪ੍ਰਭੂ ਹੈ” ਅਤੇ ਜੇਕਰ ਤੂੰ ਆਪਣੇ ਦਿਲ ਵਿੱਚ ਯਕੀਨ ਕਰਦਾ ਹੈਂ ਕਿ ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਤੋਂ ਉੱਠਾਇਆ ਹੈ ਤਾਂ ਤੂੰ ਬਚਾਇਆ ਜਾਵੇਂਗਾ। 10 ਹਾਂ, ਅਸੀਂ ਆਪਣੇ ਦਿਲਾਂ ਨਾਲ ਨਿਹਚਾ ਕਰਦੇ ਹਾਂ, ਇਸ ਲਈ ਅਸੀਂ ਧਰਮੀ ਬਣਾਏ ਜਾਂਦੇ ਹਾਂ। ਅਸੀਂ ਆਪਣੇ ਖੁਦ ਦੇ ਮੂੰਹਾਂ ਨਾਲ ਐਲਾਨ ਕਰਦੇ ਹਾਂ ਕਿ ਅਸੀਂ ਉਸ ਵਿੱਚ ਨਿਹਚਾ ਕਰਦੇ ਹਾਂ, ਇਸ ਲਈ ਅਸੀਂ ਬਚਾਏ ਗਏ ਹਾਂ।
11 ਹਾਂ, ਪੋਥੀ ਆਖਦੀ ਹੈ, “ਜਿਹੜਾ ਵੀ ਮਨੁੱਖ ਉਸ ਉੱਪਰ ਨਿਹਚਾ ਰੱਖੇਗਾ ਉਸ ਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ।” [b] 12 ਪੋਥੀ ਦਾ ਉਹ ਪੈਰਾ ਆਖਦਾ ਹੈ, “ਕੋਈ ਵੀ ਵਿਅਕਤੀ” ਕਿਉਂਕਿ ਪਰਮੇਸ਼ੁਰ ਯਹੂਦੀ ਅਤੇ ਗੈਰ ਯਹੂਦੀ ਵਿੱਚ ਭੇਦ ਨਹੀਂ ਕਰਦਾ। ਉਹੀ ਪ੍ਰਭ ਸਭ ਦਾ ਪ੍ਰਭੂ ਹੈ। ਪ੍ਰਭੂ ਉਨ੍ਹਾਂ ਸਭ ਲੋਕਾਂ ਨੂੰ ਅਥਾਹ ਅਸੀਸਾਂ ਦਿੰਦਾ ਹੈ ਜਿਹੜੇ ਉਸ ਵਿੱਚ ਨਿਹਚਾ ਰੱਖਦੇ ਹਨ। 13 ਪੋਥੀਆਂ ਆਖਦੀਆਂ ਹਨ, “ਹਰ ਉਹ ਮਨੁੱਖ ਜੋ ਪ੍ਰਭੂ ਵਿੱਚ ਵਿਸ਼ਵਾਸ ਰੱਖਦਾ ਹੈ ਬਚਾਇਆ ਜਾਵੇਗਾ।” [c]
ਯਿਸੂ ਦਾ ਸ਼ੈਤਾਨ ਵੱਲੋਂ ਪਰਤਾਇਆ ਜਾਣਾ(A)
4 ਯਿਸੂ ਪਵਿੱਤਰ ਆਤਮਾ ਨਾਲ ਭਰਪੂਰ ਹੋਕੇ ਯਰਦਨ ਨਦੀ ਤੋਂ ਮੁੜਿਆ ਤਾਂ ਆਤਮਾ ਉਸ ਨੂੰ ਉਜਾੜ ਵਿੱਚ ਲੈ ਗਿਆ। 2 ਉੱਥੇ ਯਿਸੂ ਨੂੰ ਸ਼ੈਤਾਨ ਨੇ ਚਾਲੀ ਦਿਨਾਂ ਤੱਕ ਪਰੱਖਿਆ, ਅਤੇ ਉਨੇ ਦਿਨ ਯਿਸੂ ਨੇ ਕੁਝ ਨਹੀਂ ਖਾਧਾ। ਜਦੋਂ ਉਹ ਸਮਾਂ ਖਤਮ ਹੋਇਆ, ਤਾਂ ਉਸ ਨੂੰ ਬੜੀ ਭੁੱਖ ਲੱਗੀ।
3 ਸ਼ੈਤਾਨ ਨੇ ਯਿਸੂ ਨੂੰ ਕਿਹਾ, “ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈ ਤਾਂ ਇਸ ਪੱਥਰ ਨੂੰ ਆਖ ਕਿ ਰੋਟੀ ਬਣ ਜਾਵੇ।”
4 ਯਿਸੂ ਨੇ ਜਵਾਬ ਦਿੱਤਾ, “ਇਹ ਲਿਖਿਆ ਗਿਆ ਹੈ ਕਿ:
‘ਇਹ ਸਿਰਫ਼ ਰੋਟੀ ਹੀ ਨਹੀਂ ਜੋ ਮਨੁੱਖ ਨੂੰ ਜਿਉਂਦਾ ਰੱਖਦੀ ਹੈ।’” (B)
5 ਫ਼ਿਰ ਸ਼ੈਤਾਨ ਉਸ ਨੂੰ ਇੱਕ ਉੱਚੇ ਪਹਾੜ ਤੇ ਲੈ ਗਿਆ ਅਤੇ ਇੱਕ ਪਲ ਵਿੱਚ ਦੁਨੀਆਂ ਦੀਆਂ ਤਮਾਮ ਪਾਤਸ਼ਾਹੀਆਂ ਵਿਖਾਈਆਂ। 6 ਸ਼ੈਤਾਨ ਨੇ ਯਿਸੂ ਨੂੰ ਕਿਹਾ, “ਮੈਂ ਇਹ ਤਮਾਮ ਰਾਜਾਂ ਦਾ ਅਧਿਕਾਰ ਅਤੇ ਮਹਿਮਾ ਤੈਨੂੰ ਦਿੰਦਾ ਹਾਂ। ਕਿਉਂ ਕਿ ਇਹ ਸਭ ਮੈਨੂੰ ਦਿੱਤਾ ਗਿਆ ਹੈ। ਅਤੇ ਮੈਂ ਇਹ ਤਾਕਤ ਜਿਸ ਮਨੁੱਖ ਨੂੰ ਚਾਹਾਂ ਦੇ ਸੱਕਦਾ ਹਾਂ। 7 ਅਤੇ ਜੇਕਰ ਤੂੰ ਮੇਰੇ ਚਰਨਾਂ ਤੇ ਡਿੱਗ ਮੇਰੀ ਉਪਾਸਨਾ ਕਰੇਂ ਮੈਂ ਇਹ ਸਭ ਰਾਜ ਤੈਨੂੰ ਦਿੰਦਾ ਹਾਂ।”
8 ਯਿਸੂ ਨੇ ਜਵਾਬ ਦਿੱਤਾ, “ਇਹ ਪਵਿੱਤਰ ਪੋਥੀ ਵਿੱਚ ਲਿਖਿਆ ਹੈ ਕਿ:
‘ਤੈਨੂੰ ਪ੍ਰਭੂ ਤੇਰੇ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਹੈ
ਅਤੇ ਉਸ ਇੱਕਲੇ ਦੀ ਹੀ ਸੇਵਾ ਕਰ।’” (C)
9 ਤਦ ਸ਼ੈਤਾਨ ਉਸ ਨੂੰ ਯਰੂਸ਼ਲਮ ਵਿੱਚ ਲੈ ਗਿਆ ਅਤੇ ਉਸ ਨੂੰ ਮੰਦਰ ਦੇ ਸਭ ਤੋਂ ਉੱਚੇ ਸਥਾਨ ਤੇ ਖੜ੍ਹਾ ਕਰ ਦਿੱਤਾ ਅਤੇ ਆਖਿਆ, “ਜੇਕਰ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਇੱਥੋਂ ਥੱਲੇ ਕੁੱਦ ਜਾ। 10 ਇਹ ਪਵਿੱਤਰ ਪੋਥੀਆਂ ਵਿੱਚ ਲਿਖਿਆ ਹੈ ਕਿ:
‘ਪਰਮੇਸ਼ੁਰ ਤੇਰੇ ਲਈ ਆਪਣੇ ਦੂਤਾਂ ਨੂੰ
ਧਿਆਨ ਨਾਲ ਤੇਰੀ ਰੱਖਿਆ ਕਰਨ ਦਾ ਹੁਕਮ ਦੇਵੇਗਾ।’ (D)
11 ਅਤੇ ਇਹ ਵੀ ਲਿਖਿਆ ਹੋਇਆ ਹੈ ਕਿ!
‘ਉਹ ਤੈਨੂੰ ਆਪਣੇ ਹੱਥਾਂ ਵਿੱਚ ਬੋਚ ਲੈਣਗੇ ਤਾਂ ਜੋ
ਪੱਥਰ ਨਾਲ ਤੇਰੇ ਪੈਰ ਨੂੰ ਸੱਟ ਨਾ ਲੱਗੇ।’” (E)
12 ਯਿਸੂ ਨੇ ਜਵਾਬ ਦਿੱਤਾ, “ਪਰ ਪੋਥੀਆਂ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ: ‘ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਨਾ ਪਰਤਾ।’” [a]
13 ਤਾਂ ਸ਼ੈਤਾਨ ਜਦੋਂ ਸਾਰਾ ਪਰਤਾਵਾ ਕਰ ਚੁੱਕਾ ਤਾਂ ਫ਼ੇਰ ਕਿਸੇ ਹੋਰ ਚੰਗੇ ਵਕਤ ਦੀ ਉਡੀਕ ਕਰਦਾ ਉਸ ਕੋਲੋਂ ਦੂਰ ਚੱਲਾ ਗਿਆ।
2010 by World Bible Translation Center