Revised Common Lectionary (Semicontinuous)
ਨਿਰਦੇਸ਼ਕ ਲਈ: ਗਿੱਤੀਥ ਦੀ ਸੰਗਤ ਕੋਰਹ ਪਰਿਵਾਰ ਵੱਲੋਂ ਇੱਕ ਉਸਤਤਿ ਗੀਤ।
84 ਸਰਬ ਸ਼ਕਤੀਮਾਨ ਯਹੋਵਾਹ, ਤੁਹਾਡਾ ਮੰਦਰ ਸੱਚਮੁੱਚ ਹੀ ਪਿਆਰਾ ਹੈ।
2 ਯਹੋਵਾਹ, ਮੈਂ ਤੁਹਾਡੇ ਮੰਦਰ ਵਿੱਚ ਦਾਖਲ ਹੋਣ ਲਈ ਹੋਰ ਵੱਧੇਰੇ ਇੰਤਜ਼ਾਰ ਨਹੀਂ ਕਰ ਸੱਕਦਾ।
ਮੈਂ ਇੰਨਾ ਉਤਸਾਹਿਤ ਹਾਂ।
ਮੇਰੇ ਸ਼ਰੀਰ ਦਾ ਰੋਮ-ਰੋਮ ਜਿਉਂਦੇ ਪਰਮੇਸ਼ੁਰ ਦਾ ਸੰਗ ਚਾਹੁੰਦਾ ਹੈ।
3 ਯਹੋਵਾਹ ਸਰਬ ਸ਼ਕਤੀਮਾਨ, ਮੇਰੇ ਰਾਜੇ, ਮੇਰੇ ਪਰਮੇਸ਼ੁਰ,
ਪੰਛੀਆਂ ਨੇ ਵੀ ਤੇਰੇ ਮੰਦਰ ਵਿੱਚ ਘਰ ਬਣਾ ਲਿਆ ਹੈ।
ਉਹ ਤੁਹਾਡੀ ਜਗਵੇਦੀ ਨੇੜੇ ਆਪਣੇ ਆਲ੍ਹਣੇ ਬਣਾਉਂਦੇ ਹਨ
ਅਤੇ ਉੱਥੇ ਹੀ ਉਹ ਆਪਣੇ ਬੱਚੇ ਪੈਦਾ ਕਰਦੇ ਹਨ।
4 ਤੁਹਾਡੇ ਮੰਦਰ ਵਿੱਚ ਰਹਿਣ ਵਾਲੇ ਲੋਕ ਬਹੁਤ ਸੁਭਾਗੇ ਹਨ।
ਉਹ ਹਾਲੇ ਵੀ ਤੁਹਾਡੀ ਉਸਤਤਿ ਕਰ ਰਹੇ ਹਨ।
5 ਦਿਲਾਂ ਅੰਦਰ ਗੀਤ ਲੈ ਕੇ ਆਉਣ ਵਾਲੇ ਲੋਕ
ਤੁਹਾਡੇ ਮੰਦਰ ਵਿੱਚ ਬਹੁਤ ਖੁਸ਼ ਹਨ।
6 ਉਹ ਬਾਕਾ ਵਾਦੀ ਵਿੱਚੋਂ ਦੀ ਸਫ਼ਰ ਕਰਦੇ ਹਨ
ਜਿਹੜੀ ਪਰਮੇਸ਼ੁਰ ਨੇ ਚਸ਼ਮੇ ਵਾਂਗ ਬਣਾਈ ਹੈ।
ਪਤਝੜ ਦੀ ਵਰੱਖਾ ਪਾਣੀ ਦੇ ਤਲਾ ਬਣਾਉਂਦੀ ਹੈ।
7 ਉਹ ਲੋਕੀਂ ਸੀਯੋਨ ਵੱਲ ਜਾਂਦੇ ਆਪਣੇ ਰਾਹ ਉੱਤੇ ਸ਼ਹਿਰੋਂ-ਸ਼ਹਿਰ ਸਫ਼ਰ ਕਰਦੇ ਹਨ
ਜਿੱਥੇ ਉਹ ਆਪਣੇ ਪਰਮੇਸ਼ੁਰ ਨੂੰ ਮਿਲਣਗੇ।
8 ਯਹੋਵਾਹ ਸਰਬ ਸ਼ਕਤੀਮਾਨ ਮੇਰੀ ਪ੍ਰਾਰਥਨਾ ਸੁਣੋ।
ਯਾਕੂਬ ਦੇ ਪਰਮੇਸ਼ੁਰ, ਮੇਰੀ ਗੱਲ ਸੁਣੋ।
9 ਹੇ ਪਰਮੇਸ਼ੁਰ ਸਾਡੇ ਰੱਖਿਅਕ ਦੀ ਰੱਖਿਆ ਕਰੋ।
ਆਪਣੇ ਚੁਣੇ ਹੋਏ ਰਾਜੇ ਉੱਤੇ ਮਿਹਰ ਕਰੋ।
10 ਤੁਹਾਡੇ ਮੰਦਰ ਵਿੱਚਲਾ ਇੱਕ ਵੀ ਦਿਨ
ਕਿਸੇ ਹੋਰ ਥਾਂ ਦੇ ਹਜ਼ਾਰਾਂ ਦਿਨਾ ਨਾਲੋਂ ਬਿਹਤਰ ਹੈ।
ਮੇਰੇ ਪਰਮੇਸ਼ੁਰ ਦੇ ਘਰ ਦੇ ਦਰਾਂ ਉੱਤੇ ਖੜ੍ਹੇ ਹੋਣਾ
ਦੁਸ਼ਟ ਵਿਅਕਤੀ ਦੇ ਘਰੇ ਰਹਿਣ ਨਾਲੋਂ ਬਿਹਤਰ ਹੈ।
11 ਯਹੋਵਾਹ ਹੀ ਸਾਡਾ ਰੱਖਿਅਕ ਅਤੇ ਗੌਰਵਮਈ ਰਾਜਾ ਹੈ।
ਪਰਮੇਸ਼ੁਰ ਸਾਨੂੰ ਮਿਹਰ ਅਤੇ ਮਹਿਮਾ ਨਾਲ ਅਸੀਸ ਦਿੰਦਾ ਹੈ।
ਯਹੋਵਾਹ ਉਨ੍ਹਾਂ ਲੋਕਾਂ ਨੂੰ ਹਰ ਚੰਗੀ ਸ਼ੈਅ ਦਿੰਦਾ ਹੈ
ਜਿਹੜੇ ਉਸ ਦੇ ਪਿੱਛੇ ਤੁਰਦੇ ਹਨ ਅਤੇ ਉਸਦਾ ਆਖਾ ਮੰਨਦੇ ਹਨ।
12 ਯਹੋਵਾਹ ਸਰਬ ਸ਼ਕਤੀਮਾਨ ਜਿਹੜੇ ਲੋਕ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਹਨ ਉਹ ਸੱਚਮੁੱਚ ਪ੍ਰਸੰਨ ਹਨ।
ਸੁਲੇਮਾਨ ਦਾ ਮੰਦਰ ਉਸਾਰਣਾ
6 ਇਉਂ ਸੁਲੇਮਾਨ ਨੇ ਮੰਦਰ ਉਸਾਰਨਾ ਸ਼ੁਰੂ ਕਰ ਦਿੱਤਾ। ਇਹ ਇਸਰਾਏਲੀਆਂ ਦੇ ਮਿਸਰ ਨੂੰ ਛੱਡਣ ਤੋਂ 480 ਵਰ੍ਹੇ ਬਾਦ ਹੋਇਆ। ਇਹ ਰਾਜੇ ਸੁਲੇਮਾਨ ਦੇ ਇਸਰਾਏਲ ਉੱਤੇ ਚੌਥੇ ਵਰ੍ਹੇ ਵਿੱਚ ਜ਼ਿਵ ਦੇ ਮਹੀਨੇ ਦੋਰਾਨ, ਵਰ੍ਹੇ ਦੇ ਦੂਸਰੇ ਮਹੀਨੇ ਦੌਰਾਨ ਵਿੱਚ ਸੀ। 2 ਇਹ ਮੰਦਰ ਸਾਢੇ 60 ਹੱਥ ਲੰਬਾ, ਸਾਢੇ 20 ਹੱਥ ਚੌੜਾ ਅਤੇ 30 ਹੱਥ ਉੱਚਾ ਸੀ। 3 ਇਸ ਮੰਦਰ ਦਾ ਦਾਲਾਨ ਸਾਢੇ 20 ਹੱਥ ਲੰਬਾ ਅਤੇ ਸਵਾ 10 ਹੱਥ ਚੌੜਾ ਸੀ। ਅਤੇ ਇਹ ਦਾਲਾਨ ਮੰਦਰ ਦੇ ਮੁੱਖ ਭਾਗ ਦੇ ਬਿਲਕੁਲ ਸਾਹਮਣੇ ਪਾਸੇ ਨਿਕਲਦਾ ਸੀ ਅਤੇ ਇਸਦੀ ਲੰਬਾਈ ਮੰਦਰ ਦੀ ਚੌੜਾਈ ਦੇ ਬਰਾਬਰ ਸੀ 4 ਇਸਦੀਆਂ ਖਿੜਕੀਆਂ ਬਾਹਰਲੇ ਪਾਸੇ ਨੂੰ ਤੰਗ ਅਤੇ ਅੰਦਰਲੇ ਪਾਸੇ ਵੱਲ ਨੂੰ ਵਡੀਆਂ ਸਨ, ਜਿਹੜੀਆਂ ਕਿ ਜਾਲੀਦਾਰ ਸਨ।
21 ਸੁਲੇਮਾਨ ਨੇ ਇਸ ਕਮਰੇ ਨੂੰ ਸ਼ੁੱਧ ਸੋਨੇ ਨਾਲ ਢੱਕਿਆ। ਉਸ ਨੇ ਕਮਰੇ ਦੇ ਸਾਹਮਣੇ ਇੱਕ ਜਗਵੇਦੀ ਬਣਵਾਈ ਅਤੇ ਇਸ ਨੂੰ ਸੋਨੇ ਨਾਲ ਢੱਕ ਦਿੱਤਾ ਅਤੇ ਇਸਦੇ ਦੁਆਲੇ ਸੋਨੇ ਦੇ ਸੰਗਲ ਪੁਆਏ। ਇਸ ਕਮਰੇ ਵਿੱਚ, ਕਰੂਬੀ ਫਰਿਸਤਿਆਂ ਦੀਆਂ ਦੋ ਮੂਰਤਾਂ ਰੱਖੀਆਂ ਗਈਆਂ ਸਨ ਅਤੇ ਇਨ੍ਹਾਂ ਨੂੰ ਵੀ ਸੋਨੇ ਨਾਲ ਢੱਕਿਆ ਗਿਆ ਸੀ। 22 ਇਉਂ ਸਾਰੇ ਦਾ ਸਾਰਾ ਮੰਦਰ ਹੀ ਸੋਨੇ ਨਾਲ ਕੱਜਿਆ ਗਿਆ ਇੱਥੋਂ ਤੱਕ ਕਿ ਅੱਤ ਪਵਿੱਤਰ ਅਸਥਾਨ ਦੇ ਸਾਹਮਣੇ ਜਗਵੇਦੀ ਨੂੰ ਵੀ ਸੋਨੇ ਨਾਲ ਕੱਜਿਆ ਗਿਆ।
10 ਮਾਹਰ ਨਿਰਮਾਤਾ ਵਾਂਗ ਮੈਂ ਉਸ ਘਰ ਦੀ ਬੁਨਿਆਦ ਰੱਖੀ ਹੈ। ਇਸ ਲਈ ਮੈਂ ਉਸ ਦਾਤ ਦੀ ਵਰਤੋਂ ਕੀਤੀ ਹੈ ਜਿਹੜੀ ਮੈਨੂੰ ਪਰਮੇਸ਼ੁਰ ਨੇ ਇਸ ਮੰਤਵ ਲਈ ਦਿੱਤੀ ਸੀ। ਹੋਰ ਲੋਕ ਇਸ ਬੁਨਿਆਦ ਉੱਤੇ ਉਸਾਰੀ ਕਰ ਰਹੇ ਹਨ। ਪਰ ਵਿਅਕਤੀ ਨੂੰ ਉਸਾਰੀ ਕਰਨ ਵਿੱਚ ਸਾਵੱਧਾਨੀ ਵਰਤਨੀ ਚਾਹੀਦੀ ਹੈ। 11 ਬੁਨਿਆਦ ਪਹਿਲਾਂ ਹੀ ਰੱਖੀ ਜਾ ਚੁੱਕੀ ਹੈ। ਕੋਈ ਵੀ ਵਿਅਕਤੀ ਹੋਰ ਬੁਨਿਆਦ ਨਹੀਂ ਰੱਖ ਸੱਕਦਾ। ਜਿਹੜੀ ਬੁਨਿਆਦ ਰੱਖੀ ਜਾ ਚੁੱਕੀ ਹੈ ਉਹ ਯਿਸੂ ਮਸੀਹ ਹੈ। 12 ਕੋਈ ਵੀ ਵਿਅਕਤੀ ਉਸ ਬੁਨਿਆਦ ਉੱਪਰ ਸੋਨੇ, ਚਾਂਦੀ, ਹੀਰੇ ਲੱਕੜੀ, ਘਾਹਫ਼ੂਸ ਜਾਂ ਤਿਨਕੇ ਲਾਕੇ ਉਸਾਰੀ ਕਰ ਸੱਕਦਾ ਹੈ। 13 ਪਰ ਹਰ ਇੱਕ ਵਿਅਕਤੀ ਦਾ ਕੰਮ ਸਪੱਸ਼ਟ ਵੇਖਿਆ ਜਾਵੇਗਾ। ਕਿਉਂਕਿ ਨਿਆਂ ਦਾ ਦਿਨ [a] ਇਸ ਨੂੰ ਬਹੁਤ ਸਪੱਸ਼ਟ ਕਰ ਦੇਵੇਗਾ। ਉਹ ਦਿਨ ਅਗਨੀ ਨਾਲ ਆਵੇਗਾ ਅਤੇ ਅਗਨੀ ਹਰ ਵਿਅਕਤੀ ਦੇ ਕੰਮ ਦੀ ਪਰੱਖ ਕਰੇਗੀ। 14 ਜੇ ਕਿਸੇ ਵਿਅਕਤੀ ਵੱਲੋਂ ਬੁਨਿਆਦ ਉੱਤੇ ਉਸਾਰੀ ਗਈ ਇਮਾਰਤ ਖਲੋਤੀ ਰਹਿੰਦੀ ਹੈ ਤਾਂ ਉਹ ਵਿਅਕਤੀ ਆਪਣਾ ਇਨਾਮ ਹਾਸਿਲ ਕਰੇਗਾ। 15 ਜੇ ਕਿਸੇ ਵਿਅਕਤੀ ਦੀ ਇਮਾਰਤ ਜਲਕੇ ਰਾਖ ਹੋ ਜਾਂਦੀ ਹੈ, ਤਾਂ ਉਸ ਨੂੰ ਨੁਕਸਾਨ ਭੁਗਤਨਾ ਪਵੇਗਾ। ਉਹ ਵਿਅਕਤੀ ਬਚਾਇਆ ਜਾਵੇਗਾ ਪਰ ਉਹ ਉਸ ਇੱਕ ਵਰਗਾ ਹੋਵੇਗਾ ਜੋ ਕਿ ਅੱਗ ਤੋਂ ਬਚਾਇਆ ਗਿਆ ਹੋਵੇ।
16 ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਖੁਦ ਪਰਮੇਸ਼ੁਰ ਦਾ ਮੰਦਰ ਹੋ। ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। 17 ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਮੰਦਰ ਨੂੰ ਤਬਾਹ ਕਰਦਾ ਹੈ ਤਾਂ ਪਰਮੇਸ਼ੁਰ ਉਸ ਵਿਅਕਤੀ ਨੂੰ ਤਬਾਹ ਕਰ ਦੇਵੇਗਾ। ਕਿਉਂਕਿ ਪਰਮੇਸ਼ੁਰ ਦਾ ਮੰਦਰ ਪਵਿੱਤਰ ਹੈ। ਤੁਸੀਂ ਖੁਦ ਉਸ ਪਰਮੇਸ਼ੁਰ ਦਾ ਮੰਦਰ ਹੋ।
18 ਆਪਣੇ-ਆਪ ਨੂੰ ਮੂਰਖ ਨਾ ਬਣਾਉ। ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਇਹ ਸੋਚਦਾ ਹੈ ਕਿ ਉਹ ਦੁਨੀਆਂ ਵਿੱਚ ਸਿਆਣਾ ਮਨੁੱਖ ਹੈ, ਤਾਂ ਉਸ ਨੂੰ ਮੂਰਖ ਬਣ ਜਾਣਾ ਚਾਹੀਦਾ ਹੈ। ਫ਼ੇਰ ਉਹ ਵਿਅਕਤੀ ਸੱਚਮੁੱਚ ਦਾ ਸਿਆਣਾ ਬਣ ਸੱਕਦਾ ਹੈ। 19 ਕਿਉਂ? ਕਿਉਂਕਿ ਇਸ ਦੁਨੀਆਂ ਦੀ ਸਿਆਣਪ ਪਰਮੇਸ਼ੁਰ ਲਈ ਮੂਰੱਖਤਾ ਹੈ। ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ, “ਉਹ ਸਿਆਣੇ ਲੋਕਾਂ ਨੂੰ ਉਨ੍ਹਾਂ ਦੇ ਚੁਸਤ ਚਲਾਕੀਆਂ ਵਾਲੇ ਅਮਲਾਂ ਤੋਂ ਫ਼ੜਦਾ ਹੈ।” [b] 20 ਪੋਥੀਆਂ ਵਿੱਚ, ਇਹ ਵੀ ਲਿਖਿਆ ਹੈ, “ਪਰਮੇਸ਼ੁਰ ਨੂੰ ਸਿਆਣੇ ਲੋਕਾਂ ਦੀਆਂ ਸੋਚਾਂ ਦਾ ਪਤਾ ਹੈ। ਉਹ ਜਾਣਦਾ ਹੈ ਕਿ ਉਨ੍ਹਾਂ ਦੇ ਵਿੱਚਾਰ ਨਿਕਾਰਥਕ ਹਨ।” [c] 21 ਇਸ ਲਈ ਤੁਹਾਨੂੰ ਮਨੁੱਖਾਂ ਬਾਰੇ ਘਮੰਡ ਨਹੀਂ ਕਰਨਾ ਚਾਹੀਦਾ। ਸਾਰੀਆਂ ਚੀਜ਼ਾਂ ਤੁਹਾਡੀਆਂ ਹਨ। 22 ਪੌਲੁਸ, ਅਪੁੱਲੋਸ ਅਤੇ ਪਤਰਸ, ਦੁਨੀਆਂ, ਜੀਵਨ, ਮੌਤ, ਵਰਤਮਾਨ ਅਤੇ ਭਵਿੱਖ ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਹਨ। 23 ਅਤੇ ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ੁਰ ਦਾ ਹੈ।
2010 by World Bible Translation Center