Revised Common Lectionary (Semicontinuous)
3 ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਮੈਂ ਤੁਹਾਡਾ ਭਰਾ ਯੂਸੁਫ਼ ਹਾਂ। ਕੀ ਮੇਰਾ ਪਿਤਾ ਠੀਕ-ਠਾਕ ਹੈ?” ਪਰ ਭਰਾਵਾਂ ਨੇ ਉਸ ਨੂੰ ਜਵਾਬ ਨਹੀਂ ਦਿੱਤਾ। ਉਹ ਉਲਝਣ ਵਿੱਚ ਪਏ ਹੋਏ ਅਤੇ ਡਰੇ ਹੋਏ ਸਨ।
4 ਇਸ ਲਈ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਇੱਕ ਵਾਰੀ ਫ਼ੇਰ ਆਖਿਆ, “ਆਓ ਮੇਰੇ ਕੋਲ ਆਓ। ਮੈਂ ਬੇਨਤੀ ਕਰਦਾ ਹਾਂ ਇੱਥੇ ਆਓ।” ਇਸ ਲਈ ਭਰਾ ਯੂਸੁਫ਼ ਦੇ ਨੇੜੇ ਹੋ ਗਏ। ਅਤੇ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਡਾ ਭਰਾ ਯੂਸੁਫ਼ ਹਾਂ। ਮੈਂ ਹੀ ਹਾਂ ਜਿਸ ਨੂੰ ਤੁਸੀਂ ਗੁਲਾਮ ਵਜੋਂ ਮਿਸਰ ਨੂੰ ਵੇਚ ਦਿੱਤਾ ਸੀ। 5 ਹੁਣ, ਫ਼ਿਕਰ ਨਾ ਕਰੋ। ਜੋ ਕੁਝ ਤੁਸੀਂ ਕੀਤਾ ਸੀ ਉਸ ਕਾਰਣ ਆਪਣੇ-ਆਪ ਉੱਤੇ ਗੁੱਸਾ ਨਾ ਕਰੋ। ਇਹ ਮੇਰੇ ਲਈ ਪਰਮੇਸ਼ੁਰ ਦੀ ਯੋਜਨਾ ਸੀ ਕਿ ਮੈਂ ਇੱਥੇ ਆਉਂਦਾ। ਮੈਂ ਇੱਥੇ ਤੁਹਾਡੀ ਜਾਨ ਬਚਾਉਣ ਲਈ ਹਾਂ। 6 ਅਕਾਲ ਦਾ ਇਹ ਭਿਆਨਕ ਸਮਾਂ ਹੁਣ ਦੋ ਸਾਲ ਤੋਂ ਜਾਰੀ ਹੈ। ਅਤੇ ਪੰਜ ਵਰ੍ਹੇ ਹੋਰ ਫ਼ਸਲਾਂ ਦੀ ਬਿਜਾਈ ਜਾਂ ਵਾਢੀ ਤੋਂ ਬਿਨਾ ਰਹਿਣਗੇ। 7 ਇਸ ਲਈ ਪਰਮੇਸ਼ੁਰ ਨੇ ਮੈਨੂੰ ਇੱਥੇ ਤੁਹਾਡੇ ਨਾਲੋਂ ਪਹਿਲਾਂ ਭੇਜ ਦਿੱਤਾ ਸੀ ਤਾਂ ਜੋ ਮੈਂ ਇਸ ਦੇਸ਼ ਵਿੱਚ ਤੁਹਾਡੇ ਲੋਕਾਂ ਨੂੰ ਬਚਾ ਸੱਕਾਂ। 8 ਇਹ ਤੁਹਾਡਾ ਦੋਸ਼ ਨਹੀਂ ਸੀ ਕਿ ਮੈਨੂੰ ਇੱਥੇ ਭੇਜਿਆ ਗਿਆ। ਇਹ ਪਰਮੇਸ਼ੁਰ ਦੀ ਯੋਜਨਾ ਸੀ। ਪਰਮੇਸ਼ੁਰ ਨੇ ਮੈਨੂੰ ਫ਼ਿਰਊਨ ਲਈ ਪਿਤਾ ਵਾਂਗ ਬਣਾਇਆ। ਮੈਂ ਉਸ ਦੇ ਸਾਰੇ ਘਰ ਅਤੇ ਪੂਰੇ ਮਿਸਰ ਦਾ ਰਾਜਪਾਲ ਹਾਂ।”
ਇਸਰਾਏਲ ਨੂੰ ਮਿਸਰ ਆਉਣ ਦਾ ਸੱਦਾ
9 ਯੂਸੁਫ਼ ਨੇ ਆਖਿਆ, “ਛੇਤੀ ਕਰੋ ਅਤੇ ਮੇਰੇ ਪਿਤਾ ਕੋਲ ਜਾਉ। ਉਸ ਨੂੰ ਆਖੋ ਕਿ ਉਸ ਦੇ ਪੁੱਤਰ ਯੂਸੁਫ਼ ਨੇ ਇਹ ਸੰਦੇਸ਼ ਭੇਜਿਆ ਹੈ: ‘ਪਰਮੇਸ਼ੁਰ ਨੇ ਮੈਨੂੰ ਮਿਸਰ ਦਾ ਰਾਜਪਾਲ ਬਣਾਇਆ ਹੈ। ਇਸ ਲਈ ਇੱਥੇ ਮੇਰੇ ਕੋਲ ਆਉ। ਦੇਰੀ ਨਾ ਕਰੋ। ਹੁਣੇ ਆ ਜਾਉ। 10 ਤੁਸੀਂ ਮੇਰੇ ਨੇੜੇ ਗੋਸ਼ਨ ਦੀ ਧਰਤੀ ਉੱਤੇ ਰਹਿ ਸੱਕਦੇ ਹੋ। ਤੁਸੀਂ, ਤੁਹਾਡੇ ਬੱਚੇ, ਤੁਹਾਡੇ ਪੋਤਰੇ ਅਤੇ ਤੁਹਾਡੇ ਸਾਰੇ ਪਸ਼ੂ ਇੱਥੇ ਸਵਾਗਤ ਦੇ ਯੋਗ ਹਨ। 11 ਮੈਂ ਅਕਾਲ ਦੇ ਅਗਲੇ ਪੰਜ ਸਾਲ ਤੁਹਾਡੀ ਦੇਖ-ਭਾਲ ਕਰਾਂਗਾ। ਇਸ ਲਈ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ।’
15 ਫ਼ੇਰ ਯੂਸੁਫ਼ ਨੇ ਆਪਣੇ ਸਾਰੇ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਨਾਲ ਲੱਗ ਕੇ ਰੋਇਆ। ਇਸਤੋਂ ਮਗਰੋਂ ਭਰਾ ਉਸ ਨਾਲ ਗੱਲਾਂ ਕਰਨ ਲੱਗੇ।
ਦਾਊਦ ਦਾ ਇੱਕ ਗੀਤ।
37 ਦੁਸ਼ਟ ਲੋਕਾਂ ਬਾਰੇ ਪਰੇਸ਼ਾਨ ਨਾ ਹੋਵੋ।
ਬਦਕਾਰਾਂ ਬਾਰੇ ਈਰਖਾਲੂ ਨਾ ਹੋਵੋ।
2 ਮੰਦੇ ਲੋਕ ਉਸ ਘਾਹ ਅਤੇ ਹਰੇ ਪੌਦਿਆਂ ਵਰਗੇ ਹਨ
ਜਿਹੜੇ ਛੇਤੀ ਹੀ ਮੁਰਝਾ ਜਾਂਦੇ ਹਨ ਅਤੇ ਮਰ ਜਾਂਦੇ ਹਨ।
3 ਜੇ ਤੁਸੀਂ ਯਹੋਵਾਹ ਵਿੱਚ ਯਕੀਨ ਰੱਖਦੇ ਹੋ ਅਤੇ ਚੰਗੇ ਕਾਰੇ ਕਰਦੇ ਹੋ,
ਤੁਸੀਂ ਧਰਤੀ ਉੱਤੇ ਜੀਵੋਂਗੇ ਅਤੇ ਉਨ੍ਹਾਂ ਵਿਭਿੰਨ ਚੀਜ਼ਾਂ ਨਾਲ ਆਨੰਦਿਤ ਹੋ ਜਾਵੋਂਗੇ ਜੋ ਉਹ ਦਿੰਦਾ ਹੈ।
4 ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ੀ ਅਨੁਭਵ ਕਰੋ,
ਅਤੇ ਉਹ ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇਗਾ।
5 ਯਹੋਵਾਹ ਤੇ ਨਿਰਭਰ ਹੋਵੋ, ਅਤੇ ਉਸ ਵਿੱਚ ਯਕੀਨ ਰੱਖੋ।
ਫ਼ੇਰ ਜਿਹੜਾ ਲੋੜੀਦਾ ਹੈ, ਉਹ ਕਰੇਗਾ।
6 ਆਪਣੀ ਨੇਕੀ ਅਤੇ ਨਿਰਪੱਖਤਾ ਨੂੰ ਦੁਪਿਹਰ ਦੀ ਤਿੱਖੀ ਧੁੱਪ ਵਾਂਗ ਚਮਕਣ ਦਿਉ।
7 ਯਹੋਵਾਹ ਉੱਤੇ ਭਰੋਸਾ ਕਰੋ ਅਤੇ ਉਸਦੀ ਮਦਦ ਲਈ ਇੰਤਜ਼ਾਰ ਕਰੋ।
ਜਦੋਂ ਮੰਦੇ ਲੋਕੀਂ ਸਫ਼ਲ ਹੋ ਜਾਂਦੇ ਹਨ ਪਰੇਸ਼ਾਨ ਨਾ ਹੋਵੋ।
ਜਦੋਂ ਬੁਰੇ ਲੋਕ ਦੁਸ਼ਟ ਵਿਉਂਤਾ ਬਣਾਉਂਦੇ ਹਨ, ਅਤੇ ਉਹ ਸਫ਼ਲ ਹੋ ਜਾਂਦੇ ਹਨ।
8 ਕ੍ਰੋਧ ਨਾ ਕਰੋ।
ਪਾਗਲ ਨਾ ਬਣੋ। ਇੰਨਾ ਨਾ ਕੁੜ੍ਹੋ ਕਿ ਤੁਸੀਂ ਵੀ ਮੰਦੀਆਂ ਗੱਲਾਂ ਕਰਨੀਆਂ ਚਾਹੋਂ।
9 ਕਿਉਂ? ਕਿਉਂਕਿ ਦੁਸ਼ਟ ਲੋਕ ਨਸ਼ਟ ਹੋ ਜਾਣਗੇ।
ਪਰ ਉਹ ਜਿਹੜੇ ਮਦਦ ਲਈ ਯਹੋਵਾਹ ਨੂੰ ਪੁਕਾਰਦੇ ਹਨ ਉਨ੍ਹਾਂ ਨੂੰ ਉਹ ਭੂਮੀ ਮਿਲੇਗੀ ਜਿਸਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ।
10 ਥੋੜੇ ਹੀ ਸਮੇਂ ਬਾਅਦ ਇੱਥੇ ਮੰਦੇ ਲੋਕ ਨਹੀਂ ਹੋਣਗੇ।
ਭਾਵੇਂ ਤੁਸੀਂ ਉਨ੍ਹਾਂ ਨੂੰ ਲੱਭਦੇ ਰਹੋਂਗੇ ਪਰ ਉਹ ਸਾਰੇ ਹੀ ਜਾ ਚੁੱਕੇ ਹੋਣਗੇ।
11 ਨਿਮ੍ਰ ਲੋਕਾਂ ਨੂੰ ਉਹ ਭੂਮੀ ਮਿਲੇਗੀ ਜਿਸਦਾ ਪਰਮੇਸ਼ੁਰ ਨੇ ਵਾਅਦਾ ਕੀਤਾ ਸੀ
ਅਤੇ ਉਹ ਸ਼ਾਂਤੀ ਦਾ ਮਜ਼ਾ ਲੈਣਗੇ।
39 ਯਹੋਵਾਹ ਨੇਕ ਬੰਦਿਆਂ ਨੂੰ ਬਚਾਉਂਦਾ ਹੈ।
ਜਦੋਂ ਨੇਕ ਬੰਦੇ ਮੁਸੀਬਤਾਂ ਵਿੱਚ ਹੁੰਦੇ ਹਨ ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਬਣਦਾ ਹੈ।
40 ਯਹੋਵਾਹ ਨੇਕ ਬੰਦਿਆਂ ਦੀ ਸਹਾਇਤਾ ਕਰਦਾ ਹੈ, ਅਤੇ ਉਨ੍ਹਾਂ ਨੂੰ ਬਚਾਉਂਦਾ ਹੈ।
ਨੇਕ ਬੰਦੇ ਯਹੋਵਾਹ ਤੇ ਨਿਰਭਰ ਕਰਦੇ ਹਨ। ਅਤੇ ਉਹ ਉਨ੍ਹਾਂ ਲੋਕਾਂ ਨੂੰ ਮੰਦੇ ਲੋਕਾਂ ਤੋਂ ਬਚਾਉਂਦਾ ਹੈ।
ਸਾਡਾ ਸਰੀਰ ਕਿਹੋ ਜਿਹਾ ਹੋਵੇਗਾ?
35 ਪਰ ਕੋਈ ਵਿਅਕਤੀ ਪੁੱਛ ਸੱਕਦਾ ਹੈ, “ਮੁਰਦੇ ਜੀਵਨ ਵੱਲ ਕਿਵੇਂ ਜੀ ਉੱਠਦੇ ਹਨ? ਉਨ੍ਹਾਂ ਦਾ ਸਰੀਰ ਕਿਸ ਤਰ੍ਹਾਂ ਦਾ ਹੋਵੇਗਾ?” 36 ਇਹ ਪ੍ਰਸ਼ਨ ਮੂਰੱਖਤਾ ਭਰੇ ਹਨ। ਜਦੋਂ ਤੁਸੀਂ ਕੁਝ ਚੀਜ਼ ਬੀਜ਼ਦੇ ਹੋ ਇਸ ਨੂੰ ਜਿਉਣ ਅਤੇ ਉੱਗਣ ਤੋਂ ਪਹਿਲਾਂ ਧਰਤੀ ਵਿੱਚ ਮਰਨਾ ਪਵੇਗਾ। 37 ਅਤੇ ਜਦੋਂ ਤੁਸੀਂ ਬੀਜ ਬੀਜਦੇ ਹੋ, ਇਸਦਾ ਉਹ ਸਰੀਰ ਨਹੀਂ ਹੁੰਦਾ ਜਿਹੜਾ ਇਹ ਮਗਰੋਂ ਪ੍ਰਾਪਤ ਕਰਦਾ ਹੈ। ਜੋ ਕੁਝ ਵੀ ਤੁਸੀਂ ਬੀਜਦੇ ਹੋ, ਇਹ ਕਣਕ ਦਾ ਦਾਣਾ ਹੋਵੇ ਜਾਂ ਕਿਸੇ ਹੋਰ ਫ਼ਸਲ ਦਾ ਦਾਣਾ, ਇਹ ਸਿਰਫ਼ ਪ੍ਰਾਪਤ ਕੀਤਾ ਹੋਇਆ ਬੀਜ ਹੈ। 38 ਪਰ ਪਰਮੇਸ਼ੁਰ ਉਸ ਬੀਜ ਨੂੰ ਉਹ ਸਰੀਰ ਦਿੰਦਾ ਹੈ, ਜਿਸਦੀ ਉਹ (ਪਰਮੇਸ਼ੁਰ) ਕਾਮਨਾ ਕਰਦਾ ਹੈ ਅਤੇ ਪਰਮੇਸ਼ੁਰ ਉਸ ਬੀਜ਼ ਨੂੰ ਉਸਦਾ ਆਪਣਾ ਸਰੀਰ ਦਿੰਦਾ ਹੈ।
42 ਇਨ੍ਹਾਂ ਲੋਕਾਂ ਨਾਲ ਵੀ ਇਵੇਂ ਹੀ ਹੈ ਜੋ ਮੁਰਦਿਆਂ ਤੋਂ ਜਿਵਾਲੇ ਗਏ ਹਨ। ਜਿਹੜਾ ਸਰੀਰ ਬੀਜਿਆ ਗਿਆ ਹੈ ਉਹ ਸੜ ਜਾਵੇਗਾ। ਪਰ ਜਿਹੜਾ ਸਰੀਰ ਜੀਵਨ ਵੱਲ ਜਿਵਾਲਿਆ ਗਿਆ ਹੈ, ਉਹ ਨਸ਼ਟ ਨਹੀਂ ਕੀਤਾ ਆ ਸੱਕਦਾ। 43 ਜਦੋਂ ਸਰੀਰ “ਬੀਜਿਆ” ਜਾਂਦਾ ਹੈ, ਇਸਦਾ ਕੋਈ ਸਤਿਕਾਰ ਨਹੀਂ ਹੁੰਦਾ। ਪਰ ਇਹ ਮਹਿਮਾ ਵਿੱਚ ਜਿਵਾਲਿਆ ਜਾਂਦਾ ਹੈ। ਜਦੋਂ ਸਰੀਰ “ਬੀਜਿਆ” ਜਾਂਦਾ ਹੈ, ਇਹ ਕਮਜ਼ੋਰ ਹੁੰਦਾ ਪਰ ਜਦੋਂ ਇਹ ਜੀਵਨ ਵੱਲ ਜੀ ਉੱਠਦਾ ਹੈ, ਤਾਂ ਇਹ ਬਲਵਾਨ ਹੁੰਦਾ ਹੈ। 44 ਜਿਹੜਾ ਸਰੀਰ “ਬੀਜਿਆ” ਗਿਆ ਹੈ ਭੌਤਿਕ ਸਰੀਰ ਹੁੰਦਾ ਹੈ। ਜਦੋਂ ਇਹ ਜੀਵਨ ਵੱਲ ਜੀ ਉੱਠਦਾ ਹੈ, ਇਹ ਇੱਕ ਆਤਮਕ ਸਰੀਰ ਹੁੰਦਾ ਹੈ।
ਉਵੇਂ ਹੀ ਜਿਵੇਂ ਭੌਤਿਕ ਸਰੀਰ ਹੁੰਦਾ, ਉਸੇ ਤਰ੍ਹਾਂ ਇੱਕ ਆਤਮਕ ਸਰੀਰ ਵੀ ਹੁੰਦਾ ਹੈ। 45 ਇਹ ਪੋਥੀਆਂ ਵਿੱਚ ਲਿਖਿਆ ਹੋਇਆ ਹੈ: “ਪਹਿਲਾ ਮਨੁਖ ਜਿਉਂਦੀ ਹੋਂਦ ਬਣਿਆ” [a] ਪਰ ਆਖਰੀ ਮਨੁਖ ਇੱਕ ਆਤਮਾ ਬਣ ਗਿਆ ਜੋ ਜੀਵਨ ਦਿੰਦਾ ਹੈ। 46 ਆਤਮਕ ਮਨੁਖ ਪਹਿਲਾਂ ਨਹੀਂ ਆਇਆ। ਇਹ ਭੌਤਿਕ ਮਨੁਖ ਸੀ ਜੋ ਪਹਿਲਾਂ ਆਇਆ। ਫ਼ੇਰ ਬਾਦ ਵਿੱਚ ਹੀ ਆਤਮਕ ਮਨੁਖ ਆਇਆ। 47 ਪਹਿਲਾਂ ਮਨੁਖ ਧਰਤੀ ਦੀ ਧੂੜ ਤੋਂ ਬਣਿਆ, ਦੂਸਰਾ ਮਨੁਖ ਸਵਰਗ ਤੋਂ ਆਇਆ। 48 ਲੋਕ ਧਰਤੀ ਦੇ ਹਨ। ਉਹ ਧਰਤੀ ਦੇ ਪਹਿਲੇ ਮਨੁਖ ਵਰਗੇ ਹਨ। ਪਰ ਜਿਹੜੇ ਲੋਕ ਸਵਰਗ ਦੇ ਹਨ ਸਵਰਗ ਦੇ ਮਨੁਖ ਵਰਗੇ ਹਨ। 49 ਅਸੀਂ ਧਰਤੀ ਦੇ ਮਨੁਖ ਵਰਗੇ ਬਣਾਏ ਗਏ ਸੀ। ਇਸ ਲਈ ਅਸੀਂ ਵੀ ਸਵਰਗ ਦੇ ਮਨੁਖ ਵਰਗੇ ਬਣਾਏ ਜਾਵਾਂਗੇ।
50 ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਇਹ ਦੱਸਦਾ ਹਾਂ; ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅੰਗ ਨਹੀਂ ਹੋ ਸੱਕਦੇ। ਇੱਕ ਨਾਸ਼ਮਾਨ ਚੀਜ਼ ਕਦੇ ਵੀ ਅਮਰ ਚੀਜ਼ ਨਾਲ ਸੰਮਲਿਤ ਨਹੀਂ ਹੋ ਸੱਕਦੀ।
ਆਪਣੇ ਵੈਰੀਆਂ ਨਾਲ ਵੀ ਪਿਆਰ ਕਰੋ(A)
27 “ਪਰ ਤੁਸੀਂ, ਜੋ ਮੈਨੂੰ ਸੁਣ ਰਹੇ ਹੋ। ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣੇ ਵੈਰੀਆਂ ਨੂੰ ਵੀ ਪਿਆਰ ਕਰੋ। ਜਿਹੜੇ ਲੋਕ ਤੁਹਾਡੇ ਨਾਲ ਨਫ਼ਰਤ ਕਰਦੇ ਹਨ ਅਤੇ ਤੁਹਾਡਾ ਬੁਰਾ ਕਰਦੇ ਹਨ, ਉਨ੍ਹਾਂ ਦਾ ਵੀ ਭਲਾ ਕਰੋ। 28 ਜੋ ਤੁਹਾਨੂੰ ਸ਼ਰਾਪ ਦਿੰਦੇ ਹਨ ਉਨ੍ਹਾਂ ਨੂੰ ਅਸੀਸਾਂ ਦਿਉ, ਜੋ ਤੁਹਾਡੇ ਨਾਲ ਚੰਗਾ ਵਿਹਾਰ ਨਹੀਂ ਕਰਦੇ ਉਨ੍ਹਾਂ ਲਈ ਵੀ ਪ੍ਰਾਰਥਨਾ ਕਰੋ। 29 ਜੇਕਰ ਕੋਈ ਤੁਹਾਡੀ ਇੱਕ ਗਲ ਤੇ ਚਪੇੜ ਮਾਰਦਾ ਹੈ ਤਾਂ ਤੁਸੀਂ ਦੂਜੀ ਗਲ ਵੀ ਭੁਆ ਦਿਓ। ਜੇਕਰ ਕੋਈ ਤੁਹਾਡਾ ਚੋਗ਼ਾ ਖੋਂਹਦਾ ਹੈ ਤਾਂ ਉਸ ਨੂੰ ਆਪਣੀ ਕਮੀਜ ਖੋਹਣ ਤੋਂ ਵੀ ਨਾ ਰੋਕੋ। 30 ਜੋ ਕੋਈ ਵੀ ਤੁਹਾਡੇ ਕੋਲੋ ਮੰਗੇ ਉਸ ਨੂੰ ਦੇ ਦੇਵੋ। ਜੇਕਰ ਕੋਈ ਤੁਹਾਡੀ ਕੋਈ ਵੀ ਵਸਤੂ ਲੈਂਦਾ ਹੈ ਤਾਂ ਉਸ ਨੂੰ ਵਾਪਸ ਨਾ ਮੰਗੋ। 31 ਅਤੇ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੇ ਨਾਲ ਕਰੇ ਤੁਸੀਂ ਆਪ ਵੀ ਦੂਜਿਆਂ ਨਾਲ ਉਹੋ ਜਿਹਾ ਵਰਤਾਵਾ ਕਰੋ।
32 “ਜੇਕਰ ਤੁਸੀਂ ਕੇਵਲ ਉਨ੍ਹਾਂ ਨੂੰ ਹੀ ਪਿਆਰ ਕਰੋਂਗੇ, ਜੋ ਤੁਹਾਨੂੰ ਪਿਆਰ ਕਰਦੇ ਹਨ, ਤਾਂ ਤੁਸੀਂ ਪਰਮੇਸ਼ੁਰ ਵੱਲੋਂ ਕਿਹੜੀ ਵਡਿਆਈ ਦੀ ਆਸ ਰੱਖ ਸੱਕਦੇ ਹੋ? ਕਿਉਂਕਿ ਇੰਝ ਤਾਂ ਪਾਪੀ ਲੋਕ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ। 33 ਜੇਕਰ ਤੁਸੀਂ ਸਿਰਫ਼ ਉਨ੍ਹਾਂ ਦਾ ਹੀ ਚੰਗਾ ਕਰੋ ਜੋ ਤੁਹਾਡੇ ਲਈ ਚੰਗਾ ਕਰਦੇ ਹਨ, ਤਾਂ ਤੁਸੀਂ ਪਰਮੇਸ਼ੁਰ ਵੱਲੋਂ ਕਿਹੜੀ ਵਡਿਆਈ ਦੀ ਆਸ ਰੱਖਦੇ ਹੋ। ਪਾਪੀ ਵੀ ਤਾਂ ਇਹੀ ਕਰਦੇ ਹਨ। 34 ਜੇਕਰ ਤੁਸੀਂ ਸਿਰਫ਼ ਉਨ੍ਹਾਂ ਨੂੰ ਹੀ ਉਧਾਰ ਦਿਉ, ਜਿਨ੍ਹਾਂ ਕੋਲੋਂ ਵਾਪਸ ਆਉਣ ਦੀ ਆਸ ਹੋਵੇ ਤਾਂ ਤੁਸੀਂ ਪਰਮੇਸ਼ੁਰ ਵੱਲੋਂ ਕਿਹੜੀ ਵਡਿਆਈ ਦੀ ਆਸ ਰੱਖ ਸੱਕਦੇ ਹੋ? ਇੰਝ ਤਾਂ ਪਾਪੀ ਲੋਕ ਵੀ ਦੂਜੇ ਪਾਪੀ ਲੋਕਾਂ ਨੂੰ ਉਧਾਰ ਦਿੰਦੇ ਹਨ ਤਾਂ ਜੋ ਉਹ ਆਪਣਾ ਪੂਰਾ ਪੈਸਾ ਵਾਪਸ ਲੈ ਸੱਕਣ।
35 “ਇਸ ਲਈ ਆਪਣੇ ਵੈਰੀਆਂ ਨਾਲ ਪਿਆਰ ਕਰੋ, ਮੁੜ ਵਾਪਸ ਲੈਣ ਦੀ ਆਸ ਤੋਂ ਬਿਨਾ, ਉਹੀ ਕਰੋ ਜੋ ਚੰਗਾ ਹੈ। ਫ਼ਿਰ ਤੁਹਾਡਾ ਫ਼ਲ ਮਹਾਨ ਹੋਵੇਗਾ। ਅਤੇ ਤੁਸੀਂ ਅੱਤ ਮਹਾਨ ਪਰਮੇਸ਼ੁਰ ਦੇ ਬੱਚੇ ਹੋਵੋਂਗੇ ਕਿਉਂਕਿ ਪਰਮੇਸ਼ੁਰ ਪਾਪੀ ਲੋਕਾਂ ਅਤੇ ਨਾਸ਼ੁਕਰੇ ਲੋਕਾਂ ਤੇ ਵੀ ਦਯਾਵਾਨ ਹੈ। 36 ਦਿਆਲੂ ਹੋਵੋ ਜਿਵੇਂ ਕਿ ਤੁਹਾਡਾ ਪਿਤਾ ਵੀ ਦਿਆਲੂ ਹੈ।
ਆਪਣੇ-ਆਪ ਨੂੰ ਜਾਣੋ(B)
37 “ਦੂਜਿਆਂ ਦਾ ਨਿਰਨਾ ਨਾ ਕਰੋ ਤਾਂ ਤੁਹਾਡਾ ਵੀ ਨਿਰਨਾ ਨਹੀਂ ਕੀਤਾ ਜਾਵੇਗਾ। ਦੂਜਿਆਂ ਦੀ ਨਿੰਦਿਆ ਨਾ ਕਰੋ ਤਾਂ ਤੁਸੀਂ ਵੀ ਨਹੀਂ ਨਿੰਦੇ ਜਾਵੋਂਗੇ, ਜੇਕਰ ਤੁਸੀਂ ਦੂਜਿਆਂ ਨੂੰ ਮਾਫ਼ ਕਰੋਂਗੇ ਤਾਂ ਤੁਸੀਂ ਵੀ ਮਾਫ਼ ਕੀਤੇ ਜਾਵੋਂਗੇ। 38 ਦੇਵੋ, ਤੁਹਾਨੂੰ ਵੀ ਦਿੱਤਾ ਜਾਵੇਗਾ। ਤੁਹਾਨੂੰ ਬਹੁਤ ਵੱਧੇਰੇ ਦਿੱਤਾ ਆਵੇਗਾ। ਇਹ ਤੁਹਾਡੇ ਹੱਥਾਂ ਵਿੱਚੋਂ ਵਗਾਇਆ ਜਾਵੇਗਾ ਅਤੇ ਤੁਸੀਂ ਇਸ ਨੂੰ ਫ਼ੜਨ ਯੋਗ ਨਹੀਂ ਹੋਵੋਂਗੇ। ਅਤੇ ਇਹ ਬਾਹਰ ਤੁਹਾਡੀ ਗੋਦੀ ਵਿੱਚ ਵਗੇਗਾ। ਕਿਉਂਕਿ ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਾਪਦੇ ਹੋਂ ਉਸੇ ਮਾਪ ਨਾਲ ਤੁਹਾਨੂੰ ਵੀ ਮਾਪਿਆ ਜਾਵੇਗਾ।”
2010 by World Bible Translation Center