Print Page Options
Previous Prev Day Next DayNext

Revised Common Lectionary (Semicontinuous)

Daily Bible readings that follow the church liturgical year, with sequential stories told across multiple weeks.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 119:89-96

ਲਾਮਦ

89 ਯਹੋਵਾਹ, ਤੁਹਾਡਾ ਸ਼ਬਦ ਸਦਾ ਰਹਿੰਦਾ ਹੈ।
    ਤੁਹਾਡਾ ਸ਼ਬਦ ਹਮੇਸ਼ਾ ਸਵਰਗ ਵਿੱਚ ਰਹਿੰਦਾ ਹੈ।
90 ਤੁਸੀਂ ਸਦਾ-ਸਦਾ ਲਈ ਵਫ਼ਾਦਾਰ ਹੋ।
    ਯਹੋਵਾਹ, ਤੁਸੀਂ ਧਰਤੀ ਨੂੰ ਸਾਜਿਆ ਅਤੇ ਇਹ ਹਾਲੇ ਵੀ ਖਲੋਤੀ ਹੈ।
91 ਇਹ ਹਾਲੇ ਵੀ ਤੁਹਾਡੇ ਨੇਮਾਂ ਕਾਰਣ ਖਲੋਤੀ ਹੈ।
    ਕਿਉਂਕਿ ਇਹ ਉਨ੍ਹਾਂ ਨੂੰ ਇੱਕ ਗੁਲਾਮ ਵਾਂਗ ਮੰਨਦੀ ਹੈ।
92 ਜੇ ਤੁਹਾਡੀਆਂ ਸਿੱਖਿਆਵਾਂ ਮੇਰੇ ਲਈ ਦੋਸਤਾਂ ਵਾਂਗ ਨਾ ਹੁੰਦੀਆਂ।
    ਤਾਂ ਮੇਰੇ ਦੁੱਖਾਂ ਨੇ ਮੈਨੂੰ ਤਬਾਹ ਕਰ ਦਿੱਤਾ ਹੁੰਦਾ।
93 ਯਹੋਵਾਹ, ਮੈਂ ਕਦੇ ਵੀ ਤੁਹਾਡੇ ਆਦੇਸ਼ਾਂ ਨੂੰ ਨਹੀਂ ਭੁੱਲਾਂਗਾ
    ਕਿਉਂਕਿ ਇਹ ਮੈਨੂੰ ਜਿਉਣ ਦਿੰਦੇ ਹਨ।
94 ਯਹੋਵਾਹ, ਮੈਂ ਤੁਹਾਡਾ ਹਾਂ, ਇਸ ਲਈ ਮੈਨੂੰ ਬਚਾਉ!
    ਕਿਉਂਕਿ ਮੈਂ ਤੁਹਾਡੇ ਆਦੇਸ਼ ਮੰਨਣ ਦੀਆਂ ਸਖਤ ਕੋਸ਼ਿਸ਼ਾਂ ਕਰਦਾ ਹਾਂ।
95 ਬੁਰੇ ਲੋਕਾਂ ਨੇ ਮੈਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾ ਕੀਤੀਆਂ।
    ਪਰ ਤੁਹਾਡੇ ਕਰਾਰ ਨੇ ਮੈਨੂੰ ਸਿਆਣਾ ਬਣਾ ਦਿੱਤਾ।
96 ਹਰ ਚੀਜ਼ ਦੀ ਹਦ ਹੁੰਦੀ ਹੈ,
    ਪਰ ਤੁਹਾਡੇ ਨੇਮ ਦੀ ਨਹੀਂ।

ਯਿਰਮਿਯਾਹ 36:11-26

11 ਇੱਕ ਮੀਕਾਯਾਹ ਨਾਂ ਦੇ ਬੰਦੇ ਨੇ ਯਹੋਵਾਹ ਦੇ ਉਹ ਸਾਰੇ ਸੰਦੇਸ਼ ਸੁਣੇ ਜਿਨ੍ਹਾਂ ਨੂੰ ਬਾਰੂਕ ਨੇ ਪੱਤਰੀ ਤੋਂ ਪੜ੍ਹ ਕੇ ਸੁਣਾਇਆ। ਮੀਕਾਯਾਹ ਗਮਰਯਾਹ ਦਾ ਪੁੱਤਰ ਸੀ ਜਿਹੜਾ ਸ਼ਾਫ਼ਾਨ ਦਾ ਪੁੱਤਰ ਸੀ। 12 ਜਦੋਂ ਮੀਕਾਯਾਹ ਨੇ ਪੱਤਰੀ ਦੇ ਸੰਦੇਸ਼ਾਂ ਨੂੰ ਸੁਣਿਆ ਤਾਂ ਉਹ ਰਾਜੇ ਦੇ ਮਹਿਲ ਵਿੱਚ ਸੱਕੱਤਰ ਦੇ ਕਮਰੇ ਵਿੱਚ ਚੱਲਾ ਗਿਆ। ਸਾਰੇ ਸ਼ਾਹੀ ਅਧਿਕਾਰੀ ਰਾਜੇ ਦੇ ਮਹਿਲ ਵਿੱਚ ਓੱਥੇ ਬੈਠੇ ਹੋਏ ਸਨ। ਉਨ੍ਹਾਂ ਅਧਿਕਾਰੀਆਂ ਦੇ ਨਾਮ ਇਹ ਹਨ: ਅਲੀਸ਼ਾਮਾ ਲਿਖਾਰੀ, ਸੱਕੱਤਰ, ਸ਼ਮਅਯਾਹ ਦਾ ਪੁੱਤਰ ਦਲਾਯਾਹ, ਅਕਬੋਰ ਦਾ ਪੁੱਤਰ ਅਲ-ਨਾਥਾਨ, ਸ਼ਾਫ਼ਾਨ ਦਾ ਪੁੱਤਰ ਗਮਰਯਾਹ, ਹਨਨਯਾਹ ਦਾ ਪੁੱਤਰ ਸਿਦਕੀਯਾਹ ਅਤੇ ਹੋਰ ਸਾਰੇ ਸ਼ਾਹੀ ਅਧਿਕਾਰੀ ਵੀ ਓੱਥੇ ਸਨ। 13 ਮੀਕਾਯਾਹ ਨੇ ਉਨ੍ਹਾਂ ਅਧਿਕਾਰੀਆਂ ਨੂੰ ਉਹ ਸਾਰਾ ਕੁਝ ਦੱਸਿਆ ਜਿਹ੍ਹੜਾ ਉਸ ਨੇ ਬਾਰੂਕ ਨੂੰ ਪੱਤਰੀ ਵਿੱਚੋਂ ਪੜ੍ਹਦੇ ਸੁਣਿਆ ਸੀ।

14 ਤਾਂ ਉਨ੍ਹਾਂ ਸਾਰੇ ਅਧਿਕਾਰੀਆਂ ਨੇ ਇੱਕ ਯਹੂਦੀ ਨਾਂ ਦੇ ਆਦਮੀ ਨੂੰ ਬਾਰੂਕ ਵੱਲ ਘਲਿਆ। ਯ੍ਯਹੂਦੀ ਨਬਨਯਾਹ ਦਾ ਪੁੱਤਰ ਸੀ ਜਿਹੜਾ ਕਿ ਸ਼ਲਮਯਾਹ ਦਾ ਪੁੱਤਰ ਸੀ। ਸ਼ਲਮਯਾਹ ਕੂਸ਼ੀ ਦਾ ਪੁੱਤਰ ਸੀ। ਯਹੂਦੀ ਨੇ ਬਾਰੂਕ ਨੂੰ ਆਖਿਆ, “ਉਹ ਪੱਤਰੀ ਲਿਆ ਜਿਸ ਤੋਂ ਤੂੰ ਪੜ੍ਹ ਕੇ ਸੁਣਾ ਰਿਹਾ ਹੈਂ ਅਤੇ ਮੇਰੇ ਨਾਲ ਆ ਜਾ।”

ਨੇਰੀਆਹ ਦੇ ਪੁੱਤਰ ਬਾਰੂਕ ਨੇ ਪੱਤਰੀ ਫ਼ੜੀ ਅਤੇ ਯੇਹੂਦੀ ਦੇ ਨਾਲ ਅਧਿਕਾਰੀਆਂ ਵੱਲ ਚੱਲ ਪਿਆ।

15 ਫ਼ੇਰ ਉਨ੍ਹਾਂ ਅਧਿਕਾਰੀਆਂ ਨੇ ਬਾਰੂਕ ਨੂੰ ਆਖਿਆ, “ਬੈਠ ਜਾ ਅਤੇ ਸਾਨੂੰ ਇਹ ਪੱਤਰੀ ਪੜ੍ਹ ਕੇ ਸੁਣਾ।”

ਇਸ ਲਈ ਬਾਰੂਕ ਨੇ ਉਨ੍ਹਾਂ ਨੂੰ ਪੱਤਰੀ ਪੜ੍ਹ ਕੇ ਸੁਣਾਈ।

16 ਉਨ੍ਹਾਂ ਸ਼ਾਹੀ ਅਧਿਕਾਰੀਆਂ ਨੇ ਪੱਤਰੀ ਤੋਂ ਸਾਰੇ ਸੰਦੇਸ਼ ਸੁਣੇ। ਤਾਂ ਉਹ ਬਹੁਤ ਭੈਭੀਤ ਹੋ ਗਏ ਅਤੇ ਇੱਕ ਦੂਜੇ ਵੱਲ ਝਾਕਣ ਲੱਗੇ। ਉਨ੍ਹਾਂ ਨੇ ਬਾਰੂਕ ਨੂੰ ਆਖਿਆ, “ਸਾਨੂੰ ਪੱਤਰੀ ਦੇ ਇਨ੍ਹਾਂ ਸੰਦੇਸ਼ਾਂ ਬਾਰੇ ਰਾਜੇ ਯਹੋਯਾਕੀਮ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ।” 17 ਫ਼ੇਰ ਅਧਿਕਾਰੀਆਂ ਨੇ ਬਾਰੂਕ ਤੋਂ ਇੱਕ ਸਵਾਲ ਪੁੱਛਿਆ। ਉਨ੍ਹਾਂ ਨੇ ਆਖਿਆ, “ਬਾਰੂਕ ਸ਼ਾਨੂੰ ਇਹ ਦੱਸ ਕਿ ਜਿਨ੍ਹਾਂ ਸੰਦੇਸ਼ਾਂ ਨੂੰ ਤੂੰ ਪੱਤਰੀ ਉੱਤੇ ਲਿਖਿਆ ਹੈ ਉਹ ਤੈਨੂੰ ਕਿੱਥੋਂ ਮਿਲੇ? ਕੀ ਤੂੰ ਉਹ ਗੱਲਾਂ ਲਿਖ ਲਈਆਂ ਜਿਹੜੀਆਂ ਤੈਨੂੰ ਯਿਰਮਿਯਾਹ ਨੇ ਦੱਸੀਆਂ ਸਨ?”

18 “ਹਾਂ,” ਬਾਰੂਕ ਨੇ ਜਵਾਬ ਦਿੱਤਾ। “ਯਿਰਮਿਯਾਹ ਬੋਲਦਾ ਗਿਆ ਅਤੇ ਮੈਂ ਸਾਰੇ ਸੰਦੇਸ਼ ਇਸ ਪੱਤਰੀ ਉੱਤੇ ਸਿਆਹੀ ਨਾਲ ਲਿਖ ਲੇ।”

19 ਤਾਂ ਫ਼ੇਰ ਸ਼ਾਹੀ ਅਧਿਕਾਰੀਆਂ ਨੇ ਬਾਰੂਕ ਨੂੰ ਆਖਿਆ, “ਤੈਨੂੰ ਅਤੇ ਯਿਰਮਿਯਾਹ ਨੂੰ ਅਵੱਸ਼ ਕਿਤੇ ਜਾਕੇ ਛੁਪ ਜਾਣਾ ਚਾਹੀਦਾ ਹੈ। ਕਿਸੇ ਨੂੰ ਇਹ ਨਹੀਂ ਦੱਸਣਾ ਕਿ ਤੁਸੀਂ ਕਿੱਥੋ ਛੁੱਪੇ ਹੋਏ ਹੋ।”

20 ਫ਼ੇਰ ਸ਼ਾਹੀ ਅਧਿਕਾਰੀਆਂ ਨੇ ਪੱਤਰੀ ਲਿਖਾਰੀ ਅਲੀਸ਼ਾਮਾ ਦੇ ਕਮਰੇ ਵਿੱਚ ਰੱਖ ਦਿੱਤੀ। ਉਹ ਰਾਜੇ ਯਹੋਯਾਕੀਮ ਕੋਲ ਗਏ ਅਤੇ ਉਸ ਨੂੰ ਪੱਤਰੀ ਬਾਰੇ ਸਾਰਾ ਕੁਝ ਦੱਸ ਦਿੱਤਾ।

21 ਇਸ ਲਈ ਰਾਜੇ ਯਹੋਯਾਕੀਮ ਨੇ ਯੇਹੂਦੀ ਨੂੰ ਪੱਤਰੀ ਲਿਆਉਣ ਲਈ ਘਲਿਆ। ਯ੍ਯੇਹੂਦੀ ਨੇ ਲਿਖਾਰੀ ਅਲੀਸ਼ਾਮਾ ਦੇ ਕਮਰੇ ਵਿੱਚੋਂ ਪੱਤਰੀ ਲੈ ਆਂਦੀ। ਫ਼ੇਰ ਯੇਹੂਦੀ ਨੇ ਰਾਜੇ ਅਤੇ ਉਨ੍ਹਾਂ ਸਾਰੇ ਸੇਵਾਦਾਰਾਂ ਨੂੰ ਉਹ ਪੱਤਰੀ ਪੜ੍ਹਕੇ ਸੁਣਾਈ ਜਿਹੜੇ ਰਾਜੇ ਦੇ ਆਲੇ-ਦੁਆਲੇ ਖਲੋਤੇ ਸਨ। 22 ਜਿਸ ਸਮੇਂ ਇਹ ਘਟਨਾ ਵਾਪਰੀ ਉਹ 9ਵਾਂ ਮਹੀਨਾ ਸੀ, ਇਸ ਲਈ ਰਾਜਾ ਯਹੋਯਾਕੀਮ ਆਪਣੇ ਸਰਦੀ ਦੇ ਮਹਿਲ ਵਿੱਚ ਬੈਠਾ ਹੋਇਆ ਸੀ। ਰਾਜੇ ਦੇ ਸਾਹਮਣੇ ਇੱਕ ਛੋਟੇ ਜਿਹੇ ਚੁਲ੍ਹੇ ਵਿੱਚ ਅੱਗ ਬਲ ਰਹੀ ਸੀ। 23 ਯਹੂਦੀ ਨੇ ਪੱਤਰੀ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਪਰ ਜਦੋਂ ਹੀ ਉਸ ਨੇ ਤਿੰਨ੍ਹ ਜਾਂ ਚਾਰ ਪੈਰੇ ਪੜ੍ਹੇ ਰਾਜੇ ਯਹੋਯਾਕੀਮ ਨੇ ਪੱਤਰੀ ਖੋਹ ਲਈ। ਫ਼ੇਰ ਉਸ ਨੇ ਪੱਤਰੀ ਤੋਂ ਉਹ ਹਿੱਸੇ ਛੋਟੇ ਜਿਹੇ ਚਾਕੂ ਨਾਲ ਕੱਟ ਦਿੱਤੇ ਅਤੇ ਉਨ੍ਹਾਂ ਨੂੰ ਅੱਗ ਵਿੱਚ ਸੁੱਟ ਦਿੱਤਾ। ਆਖਿਰਕਾਰ ਸਾਰੀ ਪੱਤਰੀ ਅੱਗ ਵਿੱਚ ਸਾੜ ਦਿੱਤੀ ਗਈ। 24 ਅਤੇ ਜਦੋਂ ਰਾਜੇ ਯਹੋਯਾਕੀਮ ਅਤੇ ਉਸ ਦੇ ਸੇਵਾਦਾਰਾਂ ਨੇ ਪੱਤਰੀ ਦੇ ਸੰਦੇਸ਼ ਸੁਣੇ ਉਹ ਭੈਭੀਤ ਨਹੀਂ ਸਨ। ਉਨ੍ਹਾਂ ਨੇ ਆਪਣੇ ਕੀਤੇ ਮੰਦੇ ਕੰਮਾਂ ਉੱਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਕਪੜੇ ਨਹੀਂ ਪਾੜੇ।

25 ਅਲ-ਨਾਥਾਨ, ਦਲਾਯਾਹ ਅਤੇ ਗਮਰਯਾਹ ਨੇ ਰਾਜੇ ਯਹੋਯਾਕੀਮ ਨਾਲ ਪੱਤਰੀ ਨੂੰ ਨਾ ਸਾੜਨ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਰਾਜੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। 26 ਅਤੇ ਰਾਜੇ ਯਹੋਯਾਕੀਮ ਨੇ ਕੁਝ ਬੰਦਿਆਂ ਨੂੰ ਹੁਕਮ ਦਿੱਤਾ ਕਿ ਉਹ ਲਿਖਾਰੀ ਬਾਰੂਕ ਅਤੇ ਨਬੀ ਯਿਰਮਿਯਾਹ ਨੂੰ ਗ੍ਰਿਫ਼ਤਾਰ ਕਰ ਲੈਣ। ਉਹ ਬੰਦੇ ਸਨ, ਰਾਜੇ ਦਾ ਇੱਕ ਪੁੱਤਰ ਯਰਹਮੇਲ, ਅਜ਼ਰੀਏਲ ਦਾ ਪੁੱਤਰ ਸਰਾਯਾਹ ਅਤੇ ਅਬੰਦੇਲ ਦਾ ਪੁੱਤਰ ਸ਼ਲਮਯਾਹ। ਪਰ ਉਹ ਬੰਦੇ ਬਾਰੂਕ ਅਤੇ ਯਿਰਮਿਯਾਹ ਨੂੰ ਲੱਭ ਨਹੀਂ ਸੱਕੇ ਕਿਉਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਛੁਪਾ ਦਿੱਤਾ ਸੀ।

2 ਕੁਰਿੰਥੀਆਂ ਨੂੰ 7:2-12

ਪੌਲੁਸ ਦੀ ਖੁਸ਼ੀ

ਸਾਡੇ ਲਈ ਆਪਣੇ ਦਿਲ ਖੋਲ੍ਹ ਦਿਓ। ਅਸੀਂ ਕਿਸੇ ਦਾ ਬੁਰਾ ਨਹੀਂ ਕੀਤਾ। ਅਸੀਂ ਕਿਸੇ ਵਿਅਕਤੀ (ਦੇ ਵਿਸ਼ਵਾਸ) ਨੂੰ ਤਬਾਹ ਨਹੀਂ ਕੀਤਾ, ਅਤੇ ਕਿਸ ਨੂੰ ਵੀ ਧੋਖਾ ਨਹੀਂ ਦਿੱਤਾ। ਇਹ ਗੱਲ ਮੈਂ ਤੁਹਾਨੂੰ ਕਸੂਰਵਾਰ ਠਹਿਰਾਉਣ ਲਈ ਨਹੀਂ ਆਖ ਰਿਹਾ। ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਹੈ ਕਿ ਅਸੀਂ ਤੁਹਾਨੂੰ ਇੰਨਾ ਪਿਆਰ ਕਰਦੇ ਹਾਂ ਕਿ ਤੁਹਾਡੇ ਲਈ ਜਿਉਣ ਦੇ ਇੱਛੁਕ ਹਾਂ ਅਤੇ ਇੱਥੋਂ ਤੱਕ ਕਿ ਤੁਹਾਡੇ ਨਾਲ ਮਰਨ ਦੇ ਵੀ। ਮੈਨੂੰ ਤੁਹਾਡੇ ਉੱਪਰ ਪੂਰਾ ਭਰੋਸਾ ਹੈ। ਮੈਨੂੰ ਤੁਹਾਡੇ ਉੱਪਰ ਬਹੁਤ ਮਾਣ ਹੈ। ਮੈਂ ਤੁਹਾਡੇ ਕੋਲੋਂ ਬਹੁਤ ਹੌਂਸਲਾ ਪ੍ਰਾਪਤ ਕੀਤਾ ਹੈ। ਅਤੇ ਮੈਂ ਆਪਣੇ ਸਾਰੇ ਦੁੱਖਾਂ ਵਿੱਚ ਬਹੁਤ ਖੁਸ਼ ਹਾਂ।

ਜਦੋਂ ਅਸੀਂ ਮਕਦੂਨਿਯਾ ਵਿੱਚ ਆਏ ਸੀ ਤਾਂ ਸਾਨੂੰ ਕੋਈ ਅਰਾਮ ਨਹੀਂ ਮਿਲਿਆ। ਸਾਨੂੰ ਸਾਰੇ ਪਾਸੇ ਔਕੜਾਂ ਦਿਖਾਈ ਦਿੰਦੀਆਂ ਸਨ। ਸਾਡੇ ਬਾਹਰ ਲੜਾਈਆਂ ਸਨ ਅਤੇ ਸਾਡੇ ਅੰਦਰ ਡਰ। ਪਰ ਪਰਮੇਸ਼ੁਰ ਦੁੱਖੀਆਂ ਨੂੰ ਸੁੱਖ ਦਿੰਦਾ ਹੈ। ਅਤੇ ਪਰਮੇਸ਼ੁਰ ਨੇ ਤੀਤੁਸ ਦੇ ਆਉਣ ਤੇ ਸਾਨੂੰ ਦਿਲਾਸਾ ਦਿੱਤਾ। ਉਸਦੀ ਆਮਦ ਨੇ ਸਾਨੂੰ ਦਿਲਾਸਾ ਦਿੱਤਾ ਅਤੇ ਨਾਲੇ ਜਿਹੜਾ ਦਿਲਾਸਾ ਤੁਸੀਂ ਉਸ ਨੂੰ ਦਿੱਤਾ, ਤੀਤੁਸ ਨੇ ਸਾਨੂੰ ਦੱਸਿਆ ਕਿ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ। ਉਸ ਨੇ ਦੱਸਿਆ ਕਿ ਤੁਸੀਂ ਆਪਣੇ ਗਲਤ ਕੀਤੇ ਲਈ ਮਾਫ਼ੀ ਚਾਹੁੰਦੇ ਸੀ। ਅਤੇ ਤੀਤੁਸ ਨੇ ਮੈਨੂੰ ਤੁਹਾਡੀ ਮੇਰੇ ਲਈ ਚਿੰਤਾ ਬਾਰੇ ਵੀ ਦੱਸਿਆ। ਇਹ ਸੁਣਕੇ ਮੈਨੂੰ ਬਹੁਤ ਖੁਸ਼ੀ ਹੋਈ।

ਹਾਲਾਂ ਕਿ ਮੈਂ ਤੁਹਾਨੂੰ ਆਪਣੀ ਚਿੱਠੀ ਰਾਹੀਂ ਉਦਾਸ ਕੀਤਾ ਹੈ, ਪਰ ਮੈਨੂੰ ਇਸ ਵਾਸਤੇ ਕੋਈ ਖੇਦ ਨਹੀਂ। ਮੈਨੂੰ ਪਤਾ ਹੈ ਕਿ ਤੁਸੀਂ ਮੇਰੀ ਚਿੱਠੀ ਰਾਹੀਂ ਉਦਾਸ ਹੋ ਗਏ ਅਤੇ ਇਸ ਲਈ ਦੁੱਖ ਮਹਿਸੂਸ ਕੀਤਾ। ਪਰ ਇਸ ਨੇ ਤੁਹਾਨੂੰ ਬਹੁਤ ਥੇੜੇ ਚਿਰ ਲਈ ਉਦਾਸ ਕੀਤਾ। ਹੁਣ ਮੈਂ ਖੁਸ਼ ਹਾਂ। ਇਸ ਲਈ ਨਹੀਂ ਕਿ ਮੈਂ ਤੁਹਾਨੂੰ ਉਦਾਸੀ ਦੇਣ ਦਾ ਕਾਰਣ ਬਣਿਆ ਹਾਂ, ਪਰ ਕਿਉਂ ਜੋ ਇਸ ਰਾਹੀਂ ਤੁਹਾਡੇ ਦਿਲ ਬਦਲ ਗਏ ਹਨ। ਤੁਸੀਂ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਉਦਾਸੀ ਨੂੰ ਲਿਆ। ਇਸ ਲਈ ਅਸੀਂ ਤੁਹਾਨੂੰ ਕਿਸੇ ਤਰ੍ਹਾਂ ਵੀ ਦੁੱਖ ਨਹੀਂ ਪਹੁੰਚਾਇਆ। 10 ਉਦਾਸੀ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਵਿਅਕਤੀ ਨੂੰ ਆਪਣੇ ਹਿਰਦੇ ਅਤੇ ਜੀਵਨ ਨੂੰ ਤਬਦੀਲ ਕਰਾਉਂਦੀ ਹੈ। ਇਹ ਵਿਅਕਤੀ ਨੂੰ ਮੁਕਤੀ ਵੱਲ ਲੈ ਜਾਂਦੀ ਹੈ, ਅਤੇ ਇਸ ਗੱਲ ਦਾ ਸਾਨੂੰ ਕੋਈ ਦੁੱਖ ਨਹੀਂ ਹੋ ਸੱਕਦਾ। ਜਿਹੜੀ ਉਦਾਸੀ ਦੁਨੀਆਂ ਦਿੰਦੀ ਹੈ ਉਹ ਲੋਕਾਂ ਲਈ ਮੌਤ ਲਿਆਉਂਦੀ ਹੈ। 11 ਤੁਹਾਨੂੰ ਗਮ ਮਿਲਿਆ ਜਿਹੜਾ ਪਰਮੇਸ਼ੁਰ ਚਾਹੁੰਦਾ ਸੀ। ਹੁਣ ਦੇਖੋ ਇਸ ਗਮ ਨੇ ਤੁਹਾਨੂੰ ਕੀ ਦਿੱਤਾ ਹੈ। ਇਸ ਗਮ ਨੇ ਤੁਹਾਨੂੰ ਬਹੁਤ ਗੰਭੀਰ ਬਣਾਇਆ ਹੈ। ਇਸਨੇ ਤੁਹਾਨੂੰ ਇਸ ਯੋਗ ਬਣਾਇਆ ਕਿ ਤੁਸੀਂ ਆਪਣੇ ਨਿਰਦੋਸ਼ ਹੋਣ ਦਾ ਪ੍ਰਮਾਣ ਦੇ ਸੱਕੋਂ। ਇਸਨੇ ਤੁਹਾਡੇ ਅੰਦਰ ਗੁੱਸਾ ਅਤੇ ਡਰ ਪੈਦਾ ਕੀਤਾ। ਇਸਨੇ ਤੁਹਾਨੂੰ ਮੇਰੇ ਬਾਰੇ ਫ਼ਿਕਰਮੰਦ ਬਣਾਇਆ। ਇਸਨੇ ਤੁਹਾਡੇ ਅੰਦਰ ਨਿਆਂ ਦੇਣ ਦੀ ਇੱਛਾ ਨੂੰ ਪੈਦਾ ਕੀਤਾ ਹੈ। ਤੁਸੀਂ ਇਸ ਗੱਲ ਦਾ ਪ੍ਰਮਾਣ ਦੇ ਦਿੱਤਾ ਹੈ ਕਿ ਤੁਸੀਂ ਉਸ ਸਮੱਸਿਆ ਬਾਰੇ ਕਿਸੇ ਵੀ ਪੱਖੋਂ ਪਾਪੀ ਨਹੀਂ ਸੀ। ਮੈਂ ਇਹ ਪੱਤਰ ਗਲਤ ਕੰਮ ਲਈ ਨਹੀਂ ਲਿਖਿਆ ਅਤੇ ਨਾ ਹੀ ਉਸ ਲਈ ਜਿਸ ਨੂੰ ਸਦਮਾ ਲੱਗਿਆ। 12 ਪਰ ਮੈਂ ਉਹ ਪੱਤਰ ਤੁਹਾਨੂੰ ਇਸ ਲਈ ਲਿਖਿਆ ਸੀ ਕਿ ਤੁਸੀਂ ਪਰਮੇਸ਼ੁਰ ਦੇ ਸਨਮੁੱਖ ਇਹ ਦੇਖ ਸੱਕੋਂ ਕਿ ਤੁਹਾਨੂੰ ਸਾਡੀ ਕਿੰਨੀ ਪਰਵਾਹ ਹੈ।

Punjabi Bible: Easy-to-Read Version (ERV-PA)

2010 by World Bible Translation Center