Revised Common Lectionary (Semicontinuous)
ਦਾਊਦ ਦਾ ਇੱਕ ਗੀਤ।
25 ਯਹੋਵਾਹ, ਮੈਂ ਤੈਨੂੰ ਆਪਣਾ-ਆਪ ਅਰਪਣ ਕਰਦਾ ਹਾਂ।
2 ਮੇਰੇ ਪਰਮੇਸ਼ੁਰ, ਮੈਂ ਤੇਰੇ ਵਿੱਚ ਯਕੀਨ ਰੱਖਦਾ ਹਾਂ,
ਮੈਂ ਆਸ ਰੱਖਦਾ ਹਾਂ ਕਿ ਮੈਂ ਕਦੀ ਵੀ ਨਿਰਾਸ਼ ਨਹੀਂ ਹੋਵਾਂਗਾ।
ਮੇਰੇ ਦੁਸ਼ਮਣ ਮੇਰੇ ਉੱਤੇ ਨਹੀਂ ਹੱਸਣਗੇ।
3 ਉਹ ਜੋ ਤੇਰੇ ਵਿੱਚ ਯਕੀਨ ਰੱਖਦਾ ਹੈ ਕਦੀ ਵੀ ਨਿਰਾਸ਼ ਨਹੀਂ ਹੋਵੇਗਾ।
ਪਰ ਗਦਾਰ ਨਾਉਮੀਦ ਹੋਣਗੇ
ਉਨ੍ਹਾਂ ਨੂੰ ਕੁਝ ਨਹੀਂ ਮਿਲੇਗਾ।
4 ਯਹੋਵਾਹ, ਤੁਹਾਡੇ ਰਾਹਾਂ ਤੇ ਤੁਰਨਾ ਸਿਖਣ ਵਿੱਚ ਮੇਰੀ ਮਦਦ ਕਰੋ।
ਮੈਨੂੰ ਆਪਣੇ ਤੌਰ ਤਰੀਕੇ ਸਿੱਖਾਉ।
5 ਮੇਰੀ ਅਗਵਾਈ ਕਰੋ ਅਤੇ ਆਪਣੇ ਸੱਚ ਨੂੰ ਸਿੱਖਾਉ।
ਤੁਸੀਂ ਮੇਰੇ ਪਰਮੇਸ਼ੁਰ, ਮੁਕਤੀਦਾਤਾ ਹੋ।
ਮੈਂ ਹਰ ਦਿਨ ਤੁਹਾਡੇ ਉੱਤੇ ਭਰੋਸਾ ਕਰਦਾ ਹਾਂ।
6 ਮੇਰੇ ਉੱਤੇ ਮਿਹਰਬਾਨ ਹੋਣਾ ਚੇਤੇ ਰੱਖੋ, ਯਹੋਵਾਹ।
ਮੇਰੇ ਲਈ ਆਪਣਾ ਕੋਮਲ ਪਿਆਰ ਦਰਸਾਉ ਜਿਹੜਾ ਸਦਾ ਤੋਂ ਤੁਹਾਡੇ ਕੋਲ ਹੈ।
7 ਮੇਰੇ ਉਨ੍ਹਾਂ ਗੁਨਾਹਾਂ ਤੇ ਮੰਦੀਆਂ ਗੱਲਾਂ ਨੂੰ ਚੇਤੇ ਨਾ ਕਰੋ ਜੋ ਮੈਂ ਉਸ ਵੇਲੇ ਕੀਤੀਆਂ ਸਨ ਜਦੋਂ ਮੈਂ ਜਵਾਨ ਸਾਂ।
ਆਪਣੇ ਸੁਭ ਨਾਮ ਸਦਕਾ, ਯਹੋਵਾਹ, ਮੈਨੂੰ ਪਿਆਰ ਨਾਲ ਚੇਤੇ ਕਰੋ।
8 ਯਹੋਵਾਹ ਸੱਚਮੁੱਚ ਸ਼ੁਭ ਹੈ।
ਉਹ ਪਾਪੀਆਂ ਨੂੰ ਜਿਉਣ ਦਾ ਸਹੀ ਤਰੀਕਾ ਸਿੱਖਾਉਂਦਾ ਹੈ।
9 ਉਹ ਖੁਦ ਨਿਰਪੱਖ ਹੋਕੇ ਨਿਮ੍ਰ ਲੋਕਾਂ ਨੂੰ
ਆਪਣਾ ਜੀਵਨ ਢੰਗ ਸਿੱਖਾਉਂਦਾ ਹੈ।
10 ਯਹੋਵਾਹ ਉਨ੍ਹਾਂ ਲੋਕਾਂ ਲਈ ਦਯਾਵਾਨ ਅਤੇ ਵਫ਼ਾਦਾਰ ਹੈ
ਜਿਹੜੇ ਉਸ ਦੇ ਵਾਦਿਆਂ, ਅਤੇ ਕਰਾਰਾਂ ਦਾ ਅਨੁਸਰਣ ਕਰਦੇ ਹਨ।
ਦਾਨੀਏਲ ਦੀ ਪ੍ਰਾਰਥਨਾ
9 ਇਹ ਗੱਲਾਂ ਰਾਜੇ ਦਾਰਾ ਮਾਦੀ ਦੇ ਰਾਜ ਦੇ ਪਹਿਲੇ ਵਰ੍ਹੇਁ ਦੌਰਾਨ ਵਾਪਰੀਆਂ।ਦਾਰਾ ਮਾਦੀ ਅਹਸ਼ਵੇਰੋਸ਼ ਨਾਮ ਦੇ ਆਦਮੀ ਦਾ ਪੁੱਤਰ ਸੀ। ਕਸਦੀਆਂ ਮੀਡੀਅਨ ਲੋਕਾਂ ਵਿੱਚੋਂ ਸੀ। ਉਹ ਬਾਬਲ ਦਾ ਰਾਜਾ ਬਣ ਗਿਆ। 2 ਦਾਰਾ ਮਾਦੀ ਦੇ ਰਾਜ ਦੇ ਪਹਿਲੇ ਵਰ੍ਹੇ ਦੌਰਾਨ, ਮੈਂ, ਦਾਨੀਏਲ, ਕੁਝ ਕਿਤਾਬਾਂ ਪੜ੍ਹ ਰਿਹਾ ਸਾਂ। ਉਨ੍ਹਾਂ ਕਿਤਾਬਾਂ ਅੰਦਰ ਮੈਂ ਦੇਖਿਆ ਕਿ ਯਹੋਵਾਹ ਨੇ ਯਿਰਮਿਯਾਹ ਨੂੰ ਇਹ ਦੱਸਿਆ ਸੀ ਕਿ ਕਿੰਨੇ ਵਰ੍ਹੇ ਬੀਤਣ ਤੋਂ ਬਾਦ ਯਰੂਸ਼ਲਮ ਦੁਬਾਰਾ ਉਸਾਰਿਆ ਜਾਵੇਗਾ। ਯਹੋਵਾਹ ਨੇ ਆਖਿਆ ਸੀ ਕਿ 70 ਵਰ੍ਹੇ ਬੀਤ ਜਾਣਗੇ।
3 ਫ਼ੇਰ ਮੈਂ ਪਰਮੇਸ਼ੁਰ, ਆਪਣੇ ਪ੍ਰਭੂ ਵੱਲ ਪਰਤਿਆ। ਮੈਂ ਉਸ ਅੱਗੇ ਪ੍ਰਾਰਥਨਾ ਕੀਤੀ ਅਤੇ ਉਸ ਪਾਸੋਂ ਸਹਾਇਤਾ ਮੰਗੀ। ਮੈਂ ਕੋਈ ਭੋਜਨ ਨਹੀਂ ਕੀਤਾ, ਅਤੇ ਮੈਂ ਸੋਗ ਦੇ ਵਸਤਰ ਪਹਿਨ ਲੇ। ਅਤੇ ਮੈਂ ਆਪਣੇ ਸਿਰ ਵਿੱਚ ਘਟ੍ਟਾ ਪਾ ਲਿਆ। 4 ਮੈਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ। ਮੈਂ ਉਸ ਨੂੰ ਆਪਣੇ ਸਾਰੇ ਪਾਪਾਂ ਬਾਰੇ ਦੱਸਿਆ। ਮੈਂ ਆਖਿਆ,
“ਯਹੋਵਾਹ ਤੂੰ ਬਹੁਤ ਮਹਾਨ ਅਤੇ ਭੈਦਾਇੱਕ ਹੈਂ। ਤੂੰ ਉਨ੍ਹਾਂ ਲੋਕਾਂ ਨਾਲ ਆਪਣੇ ਪਿਆਰ ਅਤੇ ਮਿਹਰ ਦਾ ਇਕਰਾਰਨਾਮਾ ਰੱਖਦਾ ਹੈਂ ਜਿਹੜੇ ਤੈਨੂੰ ਪਿਆਰ ਕਰਦੇ ਹਨ। ਤੂੰ ਉਨ੍ਹਾਂ ਲੋਕਾਂ ਨਾਲ ਆਪਣਾ ਇਕਰਾਰਨਾਮਾ ਰੱਖਦਾ ਹੈਂ ਜਿਹੜੇ ਤੇਰਾ ਆਦੇਸ਼ ਮੰਨਦੇ ਹਨ।
5 “ਪਰ ਯਹੋਵਾਹ, ਅਸੀਂ ਪਾਪ ਕੀਤਾ ਹੈ! ਅਸੀਂ ਗਲਤ ਕੰਮ ਕੀਤੇ ਹਨ। ਅਤੇ ਮੰਦੀਆਂ ਗੱਲਾਂ ਕੀਤੀਆਂ ਹਨ। ਅਸੀਂ ਤੇਰੇ ਵਿਰੁੱਧ ਹੋ ਗਏ ਹਾਂ। ਅਸੀਂ ਤੇਰੇ ਆਦੇਸ਼ਾਂ ਅਤੇ ਨਿਆਵਾਂ ਤੋਂ ਦੂਰ ਭਟਕ ਗਏ ਹਾਂ। 6 ਅਸੀਂ ਨਬੀਆਂ ਦੀ ਗੱਲ ਨਹੀਂ ਸੁਣੀ। ਉਹ ਤੇਰੇੇ ਸੇਵਕ ਸਨ। ਨਬੀਆਂ ਨੇ ਤੇਰੇੇ ਲਈ ਗੱਲ ਕੀਤੀ। ਉਨ੍ਹਾਂ ਨੇ ਸਾਡੇ ਰਾਜਿਆਂ, ਆਗੂਆਂ ਅਤੇ ਸਾਡੇ ਪੁਰਖਿਆਂ ਨਾਲ ਗੱਲ ਕੀਤੀ। ਉਨ੍ਹਾਂ ਨੇ ਇਸਰਾਏਲ ਦੇ ਸਮੂਹ ਲੋਕਾਂ ਨਾਲ ਗੱਲ ਕੀਤੀ। ਪਰ ਅਸੀਂ ਉਨ੍ਹਾਂ ਨਬੀਆਂ ਦੀ ਗੱਲ ਨਹੀਂ ਸੁਣੀ!
7 “ਯਹੋਵਾਹ, ਤੂੰ ਨੇਕ ਹੈਂ ਅਤੇ ਨੇਕੀ ਤੇਰੀ ਹੈ! ਪਰ ਅੱਜ ਅਸੀਂ ਸ਼ਰਮਸਾਰ ਹਾਂ। ਯਹੂਦਾਹ ਅਤੇ ਯਰੂਸ਼ਲਮ ਦੇ ਲੋਕ ਸ਼ਰਮਸਾਰ ਹਨ। ਸ਼ਰਮਸਾਰ ਹਨ ਇਸਰਾਏਲ ਦੇ ਸਾਰੇ ਹੀ ਲੋਕ-ਉਹ ਲੋਕ ਜਿਹੜੇ ਨੇੜੇ ਹਨ ਅਤੇ ਉਹ ਲੋਕ ਵੀ ਜਿਹੜੇ ਦੂਰ ਹਨ। ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਨੂੰ ਬਹੁਤ ਸਾਰੀਆਂ ਕੌਮਾਂ ਅੰਦਰ ਖਿੰਡਾ ਦਿੱਤਾ ਸੀ। ਅਤੇ ਉਨ੍ਹਾਂ ਸਾਰੀਆਂ ਕੌਮਾਂ ਵਿੱਚਲੇ ਇਸਰਾਏਲ ਦੇ ਲੋਕਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਮੰਦੀਆਂ ਗੱਲਾਂ ਉੱਤੇ ਸ਼ਰਮਸਾਰ ਹੋਣਾ ਚਾਹੀਦਾ ਹੈ, ਯਹੋਵਾਹ, ਜਿਹੜੀਆਂ ਉਨ੍ਹਾਂ ਨੇ ਤੁਹਾਡੇ ਖਿਲਾਫ਼ ਕੀਤੀਆਂ ਹਨ।
8 “ਯਹੋਵਾਹ, ਸਾਨੂੰ ਸਾਰਿਆਂ ਨੂੰ ਹੀ ਸ਼ਰਮਸਾਰ ਹੋਣਾ ਚਾਹੀਦਾ ਹੈ। ਸਾਡੇ ਸਾਰੇ ਰਾਜਿਆਂ ਅਤੇ ਆਗੂਆਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਕਿਉਂ ਕਿ ਅਸੀਂ ਤੁਹਾਡੇ ਖਿਲਾਫ਼ ਪਾਪ ਕੀਤਾ ਹੈ, ਯਹੋਵਾਹ।
9 “ਪਰ ਯਹੋਵਾਹ, ਤੁਸੀਂ ਮਿਹਰਬਾਨ ਹੋ। ਤੁਸੀਂ ਲੋਕਾਂ ਦੇ ਕੀਤੇ ਮੰਦੇ ਕੰਮਾਂ ਲਈ ਉਨ੍ਹਾਂ ਨੂੰ ਮਾਫ਼ ਕਰ ਦਿੰਦੇ ਹੋ। ਅਤੇ ਅਸੀਂ ਸੱਚਮੁੱਚ ਹੀ ਤੁਹਾਡੇ ਖਿਲਾਫ਼ ਹੋ ਗਏ ਸਾਂ। 10 ਅਸੀਂ ਯਹੋਵਾਹ ਸਾਡੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਯਹੋਵਾਹ ਨੇ ਆਪਣੇ ਸੇਵਕਾਂ, ਨਬੀਆਂ ਦੀ ਵਰਤੋਂ ਕੀਤੀ, ਅਤੇ ਸਾਨੂੰ ਕਨੂੰਨ ਦਿੱਤੇ-ਪਰ ਅਸੀਂ ਉਸਦੀ ਬਿਵਸਬਾ ਦੀ ਪਾਲਨਾ ਨਹੀਂ ਕੀਤੀ। 11 ਇਸਰਾਏਲ ਦੇ ਕਿਸੇ ਵੀ ਬੰਦੇ ਨੇ ਤੁਹਾਡੀ ਬਿਵਸਬਾ ਦੀ ਪਾਲਨਾ ਨਹੀਂ ਕੀਤੀ। ਉਹ ਸਾਰੇ ਹੀ ਤੁਹਾਡੇ ਵਿਰੁੱਧ ਹੋ ਗਏ ਹਨ। ਉਨ੍ਹਾਂ ਨੇ ਤੁਹਾਡਾ ਹੁਕਮ ਨਹੀਂ ਮੰਨਿਆ। ਮੂਸਾ ਦੀ ਬਿਵਸਤਾ ਵਿੱਚ ਸਰਾਪ ਅਤੇ ਇਕਰਾਰ ਲਿਖੇ ਹੋਏ ਹਨ। (ਮੂਸਾ ਪਰਮੇਸ਼ੁਰ ਦਾ ਸੇਵਕ ਸੀ।) ਉਹ ਸਰਾਪ ਅਤੇ ਇਕਰਾਰ ਬਿਵਸਬਾ ਦੀ ਪਾਲਨਾ ਨਾ ਕਰਨ ਦੀ ਸਜ਼ਾ ਬਾਰੇ ਦੱਸਦੇ ਹਨ-ਅਤੇ ਉਹ ਸਾਰੀਆਂ ਗੱਲਾਂ ਸਾਡੇ ਨਾਲ ਵਾਪਰੀਆਂ ਹਨ। ਉਹ ਗੱਲਾਂ ਸਾਡੇ ਨਾਲ ਇਸ ਲਈ ਵਾਪਰੀਆਂ ਕਿਉਂ ਕਿ ਅਸੀਂ ਯਹੋਵਾਹ ਦੇ ਖਿਲਾਫ਼ ਪਾਪ ਕੀਤੇ।
12 “ਪਰਮੇਸ਼ੁਰ ਨੇ ਉਹ ਗੱਲਾਂ ਆਖੀਆਂ ਜਿਹੜੀਆਂ ਸਾਡੇ ਨਾਲ ਅਤੇ ਸਾਡੇ ਆਗੂਆਂ ਨਾਲ ਵਾਪਰਨੀਆਂ ਸਨ-ਅਤੇ ਉਸ ਨੇ ਉਨ੍ਹਾਂ ਨੂੰ ਵਾਪਰਨ ਦਿੱਤਾ। ਉਸ ਨੇ ਸਾਡੇ ਨਾਲ ਭਿਆਨਕ ਗੱਲਾਂ ਵਾਪਰਨ ਦਿੱਤੀਆਂ, ਜਿਹੜੀਆਂ ਗੱਲਾਂ ਦੁਨੀਆਂ ਵਿੱਚ ਹੋਰ ਕਿਤੇ ਵੀ ਨਹੀਂ ਵਾਪਰੀਆਂ। 13 ਇਹ ਓਵੇਂ ਹੀ ਵਾਪਰਿਆ ਜਿਵੇਂ ਇਸ ਬਾਰੇ ਮੂਸਾ ਦੀ ਬਿਵਸਬਾ ਵਿੱਚ ਲਿਖਿਆ ਹੈ। ਪਰ ਅਸੀਂ ਫ਼ੇਰ ਵੀ ਯਹੋਵਾਹ ਪਾਸੋਂ ਸਹਾਇਤਾ ਨਹੀਂ ਮੰਗੀ! ਅਸੀਂ ਫ਼ੇਰ ਵੀ ਪਾਪ ਕਰਨੋ ਨਹੀਂ ਹਟੇ। ਅਸੀਂ ਹਾਲੇ ਵੀ ਤੁਹਾਡੇ ਸੱਚ ਵੱਲ ਧਿਆਨ ਨਹੀਂ ਦਿੰਦੇ, ਯਹੋਵਾਹ। 14 ਯਹੋਵਾਹ ਨੇ ਸਾਡੇ ਲਈ ਭਿਆਨਕ ਗੱਲਾਂ ਤਿਆਰ ਕੀਤੀਆਂ ਸਨ-ਅਤੇ ਉਸ ਨੇ ਉਨ੍ਹਾਂ ਗੱਲਾਂ ਨੂੰ ਵਾਪਰਨ ਦਿੱਤਾ। ਯਹੋਵਾਹ ਨੇ ਅਜਿਹਾ ਇਸ ਲਈ ਕੀਤਾ ਕਿਉਂ ਕਿ ਉਹ ਆਪਣੀ ਹਰ ਗੱਲ ਵਿੱਚ ਬੇਲਾਗ ਹੈ। ਪਰ ਅਸੀਂ ਹਾਲੇ ਵੀ ਉਸਦੀ ਗੱਲ ਵੱਲ ਧਿਆਨ ਨਹੀਂ ਦਿੱਤਾ।
3 ਹੁਣ ਅਸੀਂ ਤੁਹਾਨੂੰ ਉਹ ਗੱਲਾਂ ਦੱਸਦੇ ਹਾਂ ਜਿਨ੍ਹਾਂ ਨੂੰ ਅਸੀਂ ਦੇਖਿਆ ਤੇ ਸੁਣਿਆ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਸੰਗਤ ਵਿੱਚ ਸ਼ਰੀਕ ਹੋਵੋ। ਜਿਹੜੀ ਸੰਗਤ ਵਿੱਚ ਅਸੀਂ ਸਾਂਝ ਰੱਖਦੇ ਹਾਂ ਉਹ ਪਰਮੇਸ਼ੁਰ ਪਿਤਾ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੈ। 4 ਅਸੀਂ ਤੁਹਾਨੂੰ ਇਹ ਗੱਲਾਂ ਤੁਹਾਡੇ ਆਨੰਦ ਨੂੰ ਸਾਡੇ ਨਾਲ ਪੂਰਾ ਕਰਨ ਲਈ ਲਿਖ ਰਹੇ ਹਾਂ।
ਪਰਮੇਸ਼ੁਰ ਸਾਡੇ ਪਾਪਾਂ ਨੂੰ ਮਾਫ਼ ਕਰਦਾ ਹੈ
5 ਅਸਾਂ ਸੱਚਾ ਉਪਦੇਸ਼ ਪਰਮੇਸ਼ੁਰ ਪਾਸੋਂ ਸੁਣਿਆ ਹੈ। ਹੁਣ ਅਸੀਂ ਇਹ ਤੁਹਾਨੂੰ ਦੱਸਦੇ ਹਾਂ; ਪਰਮੇਸ਼ੁਰ ਰੌਸ਼ਨੀ ਹੈ। ਪਰਮੇਸ਼ੁਰ ਵਿੱਚ ਕੋਈ ਅੰਧਕਾਰ ਨਹੀਂ ਹੈ। 6 ਇਸ ਲਈ ਜੇ ਅਸੀਂ ਆਖਦੇ ਹਾਂ ਕਿ ਅਸੀਂ ਪਰਮੇਸ਼ੁਰ ਨਾਲ ਸੰਗਤ ਰੱਖਦੇ ਹਾਂ, ਪਰ ਅਸੀਂ ਅੰਧਕਾਰ ਵਿੱਚ ਜਿਉਣਾ ਜਾਰੀ ਰੱਖਦੇ ਹਾਂ, ਤਾਂ ਅਸੀਂ ਝੂਠੇ ਹਾਂ ਅਸੀਂ ਸੱਚ ਨਹੀਂ ਬੋਲਦੇ। 7 ਪਰਮੇਸ਼ੁਰ ਰੌਸ਼ਨੀ ਹੈ। ਸਾਨੂੰ ਵੀ ਰੌਸ਼ਨੀ ਵਿੱਚ ਰਹਿਣਾ ਚਾਹੀਦਾ ਹੈ। ਜੇ ਅਸੀਂ ਰੌਸ਼ਨੀ ਵਿੱਚ ਰਹਾਂਗੇ, ਤਾਂ ਅਸੀਂ ਇੱਕ ਦੂਸਰੇ ਨਾਲ ਸੰਗਤ ਰੱਖਦੇ ਹਾਂ, ਜੇ ਅਸੀਂ ਰੌਸ਼ਨੀ ਵਿੱਚ ਰਹਿੰਦੇ ਹਾਂ। ਯਿਸੂ ਦਾ ਖੂਨ ਸਾਨੂੰ ਹਰ ਪਾਪ ਤੋਂ ਪਾਕ ਕਰਦਾ ਹੈ।
8 ਜੇ ਅਸੀਂ ਆਖਦੇ ਹਾਂ ਕਿ ਸਾਡੇ ਵਿੱਚ ਕੋਈ ਪਾਪ ਨਹੀਂ ਹੈ, ਤਾਂ ਅਸੀਂ ਆਪਣੇ ਆਪ ਨੂੰ ਗੁਮਰਾਹ ਕਰ ਲੈਂਦੇ ਹਾਂ, ਅਤੇ ਸੱਚ ਸਾਡੇ ਵਿੱਚ ਨਹੀਂ ਹੈ। 9 ਪਰ ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰ ਲਈਏ, ਤਾਂ ਪਰਮੇਸ਼ੁਰ ਸਾਡੇ ਪਾਪ ਮੁਆਫ਼ ਕਰ ਦੇਵੇਗਾ। ਅਸੀਂ ਪਰਮੇਸ਼ੁਰ ਤੇ ਭਰੋਸਾ ਕਰ ਸੱਕਦੇ ਹਾਂ। ਉਹ ਓਹੀ ਕਰਦਾ ਹੈ ਜੋ ਸਹੀ ਹੈ। ਉਹ ਸਾਰੀਆਂ ਗਲਤ ਗੱਲਾਂ ਮੁਆਫ਼ ਕਰ ਦੇਵੇਗਾ ਜੋ ਅਸੀਂ ਕੀਤੀਆਂ ਹਨ। 10 ਜੇ ਅਸੀਂ ਆਖਦੇ ਹਾਂ ਕਿ ਅਸੀਂ ਪਾਪ ਨਹੀਂ ਕੀਤਾ ਤਾਂ ਅਸੀਂ ਪਰਮੇਸ਼ੁਰ ਨੂੰ ਝੂਠਾ ਸਿੱਧ ਕਰ ਰਹੇ ਹੋਵਾਂਗੇ। ਅਸੀਂ ਪਰਮੇਸ਼ੁਰ ਦੇ ਉਪਦੇਸ਼ ਦਾ ਅਨੁਸਰਣ ਨਹੀਂ ਕਰ ਰਹੇ।
2010 by World Bible Translation Center