Print Page Options
Previous Prev Day Next DayNext

Revised Common Lectionary (Semicontinuous)

Daily Bible readings that follow the church liturgical year, with sequential stories told across multiple weeks.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 57

ਨਿਰਦੇਸ਼ਕ ਲਈ: “ਬਰਬਾਦ ਨਾ ਕਰੋ” ਧੁਨੀ ਨੂੰ। ਦਾਊਦ ਦਾ ਉਸ ਵੇਲੇ ਦਾ ਇੱਕ ਭੱਗਤੀ ਗੀਤ ਜਦੋਂ ਉਹ ਸ਼ਾਊਲ ਦੀ ਗੁਫ਼ਾ ਵਿੱਚੋਂ ਬਚ ਨਿਕਲਿਆ।

57 ਹੇ ਪਰਮੇਸ਼ੁਰ, ਮੇਰੇ ਉੱਪਰ ਮਿਹਰ ਕਰੋ।
    ਦਯਾਵਾਨ ਹੋਵੋ, ਕਿਉਂਕਿ ਮੇਰੀ ਰੂਹ ਨੂੰ ਤੁਹਾਡੇ ਉੱਤੇ ਵਿਸ਼ਵਾਸ ਹੈ।
ਮੈਂ ਓਨਾ ਚਿਰ ਤੁਹਾਡੇ ਵਿੱਚ ਸ਼ਰਨ ਲਵਾਂਗਾ
    ਜਿੰਨਾ ਚਿਰ ਮੁਸੀਬਤਾਂ ਨਹੀਂ ਮੁੱਕ ਜਾਂਦੀਆਂ।
ਮੈਂ ਸਭ ਤੋਂ ਉੱਚੇ ਪਰਮੇਸ਼ੁਰ ਨੂੰ ਸਹਾਇਤਾ ਲਈ ਪ੍ਰਾਰਥਨਾ ਕਰਦਾ ਹਾਂ।
    ਅੱਤ ਉੱਚ ਪਰਮੇਸ਼ੁਰ, ਪੂਰੀ ਤਰ੍ਹਾਂ ਮੇਰਾ ਖਿਆਲ ਰੱਖਦਾ ਹੈ।
ਉਹ ਸਵਰਗ ਵਿੱਚੋਂ, ਮੇਰੀ ਸਹਾਇਤਾ ਕਰਦਾ ਅਤੇ ਮੈਨੂੰ ਬਚਾਉਂਦਾ ਹੈ।
    ਉਸ ਨੇ ਉਨ੍ਹਾਂ ਲੋਕਾਂ ਨੂੰ ਹਰਾਇਆ ਜੋ ਮੈਨੂੰ ਦੁੱਖ ਦਿੰਦੇ ਹਨ।
ਪਰਮੇਸ਼ੁਰ ਆਪਣਾ ਸੱਚਾ ਪਿਆਰ ਮੇਰੇ ਲਈ ਦਰਸ਼ਾਉਂਦਾ ਹੈ।

ਮੇਰੀ ਜ਼ਿੰਦਗੀ ਖਤਰੇ ਵਿੱਚ ਹੈ।
    ਮੈਂ ਮੇਰੇ ਵੈਰੀਆਂ ਦੁਆਰਾ ਘਿਰਿਆ ਹੋਇਆ ਹਾਂ।
ਉਹ ਆਦਮ ਖੋਰ ਸ਼ੇਰਾਂ ਵਰਗੇ ਹਨ,
    ਉਨ੍ਹਾਂ ਦੇ ਦੰਦ ਤੀਰਾਂ ਅਤੇ ਨੇਜਿਆਂ ਨਾਲੋਂ ਵੀ ਤਿੱਖੇ ਹਨ,
    ਉਨ੍ਹਾਂ ਦੀਆਂ ਜੀਭਾਂ ਇੱਕ ਤਲਵਾਰ ਜਿੰਨੀਆਂ ਤਿੱਖੀਆਂ ਹਨ।

ਹੇ ਪਰਮੇਸ਼ੁਰ, ਤੁਸੀਂ ਅਕਾਸ਼ ਨਾਲੋਂ ਉੱਚੇ ਹੋਂ।
    ਤੁਹਾਡੀ ਸ਼ਾਨ ਧਰਤੀ ਉੱਤੇ ਫ਼ੈਲੀ ਹੋਈ ਹੈ।
ਮੇਰੇ ਵੈਰੀਆਂ ਨੇ ਮੇਰੇ ਲਈ ਜਾਲ ਵਿਛਾਇਆ ਹੈ
    ਉਹ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਵਿੱਚ ਹਨ।
ਉਨ੍ਹਾਂ ਨੇ ਮੇਰੇ ਡਿੱਗਣ ਲਈ ਡੂੰਘਾ ਟੋਆ ਪੁੱਟਿਆ ਹੈ,
    ਪਰ ਉਹ ਖੁਦ ਹੀ ਇਸ ਵਿੱਚ ਡਿੱਗ ਪਏ ਹਨ।

ਪਰ ਪਰਮੇਸ਼ੁਰ ਮੈਨੂੰ ਬਚਾਕੇ ਰੱਖੇਗਾ।
ਉਹ ਮੈਨੂੰ ਬਹਾਦਰ ਬਣਾਵੇਗਾ।
    ਮੈਂ ਉਸਦੀ ਉਸਤਤਿ ਗਾਵਾਂਗਾ।
ਮੇਰੀ ਆਤਮਾ ਜਾਗ ਪੈ।
    ਸਾਜੋ ਅਤੇ ਸਾਰੰਗੀਉ ਆਪਣਾ ਸੰਗੀਤ ਸ਼ੁਰੂ ਕਰੋ।
    ਆਓ ਸਵੇਰ ਨੂੰ ਜਗਾਈਏ।
ਮੇਰੇ ਮਾਲਕ ਮੈਂ ਤੁਹਾਡੀ ਸਾਰਿਆਂ ਲਈ ਉਸਤਤਿ ਕਰਦਾ ਹਾਂ।
    ਮੈਂ ਹਰ ਇੱਕ ਕੌਮ ਲਈ ਤੁਹਾਡੀ ਉਸਤਤਿ ਦੇ ਗੀਤ ਗਾਉਂਦਾ ਹਾਂ।
10 ਤੁਹਾਡਾ ਸੱਚਾ ਪਿਆਰ ਆਕਾਸ਼ ਦੇ ਸਭ ਤੋਂ ਉੱਚੇ ਪਰਬਤ ਨਾਲੋਂ ਵੀ ਉਚੇਰਾ ਹੈ।
11 ਪਰਮੇਸ਼ੁਰ ਆਕਾਸ਼ਾਂ ਨਾਲੋਂ ਵੀ ਉੱਚਾ ਹੈ।
    ਉਸਦੀ ਸ਼ਾਨ ਧਰਤੀ ਨੂੰ ਕੱਜਦੀ ਹੈ।

2 ਸਮੂਏਲ 18:19-33

ਯੋਆਬ ਨੇ ਦਾਊਦ ਨੂੰ ਖਬਰ ਭੇਜੀ

19 ਤਦ ਸਾਦੋਕ ਦੇ ਪੁੱਤਰ ਅਹੀਮਅਸ ਨੇ ਯੋਆਬ ਨੂੰ ਕਿਹਾ, “ਮੈਨੂੰ ਹੁਣ ਨੱਸਣ ਦੇ ਤਾਂ ਜੋ ਮੈਂ ਜਾਕੇ ਪਾਤਸ਼ਾਹ ਨੂੰ ਇਹ ਖਬਰ ਦੱਸਾ ਕਿ ਯਹੋਵਾਹ ਨੇ ਉਸ ਦੇ ਵੈਰੀਆਂ ਤੋਂ ਉਸਦਾ ਬਦਲਾ ਲਿਆ।”

20 ਯੋਆਬ ਨੇ ਅਹੀਮਅਸ ਨੂੰ ਆਖਿਆ, “ਨਹੀਂ! ਤੂੰ ਅੱਜ ਜਾਕੇ ਉਸ ਨੂੰ ਇਹ ਖਬਰ ਨਾ ਦੱਸ। ਫ਼ਿਰ ਕਿਸੇ ਦਿਨ ਤੂੰ ਦਾਊਦ ਨੂੰ ਇਹ ਖਬਰ ਦੱਸ ਦੇਵੀਂ, ਪਰ ਅੱਜ ਨਹੀਂ। ਕਿਉਂ ਕਿ ਅੱਜ ਪਾਤਸ਼ਾਹ ਦਾ ਪੁੱਤਰ ਮਰਿਆ ਹੈ।”

21 ਤਦ ਯੋਆਬ ਨੇ ਕੂਸ਼ੀ ਨੂੰ ਆਖਿਆ, “ਤੂੰ ਜਾ, ਅਤੇ ਜੋ ਕੁਝ ਤੂੰ ਅੱਖੀ ਡਿੱਠਾ ਹੈ, ਜਾਕੇ ਪਾਤਸ਼ਾਹ ਨੂੰ ਦੱਸ।”

ਤਦ ਕੂਸ਼ੀ ਨੇ ਯੋਆਬ ਨੂੰ ਮੱਥਾ ਟੇਕਿਆ ਅਤੇ ਦਾਊਦ ਵੱਲ ਦੌੜ ਪਿਆ।

22 ਫ਼ਿਰ ਸਾਦੋਕ ਦੇ ਪੁੱਤਰ ਅਹੀਮਅਸ ਨੇ ਦੂਜੀ ਵਾਰ ਯੋਆਬ ਨੂੰ ਆਖਿਆ, “ਜਰਾ ਮੈਨੂੰ ਵੀ ਪਰਵਾਨਗੀ ਦੇ ਕਿ ਮੈਂ ਵੀ ਕੂਸ਼ੀ ਦੇ ਪਿੱਛੇ ਭੱਜ ਜਾਵਾਂ। ਇਸ ਦੀ ਮੈਨੂੰ ਕੋਈ ਪਰਵਾਹ ਨਹੀਂ ਕਿ ਮੇਰੇ ਨਾਲ ਕੀ ਹੋਵੇਗਾ।”

ਯੋਆਬ ਨੇ ਆਖਿਆ, “ਪੁੱਤਰ! ਤੈਨੂੰ ਭੱਜ ਕੇ ਖਬਰ ਦੇਣ ਦੀ ਕੀ ਲੋੜ ਪਈ ਹੈ? ਤੈਨੂੰ ਇਹ ਖਬਰ ਦੇਕੇ ਕੋਈ ਇਨਾਮ ਤਾਂ ਨਹੀਂ ਮਿਲਣਾ।”

23 ਅਹੀਮਅਸ ਨੇ ਕਿਹਾ, “ਮੈਨੂੰ ਕੋਈ ਪਰਵਾਹ ਨਹੀਂ ਕਿ ਕੀ ਹੋਵੇਗਾ, ਪਰ ਮੈਂ ਦਾਊਦ ਨੂੰ ਨੱਸ ਕੇ ਦੱਸਣਾ ਚਾਹੁੰਦਾ ਹਾਂ।”

ਯੋਆਬ ਨੇ ਅਹੀਮਅਸ ਨੂੰ ਆਖਿਆ, “ਤਾਂ ਠੀਕ ਹੈ! ਫ਼ਿਰ ਤੂੰ ਦਾਊਦ ਵੱਲ ਭੱਜ ਜਾ।”

ਤਦ ਅਹੀਮਅਸ ਯਰਦਨ ਵਾਦੀ ਦੇ ਰਾਹ ਵੱਲੋਂ ਗਿਆ ਅਤੇ ਕੂਸ਼ੀ ਤੋਂ ਅੱਗੇ ਪਹੁੰਚ ਗਿਆ।

ਦਾਊਦ ਨੇ ਖਬਰ ਸੁਣੀ

24 ਦਾਊਦ ਸ਼ਹਿਰ ਦੇ ਦੋ ਦਰਵਾਜ਼ਿਆਂ ਵਿੱਚਕਾਰ ਬੈਠਾ ਹੋਇਆ ਸੀ ਅਤੇ ਦਰਬਾਨ ਦਰਵਾਜ਼ਿਆਂ ਦੀ ਛੱਤ ਦੇ ਬੰਨੇ ਉੱਪਰ ਚੜ੍ਹਿਆ ਹੋਇਆ ਸੀ। ਉਸ ਨੇ ਵੇਖਿਆ ਕਿ ਇੱਕ ਆਦਮੀ ਇੱਕਲਾ ਨੱਸਦਾ ਹੋਇਆ ਆ ਰਿਹਾ ਹੈ। 25 ਉਹ ਦਰਬਾਨ ਦਾਊਦ ਪਾਤਸ਼ਾਹ ਨੂੰ ਇਹ ਖਬਰ ਦੇਣ ਲਈ ਉੱਚੀ ਆਵਾਜ਼ ਵਿੱਚ ਚੀਕਿਆ।

ਦਾਊਦ ਪਾਤਸ਼ਾਹ ਨੇ ਆਖਿਆ, “ਜੇਕਰ ਉਹ ਆਦਮੀ ਇੱਕਲਾ ਹੈ ਤਾਂ ਇਸਦਾ ਮਤਲਬ ਉਹ ਕੋਈ ਖਬਰ ਲਿਆ ਰਿਹਾ ਹੈ।”

ਉਹ ਆਦਮੀ ਸ਼ਹਿਰ ਦੇ ਹੋਰ ਨਜ਼ਦੀਕ ਪਹੁੰਚਦਾ ਗਿਆ। 26 ਦਰਬਾਨ ਨੇ ਇੱਕ ਹੋਰ ਭੱਜਦੇ ਆਉਂਦੇ ਮਨੁੱਖ ਨੂੰ ਵੇਖਿਆ ਤਾਂ ਦਰਬਾਨ ਨੇ ਦਰਵਾਜ਼ੇ ਦੇ ਚੌਕੀਦਾਰ ਨੂੰ ਕਿਹਾ, “ਵੇਖ! ਇੱਕ ਹੋਰ ਇੱਕਲਾ ਮਨੁੱਖ ਦੌੜਦਾ ਆ ਰਿਹਾ ਹੈ।”

ਤਾਂ ਪਾਤਸ਼ਾਹ ਨੇ ਕਿਹਾ, “ਉਹ ਵੀ ਖਬਰ ਲੈ ਕੇ ਹੀ ਆ ਰਿਹਾ ਹੈ।”

27 ਤਾਂ ਦਰਬਾਨ ਨੇ ਕਿਹਾ, “ਮੇਰੇ ਖਿਆਲ ਵਿੱਚ ਜਿਹੜਾ ਪਹਿਲਾ ਆਦਮੀ ਨੱਸਦਾ ਆ ਰਿਹਾ ਹੈ ਉਹ ਸਾਦੋਕ ਦੇ ਪੁੱਤਰ ਅਹੀਮਅਸ ਵਰਗਾ ਜਾਪਦਾ ਹੈ।”

ਪਾਤਸ਼ਾਹ ਨੇ ਕਿਹਾ, “ਅਹੀਮਅਸ ਇੱਕ ਚੰਗਾ ਮਨੁੱਖ ਹੈ, ਉਹ ਜ਼ਰੂਰ ਕੋਈ ਚੰਗੀ ਹੀ ਖਬਰ ਲਿਆ ਰਿਹਾ ਹੋਣਾ ਹੈ।”

28 ਅਹੀਮਅਸ ਨੇ ਪੁਕਾਰ ਕੇ ਹਾਕ ਮਾਰਕੇ ਪਾਤਸ਼ਾਹ ਨੂੰ ਆਖਿਆ, “ਸਭ ਠੀਕ-ਠਾਕ ਹੈ।” ਅਹੀਮਅਸ ਨੇ ਆਕੇ ਪਾਤਸ਼ਾਹ ਨੂੰ ਸਿਰ ਝੁਕਾਅ ਕੇ ਮੱਥਾ ਟੇਕਿਆ ਅਤੇ ਕਿਹਾ, “ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰੋ। ਯਹੋਵਾਹ ਨੇ ਤੁਹਾਡੇ ਦੁਸ਼ਮਣਾਂ ਨੂੰ ਹਾਰ ਦਿੱਤੀ ਹੈ। ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ, ਤੁਹਾਡੀ ਜਿੱਤ ਹੋਈ ਹੈ।”

29 ਪਾਤਸ਼ਾਹ ਨੇ ਪੁੱਛਿਆ, “ਕੀ ਜਵਾਨ ਅਬਸ਼ਾਲੋਮ ਠੀਕ-ਠਾਕ ਹੈ।”

ਅਹੀਮਅਸ ਨੇ ਜਵਾਬ ਦਿੱਤਾ, “ਜਦੋਂ ਯੋਆਬ ਨੇ ਮੈਨੂੰ ਭੇਜਿਆ ਸੀ ਉਸ ਵੇਲੇ ਮੈਂ ਇੱਕ ਅਜ਼ਬ ਭੀੜ ਵੇਖੀ ਪਰ ਮੈਨੂੰ ਖਬਰ ਨਹੀਂ ਸੀ ਕਿ ਕੀ ਹੋਇਆ।”

30 ਤਦ ਪਾਤਸ਼ਾਹ ਨੇ ਕਿਹਾ, “ਤੂੰ ਇੱਥੇ ਅੰਦਰ ਜਾਕੇ ਜ਼ਰਾ ਕੁ ਰੁਕ ਅਤੇ ਇੰਤਜਾਰ ਕਰ।” ਤਾਂ ਅਹੀਮਅਸ ਉੱਥੇ ਜਾਕੇ ਰੁਕਿਆ ਅਤੇ ਉਡੀਕਣ ਲੱਗਾ।

31 ਤਦ ਕੂਸ਼ੀ ਉੱਥੇ ਪੁਜਿਆ। ਉਸ ਨੇ ਕਿਹਾ, “ਮੇਰੇ ਮਹਾਰਾਜ ਅਤੇ ਪਾਤਸ਼ਾਹ! ਮੈਂ ਚੰਗੀ ਖਬਰ ਲਿਆਇਆ ਹਾਂ ਕਿ ਯਹੋਵਾਹ ਨੇ ਅੱਜ ਦੇ ਦਿਨ ਉਨ੍ਹਾਂ ਸਭਨਾਂ ਤੋਂ ਜੋ ਤੁਹਾਡੇ ਵਿਰੋਧ ਲਈ ਉੱਠੇ ਸਨ ਤੁਹਾਡਾ ਬਦਲਾ ਲਿਆ ਹੈ।”

32 ਪਾਤਸ਼ਾਹ ਨੇ ਕੂਸ਼ੀ ਨੂੰ ਪੁੱਛਿਆ ਕਿ ਅਬਸ਼ਾਲੋਮ ਜਵਾਨ ਕੀ ਸੁੱਖ ਨਾਲ ਹੈ?

ਤਾਂ ਕੂਸ਼ੀ ਨੇ ਜਵਾਬ ਵਿੱਚ ਇਹ ਕਿਹਾ, “ਮੇਰੇ ਮਹਾਰਾਜ ਪਾਤਸ਼ਾਹ ਦੇ ਦੁਸ਼ਮਣ ਅਤੇ ਉਹ ਸਭ ਲੋਕ ਜੋ ਪਾਤਸ਼ਾਹ ਦੇ ਵਿਰੋਧ ਵਿੱਚ ਹਨ, ਉਹ ਸਭ ਉਸੇ ਜਵਾਨ (ਅਬਸ਼ਾਲੋਮ) ਵਰਗੇ ਹੋ ਜਾਣ।”

33 ਤਦ ਪਾਤਸ਼ਾਹ ਜਾਣ ਗਿਆ ਕਿ ਅਬਸ਼ਾਲੋਮ ਮਰ ਗਿਆ ਹੈ। ਤਾਂ ਪਾਤਸ਼ਾਹ ਬੜਾ ਬੇਚੈਨ ਹੋਇਆ, ਉਹ ਕੰਬ ਉੱਠਿਆ ਅਤੇ ਉਸ ਚੁਬਾਰੇ ਵਿੱਚ ਜੋ ਡਿਉੜੀ ਦੇ ਉੱਪਰ ਸੀ ਉਸ ਉੱਪਰ ਚੜ੍ਹ ਗਿਆ ਅਤੇ ਕੁਰਲਾਉਂਦਾ ਹੋਇਆ ਇਹ ਆਖ ਰਿਹਾ ਸੀ, “ਹਾਏ, ਮੇਰੇ ਪੁੱਤਰ ਅਬਸ਼ਾਲੋਮ! ਓ ਮੇਰੇ ਅਬਸ਼ਾਲੋਮ! ਕਾਸ਼ ਤੇਰੀ ਜਗ੍ਹਾ ਮੈਂ ਹੀ ਮਰ ਜਾਂਦਾ, ਮੈਨੂੰ ਮੌਤ ਆ ਜਾਂਦੀ ਮੇਰੇ ਪੁੱਤਰ! ਅਬਸ਼ਾਲੋਮ! ਹਾਏ ਮੇਰੇ ਪੁੱਤਰ!”

2 ਪਤਰਸ 3:14-18

14 ਇਸ ਲਈ ਮੇਰੇ ਪਿਆਰੇ ਮਿੱਤਰੋ, ਕਿਉਂ ਕਿ ਤੁਸੀਂ ਇਨ੍ਹਾਂ ਗੱਲਾਂ ਦੇ ਵਾਪਰਨ ਦਾ ਇੰਤਜ਼ਾਰ ਕਰ ਰਹੇ ਹੋਂ ਪਰਮੇਸ਼ੁਰ ਅੱਗੇ ਸ਼ੁੱਧ ਅਤੇ ਨਿਰਦੋਸ਼ ਪ੍ਰਗਟ ਹੋਣ ਦੀ ਆਪਣੀ ਪੂਰੀ ਕੋਸ਼ਿਸ਼ ਕਰੋ। ਪਰਮੇਸ਼ੁਰ ਨਾਲ ਸ਼ਾਂਤੀ ਵਿੱਚ ਰਹਿਣ ਦੀ ਕੋਸ਼ਿਸ਼ ਕਰੋ। 15 ਯਾਦ ਰੱਖੋ ਕਿ ਪਰਮੇਸ਼ੁਰ ਦਾ ਸਬਰ ਬਚਣ ਦਾ ਇੱਕ ਮੌਕਾ ਹੈ। ਸਾਡੇ ਪਿਆਰੇ ਭਰਾ ਪੌਲੁਸ ਨੇ ਤੁਹਾਨੂੰ ਇਹੀ ਗੱਲ ਦੱਸੀ ਸੀ ਜਦੋਂ ਉਸ ਨੇ ਤੁਹਾਨੂੰ ਉਸ ਸਿਆਣਪ ਨਾਲ ਚਿੱਠੀ ਲਿਖੀ ਸੀ ਜਿਹੜੀ ਪਰਮੇਸ਼ੁਰ ਨੇ ਉਸ ਨੂੰ ਸੂਝ ਦਿੱਤੀ ਸੀ। 16 ਪੌਲੁਸ ਆਪਣੇ ਸਾਰੇ ਪੱਤਰਾਂ ਵਿੱਚ ਇਨ੍ਹਾਂ ਗੱਲਾਂ ਬਾਰੇ ਇਸੇ ਤਰ੍ਹਾਂ ਹੀ ਲਿਖਦਾ ਹੈ। ਉਸਦੀਆਂ ਲਿਖਤਾਂ ਵਿੱਚ, ਕੁਝ ਗੱਲਾਂ ਹਨ ਜਿਹੜੀਆਂ ਸਮਝਣ ਲਈ ਔਖੀਆਂ ਹਨ। ਅਣਜਾਣ ਲੋਕੀਂ ਅਤੇ ਉਹ ਲੋਕ ਜੋ ਨਿਹਚਾ ਵਿੱਚ ਕਮਜ਼ੋਰ ਹਨ, ਜਾਣ ਬੁੱਝਕੇ ਅਜਿਹੀਆਂ ਗੱਲਾਂ ਦਾ ਗਲਤ ਮਤਲਬ ਦਿੰਦੇ ਹਨ। ਉਹ ਦੂਸਰੀਆਂ ਪੋਥੀਆਂ ਨਾਲ ਵੀ ਉਹੀ ਸਲੂਕ ਕਰਦੇ ਹਨ। ਅਜਿਹਾ ਕਰਕੇ, ਉਹ ਆਪਣੇ ਆਪ ਨੂੰ ਤਬਾਹ ਕਰ ਰਹੇ ਹਨ।

17 ਪਿਆਰੇ ਮਿੱਤਰੋ, ਤੁਸੀਂ ਇਸ ਬਾਰੇ ਪਹਿਲਾਂ ਹੀ ਜਾਣਦੇ ਹੋ। ਇਸ ਲਈ ਹੁਸ਼ਿਆਰ ਰਹੋ। ਮੰਦੇ ਲੋਕਾਂ ਨੂੰ ਇਨ੍ਹਾਂ ਗਲਤ ਅੰਦਾਜ਼ਿਆਂ ਨਾਲ ਤੁਹਾਨੂੰ ਸਹੀ ਰਾਹ ਤੋਂ ਭਟਕਾਉਣ ਅਤੇ ਤੁਹਾਨੂੰ ਅੜ੍ਹਕਾ ਕੇ ਆਪਣੀ ਮਜਬੂਤ ਨਿਹਚਾ ਤੋਂ ਡੇਗਣ ਦਾ ਮੌਕਾ ਨਾ ਦਿਉ। 18 ਪਰ ਸਾਡੇ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵੱਧੋ। ਹੁਣ ਅਤੇ ਸਦਾ ਲਈ ਮਹਿਮਾ ਉਸ ਨੂੰ ਹੋਵੇ। ਆਮੀਨ।

Punjabi Bible: Easy-to-Read Version (ERV-PA)

2010 by World Bible Translation Center