Revised Common Lectionary (Semicontinuous)
8 ਫ਼ੇਰ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਆਖਿਆ, 9 “ਹੁਣ ਮੈਂ ਤੁਹਾਡੇ ਨਾਲ ਅਤੇ ਤੁਹਾਡੇ ਉੱਤਰਾਧਿਕਾਰੀਆਂ ਨਾਲ ਇੱਕ ਇਕਰਾਰ ਕਰਦਾ ਹਾਂ। 10 ਮੈਂ ਸਾਰੇ ਪੰਛੀਆਂ, ਸਾਰੇ ਪਸ਼ੂਆਂ, ਅਤੇ ਉਨ੍ਹਾਂ ਸਮੂਹ ਜਾਨਵਰਾਂ ਨਾਲ ਜਿਹੜੇ ਤੁਹਾਡੇ ਨਾਲ ਕਿਸ਼ਤੀ ਵਿੱਚੋਂ ਬਾਹਰ ਆਏ ਹਨ, ਇਕਰਾਰ ਕਰਦਾ ਹਾਂ। 11 ਤੁਹਾਨੂੰ ਮੇਰਾ ਇਕਰਾਰ ਇਹ ਹੈ: ਧਰਤੀ ਉੱਤੇ ਸਾਰਾ ਜੀਵਨ ਹੜ੍ਹ ਨੇ ਤਬਾਹ ਕਰ ਦਿੱਤਾ ਸੀ। ਪਰ ਅਜਿਹਾ ਫ਼ੇਰ ਕਦੇ ਨਹੀਂ ਵਾਪਰੇਗਾ। ਹੁਣ ਕਦੇ ਵੀ ਫ਼ੇਰ ਹੜ੍ਹ ਧਰਤੀ ਦੇ ਸਾਰੇ ਜੀਵਨ ਨੂੰ ਤਬਾਹ ਨਹੀਂ ਕਰੇਗਾ।”
12 ਅਤੇ ਪਰਮੇਸ਼ੁਰ ਨੇ ਆਖਿਆ, “ਅਤੇ ਇਸ ਗੱਲ ਨੂੰ ਸਾਬਤ ਕਰਨ ਵਾਸਤੇ ਵੀ ਮੈਂ ਇਹ ਇਕਰਾਰ ਦਿੱਤਾ ਹੈ, ਮੈਂ ਤੁਹਾਨੂੰ ਕੁਝ ਦਿਆਂਗਾ। ਇਹ ਸਬੂਤ ਦਰਸਾਵੇਗਾ ਕਿ ਮੈਂ ਤੁਹਾਡੇ ਨਾਲ ਅਤੇ ਧਰਤੀ ਦੇ ਸਮੂਹ ਜੀਵਾਂ ਨਾਲ ਇੱਕ ਇਕਰਾਰਨਾਮਾ ਕੀਤਾ ਹੈ। ਇਹ ਇਕਰਾਰਨਾਮਾ ਹਮੇਸ਼ਾ ਲਈ ਹੋਵੇਗਾ। ਸਬੂਤ ਇਹ ਹੈ: 13 ਮੈਂ ਬੱਦਲਾਂ ਵਿੱਚ ਇੱਕ ਧਣੁੱਖ ਬਣਾਇਆ ਹੈ। ਇਹ ਧਣੁੱਖ ਮੇਰੇ ਅਤੇ ਧਰਤੀ ਉੱਤੇ ਰਹਿਣ ਵਾਲਿਆਂ ਵਿੱਚਕਾਰ ਇਕਰਾਰਨਾਮੇ ਦਾ ਸਬੂਤ ਹੈ। 14 ਜਦੋਂ ਵੀ ਮੈਂ ਧਰਤੀ ਉੱਤੇ ਬੱਦਲ ਲਿਆਵਾਂਗਾ, ਤੁਸੀਂ ਬੱਦਲਾਂ ਵਿੱਚ ਧਣੁਖ ਦੇਖੋਂਗੇ। 15 ਜਦੋਂ ਮੈਂ ਇਸ ਧਣੁਖ ਨੂੰ ਦੇਖਾਂਗਾ, ਮੈਂ ਉਸ ਇਕਰਾਰਨਾਮੇ ਨੂੰ ਯਾਦ ਕਰਾਂਗਾ ਜਿਹੜਾ ਮੈਂ ਤੁਹਾਡੇ ਨਾਲ ਅਤੇ ਧਰਤੀ ਤੇ ਰਹਿਣ ਵਾਲੇ ਸਾਰੇ ਜੀਵਿਤ ਪ੍ਰਾਣੀਆਂ ਨਾਲ ਕੀਤਾ ਹੈ। ਇਕਰਾਰਨਾਮਾ ਆਖਦਾ ਹੈ ਕਿ ਹੜ੍ਹ ਧਰਤੀ ਉੱਤੇ ਸਾਰੇ ਜੀਵਨ ਨੂੰ ਕਦੇ ਵੀ ਤਬਾਹ ਨਹੀਂ ਕਰਨਗੇ। 16 ਜਦੋਂ ਵੀ ਮੈਂ ਬੱਦਲਾਂ ਵੱਲ ਦੇਖਾਂਗਾ ਅਤੇ ਧਣੁਖ ਨੂੰ ਦੇਖਾਂਗਾ, ਮੈਂ ਆਪਣੇ ਅਤੇ ਧਰਤੀ ਦੀ ਹਰ ਜਿਉਂਦੀ ਸ਼ੈਅ ਵਿੱਚਲੇ ਇਸ ਸਦੀਵੀ ਇਕਰਾਰਨਾਮੇ ਨੂੰ ਯਾਦ ਕਰਾਂਗਾ।”
17 ਇਸ ਲਈ ਯਹੋਵਾਹ ਨੇ ਨੂਹ ਨੂੰ ਆਖਿਆ, “ਇਹ ਧਣੁੱਖ ਉਸ ਇਕਰਾਰਨਾਮੇ ਦਾ ਸਬੂਤ ਹੈ ਜਿਹੜਾ ਮੈਂ ਧਰਤੀ ਦੇ ਸਮੂਹ ਜੀਵਿਤ ਪ੍ਰਾਣੀਆਂ ਨਾਲ ਕੀਤਾ ਹੈ।”
ਦਾਊਦ ਦਾ ਇੱਕ ਗੀਤ।
25 ਯਹੋਵਾਹ, ਮੈਂ ਤੈਨੂੰ ਆਪਣਾ-ਆਪ ਅਰਪਣ ਕਰਦਾ ਹਾਂ।
2 ਮੇਰੇ ਪਰਮੇਸ਼ੁਰ, ਮੈਂ ਤੇਰੇ ਵਿੱਚ ਯਕੀਨ ਰੱਖਦਾ ਹਾਂ,
ਮੈਂ ਆਸ ਰੱਖਦਾ ਹਾਂ ਕਿ ਮੈਂ ਕਦੀ ਵੀ ਨਿਰਾਸ਼ ਨਹੀਂ ਹੋਵਾਂਗਾ।
ਮੇਰੇ ਦੁਸ਼ਮਣ ਮੇਰੇ ਉੱਤੇ ਨਹੀਂ ਹੱਸਣਗੇ।
3 ਉਹ ਜੋ ਤੇਰੇ ਵਿੱਚ ਯਕੀਨ ਰੱਖਦਾ ਹੈ ਕਦੀ ਵੀ ਨਿਰਾਸ਼ ਨਹੀਂ ਹੋਵੇਗਾ।
ਪਰ ਗਦਾਰ ਨਾਉਮੀਦ ਹੋਣਗੇ
ਉਨ੍ਹਾਂ ਨੂੰ ਕੁਝ ਨਹੀਂ ਮਿਲੇਗਾ।
4 ਯਹੋਵਾਹ, ਤੁਹਾਡੇ ਰਾਹਾਂ ਤੇ ਤੁਰਨਾ ਸਿਖਣ ਵਿੱਚ ਮੇਰੀ ਮਦਦ ਕਰੋ।
ਮੈਨੂੰ ਆਪਣੇ ਤੌਰ ਤਰੀਕੇ ਸਿੱਖਾਉ।
5 ਮੇਰੀ ਅਗਵਾਈ ਕਰੋ ਅਤੇ ਆਪਣੇ ਸੱਚ ਨੂੰ ਸਿੱਖਾਉ।
ਤੁਸੀਂ ਮੇਰੇ ਪਰਮੇਸ਼ੁਰ, ਮੁਕਤੀਦਾਤਾ ਹੋ।
ਮੈਂ ਹਰ ਦਿਨ ਤੁਹਾਡੇ ਉੱਤੇ ਭਰੋਸਾ ਕਰਦਾ ਹਾਂ।
6 ਮੇਰੇ ਉੱਤੇ ਮਿਹਰਬਾਨ ਹੋਣਾ ਚੇਤੇ ਰੱਖੋ, ਯਹੋਵਾਹ।
ਮੇਰੇ ਲਈ ਆਪਣਾ ਕੋਮਲ ਪਿਆਰ ਦਰਸਾਉ ਜਿਹੜਾ ਸਦਾ ਤੋਂ ਤੁਹਾਡੇ ਕੋਲ ਹੈ।
7 ਮੇਰੇ ਉਨ੍ਹਾਂ ਗੁਨਾਹਾਂ ਤੇ ਮੰਦੀਆਂ ਗੱਲਾਂ ਨੂੰ ਚੇਤੇ ਨਾ ਕਰੋ ਜੋ ਮੈਂ ਉਸ ਵੇਲੇ ਕੀਤੀਆਂ ਸਨ ਜਦੋਂ ਮੈਂ ਜਵਾਨ ਸਾਂ।
ਆਪਣੇ ਸੁਭ ਨਾਮ ਸਦਕਾ, ਯਹੋਵਾਹ, ਮੈਨੂੰ ਪਿਆਰ ਨਾਲ ਚੇਤੇ ਕਰੋ।
8 ਯਹੋਵਾਹ ਸੱਚਮੁੱਚ ਸ਼ੁਭ ਹੈ।
ਉਹ ਪਾਪੀਆਂ ਨੂੰ ਜਿਉਣ ਦਾ ਸਹੀ ਤਰੀਕਾ ਸਿੱਖਾਉਂਦਾ ਹੈ।
9 ਉਹ ਖੁਦ ਨਿਰਪੱਖ ਹੋਕੇ ਨਿਮ੍ਰ ਲੋਕਾਂ ਨੂੰ
ਆਪਣਾ ਜੀਵਨ ਢੰਗ ਸਿੱਖਾਉਂਦਾ ਹੈ।
10 ਯਹੋਵਾਹ ਉਨ੍ਹਾਂ ਲੋਕਾਂ ਲਈ ਦਯਾਵਾਨ ਅਤੇ ਵਫ਼ਾਦਾਰ ਹੈ
ਜਿਹੜੇ ਉਸ ਦੇ ਵਾਦਿਆਂ, ਅਤੇ ਕਰਾਰਾਂ ਦਾ ਅਨੁਸਰਣ ਕਰਦੇ ਹਨ।
18 ਮਸੀਹ ਨੇ ਵੀ ਦੁੱਖ ਝੱਲਿਆ
ਅਤੇ ਸਿਰਫ਼ ਇੱਕ ਹੀ ਵਾਰ ਪਾਪਾਂ ਲਈ ਮਰਿਆ।
ਉਸ ਨੇ ਪਾਪ ਨਹੀਂ ਕੀਤਾ
ਪਰ ਉਹ ਉਨ੍ਹਾਂ ਸਾਰੇ ਲੋਕਾਂ ਲਈ ਮਰਿਆ। ਜਿਨ੍ਹਾਂ ਨੇ ਪਾਪ ਨਹੀਂ ਕੀਤਾ।
ਉਸ ਨੇ ਅਜਿਹਾ ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੇ ਨਜ਼ਦੀਕ ਲਿਆਉਣ ਲਈ ਕੀਤਾ।
ਉਸਦਾ ਸਰੀਰ ਮਰ ਗਿਆ
ਪਰ ਉਹ ਆਪਣੇ ਆਤਮਾ ਵਿੱਚ ਜਿਉਂਦਾ ਰਿਹਾ।
19 ਫ਼ੇਰ ਆਤਮਾ ਵਿੱਚ, ਉਹ ਗਿਆ ਅਤੇ ਕੈਦ ਵਿੱਚਲੇ ਆਤਮਿਆਂ ਨੂੰ ਪ੍ਰਚਾਰ ਕੀਤਾ। 20 ਇਹ ਆਤਮੇ ਉਹੀ ਹਨ ਜਿਨ੍ਹਾਂ ਨੇ ਨੂਹ ਦੇ ਵੇਲੇ ਪਰਮੇਸ਼ੁਰ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਨੂਹ ਕਿਸ਼ਤੀ ਬਣਾ ਰਿਹਾ ਸੀ। ਪਰਮੇਸ਼ੁਰ ਉਨ੍ਹਾਂ ਦਾ ਸਬਰ ਨਾਲ ਇੰਤਜ਼ਾਰ ਕਰ ਰਿਹਾ ਸੀ। ਸਿਰਫ਼ ਥੋੜੇ ਜਿਹੇ ਲੋਕ ਜਿਹੜੇ ਗਿਣਤੀ ਵਿੱਚ ਕੁਲ ਅੱਠ ਸਨ ਪਾਣੀ ਵਿੱਚੋਂ ਕਿਸ਼ਤੀ ਰਾਹੀਂ ਬਚਾਏ ਜਾ ਸੱਕੇ। 21 ਉਹ ਪਾਣੀ ਉਸ ਬਪਤਿਸਮੇ ਵਰਗਾ ਸੀ ਜੋ ਹੁਣ ਤੁਹਾਨੂੰ ਬਚਾਉਂਦਾ ਹੈ। ਬਪਤਿਸਮੇ ਦਾ ਅਰਥ ਸਰੀਰ ਤੋਂ ਮੈਲ ਲਾਹੁਣਾ ਨਹੀਂ, ਸਗੋਂ ਇਹ ਪਰਮੇਸ਼ੁਰ ਪਾਸੋਂ ਸ਼ੁੱਧ ਦਿਲ ਦੀ ਮੰਗ ਕਰਨਾ ਹੈ। ਇਹ ਤੁਹਾਨੂੰ ਇਸ ਲਈ ਬਚਾਉਂਦਾ ਹੈ ਕਿਉਂ ਕਿ ਯਿਸੂ ਮਸੀਹ ਮੌਤ ਤੋਂ ਜਿਵਾਲਿਆ ਗਿਆ ਸੀ। 22 ਹੁਣ ਯਿਸੂ ਸਵਰਗ ਵਿੱਚ ਚੱਲਾ ਗਿਆ ਹੈ। ਅਤੇ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਦਾ ਹੈ। ਉਹ ਦੂਤਾਂ, ਅਧਿਕਾਰੀਆਂ ਅਤੇ ਸ਼ਕਤੀਆਂ ਤੇ ਰਾਜ ਕਰਦਾ ਹੈ।
ਯਿਸੂ ਨੂੰ ਬਪਤਿਸਮਾ(A)
9 ਉਸ ਵਕਤ ਯਿਸੂ ਗਲੀਲ ਦੇ ਨਾਸਰਤ ਸ਼ਹਿਰ ਤੋਂ ਯੂਹੰਨਾ ਦੇ ਕੋਲ ਆਇਆ ਅਤੇ ਯੂਹੰਨਾ ਨੇ ਉਸ ਨੂੰ ਯਰਦਨ ਨਦੀ ਵਿੱਚ ਬਪਤਿਸਮਾ ਦਿੱਤਾ। 10 ਜਿਸ ਵਕਤ ਯਿਸੂ ਪਾਣੀ ਵਿੱਚੋਂ ਬਾਹਰ ਨਿਕਲ ਰਿਹਾ ਸੀ ਤਾਂ ਉਸ ਨੇ ਅਕਾਸ਼ ਨੂੰ ਖੁਲ੍ਹਦਿਆਂ ਵੇਖਿਆ ਅਤੇ ਉਸ ਵਿੱਚੋਂ ਪਵਿੱਤਰ ਆਤਮਾ ਯਿਸੂ ਕੋਲ ਘੁੱਗੀ ਵਾਂਗ ਥੱਲੇ ਉੱਤਰਿਆ। 11 ਸਵਰਗ ਵਿੱਚੋਂ ਅਕਾਸ਼ਵਾਣੀ ਹੋਈ, “ਤੂੰ ਮੇਰਾ ਪਿਆਰਾ ਪੁੱਤਰ ਹੈ। ਮੈਂ ਤੈਥੋਂ ਬਹੁਤ ਖੁਸ਼ ਹਾਂ।”
ਯਿਸੂ ਦਾ ਪਰਤਾਇਆ ਜਾਣਾ(B)
12 ਤਦ ਆਤਮਾ ਯਿਸੂ ਨੂੰ ਇੱਕਲਿਆਂ ਉਜਾੜ ਵਿੱਚ ਲੈ ਗਿਆ। 13 ਉਹ ਉੱਥੇ ਚਾਲੀ ਦਿਨ ਤੱਕ ਸ਼ੈਤਾਨ ਦੁਆਰਾ ਪਰਤਾਇਆ ਗਿਆ। ਜਦੋਂ ਉਹ ਉੱਥੇ ਜੰਗਲੀ ਜਾਨਵਰਾਂ ਨਾਲ ਸੀ, ਤਾਂ ਉਦੋਂ ਦੂਤ ਉਸਦੀ ਸੇਵਾ ਕਰ ਰਹੇ ਸਨ।
ਯਿਸੂ ਦਾ ਕੁਝ ਚੇਲਿਆਂ ਨੂੰ ਚੁਨਣਾ(C)
14 ਉਸਤੋਂ ਬਾਦ, ਯੂਹੰਨਾ ਨੂੰ ਕੈਦ ਕਰ ਦਿੱਤਾ ਗਿਆ ਅਤੇ ਫ਼ੇਰ ਯਿਸੂ ਗਲੀਲ ਨੂੰ ਆਇਆ ਅਤੇ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਅਤੇ ਕਿਹਾ, 15 “ਹੁਣ ਠੀਕ ਸਮਾਂ ਆ ਗਿਆ ਹੈ। ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੁਸੀਂ ਆਪਣਾ ਜੀਵਨ ਬਦਲ ਲਵੋ ਅਤੇ ਇਸ ਖੁਸ਼ਖਬਰੀ ਉੱਤੇ ਇਤਬਾਰ ਕਰੋ।”
2010 by World Bible Translation Center