Print Page Options
Previous Prev Day Next DayNext

Revised Common Lectionary (Semicontinuous)

Daily Bible readings that follow the church liturgical year, with sequential stories told across multiple weeks.
Duration: 1245 days
Punjabi Bible: Easy-to-Read Version (ERV-PA)
Version
ਜ਼ਬੂਰ 19

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

19 ਸਵਰਗ ਪਰਮੇਸ਼ੁਰ ਦੀ ਮਹਿਮਾ ਬਾਰੇ ਗੱਲਾਂ ਕਰਦੇ ਹਨ।
    ਅਕਾਸ਼ ਉਨ੍ਹਾਂ ਚੰਗਿਆਂ ਚੀਜ਼ਾਂ ਬਾਰੇ ਦੱਸਦੇ ਹਨ ਜਿਹੜੀਆਂ ਪਰਮੇਸ਼ੁਰ ਦੇ ਹੱਥੀਂ ਸਾਜੀਆਂ ਗਈਆਂ ਹਨ।
ਹਰ ਦਿਨ ਉਸ ਬਾਰੇ ਹੋਰ ਵੱਧੇਰੇ ਕਥਾ ਦੱਸਦਾ ਹੈ।
    ਅਤੇ ਹਰ ਰਾਤ ਪਰਮੇਸ਼ੁਰ ਦੀ ਸ਼ਕਤੀ ਬਾਰੇ ਹੋਰ ਵੱਧੇਰੇ ਪ੍ਰਗਟ ਕਰਦੀ ਹੈ।
ਤੁਸੀਂ ਸੱਚਮੁੱਚ ਕੋਈ ਭਾਸ਼ਣ ਜਾਂ ਸ਼ਬਦ ਨਹੀਂ ਸੁਣ ਸੱਕਦੇ।
    ਉਹ ਅਜਿਹੀ ਅਵਾਜ਼ ਨਹੀਂ ਕਰਦੇ ਜਿਸ ਨੂੰ ਅਸੀਂ ਸੁਣ ਸੱਕੀਏ।
ਪਰ ਉਨ੍ਹਾਂ ਦੀ “ਅਵਾਜ਼” ਪੂਰੇ ਸੰਸਾਰ ਵਿੱਚ ਫ਼ੈਲਦੀ ਹੈ।

ਉਨ੍ਹਾਂ ਦੇ “ਸ਼ਬਦ” ਧਰਤੀ ਦੇ ਅੰਤ ਤੀਕਰ ਜਾਂਦੇ ਹਨ।
    ਆਕਾਸ਼ ਸੂਰਜ ਲਈ ਇੱਕ ਘਰ ਵਾਂਗ ਹੈ।
ਸੂਰਜ ਇਉਂ ਬਾਹਰ ਨਿਕਲਦਾ ਹੈ ਜਿਵੇਂ ਲਾੜਾ ਆਪਣੇ ਸੌਣ ਦੇ ਕਮਰੇ ਵਿੱਚੋਂ ਬਾਹਰ ਆਉਂਦਾ ਹੈ।
    ਸੂਰਜ ਅਕਾਸ਼ ਵਿੱਚ ਆਪਣਾ ਰਾਹ ਇੰਝ ਸ਼ੁਰੂ ਕਰਦਾ ਹੈ ਜਿਵੇਂ ਇੱਕ ਖਿਡਾਰੀ ਆਪਣੀ ਦੌੜ ਦੌੜਣ ਲਈ ਉਤਸੁਕ ਹੁੰਦਾ।
ਸੂਰਜ ਅਕਾਸ਼ ਦੇ ਇੱਕ ਸਿਰੇ ਤੋਂ ਸ਼ੁਰੂ ਕਰਦਾ ਹੈ,
    ਅਤੇ ਇੱਕ ਸਾਰ ਦੂਸਰੇ ਸਿਰੇ ਤੀਕ ਦੌੜਦਾ ਹੈ।
    ਕੋਈ ਵੀ ਇਸਦੀ ਤਪਸ਼ ਤੋਂ ਆਪਣੇ-ਆਪ ਨੂੰ ਨਹੀਂ ਬਚਾ ਸੱਕਦਾ।
    ਯਹੋਵਾਹ ਦੇ ਉਪਦੇਸ਼ ਇਸ ਤਰ੍ਹਾਂ ਦੇ ਹਨ।
    ਇਹ ਲੋਕਾਂ ਨੂੰ ਸਿਆਣਾ ਬਣਾਉਂਦੇ ਹਨ ਜਿਹੜੇ ਮੂਰਖ ਹਨ।

ਯਹੋਵਾਹ ਦੇ ਉਪਦੇਸ਼ ਸੰਪੂਰਣਤਾ ਸ਼ੁੱਧ ਹਨ।
    ਇਹ ਪਰਮੇਸ਼ੁਰ ਦੇ ਲੋਕਾਂ ਨੂੰ ਨਵੀਂ ਤਾਕਤ ਬਖਸ਼ਦੇ ਹਨ।
ਯਹੋਵਾਹ ਦਾ ਕਰਾਰ ਭਰੋਸੇਯੋਗ ਹੈ।
    ਅਤੇ ਇਹ ਆਮ ਲੋਕਾਂ ਨੂੰ ਸਿਆਣੇ ਬਣਾਉਂਦਾ ਹੈ।
ਯਹੋਵਾਹ ਦੇ ਨੇਮ ਸਹੀ ਹਨ।
    ਉਹ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰਦੇ ਹਨ।
ਯਹੋਵਾਹ ਦੇ ਹੁਕਮ ਚੰਗੇ ਹਨ।
    ਉਹ ਲੋਕਾਂ ਨੂੰ ਜਿਉਣ ਦਾ ਸਹੀ ਰਾਸਤਾ ਵਿਖਾਉਂਦੇ ਹਨ।

ਯਹੋਵਾਹ ਦੀ ਉਪਾਸਨਾ ਕਰਨੀ ਰੌਸ਼ਨੀ ਵਾਂਗ ਹੈ
    ਜਿਹੜੀ ਸਦਾ ਲਈ ਲਿਸ਼ਕਦੀ ਹੈ।
ਯਹੋਵਾਹ ਦੇ ਨਿਆਂੇ ਚੰਗੇ ਤੇ ਨਿਰਪੱਖ ਹਨ।
    ਉਹ ਸੰਪੂਰਣਤਾ ਸਹੀ ਹਨ।
10 ਯਹੋਵਾਹ ਦੇ ਉਪਦੇਸ਼ ਹਾਲੇ ਵੀ ਸਭ ਤੋਂ ਚੰਗੇ ਸੋਨੇ ਨਾਲੋਂ ਮਹਿੰਗੇ ਹਨ
    ਅਤੇ ਉਹ ਸਭ ਨਾਲੋਂ ਵੱਧੀਆਂ ਸ਼ਹਿਦ ਤੋਂ ਵੀ ਮਿੱਠੇ ਹਨ ਜਿਹੜਾ ਸਿੱਧਾ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਵਿੱਚੋਂ ਪ੍ਰਾਪਤ ਕੀਤਾ ਗਿਆ ਹੈ।
11 ਯਹੋਵਾਹ ਦੇ ਉਪਦੇਸ਼ ਉਸ ਦੇ ਸੇਵਕ ਨੂੰ ਚਿਤਾਵਨੀ ਦਿੰਦੇ ਹਨ,
    ਅਤੇ ਉਨ੍ਹਾਂ ਨੂੰ ਮੰਨਣ ਤੇ ਚੰਗ਼ਿਆਂ ਪ੍ਰਾਪਤੀਆਂ ਹੁੰਦੀਆਂ ਹਨ।

12 ਯਹੋਵਾਹ, ਕੋਈ ਵੀ ਆਦਮੀ ਆਪਣੀਆਂ ਸਾਰੀਆਂ ਗਲਤੀਆਂ ਨੂੰ ਨਹੀਂ ਵੇਖ ਸੱਕਦਾ।
    ਇਸ ਲਈ ਮੈਨੂੰ ਲੁਕਵੇਂ ਪਾਪ ਨਾ ਕਰਨ ਦੇਵੋ।
13 ਮੇਰੇ ਪਾਸੋਂ ਉਹ ਪਾਪ ਨਾ ਕਰਾਉ ਜਿਨ੍ਹਾਂ ਨੂੰ ਮੇਰਾ ਮਨ ਕਰਨਾ ਲੋਚਦਾ।
    ਉਨ੍ਹਾਂ ਪਾਪਾਂ ਨੂੰ ਮੇਰੇ ਉੱਤੇ ਹਾਵੀ ਨਾ ਹੋਣ ਦਿਉ।
ਜੇ ਤੁਸੀਂ ਮੇਰੇ ਸਹਾਈ ਹੋਵੋਂ ਫ਼ੇਰ ਮੈਂ ਪਵਿੱਤਰ ਅਤੇ ਆਪਣੇ ਪਾਪਾਂ ਤੋਂ ਮੁਕਤ ਹੋ ਸੱਕਦਾ ਹਾਂ।
14 ਮੇਰੇ ਸ਼ਬਦਾਂ ਤੇ ਸੋਚਾਂ ਨੂੰ ਤੁਹਾਨੂੰ ਪ੍ਰਸੰਨ ਕਰਨ ਦਿਉ।
    ਯਹੋਵਾਹ, ਤੁਸੀਂ ਮੇਰੀ ਓਟ ਹੋ ਇਹ ਤੂੰ ਹੀ ਹੈ ਜਿਸਨੇ ਮੈਨੂੰ ਬਚਾਇਆ।

ਕੂਚ 19:9-15

ਅਤੇ ਯਹੋਵਾਹ ਨੇ ਮੂਸਾ ਨੂੰ ਆਖਿਆ, “ਮੈਂ ਸੰਘਣੇ ਬੱਦਲ ਵਿੱਚ ਤੇਰੇ ਕੋਲ ਆਵਾਂਗਾ। ਮੈਂ ਤੇਰੇ ਨਾਲ ਗੱਲ ਕਰਾਂਗਾ। ਸਾਰੇ ਲੋਕ ਮੈਨੂੰ ਤੇਰੇ ਨਾਲ ਗੱਲ ਕਰਿਦਆਂ ਸੁਣਨਗੇ। ਮੈਂ ਅਜਿਹਾ ਇਸ ਲਈ ਕਰਾਂਗਾ ਤਾਂ ਜੋ ਲੋਕ ਹਮੇਸ਼ਾ ਉਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਕਰਨ ਜੋ ਤੂੰ ਉਨ੍ਹਾਂ ਨੂੰ ਆਖੇਂ।”

ਤਾਂ ਮੂਸਾ ਨੇ ਪਰਮੇਸ਼ੁਰ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਲੋਕਾਂ ਨੇ ਆਖੀਆਂ ਸਨ।

10 ਯਹੋਵਾਹ ਨੇ ਮੂਸਾ ਨੂੰ ਆਖਿਆ, “ਅੱਜ ਅਤੇ ਕਲ ਨੂੰ ਤੈਨੂੰ ਮੇਰੇ ਨਾਲ ਖਾਸ ਸਭਾ ਵਾਸਤੇ ਲੋਕਾਂ ਨੂੰ ਤਿਆਰ ਕਰਨਾ ਚਾਹੀਦਾ ਹੈ। ਲੋਕ ਆਪਣੇ ਕੱਪੜੇ ਧੋ ਲੈਣ। 11 ਅਤੇ ਤੀਸਰੇ ਦਿਨ ਮੇਰੇ ਲਈ ਤਿਆਰ ਰਹਿਣ। ਤੀਸਰੇ ਦਿਨ ਮੈਂ, ਯਹੋਵਾਹ ਸੀਨਈ ਪਰਬਤ ਉੱਤੇ ਆਵਾਂਗਾ। ਅਤੇ ਸਾਰੇ ਲੋਕ ਮੈਨੂੰ ਦੇਖਣਗੇ। 12-13 ਪਰਬਤ ਦੇ ਦੁਆਲੇ ਇੱਕ ਲਕੀਰ ਖਿੱਚ ਦੇਵੀਂ ਅਤੇ ਲੋਕਾਂ ਨੂੰ ਉਹ ਲਕੀਰ ਨਾ ਟੱਪਣ ਦੇਵੀਂ। ਕੋਈ ਵੀ ਬੰਦਾ ਜਿਹੜਾ ਪਰਬਤ ਨੂੰ ਛੂਹੇ, ਅਵੱਸ਼ ਹੀ ਮਾਰਿਆ ਜਾਵੇ। ਉਸ ਨੂੰ ਪੱਥਰਾਂ ਜਾਂ ਤੀਰਾਂ ਨਾਲ ਮਾਰ ਦਿੱਤਾ ਜਾਵੇ, ਕਿਸੇ ਵੀ ਹੱਥ ਨੂੰ ਉਸ ਨੂੰ ਨਹੀਂ ਛੂਹਣਾ ਚਾਹੀਦਾ। ਭਾਵੇਂ ਆਦਮੀ ਹੋਵੇ ਜਾਂ ਜਾਨਵਰ, ਉਸ ਨੂੰ ਜਿਉਂਦਾ ਨਹੀਂ ਰਹਿਣਾ ਚਾਹੀਦਾ। ਲੋਕਾਂ ਨੂੰ ਤੁਰ੍ਹੀ ਤੋਂ ਇੱਕ ਵੱਡੀ ਅਵਾਜ਼ ਦਾ ਇੰਤਜ਼ਾਰ ਕਰਨਾ ਚਾਹੀਦਾ। ਸਿਰਫ਼ ਉਦੋਂ ਹੀ, ਉਹ ਪਰਬਤ ਉੱਤੇ ਜਾ ਸੱਕਦੇ ਹਨ।”

14 ਫ਼ੇਰ ਮੂਸਾ ਪਰਬਤ ਤੋਂ ਹੇਠਾਂ ਉਤਰਿਆ ਅਤੇ ਲੋਕਾਂ ਕੋਲ ਗਿਆ। ਮੂਸਾ ਨੇ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਖਾਸ ਸਭਾ ਵਾਸਤੇ ਤਿਆਰ ਕੀਤਾ ਅਤੇ ਉਨ੍ਹਾਂ ਨੇ ਆਪਣੇ ਕੱਪੜੇ ਧੋ ਲਏ।

15 ਫ਼ੇਰ ਮੂਸਾ ਨੇ ਲੋਕਾਂ ਨੂੰ ਆਖਿਆ, “ਤਿੰਨਾਂ ਦਿਨਾਂ ਅੰਦਰ ਪਰਮੇਸ਼ੁਰ ਨੂੰ ਮਿਲਣ ਲਈ ਤਿਆਰ ਹੋ ਜਾਵੋ। ਉਸ ਸਮੇਂ ਤੱਕ ਆਦਮੀਆਂ ਨੂੰ ਔਰਤਾਂ ਨੂੰ ਨਹੀਂ ਛੂਹਣਾ ਚਾਹੀਦਾ।”

ਰਸੂਲਾਂ ਦੇ ਕਰਤੱਬ 7:30-40

30 “ਚਾਲੀਆਂ ਸਾਲਾਂ ਬਾਅਦ, ਮੂਸਾ ਸਿਨਾਈ ਦੇ ਪਹਾੜ ਦੇ ਨੇੜੇ ਇੱਕ ਉਜਾੜ ਵਿੱਚ ਗਿਆ। ਉੱਥੇ ਉਸ ਨੂੰ ਇੱਕ ਦੂਤ ਅੱਗ ਦੀ ਲਾਟ ਵਿੱਚਕਾਰ ਬੱਲਦੀ ਝਾੜੀ ਵਿੱਚ ਪ੍ਰਗਟ ਹੋਇਆ। 31 ਜਦੋਂ ਉਸ ਨੇ ਅਜਿਹਾ ਵੇਖਿਆ ਤਾਂ ਉਹ ਹੈਰਾਨ ਰਹਿ ਗਿਆ। ਜਦੋਂ ਉਹ ਚੰਗੀ ਤਰ੍ਹਾਂ ਵੇਖਣ ਲਈ ਨੇੜੇ ਗਿਆ, ਤਾਂ ਉਸ ਨੇ ਇੱਕ ਅਵਾਜ਼ ਸੁਣੀ, ਇਹ ਪ੍ਰਭੂ ਦੀ ਅਵਾਜ਼ ਸੀ। 32 ਪ੍ਰਭੂ ਨੇ ਆਖਿਆ, ‘ਮੈਂ ਤੇਰੇ ਪਿਓ ਦਾਦਿਆਂ ਦਾ ਪਰਮੇਸ਼ੁਰ ਹਾਂ। ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ, ਅਤੇ ਯਾਕੂਬ ਦਾ ਪਰਮੇਸ਼ੁਰ।’ [a] ਮੂਸਾ ਡਰ ਨਾਲ ਕੰਬਦਾ ਹੋਇਆ ਉੱਪਰ ਤੱਕਣ ਦਾ ਹੌਂਸਲਾ ਨਾ ਕਰ ਸੱਕਿਆ।

33 “ਪ੍ਰਭੂ ਨੇ ਉਸ ਨੂੰ ਕਿਹਾ, ‘ਆਪਣੇ ਪੈਰਾਂ ਵਿੱਚੋਂ ਜੁੱਤੀ ਲਾਹ, ਕਿਉਂਕਿ ਜਿਸ ਥਾਂ ਉੱਪਰ ਤੂੰ ਖੜ੍ਹਾ ਹੈ ਉਹ ਇੱਕ ਪਵਿੱਤਰ ਧਰਤੀ ਹੈ। 34 ਮੈਂ ਆਪਣੇ ਲੋਕਾਂ ਦੇ ਕਸ਼ਟਾਂ ਤੋਂ ਬਹੁਤ ਸੁਚੇਤ ਹਾਂ। ਅਤੇ ਉਨ੍ਹਾਂ ਨੂੰ ਬੜਾ ਕੁਰਲਾਉਂਦਿਆਂ ਹੋਇਆਂ ਸੁਣਿਆ ਹੈ। ਇਸੇ ਲਈ ਮੈਂ ਉਨ੍ਹਾਂ ਨੂੰ ਬਚਾਉਣ ਲਈ ਉੱਤਰਿਆ ਹਾਂ। ਹੁਣ, ਮੂਸਾ, ਮੈਂ ਤੈਨੂੰ ਵਾਪਸ ਮਿਸਰ ਵਿੱਚ ਭੇਜਾਂਗਾ।’ [b]

35 “ਇਹ ਉਹੀ ਮੂਸਾ ਹੈ ਜਿਸ ਨੂੰ ਇਸਰਾਏਲੀਆਂ ਨੇ ਇਹ ਆਖਦਿਆਂ ਨਾਮੰਜ਼ੂਰ ਕਰ ਦਿੱਤਾ ਸੀ ਕਿ ਤੈਨੂੰ ਸਾਡਾ ਹਾਕਮ ਅਤੇ ਮੁਨਸਫ਼ ਕਿਸਨੇ ਬਣਾਇਆ ਹੈ? [c] ਉਹ ਪਰਮੇਸ਼ੁਰ ਦੁਆਰਾ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਹੋਣ ਲਈ ਭੇਜਿਆ ਗਿਆ ਸੀ। ਪਰੇਸ਼ੁਰ ਨੇ ਉਸ ਨੂੰ ਇੱਕ ਦੂਤ ਰਾਹੀਂ ਭੇਜਿਆ ਜੋ ਉਸ ਨੂੰ ਮੱਚਦੀ ਝਾੜੀ ਵਿੱਚ ਪ੍ਰਗਟਿਆ ਸੀ। 36 ਉਹੀ ਹੈ ਜਿਸਨੇ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਕੱਢਿਆ ਸੀ। ਉਸ ਨੇ ਸ਼ਕਤੀਸ਼ਾਲੀ ਕਰਤੱਬ ਅਤੇ ਕਰਿਸ਼ਮੇ ਮਿਸਰ ਵਿੱਚ ਅਤੇ ਲਾਲ ਸਮੁੰਦਰ ਵਿੱਚ ਅਤੇ ਉਜਾੜ ਵਿੱਚ ਚਾਲ੍ਹੀ ਸਾਲ ਤੱਕ ਕੀਤੇ।

37 “ਇਹ ਉਹੀ ਮੂਸਾ ਸੀ ਜਿਸਨੇ ਇਸਰਾਏਲ ਦੇ ਪੁੱਤਰਾਂ ਨੂੰ ਕਿਹਾ ਸੀ ‘ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਹੀ ਤੁਹਾਡੇ ਲਈ ਮੇਰੇ ਵਰਗਾ ਇੱਕ ਨਬੀ ਖੜ੍ਹਾ ਕਰੇਗਾ।’ [d] 38 ਇਹ ਉਹੀ ਮੂਸਾ ਸੀ ਜੋ ਉਨ੍ਹਾਂ ਲੋਕਾਂ ਨਾਲ ਸੀ ਜੋ ਉਜਾੜ ਵਿੱਚ ਇਕੱਠੇ ਹੋਏ ਸਨ। ਉਹ ਉਸ ਦੂਤ ਨਾਲ ਸੀ ਜੋ ਉਸ ਨਾਲ ਉਜਾੜ ਵਿੱਚ ਸੀਨਈ ਦੇ ਪਹਾੜ ਉੱਪਰ ਬੋਲਿਆ ਸੀ। ਉਹ ਸਾਡੇ ਪਿਉ ਦਾਦਿਆਂ ਦੇ ਨਾਲ ਸੀ। ਮੂਸਾ ਨੂੰ ਪਰਮੇਸ਼ੁਰ ਵੱਲੋਂ ਜੀਵਨ ਦੇ ਹੁਕਮ ਮਿਲੇ ਭਈ ਸਾਨੂੰ ਸੌਂਪ ਦੇਵੇ।

39 “ਪਰ ਸਾਡੇ ਪੁਰਖਿਆਂ ਨੇ ਉਸਦੀ ਪਾਲਾਣਾ ਨਹੀਂ ਕੀਤੀ ਅਤੇ ਉਨ੍ਹਾਂ ਨੇ ਉਸ ਨੂੰ ਨਾਮੰਜ਼ੂਰ ਕਰ ਦਿੱਤਾ। ਉਹ ਦੋਬਾਰਾ ਮਿਸਰ ਵਾਪਿਸ ਜਾਣਾ ਚਾਹੁੰਦੇ ਸਨ। 40 ਸਾਡੇ ਪਿਤਰਾਂ ਨੇ ਹਾਰੂਨ ਨੂੰ ਆਖਿਆ, ‘ਮੂਸਾ ਸਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹੈ, ਪਰ ਸਾਨੂੰ ਨਹੀਂ ਪਤਾ ਕਿ ਉਸ ਨੂੰ ਕੀ ਹੋਇਆ ਹੈ। ਇਸ ਲਈ ਸਾਡੇ ਲਈ ਕੋਈ ਅਜਿਹੇ ਦੇਵਤੇ ਬਣਾ ਜੋ ਸਾਡੇ ਅੱਗੇ-ਅੱਗੇ ਚੱਲ ਕੇ ਸਾਨੂੰ ਰਾਹ ਦੱਸਣ।’ [e]

Punjabi Bible: Easy-to-Read Version (ERV-PA)

2010 by World Bible Translation Center