Revised Common Lectionary (Semicontinuous)
ਆਸਾਫ਼ ਦਾ ਇੱਕ ਗੀਤ।
50 ਪਰਮੇਸ਼ੁਰਾਂ ਦਾ ਪਰਮੇਸ਼ੁਰ, ਯਹੋਵਾਹ ਬੋਲਿਆ ਹੈ।
ਉਹ ਧਰਤੀ ਦੇ ਸਾਰੇ ਲੋਕਾਂ ਨੂੰ ਸਵੇਰ ਤੋਂ ਸ਼ਾਮ ਤੱਕ ਬੁਲਾਉਂਦਾ ਹੈ।
2 ਸੀਯੋਨ ਤੋਂ ਚਮਕਦਾ ਹੋਇਆ ਪਰਮੇਸ਼ੁਰ ਪਰਮ ਸੁੰਦਰ ਹੈ।
3 ਸਾਡਾ ਪਰਮੇਸ਼ੁਰ, ਆ ਰਿਹਾ ਹੈ।
ਅਤੇ ਉਹ ਚੁੱਪ ਨਹੀਂ ਰਹੇਗਾ।
ਅੱਗ ਉਸ ਦੇ ਅੱਗੇ ਬਲਦੀ ਹੈ।
ਇੱਕ ਵੱਡਾ ਤੂਫ਼ਾਨ ਉਸ ਦੇ ਆਲੇ-ਦੁਆਲੇ ਹੈ।
4 ਸਾਡਾ ਪਰਮੇਸੁਰ ਧਰਤੀ ਅਤੇ ਅਕਾਸ਼ ਨੂੰ ਅਵਾਜ਼ ਦਿੰਦਾ ਹੈ ਕਿ
ਜਦੋਂ ਉਹ ਆਪਣੇ ਲੋਕਾਂ ਬਾਰੇ ਨਿਆਂ ਕਰੇ ਉਹ ਗਵਾਹ ਹੋਣ।
5 ਪਰਮੇਸ਼ੁਰ ਆਖਦਾ ਹੈ, “ਤੁਸੀਂ ਸਭ ਜੋ ਮੇਰੇ ਵਫ਼ਾਦਾਰ ਹੋ, ਮੇਰੇ ਆਲੇ-ਦੁਆਲੇ ਇਕੱਠੇ ਹੋਵੋ।
ਤੁਸੀਂ ਸਾਰੇ ਜਿਨ੍ਹਾਂ ਦਾ ਮੇਰੇ ਨਾਲ ਕਰਾਰ ਹੈ ਆਵੋ ਅਤੇ ਮੈਨੂੰ ਆਪਣੀਆਂ ਬਲੀਆਂ ਭੇਂਟ ਕਰੋ।”
6 ਪਰਮੇਸ਼ੁਰ ਨਿਰੰਕਾਰ ਹੈ,
ਅਤੇ ਅਕਾਸ਼ ਉਸਦੀ ਨੇਕੀ ਬਾਰੇ ਦੱਸਦਾ ਹੈ।
ਯਾਰਾਬੁਆਮ ਦੇ ਪੁੱਤਰ ਦੀ ਮੌਤ
14 ਉਸ ਵੇਲੇ ਯਾਰਾਬੁਆਮ ਦਾ ਪੁੱਤਰ ਅਬੀਯਾਹ ਬਹੁਤ ਬਿਮਾਰ ਪੈ ਗਿਆ। 2 ਯਾਰਾਬੁਆਮ ਨੇ ਆਪਣੀ ਪਤਨੀ ਨੂੰ ਕਿਹਾ, “ਤੂੰ ਸ਼ੀਲੋਹ ਨੂੰ ਜਾ। ਅਤੇ ਵੇਖ ਉੱਥੇ ਅਹੀਯਾਹ ਨਾਂ ਦਾ ਇੱਕ ਨਬੀ ਹੈ ਜਿਸਨੇ ਮੈਨੂੰ ਆਖਿਆ ਸੀ ਕਿ ਤੂੰ ਇਸਰਾਏਲ ਦਾ ਪਾਤਸ਼ਾਹ ਹੋਵੇਂਗਾ। ਤੇ ਤੂੰ ਇੰਝ ਆਪਣਾ ਭੇਸ ਬਦਲ ਕੇ ਜਾਵੀਂ ਤਾਂ ਜੋ ਕੋਈ ਇਹ ਨਾ ਪਛਾਣੇ ਕਿ ਤੂੰ ਪਾਤਸ਼ਾਹ ਦੀ ਰਾਣੀ ਹੈਂ। 3 ਜਾਕੇ ਨਬੀ ਨੂੰ ਦਸ ਰੋਟੀਆਂ, ਕੁਝ ਕੇਕ ਤੇ ਸ਼ਹਿਦ ਦਾ ਇੱਕ ਮਰਤਬਾਨ ਭੇਟ ਕਰੀਂ ਤੇ ਉਸ ਨੂੰ ਜਾਕੇ ਆਪਣੇ ਮੁੰਡੇ ਬਾਰੇ ਪੁੱਛੀ ਤਾਂ ਉਹ ਦੱਸੇਗਾ ਕਿ ਇਸਦਾ ਕੀ ਬਣੇਗਾ!”
4 ਇਉਂ ਪਾਤਸ਼ਾਹ ਦੀ ਰਾਣੀ ਨੇ ਉਹੀ ਕੀਤਾ ਜਿਵੇਂ ਉਸ ਨੇ ਕਿਹਾ। ਉਹ ਸ਼ੀਲੋਹ ਨੂੰ ਗਈ। ਉੱਥੇ ਅਹੀਯਾਹ ਨਬੀ ਦੇ ਘਰ ਗਈ। ਅਹੀਯਾਹ ਬਹੁਤ ਬੁੱਢਾ ਹੋ ਚੁੱਕਾ ਸੀ ਤੇ ਉਸ ਨੂੰ ਦਿਖਾਈ ਵੀ ਹੁਣ ਕੁਝ ਨਹੀਂ ਸੀ ਦਿੰਦਾ। 5 ਪਰ ਯਹੋਵਾਹ ਨੇ ਉਸ ਨੂੰ ਕਿਹਾ, “ਯਾਰਾਬੁਆਮ ਦੀ ਰਾਣੀ ਤੇਰੇ ਕੋਲ ਆਪਣੇ ਮੁੰਡੇ ਬਾਰੇ ਪੁੱਛਣ ਲਈ ਆ ਰਹੀ ਹੈ ਜੋ ਕਿ ਬੜਾ ਬੀਮਾਰ ਹੈ।” ਤੇ ਯਹੋਵਾਹ ਨੇ ਉਸ ਨੂੰ ਕੀ ਆਖਣਾ ਚਾਹੀਦਾ ਹੈ ਇਹ ਵੀ ਅਹੀਯਾਹ ਨੂੰ ਦੱਸ ਦਿੱਤਾ ਸੀ।
ਯਾਰਾਬੁਆਮ ਦੀ ਰਾਣੀ ਅਹੀਯਾਹ ਦੇ ਘਰ ਪਹੁੰਚੀ। ਉਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਇਹ ਪਤਾ ਨਾ ਲੱਗੇ ਕਿ ਉਹ ਕੌਣ ਹੈ। 6 ਅਹੀਯਾਹ ਨੇ ਦਰਵਾਜ਼ੇ ਤੇ ਉਸ ਦੇ ਪੈਰਾਂ ਦਾ ਖੜ੍ਹਾਕ ਸੁਣਿਆ ਅਤੇ ਆਖਿਆ, “ਯਾਰਾਬੁਆਮ ਦੀ ਪਤਨੀ, ਅੰਦਰ ਲੰਘ ਆ! ਤੂੰ ਆਪਣਾ ਭੇਸ ਕਿਉਂ ਵਟਾਇਆ ਹੋਇਆ ਹੈ? ਮੇਰੇ ਕੋਲ ਤੇਰੇ ਲਈ ਇੱਕ ਕਠੋਰ ਸੰਦੇਸ਼ ਹੈ। 7 ਜਾ ਵਾਪਸ ਜਾਕੇ ਯਾਰਾਬੁਆਮ ਨੂੰ ਕਹਿ ਦੇ ਕਿ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੇ ਇਹ ਆਖਿਆ ਹੈ, ‘ਹੇ ਯਾਰਾਬੁਆਮ, ਤੈਨੂੰ ਮੈਂ ਸਾਰੇ ਇਸਰਾਏਲ ਦੇ ਲੋਕਾਂ ਵਿੱਚੋਂ ਚੁਣਿਆ, ਅਤੇ ਤੈਨੂੰ ਆਪਣੇ, ਇਸਰਾਏਲ ਦੇ ਲੋਕਾਂ ਉੱਤੇ ਸ਼ਾਸਕ ਬਣਾਇਆ। 8 ਇਸਤੋਂ ਪਹਿਲਾਂ ਦਾਊਦ ਦਾ ਘਰਾਣਾ ਇਸਰਾਏਲ ਉੱਪਰ ਰਾਜ ਕਰਦਾ ਸੀ ਪਰ ਮੈਂ ਉਨ੍ਹਾਂ ਕੋਲੋਂ ਰਾਜ ਖੋਹ ਕੇ ਤੈਨੂੰ ਸੌਂਪਿਆ ਸੀ ਪਰ ਤੂੰ ਮੇਰੇ ਸੇਵਕ ਦਾਊਦ ਵਰਗਾ ਨਹੀਂ ਨਿਕਲਿਆ ਉਸ ਨੇ ਹਮੇਸ਼ਾ ਮੇਰੇ ਹੁਕਮ ਦੀ ਪਾਲਣਾ ਕੀਤੀ ਤੇ ਪੂਰੇ ਤਹਿ ਦਿਲੋਂ ਮੇਰੀ ਆਗਿਆ ਮੰਨੀ ਤੇ ਹਮੇਸ਼ਾ ਉਹੀ ਕੰਮ ਕੀਤੇ ਜਿਨ੍ਹਾਂ ਦੀ ਮੈਂ ਸਵੀਕ੍ਰੀਤੀ ਦਿੱਤੀ। 9 ਪਰ ਤੂੰ ਅਨੇਕਾਂ ਭਿਆਨਕ ਪਾਪ ਕੀਤੇ ਹਨ ਅਤੇ ਪਰ ਤੂੰ ਉਨ੍ਹਾਂ ਸਾਰਿਆਂ ਨਾਲੋਂ ਵੱਧੇਰੇ ਮਾੜਾ ਵਿਹਾਰ ਕੀਤਾ ਹੈ ਜਿਹੜੇ ਤੈਥੋਂ ਪਹਿਲਾਂ ਸਨ। ਤੂੰ ਮੇਰਾ ਕਹਿਣਾ ਮੰਨਣਾ ਛੱਡ ਦਿੱਤਾ। ਅਤੇ ਮੈਨੂੰ ਤੰਗ ਕਰਨ ਲਈ ਆਪਣੀ ਖਾਤਿਰ ਹੋਰ ਦੇਵਤੇ ਅਤੇ ਬੁੱਤ ਬਣਾਉਣੇ ਸ਼ੁਰੂ ਕਰ ਦਿੱਤੇ। 10 ਇਸ ਲਈ, ਯਾਰਾਬੁਆਮ, ਮੈਂ ਤੇਰੇ ਪਰਿਵਾਰ ਉੱਤੇ ਸੰਕਟ ਲਿਆਵਾਂਗਾ ਅਤੇ ਤੇਰੇ ਪਰਿਵਾਰ ਦੇ ਸਾਰੇ ਆਦਮੀਆਂ ਨੂੰ ਮਾਰ ਸੁੱਟਾਂਗਾ। ਮੈਂ ਪੂਰੀ ਤਰ੍ਹਾਂ ਤੇਰਾ ਪਰਿਵਾਰ ਨਸ਼ਟ ਕਰ ਦੇਵਾਂਗਾ ਜਿਵੇਂ ਅੱਗ ਵਿੱਚ ਗੋਹਾ ਸੜਦਾ ਹੈ। 11 ਜੇਕਰ ਤੇਰੇ ਘਰਾਣੇ ਦਾ ਕੋਈ ਵੀ ਸਦੱਸ ਸ਼ਹਿਰ ਵਿੱਚ ਮਰੇਗਾ ਕੁੱਤੇ ਉਸਦੀ ਲਾਸ਼ ਨੂੰ ਖਾਣਗੇ। ਅਤੇ ਜੇ ਕੋਈ ਉਨ੍ਹਾਂ ਵਿੱਚੋਂ ਖੇਤਾਂ ਵਿੱਚ ਮਰੇਗਾ ਆਕਾਸ਼ ਦੇ ਪੰਛੀ ਉਸ ਦੇ ਸਰੀਰ ਨੂੰ ਖਾਣਗੇ। ਇਹ ਯਹੋਵਾਹ ਦਾ ਕਹਿਣਾ ਹੈ।’”
12 ਫ਼ਿਰ ਅਹੀਯਾਹ ਨਬੀ ਲਗਾਤਾਰ ਯਾਰਾਬੁਆਮ ਦੀ ਰਾਣੀ ਨੂੰ ਇੰਝ ਬੋਲਦਾ ਗਿਆ ਅਤੇ ਆਖਿਆ, “ਹੁਣ ਘਰ ਚਲੀ ਜਾ। ਜਦ ਹੀ ਤੂੰ ਆਪਣੇ ਸ਼ਹਿਰ ’ਚ ਪ੍ਰਵੇਸ਼ ਕਰੇਗੀ, ਤੇਰਾ ਪੁੱਤਰ ਮਰ ਜਾਵੇਗਾ। 13 ਸਾਰਾ ਇਸਰਾਏਲ ਉਸ ਦੀ ਮੌਤ ਤੇ ਵਿਰਲਾਪ ਕਰੇਗਾ ਅਤੇ ਉਸ ਨੂੰ ਦਫ਼ਨਾ ਦੇਵੇਗਾ। ਸਿਰਫ਼ ਇੱਕ ਤੇਰਾ ਪੁੱਤਰ ਹੀ ਹੈ ਦਫ਼ਨਾਇਆ ਜਾਵੇਗਾ ਕਿਉਂ ਕਿ ਯਾਰਾਬੁਆਮ ਦੇ ਪਰਿਵਾਰ ਵਿੱਚ, ਸਿਰਫ਼ ਉਹੀ ਇੱਕ ਸੀ, ਜਿਸ ਵਿੱਚ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ, ਕੁਝ ਚੰਗਾ ਲੱਭ ਸੱਕਦਾ ਸੀ। 14 ਯਹੋਵਾਹ ਇਸਰਾਏਲ ਉੱਪਰ ਨਵਾਂ ਪਾਤਸ਼ਾਹ ਥਾਪੇਗਾ ਅਤੇ ਉਹ ਨਵਾਂ ਪਾਤਸ਼ਾਹ ਯਾਰਾਬੁਆਮ ਦੇ ਘਰਾਣੇ ਨੂੰ ਤਬਾਹ ਕਰ ਦੇਵੇਗਾ। ਇਹ ਸਭ ਕੁਝ ਬਹੁਤ ਜਲਦੀ ਵਾਪਰਨ ਵਾਲਾ ਹੈ। 15 ਯਹੋਵਾਹ ਇਸਰਾਏਲ ਨੂੰ ਮਾਰੇਗਾ ਅਤੇ ਇਹ ਪਾਣੀ ਵਿੱਚ ਝੂਲਦੀ ਲੰਬੀ ਘਾਹ ਵਾਂਗ ਹੋਵੇਗਾ। ਉਹ ਇਸਰਾਏਲ ਨੂੰ ਚੰਗੀ ਜ਼ਮੀਨ ਵਿੱਚੋਂ ਉਖਾੜ ਦੇਵੇਗਾ ਜਿਹੜੀ ਉਸ ਨੇ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ। ਅਤੇ ਉਨ੍ਹਾਂ ਨੂੰ ਫ਼ਰਾਤ ਦਰਿਆ ਦੇ ਪਾਰ ਬਿਖੇਰ ਦੇਵੇਗਾ ਕਿਉਂ ਕਿ ਉਨ੍ਹਾਂ ਨੇ ਅਸ਼ੇਰਾਹ ਲਈ ਥੰਮ੍ਹ ਬਣਾਕੇ ਯਹੋਵਾਹ ਨੂੰ ਨਾਰਾਜ਼ ਕਰ ਦਿੱਤਾ। 16 ਯਾਰਾਬੁਆਮ ਨੇ ਪਾਪ ਕੀਤੇ ਤੇ ਫ਼ਿਰ ਉਸ ਨੇ ਆਪਣੇ ਪਾਪਾਂ ਦੇ ਕਾਰਣ ਇਸਰਾਏਲ ਨੂੰ ਪਾਪੀ ਬਣਾਇਆ। ਇਸ ਲਈ ਯਹੋਵਾਹ ਇਸਰਾਏਲ ਦੇ ਲੋਕਾਂ ਨੂੰ ਹਾਰ ਦੇ ਦੇਵੇਗਾ।”
17 ਤਦ ਯਾਰਾਬੁਆਮ ਦੀ ਪਤਨੀ ਉੱਠੀ ਅਤੇ ਤਿਰਜ਼ਾਹ ਨੂੰ ਵਾਪਸ ਚਲੀ ਗਈ। ਜਦੋਂ ਹੀ ਘਰ ਅੰਦਰ ਦਾਖਲ ਹੋਈ ਉਸਦਾ ਪੁੱਤਰ ਮਰ ਗਿਆ। 18 ਸਾਰੇ ਇਸਰਾਏਲੀ ਉਸ ਲਈ ਕੁਰਲਾਏ ਅਤੇ ਉਸ ਨੂੰ ਦਫ਼ਨਾਅ ਆਏ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਨੇ ਫ਼ੁਰਮਾਇਆ ਸੀ। ਯਹੋਵਾਹ ਨੇ ਆਪਣੇ ਸੇਵਕ ਨਬੀ ਅਹੀਯਾਹ ਦੇ ਮੂੰਹੋਂ ਇਹ ਬਚਨ ਬੁਲਵਾਏ ਸਨ।
ਪਰਮੇਸ਼ੁਰ ਦੀ ਦਯਾ ਲਈ ਧੰਨਵਾਦ
12 ਮੈਂ ਮਸੀਹ ਯਿਸੂ, ਸਾਡੇ ਪ੍ਰਭੂ, ਦਾ ਧੰਨਵਾਦ ਕਰਦਾ ਹਾਂ ਕਿਉਂ ਕਿ ਉਸ ਨੇ ਮੇਰੇ ਉੱਪਰ ਭਰੋਸਾ ਕੀਤਾ ਅਤੇ ਮੈਨੂੰ ਉਸਦੀ ਸੇਵਾ ਕਰਨ ਲਈ ਇਹ ਕਾਰਜ ਦਿੱਤਾ। ਉਹੀ ਮੈਨੂੰ ਸ਼ਕਤੀ ਪ੍ਰਦਾਨ ਕਰਦਾ ਹੈ। 13 ਅਤੀਤ ਵਿੱਚ, ਮੈਂ ਮਸੀਹ ਦੇ ਵਿਰੁੱਧ ਬੋਲਦਾ ਸਾਂ ਤੇ ਉਸ ਨੂੰ ਸਤਾਇਆ ਅਤੇ ਮੈਂ ਉਸ ਨੂੰ ਦੁੱਖ ਪਹੁੰਚਾਇਆ। ਪਰ ਪਰਮੇਸ਼ੁਰ ਨੇ ਮੈਨੂੰ ਆਪਣੀ ਕਿਰਪਾ ਦਿਤੀ ਕਿਉਂਕਿ ਮੈਂ ਨਹੀਂ ਜਾਣਦਾ ਸੀ ਕਿ ਮੈਂ ਕੀ ਕਰ ਰਿਹਾ ਸਾਂ। ਇਹ ਗੱਲਾਂ ਮੈਂ ਉਦੋਂ ਕੀਤੀਆਂ ਸਨ ਜਦੋਂ ਮੇਰੇ ਅੰਦਰ ਵਿਸ਼ਵਾਸ ਨਹੀਂ ਸੀ। 14 ਪਰ ਸਾਡੇ ਪ੍ਰਭੂ ਦੀ ਕਿਰਪਾ ਮੈਨੂੰ ਪੂਰੀ ਤਰ੍ਹਾਂ ਦਿੱਤੀ ਹੋਈ ਸੀ, ਅਤੇ ਕਿਰਪਾ ਦੇ ਨਾਲ ਵਿਸ਼ਵਾਸ ਅਤੇ ਉਹ ਪਿਆਰ ਆਇਆ ਜੋ ਮਸੀਹ ਯਿਸੂ ਵਿੱਚ ਹੈ।
15 ਜੋ ਕੁਝ ਮੈਂ ਆਖ ਰਿਹਾ ਹਾਂ ਸੱਚ ਹੈ ਅਤੇ ਇਹ ਪੂਰੀ ਤਰ੍ਹਾਂ ਕਬੂਲ ਕਰ ਲੈਣ ਦਾ ਅਧਿਕਾਰੀ ਹੈ। ਮਸੀਹ ਯਿਸੂ ਇਸ ਦੁਨੀਆਂ ਵਿੱਚ ਪਾਪੀਆਂ ਨੂੰ ਬਚਾਉਣ ਲਈ ਆਇਆ। ਅਤੇ ਮੈਂ ਉਨ੍ਹਾਂ ਪਾਪੀਆਂ ਵਿੱਚੋਂ ਸਭ ਤੋਂ ਬੁਰਾ ਸਾਂ। 16 ਪਰ ਮੈਨੂੰ ਕਿਰਪਾ ਦਿਤੀ ਗਈ। ਤਾਂ ਜੋ ਮਸੀਹ ਯਿਸੂ ਮੇਰੇ ਵਿੱਚ ਵਿਖਾ ਸੱਕੇ ਕਿ ਉਸਦਾ ਸਬਰ ਅਸੀਮ ਹੈ। ਮਸੀਹ ਨੇ ਆਪਣਾ ਸਬਰ ਮੇਰੇ, ਸਭ ਪਾਪੀਆਂ ਤੋਂ ਗਏ ਗੁਜਰੇ, ਤੇ ਵਿਖਾਇਆ। ਯਿਸੂ ਚਾਹੁੰਦਾ ਸੀ ਕਿ ਮੈਂ ਉਨ੍ਹਾਂ ਲੋਕਾਂ ਲਈ ਇੱਕ ਮਿਸਾਲ ਬਣਾ ਜਿਹੜੇ ਉਸ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਸਦੀਪਕ ਜੀਵਨ ਪ੍ਰਾਪਤ ਕਰਦੇ ਹਨ। 17 ਉਸ ਬਾਦਸ਼ਾਹ ਨੂੰ ਮਹਿਮਾ ਤੇ ਸਨਮਾਨ ਜਿਹੜਾ ਸਦੀਵੀ ਤੌਰ ਤੇ ਰਾਜ ਕਰਦਾ ਹੈ। ਉਸ ਨੂੰ ਤਬਾਹ ਨਹੀਂ ਕੀਤਾ ਜਾ ਸੱਕਦਾ ਅਤੇ ਨਾ ਹੀ ਦੇਖਿਆ ਜਾ ਸੱਕਦਾ ਹੈ। ਸਿਰਫ਼ ਪਰਮੇਸ਼ੁਰ ਨੂੰ ਹੀ ਸਦਾ ਅਤੇ ਸਦਾ ਲਈ ਸਤਿਕਾਰ ਅਤੇ ਮਹਿਮਾ। ਆਮੀਨ!
18 ਤਿਮੋਥਿਉਸ, ਤੁਸੀਂ ਮੇਰੇ ਲਈ ਇੱਕ ਪੁੱਤਰ ਵਾਂਗ ਹੋ। ਮੈਂ ਤੁਹਾਨੂੰ ਆਦੇਸ਼ ਦੇ ਰਿਹਾ ਹਾਂ। ਇਹ ਆਦੇਸ਼ ਉਨ੍ਹਾਂ ਅਗੰਮੀ ਵਾਕਾਂ ਦੇ ਅਨੁਸਾਰ ਹੈ ਜਿਹੜੇ ਅਤੀਤ ਵਿੱਚ ਤੁਹਾਡੇ ਸੰਬੰਧ ਵਿੱਚ ਦੱਸੇ ਗਏ ਸਨ। ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਤੁਸੀਂ ਉਨ੍ਹਾਂ ਅਗੰਮ ਵਾਕਾਂ ਅਨੁਸਾਰ ਚੱਲੋ ਅਤੇ ਵਿਸ਼ਵਾਸ ਲਈ ਸਫ਼ਲ ਯੁੱਧ ਲੜੋ। 19 ਵਿਸ਼ਵਾਸ ਵਿੱਚ ਸਥਿਰ ਰਹੋ, ਅਤੇ ਉਸ ਦੇ ਆਧਾਰ ਤੇ ਜੀਣ ਜਿਸ ਨੂੰ ਤੁਸੀਂ ਮੰਨੋ ਕਿ ਸਹੀ ਹੈ। ਕੁਝ ਲੋਕਾਂ ਨੇ ਅਜਿਹਾ ਨਹੀਂ ਕੀਤਾ, ਇਸ ਲਈ ਉਹ ਵਿਸ਼ਵਾਸ ਤੋਂ ਡਿੱਗ ਗਏ। 20 ਹੁਮਿਨਾਯੁਸ ਅਤੇ ਸਿਕੰਦਰ ਉਨ੍ਹਾਂ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਇਹ ਕੀਤਾ ਹੈ। ਮੈਂ ਉਨ੍ਹਾਂ ਨੂੰ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ ਤਾਂ ਜੋ ਉਹ ਪਰਮੇਸ਼ੁਰ ਦੇ ਖਿਲਾਫ਼ ਬੋਲਣਾ ਨਾ ਸਿੱਖਣਗੇ।
2010 by World Bible Translation Center