Revised Common Lectionary (Semicontinuous)
ਮੰਦਰ ਵਿੱਚ ਨੇਮ ਦਾ ਸੰਦੂਕ
8 ਤਦ ਸੁਲੇਮਾਨ ਨੇ ਇਸਰਾਏਲ ਦੇ ਬਜ਼ੁਰਗਾਂ ਨੂੰ, ਪਰਿਵਾਰ-ਸਮੂਹਾਂ ਦੇ ਸਾਰੇ ਮੁਖੀਆਂ ਨੂੰ ਜੋ ਇਸਰਾਏਲੀਆਂ ਦੇ ਪੁਰਖਿਆਂ ਦੇ ਪਰਧਾਨ ਸਨ, ਆਪਣੇ ਕੋਲ ਯਰੂਸ਼ਲਮ ਵਿੱਚ ਇਕੱਠੇ ਕੀਤਾ ਤਾਂ ਜੋ ਉਹ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਦਾਊਦ ਦੇ ਸ਼ਹਿਰ ਤੋਂ ਜਿਹੜਾ ਸੀਯੋਨ ਹੈ ਉੱਥੋਂ ਇੱਥੇ ਲੈ ਆਉਣ।
6 ਫ਼ੇਰ ਜਾਜਕਾਂ ਨੇ ਯਹੋਵਾਹ ਦੇ ਇੱਕਰਾਨਾਮੇ ਵਾਲੇ ਸੰਦੂਕ ਨੂੰ ਇਸਦੀ ਥਾਵੇਂ, ਮੰਦਰ ਦੇ ਅੱਤ ਪਵਿੱਤਰ ਸਥਾਨ ਵਿੱਚ ਧਰ ਦਿੱਤਾ। ਇਹ ਕਰੂਬੀ ਫ਼ਰਿਸ਼ਤਿਆਂ ਦੇ ਖੰਭਾਂ ਹੇਠਾਂ ਰੱਖਿਆ ਗਿਆ ਸੀ।
10 ਜਦੋਂ ਜਾਜਕਾਂ ਨੇ ਪਵਿੱਤਰ ਸੰਦੂਕ ਨੂੰ ਅੱਤ ਪਵਿੱਤਰ ਸਥਾਨ ਤੇ ਰੱਖਿਆ ਅਤੇ ਇਸ ਵਿੱਚੋਂ ਬਾਹਰ ਆਏ ਬੱਦਲ [a] ਨੇ ਯਹੋਵਾਹ ਦੇ ਮੰਦਰ ਨੂੰ ਭਰ ਦਿੱਤਾ। 11 ਜਾਜਕਾਂ ਨੂੰ ਆਪਣਾ ਕੰਮ ਰੋਕਣਾ ਪਿਆ ਕਿਉਂ ਕਿ ਮੰਦਰ ਇੱਕਦਮ ਪਰਮੇਸ਼ੁਰ ਦੇ ਪਰਤਾਪ ਨਾਲ ਭਰ ਗਿਆ।
22 ਫ਼ਿਰ ਸੁਲੇਮਾਨ ਯਹੋਵਾਹ ਦੀ ਜਗਵੇਦੀ ਅੱਗੇ ਖੜ੍ਹਾ ਹੋ ਗਿਆ, ਅਤੇ ਸਾਰੇ ਲੋਕ ਉਸ ਦੇ ਸਾਹਮਣੇ ਖੜ੍ਹੇ ਹੋ ਗਏ। ਉਸ ਨੇ ਆਪਣੇ ਹੱਥ ਅਕਾਸ਼ ਵੱਲ 23 ਫ਼ੈਲਾਕੇ ਆਖਿਆ,
“ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਉੱਪਰ ਅਕਾਸ਼ਾਂ ਵਿੱਚ ਜਾਂ ਹੇਠਾਂ ਧਰਤੀ ਤੇ ਤੇਰੇ ਵਰਗਾ ਕੋਈ ਪਰਮੇਸ਼ੁਰ ਨਹੀਂ ਹੈ। ਤੂੰ ਆਪਣਾ ਇਕਰਾਰਨਾਮਾ ਰੱਖਦਾ ਅਤੇ ਤੂੰ ਆਪਣੇ ਲੋਕਾਂ ਨਾਲ ਵਫ਼ਾਦਾਰ ਰਹਿੰਦਾ ਹੈ, ਜੋ ਆਪਣੇ ਤਹਿ ਦਿਲੋਂ ਤੇਰਾ ਅਨੁਸਰਣ ਕਰਦੇ ਹਨ। 24 ਤੂੰ ਮੇਰੇ ਪਿਤਾ ਦਾਊਦ, ਆਪਣੇ ਸੇਵਕ, ਨਾਲ ਇੱਕ ਇਕਰਾਰ ਕੀਤਾ ਅਤੇ ਤੂੰ ਇਸ ਇਕਰਾਰ ਨੂੰ ਪੂਰਾ ਕੀਤਾ। ਤੂੰ ਆਪਣੇ ਮੂੰਹੋਂ ਇਕਰਾਰ ਕੀਤਾ ਸੀ ਅਤੇ ਅੱਜ ਆਪਣੀ ਮਹਾਨ ਸ਼ਕਤੀ ਨਾਲ ਉਸ ਇਕਰਾਰ ਨੂੰ ਪੂਰਾ ਕੀਤਾ। 25 ਸੋ ਹੁਣ, ਹੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਮੇਰੇ ਪਿਤਾ ਦਾਊਦ, ਆਪਣੇ ਸੇਵਕ ਨਾਲ ਕੀਤੇ ਬਾਕੀ ਇਕਰਾਰਾਂ ਨੂੰ ਪੂਰਿਆਂ ਕਰ। ਤੂੰ ਆਖਿਆ ਸੀ, ‘ਦਾਊਦ, ਤੇਰੇ ਪੁੱਤਰਾਂ ਨੂੰ ਵੀ ਮੇਰੇ ਹੁਕਮਾਂ ਨੂੰ ਧਿਆਨ ਨਾਲ ਮੰਨਣਾ ਚਾਹੀਦਾ ਹੈ ਜਿਵੇਂ ਤੂੰ ਕੀਤਾ ਹੈ। ਜੇਕਰ ਉਹ ਇਵੇਂ ਕਰਨਗੇ, ਫ਼ੇਰ ਤੇਰੇ ਪਰਿਵਾਰ ਵਿੱਚੋਂ ਹੀ ਕੋਈ ਹਮੇਸ਼ਾ ਇਸਰਾਏਲ ਦੇ ਲੋਕਾਂ ਉੱਤੇ ਸ਼ਾਸਨ ਕਰੇਗਾ।’ 26 ਅਤੇ ਫ਼ਿਰ ਦੁਬਾਰਾ, ਯਹੋਵਾਹ ਹੇ ਇਸਰਾਏਲ ਦੇ ਪਰਮੇਸ਼ੁਰ, ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਕਿਰਪਾ ਕਰਕੇ ਉਹ ਇਕਰਾਰ ਨਿਭਾਂਦਾ ਰਹੀਂ ਜਿਹੜਾ ਤੂੰ ਮੇਰੇ ਪਿਤਾ ਨਾਲ ਕੀਤਾ ਸੀ।
27 “ਪਰ ਪਰਮੇਸ਼ੁਰ, ਕੀ ਤੂੰ ਸੱਚਮੁੱਚ ਇਸ ਧਰਤੀ ਤੇ ਰਹੇਂਗਾ? ਜਦੋਂ ਕਿ ਅਕਾਸ਼ ਅਤੇ ਉਨ੍ਹਾਂ ਦਿਆਂ ਅੱਤ ਉੱਚੀਆਂ ਥਾਵਾਂ ਵੀ ਤੈਨੂੰ ਨਹੀਂ ਸਮਾ ਸੱਕਦੀਆਂ, ਤਾਂ ਅਵੱਸ਼ ਹੀ ਇਹ ਮੰਦਰ ਜਿਹੜਾ ਮੈਂ ਤੇਰੇ ਲਈ ਬਣਾਇਆ, ਤੈਨੂੰ ਨਹੀਂ ਸਮਾ ਸੱਕਦਾ। 28 ਪਰ ਕਿਰਪਾ ਕਰਕੇ ਮੇਰੀ ਅਰਜੋਈ ਸੁਣ! ਮੈਂ ਤੇਰਾ ਸੇਵਕ ਹਾਂ ਅਤੇ ਤੂੰ ਮੇਰੇ ਯਹੋਵਾਹ, ਮੇਰਾ ਪਰਮੇਸ਼ੁਰ ਹੈਂ। ਸੋ ਮੈਂ ਅੱਜ ਅਰਜੋਈ ਕਰ ਰਿਹਾ ਹਾਂ ਮੇਰੀ ਇਸ ਪ੍ਰਾਰਥਨਾ ਨੂੰ ਸੁਣ ਅਤੇ ਕਬੂਲ ਕਰ। 29 ਪਹਿਲਾਂ ਤੂੰ ਆਖਿਆ ਸੀ, ‘ਮੈਂ ਇੱਥੇ ਸਤਿਕਾਰਿਆ ਜਾਵਾਂਗਾ’, ਇਸ ਮੰਦਰ ਵੱਲ ਤੇਰੀਆਂ ਅੱਖਾਂ ਦਿਨ-ਰਾਤ ਖੁਲ੍ਹੀਆਂ ਰਹਿਣ। ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣ ਜੋ ਮੈਂ ਇਸ ਮੰਦਰ ਵਿੱਚੋਂ ਕਰ ਰਿਹਾ ਹਾਂ। 30 ਹੇ ਯਹੋਵਾਹ, ਮੈਂ ਸੁਲੇਮਾਨ, ਤੇਰਾ ਸੇਵਕ ਅਤੇ ਤੇਰੇ ਲੋਕ, ਇਸਰਾਏਲੀ ਮੰਦਰ ਨੂੰ ਆਕੇ ਅਤੇ ਇੱਥੇ ਪ੍ਰਾਰਥਨਾ ਕਰਾਂਗੇ। ਕਿਰਪਾ ਕਰਕੇ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੀ। ਅਸੀਂ ਜਾਣਦੇ ਹਾਂ ਕਿ ਤੂੰ ਅਕਾਸ਼ਾਂ ਵਿੱਚ ਰਹਿੰਦਾ ਹੈਂ। ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿ ਤੂੰ ਓਥੋਂ ਸਾਡੀਆਂ ਪ੍ਰਾਰਥਾਨਾਵਾਂ ਸੁਣੇ, ਅਤੇ ਸਾਨੂੰ ਖਿਮਾ ਕਰ ਦੇਵੇਂ।
41-42 “ਦੂਰ-ਦੁਰਾਡੀਆਂ ਜਗ੍ਹਾ ਤੋਂ ਲੋਕ ਤੇਰਾ ਜੱਸ ਸੁਣਕੇ ਆਉਣ ਤੇਰੀ ਸ਼ਕਤੀ ਤੇ ਮਹਿਮਾ ਵੇਖਕੇ ਇਸ ਮੰਦਰ ਤੇ ਆਕੇ ਤੇਰਾ ਜੱਸ ਗਾਣ। 43 ਕਿਰਪਾ ਕਰਕੇ ਅਕਾਸ਼ ਵਿੱਚ ਆਪਣੇ ਘਰੋ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣ ਅਤੇ ਉਹ ਕਰ ਜੋ ਉਹ ਤੈਥੋਂ ਮੰਗਣ। ਫ਼ੇਰ ਧਰਤੀ ਦੇ ਸਾਰੇ ਲੋਕ ਜਾਣ ਲੈਣਗੇ ਅਤੇ ਤੇਰੀ ਇੱਜ਼ਤ ਕਰਨਗੇ ਜਿਵੇਂ ਇਸਰਾਏਲ ਦੇ ਲੋਕ ਕਰਦੇ ਹਨ। ਫ਼ੇਰ ਉਹ ਲੋਕ ਜਾਣ ਲੈਣਗੇ ਕਿ ਮੈਂ ਇਹ ਮੰਦਰ ਤੇਰੇ ਆਦਰ ਵਿੱਚ ਬਣਾਇਆ ਹੈ।
ਨਿਰਦੇਸ਼ਕ ਲਈ: ਗਿੱਤੀਥ ਦੀ ਸੰਗਤ ਕੋਰਹ ਪਰਿਵਾਰ ਵੱਲੋਂ ਇੱਕ ਉਸਤਤਿ ਗੀਤ।
84 ਸਰਬ ਸ਼ਕਤੀਮਾਨ ਯਹੋਵਾਹ, ਤੁਹਾਡਾ ਮੰਦਰ ਸੱਚਮੁੱਚ ਹੀ ਪਿਆਰਾ ਹੈ।
2 ਯਹੋਵਾਹ, ਮੈਂ ਤੁਹਾਡੇ ਮੰਦਰ ਵਿੱਚ ਦਾਖਲ ਹੋਣ ਲਈ ਹੋਰ ਵੱਧੇਰੇ ਇੰਤਜ਼ਾਰ ਨਹੀਂ ਕਰ ਸੱਕਦਾ।
ਮੈਂ ਇੰਨਾ ਉਤਸਾਹਿਤ ਹਾਂ।
ਮੇਰੇ ਸ਼ਰੀਰ ਦਾ ਰੋਮ-ਰੋਮ ਜਿਉਂਦੇ ਪਰਮੇਸ਼ੁਰ ਦਾ ਸੰਗ ਚਾਹੁੰਦਾ ਹੈ।
3 ਯਹੋਵਾਹ ਸਰਬ ਸ਼ਕਤੀਮਾਨ, ਮੇਰੇ ਰਾਜੇ, ਮੇਰੇ ਪਰਮੇਸ਼ੁਰ,
ਪੰਛੀਆਂ ਨੇ ਵੀ ਤੇਰੇ ਮੰਦਰ ਵਿੱਚ ਘਰ ਬਣਾ ਲਿਆ ਹੈ।
ਉਹ ਤੁਹਾਡੀ ਜਗਵੇਦੀ ਨੇੜੇ ਆਪਣੇ ਆਲ੍ਹਣੇ ਬਣਾਉਂਦੇ ਹਨ
ਅਤੇ ਉੱਥੇ ਹੀ ਉਹ ਆਪਣੇ ਬੱਚੇ ਪੈਦਾ ਕਰਦੇ ਹਨ।
4 ਤੁਹਾਡੇ ਮੰਦਰ ਵਿੱਚ ਰਹਿਣ ਵਾਲੇ ਲੋਕ ਬਹੁਤ ਸੁਭਾਗੇ ਹਨ।
ਉਹ ਹਾਲੇ ਵੀ ਤੁਹਾਡੀ ਉਸਤਤਿ ਕਰ ਰਹੇ ਹਨ।
5 ਦਿਲਾਂ ਅੰਦਰ ਗੀਤ ਲੈ ਕੇ ਆਉਣ ਵਾਲੇ ਲੋਕ
ਤੁਹਾਡੇ ਮੰਦਰ ਵਿੱਚ ਬਹੁਤ ਖੁਸ਼ ਹਨ।
6 ਉਹ ਬਾਕਾ ਵਾਦੀ ਵਿੱਚੋਂ ਦੀ ਸਫ਼ਰ ਕਰਦੇ ਹਨ
ਜਿਹੜੀ ਪਰਮੇਸ਼ੁਰ ਨੇ ਚਸ਼ਮੇ ਵਾਂਗ ਬਣਾਈ ਹੈ।
ਪਤਝੜ ਦੀ ਵਰੱਖਾ ਪਾਣੀ ਦੇ ਤਲਾ ਬਣਾਉਂਦੀ ਹੈ।
7 ਉਹ ਲੋਕੀਂ ਸੀਯੋਨ ਵੱਲ ਜਾਂਦੇ ਆਪਣੇ ਰਾਹ ਉੱਤੇ ਸ਼ਹਿਰੋਂ-ਸ਼ਹਿਰ ਸਫ਼ਰ ਕਰਦੇ ਹਨ
ਜਿੱਥੇ ਉਹ ਆਪਣੇ ਪਰਮੇਸ਼ੁਰ ਨੂੰ ਮਿਲਣਗੇ।
8 ਯਹੋਵਾਹ ਸਰਬ ਸ਼ਕਤੀਮਾਨ ਮੇਰੀ ਪ੍ਰਾਰਥਨਾ ਸੁਣੋ।
ਯਾਕੂਬ ਦੇ ਪਰਮੇਸ਼ੁਰ, ਮੇਰੀ ਗੱਲ ਸੁਣੋ।
9 ਹੇ ਪਰਮੇਸ਼ੁਰ ਸਾਡੇ ਰੱਖਿਅਕ ਦੀ ਰੱਖਿਆ ਕਰੋ।
ਆਪਣੇ ਚੁਣੇ ਹੋਏ ਰਾਜੇ ਉੱਤੇ ਮਿਹਰ ਕਰੋ।
10 ਤੁਹਾਡੇ ਮੰਦਰ ਵਿੱਚਲਾ ਇੱਕ ਵੀ ਦਿਨ
ਕਿਸੇ ਹੋਰ ਥਾਂ ਦੇ ਹਜ਼ਾਰਾਂ ਦਿਨਾ ਨਾਲੋਂ ਬਿਹਤਰ ਹੈ।
ਮੇਰੇ ਪਰਮੇਸ਼ੁਰ ਦੇ ਘਰ ਦੇ ਦਰਾਂ ਉੱਤੇ ਖੜ੍ਹੇ ਹੋਣਾ
ਦੁਸ਼ਟ ਵਿਅਕਤੀ ਦੇ ਘਰੇ ਰਹਿਣ ਨਾਲੋਂ ਬਿਹਤਰ ਹੈ।
11 ਯਹੋਵਾਹ ਹੀ ਸਾਡਾ ਰੱਖਿਅਕ ਅਤੇ ਗੌਰਵਮਈ ਰਾਜਾ ਹੈ।
ਪਰਮੇਸ਼ੁਰ ਸਾਨੂੰ ਮਿਹਰ ਅਤੇ ਮਹਿਮਾ ਨਾਲ ਅਸੀਸ ਦਿੰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰ ਚੰਗੀ ਸ਼ੈਅ ਦਿੰਦਾ ਹੈ
ਜਿਹੜੇ ਉਸ ਦੇ ਪਿੱਛੇ ਤੁਰਦੇ ਹਨ ਅਤੇ ਉਸਦਾ ਆਖਾ ਮੰਨਦੇ ਹਨ।
12 ਯਹੋਵਾਹ ਸਰਬ ਸ਼ਕਤੀਮਾਨ ਜਿਹੜੇ ਲੋਕ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਹਨ ਉਹ ਸੱਚਮੁੱਚ ਪ੍ਰਸੰਨ ਹਨ।
ਪਰਮੇਸ਼ੁਰ ਦੀ ਢਾਲ ਪਹਿਨ ਲਵੋ
10 ਆਪਣਾ ਪੱਤਰ ਖਤਮ ਕਰਦਿਆਂ ਹੋਇਆਂ ਮੈਂ ਦੱਸਦਾ ਹਾਂ ਕਿ ਤੁਹਾਨੂੰ ਪ੍ਰਭੂ ਵਿੱਚ ਉਸਦੀ ਮਹਾਨ ਸ਼ਕਤੀ ਵਿੱਚ ਤਕੜੇ ਹੋਣਾ ਚਾਹੀਦਾ ਹੈ। 11 ਪਰਮੇਸ਼ੁਰ ਦੀ ਢਾਲ ਪਹਿਨ ਲਵੋ ਤਾਂ ਜੋ ਤੁਸੀਂ ਸ਼ੈਤਾਨ ਦੀਆਂ ਸ਼ੈਤਾਨੀ ਚਾਲਾਂ ਦੇ ਖਿਲਾਫ਼ ਲੜ ਸੱਕੋ। 12 ਸਾਡੀ ਲੜਾਈ ਧਰਤੀ ਦੇ ਲੋਕਾਂ ਦੇ ਖਿਲਾਫ਼ ਨਹੀਂ ਹੈ। ਅਸੀਂ ਇਸ ਹਨੇਰੀ ਦੁਨੀਆਂ ਦੇ ਹਾਕਮਾਂ, ਅਧਿਕਾਰੀਆਂ ਅਤੇ ਸ਼ਕਤੀਆਂ ਨਾਲ ਲੜ ਰਹੇ ਹਾਂ। ਅਸੀਂ ਬਦੀ ਦੀਆਂ ਆਤਮਕ ਤਾਕਤਾਂ ਜਿਹੜੀਆਂ ਸਵਰਗੀ ਥਾਵਾਂ ਵਿੱਚ ਹਨ ਦੇ ਵਿਰੁੱਧ ਲੜ ਰਹੇ ਹਾਂ। 13 ਇਸ ਲਈ ਤੁਹਾਡੇ ਕੋਲ ਪਰਮੇਸ਼ੁਰ ਦੇ ਪੂਰੇ ਕਵਚ ਹੋਣੇ ਚਾਹੀਦੇ ਹਨ। ਫ਼ੇਰ ਬਦੀ ਵਾਲੇ ਦਿਨ ਤੁਸੀਂ ਮਜ਼ਬੂਤੀ ਨਾਲ ਡਟਕੇ ਖਲੋ ਸੱਕੋਂਗੇ। ਅਤੇ ਜਦੋਂ ਤੁਸੀਂ ਪੂਰੀ ਲੜਾਈ ਖਤਮ ਕਰ ਲਈ ਹੋਵੇਗੀ ਤੁਸੀਂ ਫ਼ੇਰ ਵੀ ਸਥਿਰ ਖਲੋਤੇ ਹੋਵੋਂਗੇ।
14 ਇਸ ਲਈ ਮਜ਼ਬੂਤੀ ਨਾਲ ਖਲੋਵੋ ਅਤੇ ਆਪਣੀ ਕਮਰ ਦੁਆਲੇ ਸੱਚ ਦੀ ਪੇਟੀ ਬੰਨ੍ਹ ਲਵੋ। ਅਤੇ ਆਪਣੀ ਛਾਤੀ ਉੱਤੇ ਸਹੀ ਜੀਵਨ ਦੀ ਰੱਖਿਆ ਪਾ ਲਵੋ। 15 ਸ਼ਾਂਤੀ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਆਪਣੇ ਪੈਰਾਂ ਵਿੱਚ ਰਜ਼ਾਮੰਦੀ ਦੀ ਜੁੱਤੀ ਪਾ ਲਵੋ। ਜਿਸ ਨਾਲ ਤੁਸੀਂ ਮਜਬੂਤੀ ਨਾਲ ਖਲੋ ਸੱਕਦੇ ਹੋ। 16 ਅਤੇ ਵਿਸ਼ਵਾਸ ਦੀ ਢਾਲ ਦਾ ਵੀ ਇਸਤੇਮਾਲ ਕਰੋ। ਇਸ ਨਾਲ, ਤੁਸੀਂ ਦੁਸ਼ਟ ਦੇ ਸਾਰੇ ਅਗਨੀ ਬਾਣਾਂ ਨੂੰ ਰੋਕ ਸੱਕਦੇ ਹੋ। 17 ਪਰਮੇਸ਼ੁਰ ਦੀ ਮੁਕਤੀ ਦਾ ਟੋਪ ਪ੍ਰਾਪਤ ਕਰੋ। ਅਤੇ ਆਤਮਾ ਦੀ ਤਲਵਾਰ ਫ਼ੜ ਲਵੋ। ਉਹ ਤਲਵਾਰ ਪਰਮੇਸ਼ੁਰ ਦੀ ਸਿੱਖਿਆ ਹੈ। 18 ਹਮੇਸ਼ਾ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ। ਆਪਣੀ ਹਰ ਜ਼ਰੂਰਤ ਪੂਰੀ ਕਰਨ ਲਈ ਹਰ ਤਰ੍ਹਾਂ ਦੀਆਂ ਪ੍ਰਾਰਥਨਾ ਨਾਲ ਪ੍ਰਾਰਥਨਾ ਕਰੋ। ਤੁਹਾਨੂੰ ਇਹ ਹਰ ਸਮੇਂ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਹੌਂਸਲਾ ਨਾ ਗੁਆਓ। ਹਮੇਸ਼ਾ ਪਰਮੇਸ਼ੁਰ ਦੇ ਸਮੂਹ ਲੋਕਾਂ ਲਈ ਪ੍ਰਾਰਥਨਾ ਕਰੋ।
19 ਮੇਰੇ ਲਈ ਵੀ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਜਦੋਂ ਮੈਂ ਬੋਲਾਂ ਪਰਮੇਸ਼ੁਰ ਮੈਨੂੰ ਸ਼ਬਦ ਪ੍ਰਦਾਨ ਕਰੇ। ਤਾਂ ਕਿ ਮੈਂ ਬਿਨਾ ਕਿਸੇ ਡਰ ਦੇ ਖੁਸ਼ਖਬਰੀ ਦੇ ਗੁਪਤ ਸੱਚ ਬਾਰੇ ਦੱਸ ਸੱਕਾਂ। 20 ਮੈਨੂੰ ਉਸ ਖੁਸ਼ਖਬਰੀ ਬਾਰੇ ਬੋਲਣ ਦਾ ਕੰਮ ਸੌਂਪਿਆ ਗਿਆ ਹੈ। ਇਹੀ ਗੱਲ ਮੈਂ ਹੁਣ ਇੱਥੇ ਇਸ ਕੈਦ ਵਿੱਚ ਕਰ ਰਿਹਾ ਹਾਂ। ਮੇਰੇ ਲਈ ਪ੍ਰਾਰਥਨਾ ਕਰੋ ਕਿ ਮੈਂ ਲੋਕਾਂ ਵਿੱਚ ਇਸ ਖੁਸ਼ਖਬਰੀ ਦਾ ਪ੍ਰਚਾਰ ਬਿਨਾ ਡਰ ਤੋਂ ਕਰ ਸੱਕਾਂ ਜਿਸ ਢੰਗ ਨਾਲ ਮੈਨੂੰ ਕਰਨਾ ਚਾਹੀਦਾ ਹੈ।
56 ਉਹ ਜਿਹੜਾ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਮੇਰੇ ਵਿੱਚ ਨਿਵਾਸ ਕਰਦਾ ਅਤੇ ਮੈਂ ਉਸ ਵਿੱਚ ਨਿਵਾਸ ਕਰਦਾ ਹਾਂ।
57 “ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਰਾਹੀਂ ਜਿਉਂਵਾਂਗਾ। ਇਸ ਲਈ ਜੋ ਮੈਨੂੰ ਖਾਂਦਾ ਹੈ ਮੇਰੇ ਰਾਹੀਂ ਜਿਉਂਵੇਗਾ। 58 ਮੈਂ ਉਸ ਰੋਟੀ ਵਰਗਾ ਨਹੀਂ ਹਾਂ ਜਿਹੜੀ ਸਾਡੇ ਪੁਰਖਿਆਂ ਨੇ ਉਜਾੜ ਵਿੱਚ ਖਾਧੀ ਸੀ। ਉਨ੍ਹਾਂ ਨੇ ਉਹ ਰੋਟੀ ਖਾਧੀ ਪਰ ਬਾਕੀ ਲੋਕਾਂ ਵਾਂਗ, ਉਹ ਵੀ ਮਰ ਗਏ ਮੈਂ ਸਵਰਗ ਤੋਂ ਉੱਤਰੀ ਰੋਟੀ ਹਾਂ ਅਤੇ ਜੋ ਇਹ ਰੋਟੀ ਖਾਵੇਗਾ ਉਹ ਸਦੀਵੀ ਜੀਵੇਗਾ।”
59 ਜਦੋਂ ਯਿਸੂ ਕਫਰਨਾਹੂਮ ਦੇ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇ ਰਿਹਾ ਸੀ ਉਸ ਨੇ ਇਹ ਸਭ ਗੱਲਾਂ ਆਖੀਆਂ।
ਬਹੁਤ ਸਾਰੇ ਚੇਲਿਆਂ ਦਾ ਯਿਸੂ ਨੂੰ ਛੱਡ ਜਾਣਾ
60 ਉਸ ਦੇ ਬਹੁਤ ਸਾਰੇ ਚੇਲਿਆਂ ਨੇ ਇਹ ਸੁਣੀਆ ਅਤੇ ਆਖਿਆ, “ਇਹ ਉਪਦੇਸ਼ ਇੰਨਾ ਮੁਸ਼ਕਿਲ ਹੈ। ਕੌਣ ਇਸ ਉਪਦੇਸ਼ ਨੂੰ ਕਬੂਲ ਕਰ ਸੱਕਦਾ ਹੈ?”
61 ਯਿਸੂ ਜਾਣਦਾ ਸੀ ਕਿ ਉਸ ਦੇ ਚੇਲੇ ਇਸ ਬਾਰੇ ਬੁੜ-ਬੁੜਾ ਰਹੇ ਸਨ ਇਸ ਲਈ ਉਸ ਨੇ ਆਖਿਆ, “ਕੀ ਇਹ ਉਪਦੇਸ਼ ਤੁਹਾਨੂੰ ਪਰੇਸ਼ਾਨ ਕਰਦਾ ਹੈ? 62 ਤਾਂ ਕੀ ਤੁਸੀਂ ਉਦੋਂ ਹੋਰ ਵੀ ਵੱਧੇਰੇ ਪਰੇਸ਼ਾਨ ਨਹੀਂ ਹੋਵੋਂਗੇ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਥੇ ਵਾਪਸ ਜਾਂਦਿਆਂ ਵੇਖੋਂਗੇ, ਜਿੱਥੇੋਂ ਉਹ ਆਇਆ ਸੀ? 63 ਇਹ ਸਰੀਰ ਨਹੀਂ ਹੈ ਜੋ ਜੀਵਨ ਦਿੰਦਾ ਹੈ ਸਗੋਂ ਇਹ ਆਤਮਾ ਹੈ ਜੋ ਜੀਵਨ ਦਿੰਦਾ ਹੈ। ਜੋ ਗੱਲਾਂ ਮੈਂ ਤੁਹਾਨੂੰ ਦੱਸੀਆਂ ਹਨ ਉਹ ਆਤਮਾ ਹਨ, ਇਸ ਲਈ ਇਹ ਗੱਲਾਂ ਜੀਵਨ ਦਿੰਦੀਆਂ ਹਨ। 64 ਪਰ ਤੁਹਾਡੇ ਵਿੱਚੋਂ ਕੁਝ ਯਕੀਨ ਨਹੀਂ ਕਰਦੇ।” ਯਿਸੂ ਉਨ੍ਹਾਂ ਲੋਕਾਂ ਨੂੰ ਸ਼ੁਰੂ ਤੋਂ ਹੀ ਜਾਣਦਾ ਸੀ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ। ਅਤੇ ਉਹ ਇਹ ਵੀ ਜਾਣਦਾ ਸੀ ਕਿ ਉਹ ਕੌਣ ਹੈ ਜੋ ਉਸ ਦੇ ਵਿਰੁੱਧ ਮੁੜ ਪਵੇਗਾ। 65 ਯਿਸੂ ਨੇ ਕਿਹਾ, “ਇਸੇ ਲਈ ਮੈਂ ਤੁਹਾਨੂੰ ਕਿਹਾ ਸੀ, ‘ਕਿ ਜਦੋਂ ਤੱਕ ਪਿਤਾ ਇੱਕ ਵਿਅਕਤੀ ਨੂੰ ਮੇਰੇ ਕੋਲ ਆਉਣ ਨਹੀਂ ਦਿੰਦਾ ਉਹ ਮੇਰੇ ਕੋਲ ਨਹੀਂ ਆ ਸੱਕਦਾ।’”
66 ਇਸੇ ਕਾਰਣ, ਯਿਸੂ ਦੇ ਬਹੁਤੇ ਚੇਲਿਆਂ ਨੇ ਉਸ ਨੂੰ ਛੱਡ ਦਿੱਤਾ ਅਤੇ ਭਵਿੱਖ ਵਿੱਚ ਉਸਦਾ ਅਨੁਸਰਣ ਨਾ ਕੀਤਾ।
67 ਯਿਸੂ ਨੇ ਬਾਰ੍ਹਾਂ ਰਸੂਲਾਂ ਨੂੰ ਆਖਿਆ, “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?”
68 ਸ਼ਮਊਨ ਪਤਰਸ ਨੇ ਉਸ ਨੂੰ ਆਖਿਆ, “ਪ੍ਰਭੂ! ਅਸੀਂ ਕਿਸ ਕੋਲ ਜਾਈਏ? ਤੇਰੇ ਕੋਲ ਸ਼ਬਦ ਹਨ ਜੋ ਸਦੀਪਕ ਜੀਵਨ ਦਿੰਦੇ ਹਨ। 69 ਸਾਨੂੰ ਤੇਰੇ ਤੇ ਵਿਸ਼ਵਾਸ ਹੈ, ਅਸੀਂ ਜਾਣਦੇ ਹਾਂ ਕਿ ਤੂੰ ਪਰਮੇਸ਼ੁਰ ਵੱਲੋਂ ਪਵਿੱਤਰ ਪੁਰੱਖ ਹੈਂ।”
2010 by World Bible Translation Center