Revised Common Lectionary (Semicontinuous)
ਨਿਰਦੇਸ਼ਕ ਲਈ: “ਕਰਾਰ ਦੀ ਕੁਮਦਿਨੀ” ਦੀ ਧੁਨੀ ਲਈ ਆਸਾਫ਼ ਦਾ ਇੱਕ ਉਸਤਤਿ ਗੀਤ।
80 ਇਸਰਾਏਲ ਦੇ ਆਜੜੀ, ਕਿਰਪਾ ਕਰਕੇ ਮੈਨੂੰ ਸੁਣੋ।
ਤੁਸੀਂ ਯੂਸੁਫ਼ ਦੀਆਂ ਭੇਡਾਂ (ਲੋਕਾਂ) ਦੀ ਅਗਵਾਈ ਕਰਦੇ ਹੋ।
ਤੁਸੀਂ ਤੇਜ ਦੇ ਕਰੂਬੀ ਉੱਪਰ ਰਾਜੇ ਵਾਂਗ ਬਿਰਾਜਮਾਨ ਹੋ।
ਸਾਨੂੰ ਤੁਹਾਨੂੰ ਵੇਖਣ ਦਿਉ।
2 ਇਸਰਾਏਲ ਦੇ ਆਜੜੀ, ਆਪਣੀ ਮਹਾਨਤਾ ਇਫ਼ਰਾਈਮ,
ਬਿਨਯਾਮੀਨ ਅਤੇ ਮਨੱਸ਼ਹ ਲਈ ਦਰਸ਼ਾਉ।
3 ਹੇ ਪਰਮੇਸ਼ੁਰ, ਸਾਨੂੰ ਇੱਕ ਵਾਰ ਫ਼ੇਰ ਪ੍ਰਵਾਨ ਕਰੋ।
ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।
4 ਯਹੋਵਾਹ ਸਰਬ ਸ਼ਕਤੀਮਾਨ, ਤੁਸੀਂ ਸਾਡੀਆਂ ਪ੍ਰਾਰਥਨਾ ਕਦੋਂ ਸੁਣੋਂਗੇ।
ਕੀ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ।
5 ਤੁਸੀਂ ਆਪਣੇ ਲੋਕਾਂ ਨੂੰ ਹੰਝੂ ਦਿੱਤੇ ਹਨ, ਤੁਸੀਂ ਆਪਣੇ ਲੋਕਾਂ ਨੂੰ ਖਾਣ ਲਈ ਉਨ੍ਹਾਂ ਦੇ ਹੰਝੂਆਂ ਨਾਲ ਭਰੇ ਹੋਏ ਪਿਆਲੇ ਦਿੱਤੇ ਹਨ।
ਇਹੀ ਉਨ੍ਹਾਂ ਦੇ ਪੀਣ ਲਈ ਪਾਣੀ ਸੀ।
6 ਤੂੰ ਸਾਨੂੰ ਸਾਡੇ ਗੁਆਂਢੀਆਂ ਲਈ ਝਗੜ੍ਹੇ ਦਾ ਕਰਣ ਬਣਾ ਦਿੱਤਾ।
ਸਾਡੇ ਵੈਰੀ ਸਾਡੇ ਉੱਤੇ ਹੱਸਦੇ ਹਨ।
7 ਸਰਬ ਸ਼ਕਤੀਮਾਨ ਪਰਮੇਸ਼ੁਰ, ਸਾਨੂੰ ਇੱਕ ਵਾਰੀ ਫ਼ੇਰ ਪ੍ਰਵਾਨ ਕਰੋ।
ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।
8 ਅਤੀਤ ਵਿੱਚ ਤੁਸੀਂ ਸਾਡੇ ਨਾਲ ਬਹੁਤ ਮਹੱਤਵਪੂਰਣ ਬੂਟੇ ਵਰਗਾ ਵਿਹਾਰ ਕੀਤਾ ਸੀ।
ਤੁਸੀਂ ਆਪਣੀ “ਵੇਲ” ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ।
ਤੁਸੀਂ ਹੋਰਾਂ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ।
ਅਤੇ ਆਪਣੀ “ਵੇਲ” ਨੂੰ ਇੱਥੇ ਬੀਜ ਦਿੱਤਾ ਸੀ।
9 ਤੁਸੀਂ “ਵੇਲ” ਲਈ ਭੂਇ ਤਿਆਰ ਕੀਤੀ। ਤੁਸੀਂ ਇਸਦੀ ਜੜ੍ਹ ਦੀ ਮਜ਼ਬੂਤੀ ਲਈ ਸਹਾਇਤਾ ਕੀਤੀ।
ਛੇਤੀ ਹੀ “ਵੇਲ” ਸਾਰੀ ਜ਼ਮੀਨ ਉੱਤੇ ਫ਼ੈਲ ਗਈ।
10 ਇਸਨੇ ਪਰਬਤਾਂ ਨੂੰ ਢੱਕ ਦਿੱਤਾ ਸੀ
ਇਸਦੇ ਪਤਿਆਂ ਨੇ ਦਿਉਦਾਰ ਦੇ ਰੁੱਖਾਂ ਉੱਤੇ ਵੀ ਛਾਂ ਕਰ ਦਿੱਤੀ ਸੀ।
11 ਇਸ ਦੀਆਂ ਸ਼ਾਖਾਵਾਂ ਭੂਮੱਧ ਸਾਗਰ ਤੱਕ ਫ਼ੈਲ ਗਈਆਂ
ਇਸ ਦੀਆਂ ਟਹਿਣੀਆਂ ਫ਼ਰਾਤ ਨਦੀ ਤੱਕ ਫ਼ੈਲ ਗਈਆਂ।
12 ਹੇ ਪਰਮੇਸ਼ੁਰ, ਤੁਸੀਂ ਉਹ ਕੰਧਾਂ ਕਿਉਂ ਢਾਹ ਦਿੱਤੀਆਂ ਜਿਹੜੀਆਂ ਤੁਹਾਡੀ “ਵੇਲ” ਦੀ ਰੱਖਿਆ ਕਰਦੀਆਂ ਹਨ।
ਹੁਣ ਹਰ ਲੰਘਣ ਵਾਲਾ ਇਸਦੇ ਅੰਗੂਰ ਤੋੜ ਲੈਂਦਾ ਹੈ।
13 ਜੰਗਲੀ ਸੂਰ ਆਉਂਦੇ ਹਨ ਅਤੇ ਆਕੇ ਤੁਹਾਡੀ “ਵੇਲ” ਨੂੰ ਲਤਾੜ ਦਿੰਦੇ ਹਨ।
ਜੰਗਲੀ ਜਾਨਵਰ ਆਉਂਦੇ ਹਨ ਅਤੇ ਇਸਦੇ ਪੱਤੇ ਖਾ ਜਾਂਦੇ ਹਨ।
14 ਹੇ ਪਰਮੇਸ਼ੁਰ, ਸਰਬ ਸ਼ਕਤੀਮਾਨ ਕਿਰਪਾ ਕਰਕੇ ਵਾਪਸ ਆਉ
ਅਤੇ ਸਵਰਗ ਵਿੱਚੋਂ ਹੇਠਾਂ ਆਪਣੀ “ਵੇਲ” ਵੱਲ ਵੇਖੋ ਅਤੇ ਇਸਦੀ ਰੱਖਿਆ ਕਰੋ।
15 ਹੇ ਪਰਮੇਸ਼ੁਰ, ਆਪਣੀ ਵੇਲ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਹੱਥੀਂ ਬੀਜਿਆ ਸੀ।
ਉਸ ਜਵਾਨ ਬੂਟੇ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਲਈ ਉਗਾਇਆ ਸੀ।
16 ਤੁਹਾਡੀ ਭਿਆਨਕ ਝਿੜਕ ਦੇ ਕਾਰਣ ਇਹ ਇੱਕ ਸੁੱਕੇ
ਗੋਹੇ ਵਾਂਗ ਸਾੜ ਦਿੱਤੀ ਗਈ ਹੈ।
17 ਹੇ ਪਰਮੇਸ਼ੁਰ, ਆਪਣੇ ਹੱਥ ਨਾਲ ਉਸ ਆਦਮੀ ਕੋਲ ਪਹੁੰਚੋ, ਜਿਹੜਾ ਤੇਰੇ ਸੱਜੇ ਹੱਥ ਖੜੋਂਦਾ ਹੈ।
ਉਸ ਕੋਲ ਪਹੁੰਚ ਜਿਸ ਨੂੰ ਤੂੰ ਆਪਣੀ ਖਾਤਿਰ ਵੱਧਣ ਵਿੱਚ ਮਦਦ ਕੀਤੀ ਸੀ।
18 ਤਾਂ ਅਸੀਂ ਤੁਹਾਡੇ ਕੋਲੋਂ ਫ਼ੇਰ ਤੋਂ ਬੇਮੁੱਖ ਨਹੀਂ ਹੋਵਾਂਗੇ।
ਸਾਨੂੰ ਜੀਵਨ ਦੇ ਤਾਂ ਜੋ ਤੁਹਾਡੇ ਨਾਮ ਦੁਆਰਾ ਬੁਲਾਏ ਜਾਈਏ।
19 ਸਰਬ ਸ਼ਕਤੀਮਾਨ ਯਹੋਵਾਹ, ਸਾਨੂੰ ਜਵਾਬ ਦੇ
ਸਾਨੂੰ ਅਸੀਸ ਦੇ ਅਤੇ ਅਸੀਂ ਬਚਾਏ ਜਾਵਾਂਗੇ।
ਇੱਕ ਨਵਾਂ ਸਮਾਂ ਆ ਰਿਹਾ ਹੈ
17 “ਮੈਂ ਇੱਕ ਨਵਾਂ ਅਕਾਸ਼ ਅਤੇ ਇੱਕ ਨਵੀਂ ਧਰਤੀ ਸਾਜਾਂਗਾ।
ਲੋਕੀ ਅਤੀਤ ਨੂੰ ਯਾਦ ਨਹੀਂ ਕਰਨਗੇ।
ਉਹ ਉਨ੍ਹਾਂ ਵਿੱਚੋਂ ਕਿਸੇ ਚੀਜ਼ ਨੂੰ ਵੀ ਯਾਦ ਨਹੀਂ ਕਰਨਗੇ।
18 ਮੇਰੇ ਬੰਦੇ ਪ੍ਰਸੰਨ ਹੋਣਗੇ।
ਉਹ ਸਦਾ-ਸਦਾ ਲਈ ਖੁਸ਼ੀ ਮਨਾਉਣਗੇ।
ਕਿਉਂ? ਉਸ ਕਾਰਣ ਜੋ ਮੈਂ ਸਾਜਾਂਗਾ।
ਮੈਂ ਖੁਸ਼ੀ ਨਾਲ ਭਰਪੂਰ ਇੱਕ ਨਵਾਂ ਯਰੂਸ਼ਲਮ ਬਣਾਵਾਂਗਾ
ਅਤੇ ਮੈਂ ਉਨ੍ਹਾਂ ਨੂੰ ਪ੍ਰਸੰਨ ਲੋਕ ਬਣਾਵਾਂਗਾ।
19 “ਫ਼ੇਰ ਮੈਂ ਯਰੂਸ਼ਲਮ ਨਾਲ ਪ੍ਰਸੰਨ ਹੋਵਾਂਗਾ।
ਮੈਂ ਆਪਣੇ ਬੰਦਿਆਂ ਨਾਲ ਪ੍ਰਸੰਨ ਹੋਵਾਂਗਾ।
ਉਸ ਸ਼ਹਿਰ ਵਿੱਚ ਫ਼ੇਰ ਕਦੇ ਰੋਣਾ
ਅਤੇ ਉਦਾਸੀ ਨਹੀਂ ਹੋਵੇਗੀ।
20 ਉਸ ਸ਼ਹਿਰ ਵਿੱਚ ਅਜਿਹਾ ਕੋਈ ਵੀ ਬੱਚਾ ਨਹੀਂ ਹੋਵੇਗਾ,
ਜਿਹੜਾ ਜੰਮਦਾ ਅਤੇ ਸਿਰਫ਼ ਕੁਝ ਦਿਨਾਂ ਲਈ ਰਹਿੰਦਾ।
ਉਸ ਸ਼ਹਿਰ ਦਾ ਕੋਈ ਵੀ ਬੰਦਾ ਛੋਟੀ ਉਮਰ ਵਿੱਚ ਨਹੀਂ ਮਰੇਗਾ।
ਹਰ ਬੱਚਾ ਲੰਮੀ ਉਮਰ ਤੱਕ ਜੀਵੇਗਾ, ਅਤੇ ਹਰ ਬੁਢ੍ਢਾ ਲੰਮੇ ਸਮੇਂ ਤੱਕ ਜੀਵੇਗਾ।
ਉਹ ਬੰਦਾ ਜਿਹੜਾ 100 ਵਰ੍ਹਿਆਂ ਤੱਕ ਜਿਉਂਦਾ, ਜਵਾਨ ਸੱਦਿਆ ਜਾਵੇਗਾ।
ਅਤੇ ਲੋਕ ਸੋਚਣਗੇ ਕਿ ਜਿਹੜਾ ਬੰਦਾ 100 ਵਰ੍ਹਿਆਂ ਤੀਕ ਨਹੀਂ ਜਿਉਂਦਾ, ਉਹ ਸਰਾਪਿਆ ਹੋਇਆ ਹੈ।
21 “ਉਸ ਸ਼ਹਿਰ ਅੰਦਰ, ਜੇ ਕੋਈ ਬੰਦਾ ਘਰ ਉਸਾਰਦਾ ਹੈ ਉਹੀ ਬੰਦਾ ਓੱਥੇ ਰਹੇਗਾ।
ਜੇ ਕੋਈ ਬੰਦਾ ਅੰਗੂਰਾਂ ਦਾ ਬਾਗ਼ ਲਗਾਉਂਦਾ ਹੈ, ਉਹੀ ਬੰਦਾ ਉਸ ਬਾਗ਼ ਦੇ ਅੰਗੂਰ ਖਾਵੇਗਾ।
22 ਫ਼ੇਰ ਕਦੇ ਕੋਈ ਬੰਦਾ ਅਜਿਹਾ ਮਕਾਨ ਨਹੀਂ ਉਸਾਰੇਗਾ ਜਿੱਥੇ ਕੋਈ ਹੋਰ ਬੰਦਾ ਰਹੇਗਾ।
ਫ਼ੇਰ ਕਦੇ ਕੋਈ ਅਜਿਹਾ ਬਾਗ਼ ਨਹੀਂ ਲਗਾਵੇਗਾ, ਕਿ ਉਸ ਦੇ ਫ਼ਲ ਹੋਰ ਕੋਈ ਖਾਵੇ।
ਮੇਰੇ ਲੋਕ ਰੁੱਖਾਂ ਜਿੰਨੀ ਉਮਰ ਜਿਉਣਗੇ।
ਮੇਰੇ ਚੁਣੇ ਹੋਏ ਲੋਕ ਉਨ੍ਹਾਂ ਚੀਜ਼ਾਂ ਨੂੰ ਮਾਨਣਗੇ ਜਿਹੜੀਆਂ ਉਹ ਬਨਾਉਣਗੇ।
23 ਔਰਤਾਂ ਫ਼ੇਰ ਸਿਰਫ਼ ਮਰੇ ਹੋਏ ਬੱਚੇ ਨੂੰ ਜਂਨਮ ਦੇਣ ਲਈ ਜੰਮਣ ਪੀੜਾਂ ਨਹੀਂ ਸਹਿਣਗੀਆਂ,
ਔਰਤਾਂ ਫ਼ੇਰ ਕਦੇ ਵੀ ਭੈਭੀਤ ਨਹੀਂ ਹੋਣਗੀਆਂ ਕਿ ਬੱਚੇ ਦੇ ਜਨਮ ਸਮੇਂ ਕੀ ਹੋਵੇਗਾ।
ਮੇਰੇ ਸਾਰੇ ਬੰਦੇ ਅਤੇ ਉਨ੍ਹਾਂ ਦੇ ਬੱਚੇ ਯਹੋਵਾਹ ਵੱਲੋਂ ਸੁਭਾਗੇ ਹੋਣਗੇ।
24 ਮੈਂ ਉਨ੍ਹਾਂ ਦੇ ਮੰਗਣ ਤੋਂ ਵੀ ਪਹਿਲਾਂ ਜਾਣ ਲਵਾਂਗਾ ਕਿ ਉਨ੍ਹਾਂ ਦੀ ਕੀ ਲੋੜ ਹੈ।
ਅਤੇ ਮੈਂ ਉਨ੍ਹਾਂ ਦੇ ਮੰਗਣ ਤੋਂ ਵੀ ਪਹਿਲਾਂ ਉਨ੍ਹਾਂ ਦੀ ਸਹਾਇਤਾ ਕਰਾਂਗਾ।
25 ਬਘਿਆੜ ਅਤੇ ਲੇਲਾ ਇਕੱਠੇ ਭੋਜਨ ਕਰਨਗੇ।
ਸ਼ੇਰ ਬਲਦ ਦੇ ਸੰਗ ਘਾਹ-ਫ਼ੂਸ ਖਾਵੇਗਾ।
ਪਰ ਸੱਪ ਧੂੜ ਖਾਵੇਗਾ।
ਮੇਰੇ ਪਵਿੱਤਰ ਪਰਬਤ ਉੱਤੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ਜਾਂ ਤਬਾਹ ਨਹੀਂ ਕਰਨਗੇ।”
ਯਹੋਵਾਹ ਨੇ ਇਹ ਸਾਰੀਆਂ ਗੱਲਾਂ ਆਖੀਆਂ।
18 “ਮੈਂ ਤੂਹਾਨੂੰ ਅਨਾਥ ਬਾਲਕਾਂ ਵਾਂਗ ਇੱਕਲਾ ਛੱਡ ਕੇ ਨਹੀਂ ਜਾਵਾਂਗਾ। ਮੈਂ ਵਾਪਸ ਤੁਹਾਡੇ ਕੋਲ ਮੁੜਾਂਗਾ। 19 ਬਹੁਤ ਹੀ ਜਲਦੀ ਇਸ ਜਗਤ ਦੇ ਲੋਕ ਮੈਨੂੰ ਨਹੀਂ ਵੇਖਣਗੇ ਪਰ ਤੁਸੀਂ ਵੇਖੋਗੇ ਕਿਉਂ ਕਿ ਜੇ ਮੈਂ ਜਿਉਂਦਾ ਹਾਂ ਤੁਸੀਂ ਵੀ ਜਿਉਂਗੇ। 20 ਉਸ ਦਿਨ ਤੁਸੀਂ ਜਾਣੋਂਗੇ ਕਿ ਮੈਂ ਪਿਤਾ ਵਿੱਚ ਹਾਂ ਤੁਸੀਂ ਜਾਣ ਜਾਵੋਂਗੇ ਕਿ ਤੁਸੀਂ ਮੇਰੇ ਵਿੱਚ ਤੇ ਮੈਂ ਤੁਹਾਡੇ ਵਿੱਚ ਹਾਂ। 21 ਜੇਕਰ ਕੋਈ ਵੀ ਵਿਅਕਤੀ, ਮੇਰੇ ਹੁਕਮਾਂ ਨੂੰ ਜਾਣ ਕੇ ਉਨ੍ਹਾਂ ਦੀ ਪਾਲਨਾ ਕਰਦਾ ਹੈ, ਤਾਂ ਉਹ ਉਹੀ ਹੈ ਜੋ ਸੱਚੀਂ ਮੈਨੂੰ ਪਿਆਰ ਕਰਦਾ ਹੈ। ਮੇਰਾ ਪਿਤਾ ਵੀ ਉਸ ਵਿਅਕਤੀ ਨੂੰ ਪਿਆਰ ਕਰੇਗਾ। ਜਿਹੜਾ ਮਨੁੱਖ ਮੈਨੂੰ ਪਿਆਰ ਕਰਦਾ, ਮੈਂ ਵੀ ਉਸ ਮਨੁੱਖ ਨਾਲ ਪਿਆਰ ਕਰਦਾ ਹਾਂ ਅਤੇ ਆਪਣਾ-ਆਪ ਉਸ ਲਈ ਪ੍ਰਗਟ ਕਰਾਂਗਾ?”
22 ਤਦ ਯਹੂਦਾ (ਇਹ ਯਹੂਦਾ ਇਸੱਕਰਿਯੋਤੀ ਨਹੀਂ) ਨੇ ਆਖਿਆ, “ਪ੍ਰਭੂ ਤੂੰ ਆਪਣੇ-ਆਪ ਸਾਨੂੰ ਕਿਉਂ ਦਰਸ਼ਾਉਣ ਜਾ ਰਿਹਾ ਹੈਂ ਤੇ ਜਗਤ ਨੂੰ ਕਿਉਂ ਨਹੀਂ ਦਰਸ਼ਾਉਂਦਾ?”
23 ਯਿਸੂ ਨੇ ਆਖਿਆ, “ਜੇਕਰ ਕੋਈ ਵਿਅਕਤੀ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਉਪਦੇਸ਼ ਦਾ ਵੀ ਅਨੁਸਰਣ ਕਰੇਗਾ ਤੇ ਮੇਰਾ ਪਿਤਾ ਉਸ ਵਿਅਕਤੀ ਨੂੰ ਪਿਆਰ ਕਰੇਗਾ। ਮੈਂ ਅਤੇ ਮੇਰਾ ਪਿਤਾ ਉਸ ਕੋਲ ਆਵਾਂਗੇ ਅਤੇ ਉਸ ਦੇ ਨਾਲ ਰਹਾਂਗੇ। 24 ਪਰ ਜਿਹੜਾ ਵਿਅਕਤੀ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਉਪਦੇਸ਼ ਨੂੰ ਵੀ ਨਹੀਂ ਮੰਨਦਾ। ਜਿਹੜੇ ਉਪਦੇਸ਼ ਮੈਂ ਤੁਹਾਨੂੰ ਦਿੰਦਾ ਹਾਂ ਉਹ ਮੇਰੇ ਆਪਣੇ ਨਹੀਂ ਹਨ ਸਗੋਂ ਇਹ ਮੇਰੇ ਪਿਤਾ ਦੇ ਹਨ, ਜਿਸਨੇ ਮੈਨੂੰ ਭੇਜਿਆ ਹੈ।
25 “ਇਹ ਸੱਭ ਗੱਲਾਂ ਮੈਂ ਤੁਹਾਨੂੰ ਉਦੋਂ ਦੱਸ ਚੁੱਕਾਂ ਹਾਂ ਜਦੋਂ ਮੈਂ ਹਾਲੇ ਤੁਹਾਡੇ ਨਾਲ ਸੀ। 26 ਪਰ ਸਹਾਇਕ ਪਵਿੱਤਰ ਆਤਮਾ ਹੈ, ਜਿਸ ਨੂੰ ਪਿਤਾ, ਮੇਰੇ ਨਾਂ ਵਿੱਚ ਭੇਜੇਗਾ। ਉਹ ਤੁਹਾਨੂੰ ਸਭ ਕੁਝ ਸਿੱਖਾਵੇਗਾ ਅਤੇ ਉਹ ਤੁਹਾਨੂੰ ਉਹ ਸਭ ਚੇਤੇ ਕਰਾਵੇਗਾ, ਜੋ ਕੁਝ ਮੈਂ ਤੁਹਾਨੂੰ ਕਿਹਾ ਹੈ।
27 “ਮੈਂ ਤੂਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਦੁੱਖੀ ਅਤੇ ਘਬਰਾਏ ਹੋਏ ਨਹੀਂ ਹੋਣੇ ਚਾਹੀਦੇ। 28 ਜੋ ਮੈਂ ਤੁਹਾਨੂੰ ਕਿਹਾ ਤੁਸੀਂ ਸੁਣਿਆ, ਮੈਂ ਤੁਹਾਨੂੰ ਕਿਹਾ, ‘ਮੈਂ ਜਾ ਰਿਹਾ ਹਾਂ, ਪਰ ਮੈਂ ਤੁਹਾਡੇ ਕੋਲ ਫਿਰ ਵਾਪਸ ਆਵਾਂਗਾ।’ ਜੇਕਰ ਤੁਸੀਂ ਮੇਰੇ ਨਾਲ ਪਿਆਰ ਕਰਦੇ ਤਾਂ ਫਿਰ ਤੁਹਾਨੂੰ ਅਨੰਦਿਤ ਹੋਣਾ ਚਾਹੀਦਾ ਸੀ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਕਿਉਂ ਕਿ ਮੇਰਾ ਪਿਤਾ ਮੇਰੇ ਤੋਂ ਮਹਾਨ ਹੈ। 29 ਇਹ ਵਾਪਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਿਆ ਹੈ, ਤਾਂ ਜੋ ਜਦੋਂ ਇਹ ਵਾਪਰੇ, ਤੁਸੀਂ ਵਿਸ਼ਵਾਸ ਕਰੋ।
30 “ਮੈਂ ਲੰਬੇ ਸਮੇਂ ਤੱਕ ਤੁਹਾਡੇ ਨਾਲ ਨਹੀਂ ਬੋਲਾਂਗਾ। ਇਸ ਦੁਨੀਆਂ ਦਾ ਹਾਕਮ ਆ ਰਿਹਾ ਹੈ। ਉਸਦਾ ਮੇਰੇ ਉੱਪਰ ਕੋਈ ਇਖਤਿਆਰ ਨਹੀਂ ਹੈ। 31 ਪਰ ਜਗਤ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਪਿਤਾ ਨੂੰ ਪਿਆਰ ਕਰਦਾ ਹਾਂ। ਇਸ ਲਈ ਮੈਂ ਉਵੇਂ ਹੀ ਕਰਾਂਗਾ ਜਿਵੇਂ ਪਿਤਾ ਨੇ ਮੈਨੂੰ ਹੁਕਮ ਦਿੱਤਾ ਹੈ।
“ਉੱਠੋ, ਅਸੀਂ ਹੁਣ ਇੱਥੋਂ ਚੱਲੀਏ।”
2010 by World Bible Translation Center