Print Page Options
Previous Prev Day Next DayNext

Revised Common Lectionary (Semicontinuous)

Daily Bible readings that follow the church liturgical year, with sequential stories told across multiple weeks.
Duration: 1245 days
Punjabi Bible: Easy-to-Read Version (ERV-PA)
Version
ਰਸੂਲਾਂ ਦੇ ਕਰਤੱਬ 1:15-17

15 ਕੁਝ ਦਿਨਾਂ ਬਾਦ ਜਦੋਂ ਉੱਥੇ ਕੋਈ ਇੱਕ ਸੌ ਵੀਹ ਨਿਹਚਾਵਾਨ ਇਕੱਠੇ ਹੋਕੇ ਆਏ, ਪਤਰਸ ਉਨ੍ਹਾਂ ਵਿੱਚੋਂ ਉੱਠਿਆ ਤੇ ਉਸ ਨੇ ਆਖਿਆ, 16-17 “ਹੇ ਭਰਾਵੋ, ਜੋ ਪਵਿੱਤਰ ਆਤਮਾ ਨੇ ਪਹਿਲਾਂ ਹੀ ਪੋਥੀਆਂ ਵਿੱਚ ਦਾਊਦ ਰਾਹੀਂ ਯਹੂਦਾ ਬਾਰੇ ਆਖਿਆ ਹੈ ਉਹ ਨਿਸ਼ਚਿਤ ਹੀ ਵਾਪਰਨਾ ਚਾਹੀਦਾ ਹੈ। ਯਹੂਦਾ ਸਾਡੇ ਸਮੂਹ ਵਿੱਚੋਂ ਇੱਕ ਸੀ। ਉਸ ਨੇ ਸਾਡੇ ਨਾਲ ਇਸ ਸੇਵਾ ਵਿੱਚ ਇੱਕ ਹਿੱਸਾ ਦਿੱਤਾ ਸੀ, ਪਰ ਇਹ ਉਹੀ ਸੀ, ਜਿਸਨੇ ਉਨ੍ਹਾਂ ਲੋਕਾਂ ਦੀ ਅਗਵਾਈ ਕੀਤੀ। ਜਿਨ੍ਹਾਂ ਨੇ ਯਿਸੂ ਨੂੰ ਫ਼ੜਵਾਇਆ।”

ਰਸੂਲਾਂ ਦੇ ਕਰਤੱਬ 1:21-26

21-22 “ਇਸ ਲਈ ਹੁਣ ਸਾਡੇ ਨਾਲ ਇੱਕ ਅਜਿਹਾ ਮਨੁੱਖ ਰਲੇ ਜੋ ਯਿਸੂ ਦੇ ਪੁਨਰ ਉਥਾਂਨ ਦਾ ਗਵਾਹ ਬਣੇ। ਇਹ ਆਦਮੀ ਉਨ੍ਹਾਂ ਲੋਕਾਂ ਵਿੱਚੋਂ ਹੋਣਾ ਚਾਹੀਦਾ ਹੈ, ਜਿਹੜੇ ਉਸ ਪੂਰੇ ਸਮੇਂ ਸਾਡੇ ਸਮੂਹ ਦਾ ਇੱਕ ਹਿੱਸਾ ਹੁੰਦੇ ਸਨ, ਜਦੋਂ ਪ੍ਰਭੂ ਯਿਸੂ ਸਾਡੇ ਨਾਲ ਸੀ। ਇਹ ਮਨੁੱਖ ਉਦੋਂ ਤੋਂ ਸਾਡੇ ਸਾਥੀਆਂ ਵਿੱਚੋਂ ਇੱਕ ਜ਼ਰੂਰ ਹੋਣਾ ਚਾਹੀਦਾ ਹੈ ਜਦ ਤੋਂ ਯੂਹੰਨਾ ਨੇ ਲੋਕਾਂ ਨੂੰ ਬਪਤਿਸਮਾ ਦੇਣਾ ਸ਼ੁਰੂ ਕੀਤਾ ਸੀ, ਅਤੇ ਉਦੋਂ ਤੱਕ, ਜਦ ਤੱਕ ਕਿ ਯਿਸੂ ਨੂੰ ਸੁਰਗਾਂ ਵੱਲ ਨੂੰ ਲਿਜਾਇਆ ਗਿਆ ਸੀ।”

23 ਤਦ ਰਸੂਲਾਂ ਨੇ ਦੋਹਾਂ ਨੂੰ ਖੜ੍ਹਾ ਕੀਤਾ। ਉਨ੍ਹਾਂ ਵਿੱਚੋਂ ਇੱਕ ਯੂਸੁਫ਼ ਬਰਸੱਬਾਸ ਸੀ, ਜੋ ਯੂਸਤੁਸ ਬੁਲਾਇਆ ਜਾਂਦਾ ਸੀ ਅਤੇ ਦੂਜਾ ਵਿਅਕਤੀ ਮਥਿਯਾਸ ਸੀ।

24-25 ਉਨ੍ਹਾਂ ਨੇ ਪ੍ਰਾਰਥਨਾ ਕੀਤੀ, “ਪਰਮੇਸ਼ੁਰ, ਤੂੰ ਹਰੇਕ ਦੇ ਦਿਲ ਨੂੰ ਜਾਣਦਾ ਹੈਂ ਇਸ ਲਈ ਸਾਨੂੰ ਵਿਖਾ ਕਿ ਇਨ੍ਹਾਂ ਦੋਹਾਂ ਵਿੱਚੋਂ ਇਸ ਕੰਮ ਵਾਸਤੇ ਤੂੰ ਕਿਸ ਨੂੰ ਚੁਣਿਆ ਹੈ। ਯਹੂਦਾ ਨੇ ਇਹ ਕੰਮ ਛੱਡ ਦਿੱਤਾ ਅਤੇ ਉਸ ਥਾਵੇਂ ਚੱਲਿਆ ਗਿਆ ਜਿੱਥੇੋਂ ਦਾ ਉਹ ਸੀ। ਹੇ ਪਰਮੇਸ਼ੁਰ, ਤੂੰ ਵਿਖਾ ਕਿ ਉਸਦੀ ਰਸੂਲ ਵਾਲੀ ਜਗ਼੍ਹਾ ਕਿਸ ਨੂੰ ਲੈਣੀ ਚਾਹੀਦੀ ਹੈ।” 26 ਫ਼ੇਰ ਉਨ੍ਹਾਂ ਨੇ ਪਰਚੀਆਂ ਪਾਈਆਂ ਅਤੇ ਜਾਣ ਗਏ ਕਿ ਪ੍ਰਭੂ ਨੇ ਮਥਿਯਾਸ ਨੂੰ ਉਸ ਕਾਰਜ ਲਈ ਚੁਣਿਆ ਸੀ। ਇਸ ਲਈ ਉਹ ਬਾਕੀ ਦੇ ਗਿਆਰਾਂ ਰਸੂਲਾਂ ਨਾਲ ਜੋੜਿਆ ਗਿਆ।

ਜ਼ਬੂਰ 1

ਭਾਗ

(ਜ਼ਬੂਰ 1-41)

ਉਹ ਵਿਅਕਤੀ ਵਡਭਾਗਾ ਹੈ
    ਜਿਹੜਾ ਬੁਰੇ ਬੰਦਿਆਂ ਦੀਆਂ ਸਲਾਹਾਂ ਨਹੀਂ ਲੈਂਦਾ
ਅਤੇ ਜਿਹੜਾ ਪਾਪੀਆਂ ਵਾਂਗ ਨਹੀਂ ਜਿਉਂਦਾ।
    ਅਤੇ ਉਨ੍ਹਾਂ ਲੋਕਾਂ ਨਾਲ ਨਹੀਂ ਰਲਦਾ ਜਿਹੜੇ ਪਰਮੇਸ਼ੁਰ ਨੂੰ ਮਾਨ ਨਹੀਂ ਦਿੰਦੇ।
ਇੱਕ ਚੰਗਾ ਵਿਅਕਤੀ, ਯਹੋਵਾਹ ਦੇ ਉਪਦੇਸ਼ਾਂ ਨੂੰ ਪਿਆਰ ਕਰਦਾ,
    ਅਤੇ ਉਹ ਉਨ੍ਹਾਂ ਤੇ ਦਿਨ ਰਾਤ ਸੋਚ ਵਿੱਚਾਰ ਕਰਦਾ ਹੈ।
ਇਸ ਤਰ੍ਹਾਂ ਉਹ ਉਸ ਰੁੱਖ ਵਾਂਗ ਬਲਵਾਨ ਬਣ ਜਾਂਦਾ ਹੈ ਜਿਹੜਾ ਨਦੀ ਦੇ ਕਿਨਾਰੇ ਉੱਤੇ ਬਰਾਬਰੀ ਨਾਲ ਵੱਧਦਾ ਹੈ।
    ਅਤੇ ਉਹ ਰੁੱਖ ਉਪਯੁਕਤ ਸਮੇਂ ਤੇ ਫ਼ਲ ਦਿੰਦਾ ਹੈ।
    ਉਹ ਉਸ ਰੁੱਖ ਵਰਗਾ ਹੈ ਜਿਸਦੇ ਪੱਤੇ ਨਹੀਂ ਸੁੱਕਦੇ
ਅਤੇ ਉਹ ਆਪਣੇ ਹਰ ਅਮਲ ਵਿੱਚ ਫ਼ਲਦਾਇੱਕ ਹੋ ਜਾਂਦਾ ਹੈ।

ਪਰ ਬੁਰੇ ਵਿਅਕਤੀ ਇਸ ਤਰ੍ਹਾਂ ਨਹੀਂ ਹਨ।
    ਬੁਰੇ ਵਿਅਕਤੀ ਉਸ ਤੂੜੀ ਵਰਗੇ ਹਨ ਜਿਹੜੀ ਹਵਾ ਦੇ ਨਾਲ ਉੱਡ ਜਾਂਦੀ ਹੈ।
ਜੇ ਨੇਕ ਬੰਦੇ ਕਿਸੇ ਅਦਾਲਤੀ ਮੁਕੱਦਮੇ ਦਾ ਨਿਆਂ ਕਰਨ ਲਈ ਇਕੱਠੇ ਹੁੰਦੇ ਹਨ, ਤਾਂ ਬੁਰੇ ਵਿਅਕਤੀਆਂ ਨੂੰ ਬੁਰੇ ਅਮਲਾਂ ਵਾਸਤੇ ਦੋਸ਼ੀ ਠਹਿਰਾਇਆ ਜਾਵੇਗਾ।
    ਉਨ੍ਹਾਂ ਪਾਪੀਆਂ ਦਾ ਨਿਆਂ ਬੇਕਸੂਰਾਂ ਵਾਂਗ ਨਹੀਂ ਹੋਵੇਗਾ।
ਕਿਉਂਕਿ ਯਹੋਵਾਹ, ਚੰਗੇ ਬੰਦਿਆਂ ਦੀ ਰੱਖਿਆ ਕਰਦਾ ਹੈ,
    ਪਰ ਬੁਰੇ ਵਿਅਕਤੀਆਂ ਨੂੰ ਖਤਮ ਕਰਦਾ ਹੈ।

1 ਯੂਹੰਨਾ 5:9-13

ਅਸੀਂ ਲੋਕਾਂ ਤੇ ਵਿਸ਼ਵਾਸ ਕਰਦੇ ਹਾਂ ਜਦੋਂ ਉਹ ਕੁਝ ਅਜਿਹਾ ਆਖਦੇ ਹਨ ਜੋ ਸੱਚ ਹੈ। ਪਰ ਜੋ ਪਰਮੇਸ਼ੁਰ ਆਖਦਾ ਹੈ ਉਹ ਵੱਧੇਰੇ ਮਹੱਤਵਪੂਰਣ ਹੈ। ਜੋ ਪਰਮੇਸ਼ੁਰ ਨੇ ਆਖਿਆ ਹੈ; ਉਸ ਨੇ ਆਪਣੇ ਪੁੱਤਰ ਬਾਰੇ ਸਾਨੂੰ ਸੱਚ ਦੱਸਿਆ। 10 ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦਾ ਹੈ ਉਸ ਕੋਲ ਉਹ ਸੱਚ ਹੈ ਜੋ ਸਾਨੂੰ ਪਰਮੇਸ਼ੁਰ ਨੇ ਦੱਸਿਆ। ਜਿਹੜਾ ਵਿਅਕਤੀ ਪਰਮੇਸ਼ੁਰ ਦੀ ਗੱਲ ਉੱਪਰ ਵਿਸ਼ਵਾਸ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਝੂਠਾ ਸਿੱਧ ਕਰਦਾ ਹੈ। ਕਿਉਂਕਿ ਉਹ ਵਿਅਕਤੀ ਉਸ ਗੱਲ ਵਿੱਚ ਵਿਸ਼ਵਾਸ ਨਹੀਂ ਰੱਖਦਾ ਜਿਹੜੀ ਸਾਨੂੰ ਪਰਮੇਸ਼ੁਰ ਨੇ ਆਪਣੇ ਪੁੱਤਰ ਬਾਰੇ ਆਖੀ ਹੈ। 11 ਇਹੀ ਹੈ ਜੋ ਪਰਮੇਸ਼ੁਰ ਨੇ ਸਾਨੂੰ ਆਖਿਆ; ਪਰਮੇਸ਼ੁਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਹੈ। ਅਤੇ ਇਹ ਸਦੀਪਕ ਜੀਵਨ ਉਸ ਦੇ ਪੁੱਤਰ ਵਿੱਚ ਹੈ। 12 ਜਿਸ ਵਿਅਕਤੀ ਕੋਲ ਪੁੱਤਰ ਹੈ ਉਸ ਕੋਲ ਸੱਚਾ ਜੀਵਨ ਹੈ। ਪਰ ਜਿਸ ਕੋਲ ਪਰਮੇਸ਼ੁਰ ਦਾ ਪੁੱਤਰ ਨਹੀਂ ਹੈ ਉਸ ਕੋਲ ਸੱਚਾ ਜੀਵਨ ਨਹੀਂ ਹੈ।

ਹੁਣ ਸਦੀਪਕ ਜੀਵਨ ਸਾਡਾ ਹੈ

13 ਮੈਂ ਇਹ ਖਤ ਤੁਹਾਨੂੰ ਲਿਖ ਰਿਹਾ ਹਾਂ ਜਿਹੜੇ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦੇ ਹੋ। ਇਹ ਮੈਂ ਇਸ ਲਈ ਲਿਖ ਰਿਹਾ ਹਾਂ ਤਾਂ ਤੁਹਾਨੂੰ ਪਤਾ ਲੱਗ ਸੱਕੇ ਕਿ ਸਦੀਪਕ ਜੀਵਨ ਤੁਹਾਡਾ ਹੈ।

ਯੂਹੰਨਾ 17:6-19

“ਤੂੰ ਮੈਨੂੰ ਇਸ ਵਿੱਚੋਂ ਕੁਝ ਮਨੁੱਖ ਦਿੱਤੇ ਤੇ ਮੈਂ ਉਨ੍ਹਾਂ ਨੂੰ ਤੇਰੇ ਬਾਰੇ ਦੱਸਿਆ ਕਿ ਤੂੰ ਕੌਣ ਹੈਂ। ਉਹ ਤੇਰੇ ਨਾਲ ਸੰਬੰਧਿਤ ਹਨ ਪਰ ਤੂੰ ਉਨ੍ਹਾਂ ਨੂੰ ਮੈਨੂੰ ਦਿੱਤਾ ਅਤੇ ਉਨ੍ਹਾਂ ਤੇਰੇ ਬਚਨਾਂ ਦੀ ਪਾਲਣਾ ਕੀਤੀ। ਹੁਣ ਉਹ ਜਾਣਦੇ ਹਨ ਕਿ ਜੋ ਕੁਝ ਵੀ ਤੂੰ ਮੈਨੂੰ ਬਖਸ਼ਿਆ ਹੈ ਤੈਥੋਂ ਹੀ ਆਇਆ ਹੈ। ਮੈਂ ਉਨ੍ਹਾਂ ਨੂੰ ਉਹ ਉਪਦੇਸ਼ ਦਿੱਤੇ ਜੋ ਤੂੰ ਮੈਨੂੰ ਦਿੱਤੇ ਹਨ। ਉਨ੍ਹਾਂ ਨੇ ਉਸ ਨੂੰ ਕਬੂਲਿਆ। ਉਨ੍ਹਾਂ ਨੇ ਸੱਚਮੁੱਚ ਇਹ ਨਿਹਚਾ ਕਰ ਲਿਆ ਕਿ ਉਹ ਉਪਦੇਸ਼ ਤੇਰੇ ਤੋਂ ਆਏ ਹਨ, ਅਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਕਿ ਤੂੰ ਹੀ ਮੈਨੂੰ ਭੇਜਿਆ ਹੈ। ਹੁਣ ਮੈਂ ਉਨ੍ਹਾਂ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਜਗਤ ਦੇ ਲੋਕਾਂ ਲਈ ਪ੍ਰਾਰਥਨਾ ਨਹੀਂ ਕਰ ਰਿਹਾ ਸਗੋਂ ਉਨ੍ਹਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਜੋ ਤੂੰ ਮੈਨੂੰ ਦਿੱਤੇ ਹਨ, ਕਿਉਂ ਕਿ ਉਹ ਤੇਰੇ ਹੀ ਹਨ। 10 ਜੋ ਕੁਝ ਵੀ ਮੇਰੇ ਕੋਲ ਹੈ ਸਭ ਤੇਰਾ ਹੈ, ਅਤੇ ਜੋ ਕੁਝ ਤੇਰਾ ਹੈ ਸੋ ਮੇਰਾ ਹੈ। ਅਤੇ ਮੈਂ ਉਨ੍ਹਾਂ ਰਾਹੀਂ ਮਹਿਮਾਮਈ ਹੋਇਆ ਹਾਂ।

11 “ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ, ਹੁਣ ਮੈਂ ਇਸ ਜਗਤ ਵਿੱਚ ਨਹੀਂ ਠਹਿਰਣਾ ਪਰ ਇਹ ਮਨੁੱਖ ਅਜੇ ਇੱਥੇ ਹੀ ਹਨ। ਪਵਿੱਤਰ ਪਿਤਾ! ਇਨ੍ਹਾਂ ਦੀ ਰੱਖਿਆ ਕਰੀਂ। ਆਪਣੇ ਨਾਂ ਦੀ ਸ਼ਕਤੀ ਨਾਲ ਉਨ੍ਹਾਂ ਦੀ ਰੱਖਿਆ ਕਰੀ। ਜੋ ਤੂੰ ਮੈਨੂੰ ਦਿੱਤਾ। ਤਾਂ ਜੋ ਉਹ ਇੱਕ ਮੁੱਠ ਰਹਿ ਸੱਕਣ ਜਿਵੇਂ ਕਿ ਤੂੰ ਤੇ ਮੈਂ ਹਾਂ। 12 ਜਦੋਂ ਮੈਂ ਉਨ੍ਹਾਂ ਨਾਲ ਸੀ, ਮੈਂ ਉਨ੍ਹਾਂ ਨੂੰ ਸੁੱਰੱਖਿਅਤ ਰੱਖਿਆ। ਮੈਂ ਉਨ੍ਹਾਂ ਨੂੰ ਤੇਰੇ ਨਾਮ ਦੀ ਸ਼ਕਤੀ ਦੁਆਰਾ ਸੁੱਰੱਖਿਅਤ ਰੱਖਿਆ। ਤੇਰੇ ਦਿੱਤੇ ਹੋਏ ਨਾਂ ਦੁਆਰਾ ਮੈਂ ਉਨ੍ਹਾਂ ਦੀ ਰੱਖਿਆ ਕੀਤੀ। ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਗੁਆਚਿਆ ਸੀ। ਇੱਕ ਤੋਂ ਇਲਾਵਾ ਜਿਹੜਾ ਤਬਾਹੀ ਨੂੰ ਸੌਂਪਿਆ ਗਿਆ ਸੀ। ਉਹ ਗੁਆਚ ਗਿਆ ਸੀ। ਕਿਉਂ ਕਿ ਪੋਥੀ ਵਿੱਚ ਇਉਂ ਵਾਪਰਨ ਬਾਰੇ ਲਿਖਿਆ ਸੀ।

13 “ਹੁਣ ਮੈਂ ਤੇਰੇ ਕੋਲ ਆ ਗਿਆ ਹਾਂ। ਮੈਂ ਇਨ੍ਹਾਂ ਗੱਲਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਜਦ ਕਿ ਅਜੇ ਮੈਂ ਇਸ ਦੁਨੀਆਂ ਵਿੱਚ ਹੀ ਹਾਂ। ਤਾਂ ਜੋ ਉਹ ਆਪਣੇ ਅੰਦਰ ਮੇਰੀ ਪੂਰੀ ਖੁਸ਼ੀ ਰੱਖ ਸੱਕਣ। 14 ਮੈਂ ਉਨ੍ਹਾਂ ਨੂੰ ਤੇਰਾ ਉਪਦੇਸ਼ ਦਿੱਤਾ ਹੈ ਅਤੇ ਦੁਨੀਆਂ ਨੇ ਇਨ੍ਹਾਂ ਆਦਮੀਆਂ ਨੂੰ ਨਫ਼ਰਤ ਕੀਤੀ ਹੈ। ਜਿਵੇਂ ਕਿ ਮੈਂ ਇਸ ਦੁਨੀਆਂ ਦਾ ਨਹੀਂ ਹਾਂ, ਉਹ ਵੀ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਨ।

15 “ਮੈਂ ਤੈਥੋਂ ਇਹ ਨਹੀਂ ਮੰਗਦਾ ਕਿ ਤੂੰ ਉਨ੍ਹਾਂ ਲੋਕਾਂ ਨੂੰ ਇਸ ਜੱਗਤ ਤੋਂ ਬਾਹਰ ਕੱਢ ਲੈ, ਪਰ ਮੈਂ ਤੇਰੇ ਕੋਲੋਂ ਦੁਸ਼ਟ ਤੋਂ ਉਨ੍ਹਾਂ ਦੀ ਰੱਖਿਆ ਕਰਨ ਦੀ ਮੰਗ ਕਰਦਾ ਹਾਂ। 16 ਉਹ ਵੀ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਨ ਜਿਵੇਂ ਕਿ ਮੈਂ ਇਸ ਦੁਨੀਆਂ ਨਾਲ ਸੰਬੰਧਿਤ ਨਹੀਂ ਹਾਂ। 17 ਉਨ੍ਹਾਂ ਨੂੰ ਸੱਚ ਦੁਆਰਾ ਆਪਣੀ ਸੇਵਾ ਲਈ ਤਿਆਰ ਕਰ। ਤੇਰੀਆਂ ਸਿੱਖਿਆਵਾਂ ਸੱਚ ਹਨ। 18 ਜਿਵੇਂ ਕਿ ਤੂੰ ਮੈਨੂੰ ਦੁਨੀਆਂ ਵਿੱਚ ਭੇਜਿਆ ਹੈ, ਮੈਂ ਵੀ ਉਨ੍ਹਾਂ ਨੂੰ ਦੁਨੀਆਂ ਵਿੱਚ ਭੇਜਿਆ ਹੈ। 19 ਮੈਂ ਸੇਵਾ ਕਰਨ ਲਈ ਆਪਣੇ-ਆਪ ਨੂੰ ਤਿਆਰ ਕੀਤਾ ਹੈ, ਤਾਂ ਜੋ ਉਹ ਵੀ ਆਪਣੇ-ਆਪ ਨੂੰ ਸੇਵਾ ਲਈ ਸੱਚਮੁੱਚ ਤਿਆਰ ਕਰ ਸੱਕਣ।

Punjabi Bible: Easy-to-Read Version (ERV-PA)

2010 by World Bible Translation Center