Revised Common Lectionary (Semicontinuous)
ਨਿਰਦੇਸ਼ਕ ਲਈ: “ਬਰਬਾਦ ਨਾ ਕਰੋ” ਧੁਨੀ ਨੂੰ। ਦਾਊਦ ਦਾ ਉਸ ਵੇਲੇ ਦਾ ਇੱਕ ਭੱਗਤੀ ਗੀਤ ਜਦੋਂ ਉਹ ਸ਼ਾਊਲ ਦੀ ਗੁਫ਼ਾ ਵਿੱਚੋਂ ਬਚ ਨਿਕਲਿਆ।
57 ਹੇ ਪਰਮੇਸ਼ੁਰ, ਮੇਰੇ ਉੱਪਰ ਮਿਹਰ ਕਰੋ।
ਦਯਾਵਾਨ ਹੋਵੋ, ਕਿਉਂਕਿ ਮੇਰੀ ਰੂਹ ਨੂੰ ਤੁਹਾਡੇ ਉੱਤੇ ਵਿਸ਼ਵਾਸ ਹੈ।
ਮੈਂ ਓਨਾ ਚਿਰ ਤੁਹਾਡੇ ਵਿੱਚ ਸ਼ਰਨ ਲਵਾਂਗਾ
ਜਿੰਨਾ ਚਿਰ ਮੁਸੀਬਤਾਂ ਨਹੀਂ ਮੁੱਕ ਜਾਂਦੀਆਂ।
2 ਮੈਂ ਸਭ ਤੋਂ ਉੱਚੇ ਪਰਮੇਸ਼ੁਰ ਨੂੰ ਸਹਾਇਤਾ ਲਈ ਪ੍ਰਾਰਥਨਾ ਕਰਦਾ ਹਾਂ।
ਅੱਤ ਉੱਚ ਪਰਮੇਸ਼ੁਰ, ਪੂਰੀ ਤਰ੍ਹਾਂ ਮੇਰਾ ਖਿਆਲ ਰੱਖਦਾ ਹੈ।
3 ਉਹ ਸਵਰਗ ਵਿੱਚੋਂ, ਮੇਰੀ ਸਹਾਇਤਾ ਕਰਦਾ ਅਤੇ ਮੈਨੂੰ ਬਚਾਉਂਦਾ ਹੈ।
ਉਸ ਨੇ ਉਨ੍ਹਾਂ ਲੋਕਾਂ ਨੂੰ ਹਰਾਇਆ ਜੋ ਮੈਨੂੰ ਦੁੱਖ ਦਿੰਦੇ ਹਨ।
ਪਰਮੇਸ਼ੁਰ ਆਪਣਾ ਸੱਚਾ ਪਿਆਰ ਮੇਰੇ ਲਈ ਦਰਸ਼ਾਉਂਦਾ ਹੈ।
4 ਮੇਰੀ ਜ਼ਿੰਦਗੀ ਖਤਰੇ ਵਿੱਚ ਹੈ।
ਮੈਂ ਮੇਰੇ ਵੈਰੀਆਂ ਦੁਆਰਾ ਘਿਰਿਆ ਹੋਇਆ ਹਾਂ।
ਉਹ ਆਦਮ ਖੋਰ ਸ਼ੇਰਾਂ ਵਰਗੇ ਹਨ,
ਉਨ੍ਹਾਂ ਦੇ ਦੰਦ ਤੀਰਾਂ ਅਤੇ ਨੇਜਿਆਂ ਨਾਲੋਂ ਵੀ ਤਿੱਖੇ ਹਨ,
ਉਨ੍ਹਾਂ ਦੀਆਂ ਜੀਭਾਂ ਇੱਕ ਤਲਵਾਰ ਜਿੰਨੀਆਂ ਤਿੱਖੀਆਂ ਹਨ।
5 ਹੇ ਪਰਮੇਸ਼ੁਰ, ਤੁਸੀਂ ਅਕਾਸ਼ ਨਾਲੋਂ ਉੱਚੇ ਹੋਂ।
ਤੁਹਾਡੀ ਸ਼ਾਨ ਧਰਤੀ ਉੱਤੇ ਫ਼ੈਲੀ ਹੋਈ ਹੈ।
6 ਮੇਰੇ ਵੈਰੀਆਂ ਨੇ ਮੇਰੇ ਲਈ ਜਾਲ ਵਿਛਾਇਆ ਹੈ
ਉਹ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਵਿੱਚ ਹਨ।
ਉਨ੍ਹਾਂ ਨੇ ਮੇਰੇ ਡਿੱਗਣ ਲਈ ਡੂੰਘਾ ਟੋਆ ਪੁੱਟਿਆ ਹੈ,
ਪਰ ਉਹ ਖੁਦ ਹੀ ਇਸ ਵਿੱਚ ਡਿੱਗ ਪਏ ਹਨ।
7 ਪਰ ਪਰਮੇਸ਼ੁਰ ਮੈਨੂੰ ਬਚਾਕੇ ਰੱਖੇਗਾ।
ਉਹ ਮੈਨੂੰ ਬਹਾਦਰ ਬਣਾਵੇਗਾ।
ਮੈਂ ਉਸਦੀ ਉਸਤਤਿ ਗਾਵਾਂਗਾ।
8 ਮੇਰੀ ਆਤਮਾ ਜਾਗ ਪੈ।
ਸਾਜੋ ਅਤੇ ਸਾਰੰਗੀਉ ਆਪਣਾ ਸੰਗੀਤ ਸ਼ੁਰੂ ਕਰੋ।
ਆਓ ਸਵੇਰ ਨੂੰ ਜਗਾਈਏ।
9 ਮੇਰੇ ਮਾਲਕ ਮੈਂ ਤੁਹਾਡੀ ਸਾਰਿਆਂ ਲਈ ਉਸਤਤਿ ਕਰਦਾ ਹਾਂ।
ਮੈਂ ਹਰ ਇੱਕ ਕੌਮ ਲਈ ਤੁਹਾਡੀ ਉਸਤਤਿ ਦੇ ਗੀਤ ਗਾਉਂਦਾ ਹਾਂ।
10 ਤੁਹਾਡਾ ਸੱਚਾ ਪਿਆਰ ਆਕਾਸ਼ ਦੇ ਸਭ ਤੋਂ ਉੱਚੇ ਪਰਬਤ ਨਾਲੋਂ ਵੀ ਉਚੇਰਾ ਹੈ।
11 ਪਰਮੇਸ਼ੁਰ ਆਕਾਸ਼ਾਂ ਨਾਲੋਂ ਵੀ ਉੱਚਾ ਹੈ।
ਉਸਦੀ ਸ਼ਾਨ ਧਰਤੀ ਨੂੰ ਕੱਜਦੀ ਹੈ।
ਯੋਆਬ ਦਾ ਦਾਊਦ ਨੂੰ ਮੰਦਾ ਆਖਣਾ
19 ਲੋਕਾਂ ਨੇ ਇਹ ਖਬਰ ਯੋਆਬ ਨੂੰ ਸੁਣਾਈ। ਉਨ੍ਹਾਂ ਆਖਿਆ, “ਵੇਖ, ਪਾਤਸ਼ਾਹ ਅਬਸ਼ਾਲੋਮ ਲਈ ਕੁਰਲਾਅ ਰਿਹਾ ਹੈ ਅਤੇ ਬੜਾ ਉਦਾਸ ਹੈ।” 2 ਉਸ ਦਿਨ ਦਾਊਦ ਦੀ ਫ਼ੌਜ ਦੀ ਜਿੱਤ ਹੋਈ, ਪਰ ਉਸ ਦਿਨ ਦੀ ਇਹ ਖਬਰ ਸਭਨਾਂ ਲੋਕਾਂ ਲਈ ਦੁੱਖ ਦਾ ਦਿਹਾੜਾ ਬਣੀ। ਇਹ ਸਭਨਾਂ ਲਈ ਸ਼ੋਕ ਦਾ ਦਿਹਾੜਾ ਸੀ ਕਿਉਂ ਕਿ ਲੋਕਾਂ ਨੇ ਸੁਣਿਆ ਕਿ, “ਪਾਤਸ਼ਾਹ ਆਪਣੇ ਪੁੱਤਰ ਲਈ ਬੜਾ ਦੁੱਖੀ ਹੈ।”
3 ਲੋਕ ਚੁੱਪ-ਚੁਪੀਤਾ ਸ਼ਹਿਰ ਵਿੱਚ ਆ ਵੜੇ। ਉਹ ਇੰਝ ਪ੍ਰਵੇਸ਼ ਕੀਤੇ ਜਿਵੇਂ ਲੋਕ ਲੜਾਈ ਵਿੱਚੋਂ ਹਾਰ ਖਾਕੇ ਸ਼ਰਮ ਦੇ ਮਾਰੇ ਆਉਂਦੇ ਹਨ। 4 ਪਾਤਸ਼ਾਹ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਤੇ ਉੱਚੀ-ਉੱਚੀ ਕੁਰਲਾਅ ਰਿਹਾ ਸੀ, “ਹਾਏ ਮੇਰੇ ਪੁੱਤਰ ਅਬਸ਼ਾਲੋਮ, ਹਾਏ ਅਬਸ਼ਾਲੋਮ, ਮੇਰੇ ਪੁੱਤਰ, ਹਾਏ ਮੇਰੇ ਪੁੱਤਰ।”
5 ਯੋਆਬ ਦਾਊਦ ਪਾਤਸ਼ਾਹ ਦੇ ਕੋਲ ਆਇਆ ਅਤੇ ਉਸ ਨੂੰ ਆਖਣ ਲੱਗਾ, “ਅੱਜ ਦੇ ਦਿਨ ਤੁਸੀਂ ਆਪਣੇ ਸਾਰੇ ਅਫ਼ਸਰਾਂ ਨੂੰ ਸ਼ਰਮਿੰਦਾ ਕਰ ਰਹੇ ਹੋ! ਵੇਖੋ, ਉਨ੍ਹਾਂ ਅਫ਼ਸਰਾਂ ਨੇ ਅੱਜ ਤੁਹਾਡੀ ਜਾਨ ਬਚਾਈ ਹੈ ਅਤੇ ਉਨ੍ਹਾਂ ਨੇ ਤੁਹਾਡੇ ਇਲਾਵਾ ਤੁਹਾਡੇ ਪੁੱਤਰਾਂ, ਧੀਆਂ ਅਤੇ ਤੁਹਾਡੀਆਂ ਪਤਨੀਆਂ ਅਤੇ ਦਾਸੀਆਂ ਦੀਆਂ ਜਾਨਾਂ ਨੂੰ ਵੀ ਬਚਾਇਆ ਹੈ। 6 ਪਰ ਤੁਸੀਂ ਤਾਂ ਸਗੋਂ ਆਪਣੇ ਦੁਸ਼ਮਣਾਂ ਨਾਲ ਪ੍ਰੀਤ ਕਰ ਰਹੇ ਹੋ ਅਤੇ ਜੋ ਤੁਹਾਨੂੰ ਪ੍ਰੀਤ ਕਰਦੇ ਹਨ ਉਨ੍ਹਾਂ ਨਾਲ ਘਿਰਣਾ ਕਰ ਰਹੇ ਹੋ। ਅੱਜ ਤੁਸੀਂ ਇਹ ਸਿੱਧ ਕਰ ਦਿੱਤਾ ਹੈ ਕਿ ਤੁਹਾਡੇ ਲਈ ਤੁਹਾਡੇ ਅਫ਼ਸਰਾਂ ਅਤੇ ਲੋਕਾਂ ਦਾ ਕੋਈ ਮੁੱਲ ਨਹੀਂ। ਇਹ ਮੈਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਜੇਕਰ ਅਬਸ਼ਾਲੋਮ ਜਿਉਂਦਾ ਰਹਿੰਦਾ ਅਤੇ ਉਸਦੀ ਜਗ੍ਹਾ ਅੱਜ ਅਸੀਂ ਮਾਰੇ ਗਏ ਹੁੰਦੇ ਤਾਂ ਤੁਸੀਂ ਪੂਰੇ ਖੁਸ਼ ਹੋਣਾ ਸੀ। 7 ਸੋ ਹੁਣ ਉੱਠੋ ਅਤੇ ਉੱਠ ਕੇ ਆਪਣੇ ਅਫ਼ਸਰਾਂ ਨੂੰ ਧੀਰਜ ਦੇਵੋ ਕਿਉਂ ਕਿ ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਕਿ ਜੇ ਤੁਸੀਂ ਬਾਹਰ ਨਹੀਂ ਨਿਕਲੋਂਗੇ ਤਾਂ ਰਾਤ ਤੀਕ ਤੁਹਾਡੇ ਨਾਲ ਇੱਕ ਵੀ ਬੰਦਾ ਨਹੀਂ ਰਹੇਗਾ ਅਤੇ ਇਹ ਤੁਹਾਡੇ ਲਈ ਉਨ੍ਹਾਂ ਸਾਰੀਆਂ ਬੁਰਿਆਈਆਂ ਨਾਲੋਂ ਜੋ ਜੁਆਨੀ ਦੀ ਉਮਰ ਦੇ ਮੁੱਢ ਤੋਂ ਲੈ ਕੇ ਅੱਜ ਤੀਕ ਤੁਹਾਡੇ ਉੱਪਰ ਆਈਆਂ, ਤੋਂ ਵੱਧੀਕ ਬੁਰੀ ਹੋਵੇਗੀ।”
8 ਤਦ ਪਾਤਸ਼ਾਹ ਸ਼ਹਿਰ ਦੇ ਦੁਆਰ ਤੀਕ ਗਿਆ ਤੇ ਇਹ ਖਬਰ ਝਟ ਫ਼ੈਲ ਗਈ ਕਿ ਪਾਤਸ਼ਾਹ ਦੁਆਰ ਤੇ ਖੜ੍ਹਾ ਹੈ ਤਾਂ ਸਾਰੇ ਲੋਕ ਪਾਤਸ਼ਾਹ ਨੂੰ ਮਿਲਣ ਲਈ ਆਏ। ਕਿਉਂ ਕਿ ਸਾਰੇ ਇਸਰਾਏਲੀ ਜਿਨ੍ਹਾਂ ਅਬਸ਼ਾਲੋਮ ਨੂੰ ਚੁਣਿਆ ਸੀ ਆਪਣੇ ਘਰੋ-ਘਰੀਁ ਭੱਜ ਗਏ ਸਨ।
ਦਾਊਦ ਦਾ ਮੁੜ ਪਾਤਸ਼ਾਹ ਠਹਿਰਨਾ
9 ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਸਭ ਲੋਕ ਆਪਸ ਵਿੱਚ ਝਗੜਦੇ ਸਨ ਅਤੇ ਆਖਦੇ ਸਨ ਕਿ, “ਪਾਤਸ਼ਾਹ ਨੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਖੋਹਿਆ ਅਤੇ ਫ਼ਲਿਸਤੀਆਂ ਤੋਂ ਸਾਨੂੰ ਬਚਾਇਆ ਸੀ ਅਤੇ ਹੁਣ ਉਹ ਅਬਸ਼ਾਲੋਮ ਦੇ ਹੱਥੋਂ ਦੇਸੋਂ ਭੱਜ ਗਿਆ ਹੈ। 10 ਇਸ ਲਈ ਅਸੀਂ ਅਬਸ਼ਾਲੋਮ ਨੂੰ ਰਾਜ ਕਰਨ ਲਈ ਚੁਣਿਆ। ਪਰ ਹੁਣ ਅਬਸ਼ਾਲੋਮ ਵੀ ਮਰ ਗਿਆ ਹੈ। ਉਹ ਲੜਾਈ ਵਿੱਚ ਮਾਰਿਆ ਗਿਆ ਇਸ ਲਈ ਅਸੀਂ ਦਾਊਦ ਨੂੰ ਮੁੜ ਪਾਤਸ਼ਾਹ ਥਾਪਦੇ ਹਾਂ।”
11 ਦਾਊਦ ਪਾਤਸ਼ਾਹ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਸੁਨੇਹਾ ਭੇਜਿਆ ਅਤੇ ਕਿਹਾ, “ਯਹੂਦਾਹ ਦੇ ਬਜ਼ੁਰਗਾਂ ਨਾਲ ਗੱਲ ਕਰੋ। ਆਖੋ, ਤੁਸੀਂ ਦਾਊਦ ਪਾਤਸ਼ਾਹ ਨੂੰ ਮਹਿਲ ਵੱਲ ਮੋੜ ਲਿਆਉਣ ਵਿੱਚ ਕਿਉਂ ਸਭਨਾਂ ਨਾਲੋਂ ਪਿੱਛੇ ਰਹਿ ਗਏ ਹੋਂ?” 12 ਤੁਸੀਂ ਮੇਰੇ ਭਰਾ ਭਾਈ ਅਤੇ ਮੇਰਾ ਪਰਿਵਾਰ ਹੋ ਤਾਂ ਫ਼ਿਰ ਤੁਸੀਂ ਪਾਤਸ਼ਾਹ ਨੂੰ ਮੋੜ ਲਿਆਉਣ ਵਿੱਚ ਪਿੱਛੇ ਕਿਉਂ ਰਹਿ ਗਏ। 13 ਅਮਾਸਾ ਨੂੰ ਆਖੋ, “ਤੂੰ ਮੇਰੇ ਹੀ ਪਰਿਵਾਰ ਦਾ ਅੰਗ ਹੈਂ। ਸੋ ਜੇਕਰ ਮੈਂ ਤੈਨੂੰ ਯੋਆਬ ਦੀ ਜਗ੍ਹਾ ਆਪਣੇ ਅੱਗੇ ਸੇਨਾਪਤੀ ਨਾ ਬਣਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਅਜਿਹਾ ਹੀ ਕਰੇ, ਸਗੋਂ ਇਸ ਤੋਂ ਵੀ ਵੱਧੀਕ ਕਰੇ।”
14 ਦਾਊਦ ਨੇ ਯਹੂਦਾਹ ਦੇ ਸਾਰੇ ਲੋਕਾਂ ਦੇ ਦਿਲਾਂ ’ਚ ਘਰ ਕਰ ਲਿਆ ਇਸ ਲਈ ਉਹ ਸਾਰੇ ਇੱਕ ਰਾਇ ਹੋ ਗਏ। ਤਾਂ ਉਨ੍ਹਾਂ ਨੇ ਪਾਤਸ਼ਾਹ ਨੂੰ ਸੁਨੇਹਾ ਭੇਜਿਆ ਕਿ, “ਆਪਣੇ ਸਾਰੇ ਅਫ਼ਸਰਾਂ ਸਮੇਤ ਤੁਸੀਂ ਮੁੜ ਆਵੋ।”
15 ਤਦ ਦਾਊਦ ਪਾਤਸ਼ਾਹ ਯਰਦਨ ਨਦੀ ਦੇ ਕੰਢੇ ਆਇਆ। ਯਹੂਦਾਹ ਦੇ ਲੋਕ ਉਸ ਨੂੰ ਯਰਦਨ ਦੇ ਪਾਰ ਲਿਆਉਣ ਨੂੰ ਗਿਲਗਾਲ ਤੀਕ ਆਏ।
ਸ਼ਿਮਈ ਨੇ ਦਾਊਦ ਤੋਂ ਖਿਮਾ ਮੰਗੀ
16 ਗੇਰਾ ਦਾ ਪੁੱਤਰ ਸ਼ਿਮਈ ਬਿਨਯਾਮੀਨੀ ਬਹੁਰੀਮ ਤੋਂ ਕਾਹਲੀ ਨਾਲ ਤੁਰਿਆ ਅਤੇ ਯਹੂਦਾਹ ਦੇ ਲੋਕਾਂ ਨਾਲ ਰਲ ਕੇ ਦਾਊਦ ਪਾਤਸ਼ਾਹ ਨੂੰ ਮਿਲਣ ਲਈ ਆਇਆ। 17 ਤਕਰੀਬਨ 1,000 ਦੇ ਕਰੀਬ ਲੋਕ ਬਿਨਯਾਮੀਨ ਤੋਂ ਸ਼ਿਮਈ ਦੇ ਨਾਲ ਤੁਰੇ। ਦਾਊਦ ਦੇ ਪਰਿਵਾਰ-ਸਮੂਹ ਵਿੱਚੋਂ ਸੀਬਾ ਨਾਂ ਦਾ ਸੇਵਕ ਵੀ ਆਇਆ ਅਤੇ ਉਹ ਆਪਣੇ ਨਾਲ ਆਪਣੇ 15 ਪੁੱਤਰ ਅਤੇ 20 ਨੌਕਰ ਵੀ ਲੈ ਕੇ ਆਇਆ। ਫ਼ਿਰ ਸਾਰੇ ਲੋਕ ਬੜੀ ਕਾਹਲੀ ਨਾਲ ਯਰਦਨ ਦਰਿਆ ਕੋਲ ਦਾਊਦ ਪਾਤਸ਼ਾਹ ਦੇ ਮਿਲਣ ਲਈ ਆਏ।
18 ਪਾਤਸ਼ਾਹ ਦੇ ਪਰਿਵਾਰ ਨੂੰ ਵਾਪਸ ਲਿਆਉਣ ਲਈ ਲੋਕਾਂ ਨੇ ਯਰਦਨ ਦਰਿਆ ਪਾਰ ਕੀਤਾ। ਲੋਕਾਂ ਨੇ ਉਹੀ ਕੀਤਾ ਜੋ ਰਾਜਾ ਚਾਹੁੰਦਾ ਸੀ, ਜਦੋਂ ਰਾਜਾ ਦਰਿਆ ਪਾਰ ਕਰ ਰਿਹਾ ਸੀ ਗੇਰਾ ਦਾ ਪੁੱਤਰ ਸ਼ਿਮਈ ਉਸ ਨੂੰ ਵੇਖਣ ਲਈ ਆਇਆ। ਸ਼ਿਮਈ ਦਾ ਅਭਿਵਾਦਨ ਕਰਨ ਲਈ ਧਰਤੀ ਤੇ ਝੁਕ ਗਿਆ।।
35 ਯਿਸੂ ਨੇ ਉਨ੍ਹਾਂ ਨੂੰ ਕਿਹਾ “ਮੈਂ ਹੀ ਜੀਵਨ ਦੀ ਰੋਟੀ ਹਾਂ। ਜਿਹੜਾ ਕੋਈ ਮੇਰੇ ਕੋਲ ਆਉਂਦਾ ਹੈ ਕਦੇ ਭੁੱਖਾ ਨਹੀਂ ਰਹੇਗਾ ਅਤੇ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਕਦੇ ਪਿਆਸਾ ਨਹੀਂ ਰਹੇਗਾ। 36 ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਕਿ ਤੁਸੀਂ ਮੈਨੂੰ ਵੇਖਿਆ ਹੈ, ਪਰ ਤਾਂ ਵੀ ਤੁਸੀਂ ਨਿਹਚਾ ਨਹੀਂ ਕਰਦੇ। 37 ਜਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦਿੰਦਾ ਹੈ ਉਹ ਮੇਰੇ ਕੋਲ ਆਉਣਗੇ ਅਤੇ ਮੈ ਉਸ ਹਰ ਮਨੁੱਖ ਨੂੰ ਸਵੀਕਾਰ ਕਰਾਂਗਾ, ਬਲਕਿ ਉਸ ਨੂੰ ਕੱਢਾਂਗਾ ਨਹੀਂ। 38 ਕਿਉਂਕਿ ਮੈਂ ਸਵਰਗ ਤੋਂ ਆਪਣੀ ਖੁਦ ਦੀ ਇੱਛਾ ਅਨੁਸਾਰ ਕਰਨ ਨਹੀਂ ਆਇਆ ਸਗੋਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਕਰਨ ਆਇਆ ਹਾਂ। 39 ਮੈਨੂੰ ਉਨ੍ਹਾਂ ਵਿੱਚੋਂ ਇੱਕ ਵੀ ਵਿਅਕਤੀ ਨਹੀਂ ਗੁਆਉਣਾ ਚਾਹੀਦਾ, ਜੋ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ। ਪਰ ਮੈਂ ਉਨ੍ਹਾਂ ਨੂੰ ਅੰਤਲੇ ਦਿਨ ਜਿਉਂਦਾ ਉੱਠਾਵਾਂਗਾ। ਉਹ, ਜਿਸਨੇ ਮੈਨੂੰ ਭੇਜਿਆ ਹੈ, ਇਹੀ ਆਸ ਰੱਖਦਾ ਹੈ। 40 ਮੇਰੇ ਪਿਤਾ ਦੀ ਇੱਛਾ ਹੈ: ਹਰ ਕੋਈ ਜੋ ਪੁੱਤਰ ਨੂੰ ਵੇਖਦਾ ਅਤੇ ਉਸ ਵਿੱਚ ਨਿਹਚਾ ਰੱਖਦਾ ਹੈ ਸੋ ਸਦੀਪਕ ਜੀਵਨ ਪਾਵੇਗਾ। ਮੈਂ ਉਸ ਨੂੰ ਅੰਤ ਦੇ ਦਿਨ ਜਿਉਂਦਾ ਉੱਠਾਵਾਂਗਾ।”
2010 by World Bible Translation Center