Print Page Options
Previous Prev Day Next DayNext

Revised Common Lectionary (Semicontinuous)

Daily Bible readings that follow the church liturgical year, with sequential stories told across multiple weeks.
Duration: 1245 days
Punjabi Bible: Easy-to-Read Version (ERV-PA)
Version
ਸਲੇਮਾਨ ਦਾ ਗੀਤ 2:8-13

ਉਹ ਫੇਰ ਬੋਲਦੀ ਹੈ

ਇਹ ਮੇਰੇ ਪ੍ਰੀਤਮ ਦੀ ਆਵਾਜ਼ ਹੈ!
    ਵੇਖੋ! ਉਹ ਇੱਥੇ, ਪਹਾੜਾਂ ਤੋਂ ਦੀ ਉੱਛਲਦਾ ਹੋਇਆ ਪਹਾੜੀਆਂ
    ਤੋਂ ਦੀ ਟੱਪਦਾ ਹੋਇਆ ਆ ਰਿਹਾ ਹੈ।
ਮੇਰਾ ਪ੍ਰੀਤਮ ਗਜ਼ੇਲ
    ਜਾਂ ਕਿਸੇ ਜਵਾਨ ਹਿਰਣ ਵਰਗਾ ਹੈ।
ਤੱਕੋ ਉਸ ਨੂੰ ਸਾਡੀ ਕੰਧ ਉਹਲੇ ਖੜ੍ਹੇ ਹੋਏ ਨੂੰ
    ਖਿੜਕੀ ਵਿੱਚੋਂ ਝਾਕਦੇ ਹੋਏ ਨੂੰ ਜਾਲੀ ਵਿੱਚੋਂ ਤਕਦੇ ਹੋਏ ਨੂੰ।
10 ਮੇਰੇ ਪ੍ਰੀਤਮ ਨੇ ਮੈਨੂੰ ਉੱਤਰ ਦਿੱਤਾ,
“ਉੱਠ ਮੇਰੀ ਮਹਿਬੂਬਾ ਮੇਰੀ ਸੁੰਦਰੀਏ
    ਮੇਰੇ ਨਾਲ ਚੱਲ।
11 ਦੇਖ! ਸਰਦੀ ਬੀਤ ਗਈ ਹੈ
    ਬਰੱਖਾ ਲੰਘ ਗਈ ਹੈ ਤੇ ਚਲੀ ਗਈ।
12 ਇਹ ਫੁੱਲ ਹਨ ਜਿਹੜੇ ਖੇਤਾਂ ਵਿੱਚ ਖਿੜੇ ਹੋਏ ਹਨ।
    ਸਮਾਂ ਹੈ ਇਹ ਪੰਛੀਆਂ ਲਈ ਗੀਤ ਗਾਉਣ ਦਾ।
    ਸੁਣੋ, ਅਸੀਂ ਆਪਣੀ ਧਰਤੀ ਅੰਦਰ ਘੁੱਗੀ ਨੂੰ ਸੁਣ ਸੱਕਦੇ ਹਾਂ।
13 ਅੰਜੀਰ ਦੇ ਰੁੱਖ, ਕੱਚੇ ਅੰਜੀਰ ਪੈਦਾ ਕਰ ਰਹੇ ਹਨ।
    ਵੇਲਾਂ ਅੰਗੂਰਾਂ ਦੇ ਫੁੱਲਾਂ ਦੀ ਸੁਗੰਧੀ ਦੇ ਰਹੀਆਂ ਹਨ।
ਉੱਠ, ਮੇਰੀ ਮਹਿਬੂਬਾ, ਮੇਰੀ ਸੋਹਣੀਏ
    ਅਤੇ ਮੇਰੇ ਨਾਲ ਚੱਲ!”

ਜ਼ਬੂਰ 45:1-2

ਨਿਰਦੇਸ਼ਕ ਲਈ: “ਸੋਸਨ ਦੀ ਧੁਨ।” ਕੋਰਹ ਪਰਿਵਾਰ ਦਾ ਇੱਕ ਭੱਗਤੀ ਗੀਤ। ਇੱਕ ਪਿਆਰਾ ਗੀਤ।

45 ਮੇਰਾ ਮਨ ਸੁਹਣੇ ਸ਼ਬਦਾਂ ਨਾਲ ਭਰਿਆ ਹੈ
    ਜਦੋਂ ਮੈਂ ਇਹ ਗੱਲਾਂ ਆਪਣੇ ਰਾਜੇ ਲਈ, ਲਿਖ ਰਿਹਾ ਹਾਂ।
ਮੇਰੀ ਜ਼ੁਬਾਨ ਵਿੱਚੋਂ ਸ਼ਬਦ ਇਉਂ ਨਿਕਲਦੇ ਹਨ
    ਜਿਵੇਂ ਸ਼ਬਦ ਕਿਸੇ ਕੁਸ਼ਲ ਲਿਖਾਰੀ ਦੀ ਕਲਮ ਵਿੱਚੋਂ ਨਿਕਲਦੇ ਹਨ।

ਤੁਸੀਂ ਹਰ ਇੱਕ ਨਾਲੋਂ ਵੱਧੇਰੇ ਸੁਹਣੇ ਹੋ।
    ਤੁਸੀਂ ਬਹੁਤ ਚੰਗੇ ਵਕਤਾ ਹੋ।
    ਇਸੇ ਲਈ ਪਰਮੇਸ਼ੁਰ ਸਦੀਵੀ ਤੁਹਾਨੂੰ ਅਸੀਸ ਦੇਵੇਗਾ।

ਜ਼ਬੂਰ 45:6-9

ਹੇ ਪਰਮੇਸ਼ੁਰ, ਤੁਹਾਡਾ ਤਖਤ ਸਦੀਵੀ ਹੈ।
    ਇਮਾਨਦਾਰੀ ਤੁਹਾਡੇ ਰਾਜ ਦਾ ਸ਼ਾਹੀ ਨਿਸ਼ਾਨ ਹੈ।
ਤੁਸੀਂ ਨੇਕੀ ਨੂੰ ਪਿਆਰ ਕਰਦੇ ਹੋਂ ਅਤੇ ਬਦੀ ਨੂੰ ਨਫ਼ਰਤ ਕਰਦੇ ਹੋਂ।
    ਇਸ ਲਈ ਪਰਮੇਸ਼ੁਰ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਆਪਣੇ ਦੋਸਤਾਂ ਦਾ ਰਾਜਾ ਬਣਨ ਲਈ ਚੁਣਿਆ ਸੀ।
ਤੁਹਾਡੇ ਸਾਰੇ ਵਸਤਰ ਮੁਰ, ਅਗਰ ਅਤੇ ਤੱਜ ਨਾਲ ਸੁਗੰਧਿਤ ਹਨ।
    ਇੱਥੋਂ ਹਾਥੀ ਦੰਦਾਂ ਨਾਲ ਸਜਾਏ ਹੋਏ ਮਹਿਲਾਂ ਵਿੱਚੋਂ ਤੁਹਾਡੇ ਮਨੋਰੰਜਨ ਲਈ ਸੰਗੀਤ ਦੀ ਧੁਨ ਉੱਠਦੀ ਹੈ।
ਵਹੁਟੀ ਦੀਆਂ ਸਹੇਲੀਆਂ ਰਾਜਿਆਂ ਦੀਆਂ ਧੀਆਂ ਹਨ।
    ਸੁੱਚੇ ਸੋਨੇ ਦਾ ਤਾਜ ਪਹਿਨੇ ਹੋਏ ਤੁਹਾਡਾ ਲਾੜਾ, ਤੁਹਾਡੇ ਸੱਜੇ ਪਾਸੇ ਖੜ੍ਹਾ ਹੈ।

ਯਾਕੂਬ 1:17-27

17 ਹਰ ਚੰਗੀ ਚੀਜ਼ ਪਰਮੇਸ਼ੁਰ ਵੱਲੋਂ ਆਉਂਦੀ ਹੈ। ਅਤੇ ਹਰ ਸੰਪੂਰਣ ਦਾਤ ਪਰਮੇਸ਼ੁਰ ਵੱਲੋਂ ਆਉਂਦੀ ਹੈ। ਇਹ ਸਾਰੀਆਂ ਚੰਗੀਆਂ ਦਾਤਾਂ ਪਿਤਾ ਵੱਲੋਂ ਆਉਂਦੀਆਂ ਹਨ ਜਿਸਨੇ ਅਕਾਸ਼ ਵਿੱਚਲੀਆਂ ਸਮੂਹ ਰੋਸ਼ਨੀਆਂ ਬਣਾਈਆਂ ਹਨ। ਪਰ ਪਰਮੇਸ਼ੁਰ ਇਨ੍ਹਾਂ ਰੋਸ਼ਨੀਆਂ ਵਾਂਗ ਕਦੇ ਵੀ ਤਬਦੀਲ ਨਹੀਂ ਹੁੰਦਾ। ਉਹ ਸਦਾ ਇੱਕੋ ਜਿਹਾ ਹੀ ਰਹਿੰਦਾ ਹੈ। 18 ਪਰਮੇਸ਼ੁਰ ਨੇ ਸਾਨੂੰ ਸੱਚ ਦੇ ਸ਼ਬਦ ਰਾਹੀਂ ਜੀਵਨ ਦੇਣ ਦਾ ਨਿਰਨਾ ਕੀਤਾ। ਉਹ ਚਾਹੁੰਦਾ ਕਿ ਅਸੀਂ ਉਸ ਦੀਆਂ ਸਾਜੀਆਂ ਹੋਈਆਂ ਸਮੂਹ ਚੀਜ਼ਾਂ ਵਿੱਚ ਸਭ ਤੋਂ ਮਹੱਤਵਪੂਰਣ ਹੋਈਏ।

ਸੁਣਨਾ ਅਤੇ ਮੰਨਣਾ

19 ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਹਮੇਸ਼ਾ ਬੋਲਣ ਨਾਲੋਂ ਸੁਣਨ ਦੇ ਵੱਧੇਰੇ ਇੱਛੁਕ ਬਣੋ। ਛੇਤੀ ਹੀ ਗੁੱਸੇ ਵਿੱਚ ਨਾ ਆਓ। 20 ਕਿਸੇ ਵਿਅਕਤੀ ਦਾ ਗੁੱਸਾ ਉਸ ਨੂੰ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਸਹੀ ਜੀਵਨ ਜਿਉਣ ਵਿੱਚ ਮਦਦ ਨਹੀਂ ਕਰਦਾ। 21 ਇਸ ਲਈ ਆਪਣੇ ਜੀਵਨ ਵਿੱਚੋਂ ਹਰ ਬਦੀ ਨੂੰ ਕੱਢ ਦਿਉ ਅਤੇ ਹਰ ਉਹ ਮੰਦੀ ਗੱਲ ਜਿਹੜੀ ਤੁਸੀਂ ਕਰਦੇ ਹੋ। ਨਿਮਾਣੇ ਬਣੋ ਅਤੇ ਪਰਮੇਸ਼ੁਰ ਦੇ ਉਸ ਉਪਦੇਸ਼ ਨੰ ਪ੍ਰਵਾਨ ਕਰੋ ਜਿਹੜਾ ਤੁਹਾਡੇ ਹਿਰਦੇ ਵਿੱਚ ਬੀਜਿਆ ਗਿਆ ਹੈ। ਇਹ ਉਪਦੇਸ਼ ਤੁਹਾਨੂੰ ਬਚਾ ਸੱਕਦਾ ਹੈ।

22 ਉਹੀ ਕਰੋ ਜੋ ਪਰਮੇਸ਼ੁਰ ਦੀ ਸਿੱਖਿਆ ਆਖਦੀ ਹੈ। ਸਿਰਫ਼ ਸੁਣੋ ਹੀ ਨਾ ਅਤੇ ਅਮਲ ਵੀ ਕਰੋ। ਕਿਉਂ? ਕਿਉਂਕਿ ਜਦੋਂ ਤੁਸੀਂ ਬੈਠੇ ਬੈਠੇ ਸੁਣਦੇ ਹੀ ਰਹਿੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਮੂਰਖ ਬਣਾ ਰਹੇ ਹੁੰਦੇ ਹੋ। 23 ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਉਪਦੇਸ਼ ਸੁਣਦਾ ਹੈ ਤੇ ਅਮਲ ਨਹੀਂ ਕਰਦਾ ਤਾਂ ਉਹ ਇਸ ਤਰ੍ਹਾਂ ਦਾ ਹੈ; ਉਹ ਉਸ ਬੰਦੇ ਵਰਗਾ ਹੈ ਜਿਹੜਾ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਦਾ ਹੈ। 24 ਉਹ ਵਿਅਕਤੀ ਆਪਣੇ ਆਪ ਨੂੰ ਦੇਖਦਾ ਹੈ, ਫ਼ੇਰ ਤੁਰ ਜਾਂਦਾ ਹੈ ਅਤੇ ਛੇਤੀ ਹੀ ਭੁੱਲ ਜਾਂਦਾ ਹੈ ਕਿ ਉਹ ਕਿਹੋ ਜਿਹਾ ਦਿੱਸਦਾ ਸੀ। 25 ਪਰ ਇੱਕ ਆਦਮੀ ਜਿਹੜਾ ਸੱਚ ਮੁੱਚ ਖੁਸ਼ ਹੈ, ਉਹੀ ਹੈ ਜਿਹੜਾ ਪਰਮੇਸ਼ੁਰ ਦੇ ਪਰੀਪੂਰਣ ਨੇਮ ਨੂੰ ਪੜ੍ਹਦਾ ਹੈ ਜੋ ਲੋਕਾਂ ਨੂੰ ਅਜ਼ਾਦ ਕਰਦਾ ਹੈ। ਉਹ ਇਸ ਨੂੰ ਪੜ੍ਹਦਾ ਹੀ ਰਹਿੰਦਾ ਹੈ। ਉਹ ਪਰਮੇਸ਼ੁਰ ਦੇ ਉਪਦੇਸ਼ਾਂ ਨੂੰ ਧਿਆਨ ਨਾਲ ਬਿਨਾ ਭੁਲਾਇਆਂ ਸੁਣਦਾ ਹੈ, ਕਿ ਉਸ ਨੇ ਕੀ ਸੁਣਿਆ। ਫ਼ੇਰ ਉਹ ਪਰਮੇਸ਼ੁਰ ਦੇ ਉਪਦੇਸ਼ਾਂ ਤੇ ਅਮਲ ਕਰਦਾ ਹੈ। ਉਸ ਦੁਆਰਾ, ਉਹ ਸੱਚ ਮੁੱਚ ਖੁਸ਼ ਹੈ।

ਪਰਮੇਸ਼ੁਰ ਦੀ ਉਪਾਸਨਾ ਦਾ ਸਹੀ ਢੰਗ

26 ਭਾਵੇ ਕੋਈ ਵਿਅਕਤੀ ਇਹ ਸੋਚਦਾ ਹੋਵੇ ਕਿ ਉਹ ਧਰਮੀ ਹੈ ਪਰ ਜੇਕਰ ਉਹ ਉਹੀ ਗੱਲਾਂ ਆਖਦਾ ਜੋ ਉਸ ਨੂੰ ਨਹੀਂ ਆਖਣੀਆਂ ਚਾਹੀਦੀਆਂ ਤਾਂ ਉਹ ਆਦਮੀ ਆਪਣੇ ਆਪ ਨੂੰ ਮੂਰਖ ਬਣਾਉਂਦਾ ਹੈ। ਉਸ ਦੇ ਧਰਮ ਦਾ ਕੀ ਅਰਥ ਨਹੀਂ ਹੈ। 27 ਜਿਸ ਤਰ੍ਹਾਂ ਦਾ ਧਰਮ ਪਰਮੇਸ਼ੁਰ ਨੂੰ ਚਾਹੀਦਾ ਹੈ ਉਹ ਇਹ ਹੈ; ਉਨ੍ਹਾਂ ਯਤੀਮਾਂ ਅਤੇ ਵਿਧਵਾਵਾਂ ਦੀ ਪਰਵਰਿਸ਼ ਕਰਨਾ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ, ਅਤੇ ਆਪਣੇ ਆਪ ਨੂੰ ਦੁਨਿਆਵੀ ਪ੍ਰਭਾਵ ਤੋਂ ਮੁਕਤ ਰੱਖਣਾ। ਇਹੀ ਉਹ ਧਰਮ ਹੈ ਜਿਸ ਨੂੰ ਪਰਮੇਸ਼ੁਰ ਸ਼ੁੱਧ ਅਤੇ ਪਵਿੱਤਰ ਕਬੂਲਦਾ ਹੈ।

ਮਰਕੁਸ 7:1-8

ਪਰਮੇਸ਼ੁਰ ਦੇ ਨੇਮ ਅਤੇ ਮਨੁੱਖਾਂ ਦੀਆਂ ਬਣਾਈਆਂ ਰੀਤਾਂ(A)

ਕੁਝ ਫ਼ਰੀਸੀ ਅਤੇ ਕਈ ਨੇਮ ਦੇ ਉਪਦੇਸ਼ਕ ਯਰੂਸ਼ਲਮ ਤੋਂ ਆਏ ਅਤੇ ਯਿਸੂ ਦੇ ਗਿਰਦ ਇਕੱਠੇ ਹੋ ਗਏ। ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਵੇਖਿਆ ਕਿ ਯਿਸੂ ਦੇ ਕੁਝ ਚੇਲੇ ਅਣ-ਧੋਤੇ ਹੱਥਾਂ ਨਾਲ ਹੀ ਰੋਟੀ ਖਾਂਦੇ ਸਨ। ਫ਼ਰੀਸੀ ਅਤੇ ਯਹੂਦੀ ਆਪਣੇ ਵਡੇਰਿਆਂ ਦੀ ਰੀਤ ਦੇ ਅਨੁਸਾਰ ਜਦੋਂ ਤੱਕ ਹੱਥਾਂ ਨੂੰ ਖਾਸ ਤਰ੍ਹਾਂ ਨਾ ਧੋ ਲੈਣ ਉਹ ਰੋਟੀ ਨਹੀਂ ਖਾਂਦੇ ਸਨ। ਅਤੇ ਜੇਕਰ ਯਹੂਦੀ ਕੁਝ ਵੀ ਬਜਾਰੋਂ ਲਿਆਉਦੇ, ਉਹ ਉਦੋਂ ਤੱਕ ਨਹੀਂ ਖਾਂਦੇ ਸਨ ਜਦ ਤੱਕ ਉਹ ਉਨ੍ਹਾਂ ਨੂੰ ਰਸਮੀ ਤਰੀਕੇ ਨਾਲ ਨਾ ਧੋ ਲੈਣ। ਉਸੇ ਤਰ੍ਹਾਂ ਹੀ ਹੋਰ ਵੀ ਰੀਤਾਂ ਸਨ ਜੋ ਉਹ ਨਿਭਾਉਂਦੇ ਸਨ। ਉਦਾਹਰਣ ਲਈ, ਪਿਆਲੇ, ਘੜਿਆਂ ਅਤੇ ਹੋਰ ਬਰਤਨਾਂ ਨੂੰ ਧੋਣਾ।

ਤਦ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਉਸ ਨੂੰ ਪੁੱਛਿਆ, “ਜੋ ਰੀਤਾਂ ਸਾਡੇ ਵਡੇਰਿਆਂ ਨੇ ਸਾਨੂੰ ਦਿੱਤੀਆਂ ਹਨ ਤੇਰੇ ਚੇਲੇ ਉਨ੍ਹਾਂ ਦੀ ਪਾਲਣਾ ਕਿਉਂ ਨਹੀਂ ਕਰਦੇ? ਤੇਰੇ ਚੇਲੇ ਅਣ-ਧੋਤੇ ਹੱਥਾਂ ਨਾਲ ਰੋਟੀ ਕਿਉਂ ਖਾਂਦੇ ਹਨ?”

ਯਿਸੂ ਨੇ ਆਖਿਆ, “ਤੁਸੀਂ ਸਭ ਕਪਟੀ ਹੋ। ਤੁਹਾਡੇ ਬਾਰੇ ਯਸਾਯਾਹ ਨੇ ਠੀਕ ਅਗੰਮ ਵਾਕ ਕੀਤਾ। ਜਿਵੇਂ ਕਿ ਲਿਖਿਆ ਹੈ,

‘ਇਹ ਲੋਕ ਆਪਣੇ ਬੁਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ,
    ਪਰ ਇਨ੍ਹਾਂ ਦਾ ਦਿਲ ਮੇਰੇ ਤੋਂ ਦੂਰ ਹੈ।
ਉਨ੍ਹਾਂ ਦਾ ਮੱਥਾ ਟੇਕਣਾ ਮੇਰੇ ਕਿਸੇ ਕੰਮ ਦਾ ਨਹੀਂ।
    ਉਹ ਸਿਰਫ਼ ਮਨੁੱਖਾਂ ਦੇ ਬਣਾਏ ਕਨੂੰਨਾਂ ਦੇ ਉਪਦੇਸ਼ ਕਿਉਂ ਦਿੰਦੇ ਹਨ।’ (B)

ਤੁਸੀਂ, ਲੋਕਾਂ ਦੇ ਉਪਦੇਸ਼ ਦਾ ਅਨੁਸਰਣ ਕਰਨ ਦੀ ਖਾਤਿਰ ਪਰਮੇਸ਼ੁਰ ਦੇ ਹੁਕਮਾਂ ਨੂੰ ਟਾਲ ਦਿੰਦੇ ਹੋ।”

ਮਰਕੁਸ 7:14-15

14 ਯਿਸੂ ਨੇ ਲੋਕਾਂ ਨੂੰ ਫ਼ੇਰ ਆਪਣੇ ਕੋਲ ਬੁਲਾਕੇ ਆਖਿਆ, “ਤੁਹਾਡੇ ਵਿੱਚੋਂ ਹਰ ਕੋਈ ਮੈਨੂੰ ਧਿਆਨ ਨਾਲ ਸੁਣੇ ਅਤੇ ਸਮਝੇ। 15 ਅਜਿਹਾ ਕੁਝ ਵੀ ਨਹੀਂ ਜਿਹੜਾ ਮਨੁੱਖ ਵਿੱਚ ਬਾਹਰੋਂ ਪ੍ਰਵੇਸ਼ ਕਰਦਾ ਹੈ ਅਤੇ ਉਸ ਨੂੰ ਦੂਸ਼ਿਤ ਕਰਦਾ ਹੈ। ਪਰ ਜਿਹੜੀਆਂ ਗੱਲਾਂ ਉਸ ਵਿਅਕਤੀ ਦੇ ਅੰਦਰੋਂ ਨਿਕਲਦੀਆਂ ਹਨ, ਉਹੀ ਉਸ ਨੂੰ ਦੂਸ਼ਿਤ ਕਰਦੀਆਂ ਹਨ।”

ਮਰਕੁਸ 7:21-23

21 ਕਿਉਂਕਿ ਇਹੋ ਜਿਹੀਆਂ ਮੰਦੀਆਂ ਗੱਲਾਂ ਮਨੁੱਖ ਦੇ ਦਿਲ ਵਿੱਚੋਂ ਆਉਂਦੀਆਂ ਹਨ ਬੁਰੇ ਵਿੱਚਾਰ, ਜਿਨਸੀ ਪਾਪ, ਚੋਰੀਆਂ, ਕਤਲ, 22 ਵਿਭਚਾਰ, ਸੁਆਰਥਪੁਣਾ, ਬੁਰਾ ਵਿਉਹਾਰ, ਪਾਪੀ ਗੱਲਾਂ, ਧੋਖਾ, ਈਰਖਾ, ਲੋਕਾਂ ਬਾਰੇ ਬੁਰਾ-ਭਲਾ ਕਹਿਣਾ, ਹੰਕਾਰੀ ਬੋਲ ਅਤੇ ਮੂਰੱਖਤਾਈ। 23 ਇਹ ਸਭ ਬੁਰੀਆਂ ਗੱਲਾਂ ਵਿਅਕਤੀ ਦੇ ਅੰਦਰੋਂ ਬਾਹਰ ਨਿਕਲਦੀਆਂ ਹਨ ਅਤੇ ਇਹ ਗੱਲਾਂ ਉਸ ਨੂੰ ਅਸ਼ੁੱਧ ਬਣਾਉਂਦੀਆਂ ਹਨ।”

Punjabi Bible: Easy-to-Read Version (ERV-PA)

2010 by World Bible Translation Center