Revised Common Lectionary (Semicontinuous)
ਆਸਾਫ਼ ਦਾ ਇੱਕ ਗੀਤ।
50 ਪਰਮੇਸ਼ੁਰਾਂ ਦਾ ਪਰਮੇਸ਼ੁਰ, ਯਹੋਵਾਹ ਬੋਲਿਆ ਹੈ।
ਉਹ ਧਰਤੀ ਦੇ ਸਾਰੇ ਲੋਕਾਂ ਨੂੰ ਸਵੇਰ ਤੋਂ ਸ਼ਾਮ ਤੱਕ ਬੁਲਾਉਂਦਾ ਹੈ।
2 ਸੀਯੋਨ ਤੋਂ ਚਮਕਦਾ ਹੋਇਆ ਪਰਮੇਸ਼ੁਰ ਪਰਮ ਸੁੰਦਰ ਹੈ।
3 ਸਾਡਾ ਪਰਮੇਸ਼ੁਰ, ਆ ਰਿਹਾ ਹੈ।
ਅਤੇ ਉਹ ਚੁੱਪ ਨਹੀਂ ਰਹੇਗਾ।
ਅੱਗ ਉਸ ਦੇ ਅੱਗੇ ਬਲਦੀ ਹੈ।
ਇੱਕ ਵੱਡਾ ਤੂਫ਼ਾਨ ਉਸ ਦੇ ਆਲੇ-ਦੁਆਲੇ ਹੈ।
4 ਸਾਡਾ ਪਰਮੇਸੁਰ ਧਰਤੀ ਅਤੇ ਅਕਾਸ਼ ਨੂੰ ਅਵਾਜ਼ ਦਿੰਦਾ ਹੈ ਕਿ
ਜਦੋਂ ਉਹ ਆਪਣੇ ਲੋਕਾਂ ਬਾਰੇ ਨਿਆਂ ਕਰੇ ਉਹ ਗਵਾਹ ਹੋਣ।
5 ਪਰਮੇਸ਼ੁਰ ਆਖਦਾ ਹੈ, “ਤੁਸੀਂ ਸਭ ਜੋ ਮੇਰੇ ਵਫ਼ਾਦਾਰ ਹੋ, ਮੇਰੇ ਆਲੇ-ਦੁਆਲੇ ਇਕੱਠੇ ਹੋਵੋ।
ਤੁਸੀਂ ਸਾਰੇ ਜਿਨ੍ਹਾਂ ਦਾ ਮੇਰੇ ਨਾਲ ਕਰਾਰ ਹੈ ਆਵੋ ਅਤੇ ਮੈਨੂੰ ਆਪਣੀਆਂ ਬਲੀਆਂ ਭੇਂਟ ਕਰੋ।”
6 ਪਰਮੇਸ਼ੁਰ ਨਿਰੰਕਾਰ ਹੈ,
ਅਤੇ ਅਕਾਸ਼ ਉਸਦੀ ਨੇਕੀ ਬਾਰੇ ਦੱਸਦਾ ਹੈ।
26 ਨਬਾਟ ਦਾ ਪੁੱਤਰ, ਯਾਰਾਬੁਆਮ ਸੁਲੇਮਾਨ ਦਾ ਨੋਕਰ ਸੀ, ਅਤੇ ਉਹ ਇਫ਼ਰਾਈਮ ਦੇ ਪਰਿਵਾਰ-ਸਮੂਹ ਅਤੇ ਸਰੇਦਾਹ ਨਗਰ ਤੋਂ ਸੀ। ਉਸ ਦੀ ਮਾਂ ਦਾ ਨਾਉਂ ਸਰੂਆਹ ਸੀ ਅਤੇ ਉਹ ਵਿਧਵਾ ਸੀ। ਉਹ ਰਾਜੇ ਦਾ ਵੈਰੀ ਬਣ ਗਿਆ।
27 ਇਹੀ ਕਹਾਣੀ ਸੀ ਕਿ ਯਾਰਾਬੁਆਮ, ਰਾਜੇ ਦੇ ਵਿਰੁੱਧ ਹੋਇਆ। ਉਸ ਦਾ ਕਾਰਣ ਇਹ ਸੀ ਕਿ ਸੁਲੇਮਾਨ ਨੇ ਮਿੱਲੋ ਬਣਾਇਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਦੀਆਂ ਤਰੇੜਾਂ ਦੀ ਮੁਰੰਮਤ ਕੀਤੀ। 28 ਯਾਰਾਬੁਆਮ ਇੱਕ ਤਕੜਾ ਆਦਮੀ ਸੀ ਅਤੇ ਜਦੋਂ ਸੁਲੇਮਾਨ ਨੇ ਵੇਖਿਆ ਕਿ ਇਹ ਜਵਾਨ ਮਿਹਨਤੀ ਸੀ ਉਸ ਨੇ ਉਸ ਨੂੰ ਯੂਸੁਫ਼ ਦੇ ਪਰਿਵਾਰ-ਸਮੂਹ ਵਿੱਚਲੇ ਸਾਰੇ ਕਾਮਿਆਂ ਉੱਤੇ ਨਿਗਰਾਨ ਠਹਿਰਾ ਦਿੱਤਾ। 29 ਇੱਕ ਦਿਨ ਇਉਂ ਹੋਇਆ ਕਿ ਉਸ ਵੇਲੇ ਜਦੋਂ ਯਾਰਾਬੁਆਮ ਯਰੂਸ਼ਲਮ ਤੋਂ ਬਾਹਰ ਨਿਕਲਿਆ ਤਦ ਅਹੀਯਾਹ ਨਬੀ ਸ਼ੀਲੋਨੀ ਉਸ ਨੂੰ ਰਸਤੇ ਵਿੱਚ ਮਿਲ ਪਿਆ, ਉਸ ਨੇ ਇੱਕ ਨਵੀਂ ਚਾਦਰ ਲਈ ਹੋਈ ਸੀ ਅਤੇ ਦੋਨੋ ਉੱਥੇ ਉਸ ਜਗ੍ਹਾ ਇੱਕਲੇ ਸਨ।
30 ਤਾਂ ਅਹੀਯਾਹ ਨੇ ਉਸਦੀ ਨਵੀਂ ਚਾਦਰ ਨੂੰ ਜੋ ਉਸ ਨੇ ਆਪਣੇ ਉਪਰ ਲਈ ਹੋਈ ਸੀ ਫ਼ੜ ਕੇ 12 ਟੁਕੜਿਆਂ ਵਿੱਚ ਫ਼ਾੜ ਸੁੱਟਿਆ। 31 ਤਦ ਅਹੀਯਾਹ ਨੇ ਯਾਰਾਬੁਆਮ ਨੂੰ ਆਖਿਆ, “ਇਸ ਲਬਾਦੇ ਦੇ ਦਸ ਟੁਕੜੇ ਤੂੰ ਆਪਣੇ ਲਈ ਰੱਖ ਲੈ ਕਿਉਂ ਕਿ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਇਉਂ ਫ਼ੁਰਮਾਉਂਦਾ ਹੈ, ‘ਮੈਂ ਸੁਲੇਮਾਨ ਕੋਲੋਂ ਰਾਜ ਖੋਹ ਲਵਾਂਗਾ ਅਤੇ ਤੈਨੂੰ 10 ਪਰਿਵਾਰ-ਸਮੂਹ ਦੇ ਦੇਵਾਂਗਾ। 32 ਪਰ ਮੇਰੇ ਸੇਵਕ ਦਾਊਦ ਅਤੇ ਯਰੂਸ਼ਲਮ ਦੇ ਕਾਰਣ ਜਿਸ ਸ਼ਹਿਰ ਨੂੰ ਮੈਂ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚੋਂ ਚੁਣਿਆ ਹੈ, ਇੱਕ ਪਰਿਵਾਰ-ਸਮੂਹ ਉਸ ਦਾ ਰਹੇਗਾ। 33 ਮੈਂ ਸੁਲੇਮਾਨ ਤੋਂ ਰਾਜ ਇਸ ਲਈ ਖੋਹ ਲਵਾਂਗਾ ਕਿਉਂ ਕਿ ਉਸ ਨੇ ਮੈਨੂੰ ਮੰਨਣਾ ਛੱਡ ਦਿੱਤਾ ਅਤੇ ਸੀਦੋਨ ਦੀ ਦੇਵੀ ਅਸ਼ਤਾਰੋਥ ਅਤੇ ਮੋਆਬ ਦੇ ਝੂਠੇ ਦੇਵਤੇ ਕਮੋਸ਼ ਤੇ ਅੰਮੋਨੀਆਂ ਦੇ ਝੂਠੇ ਦੇਵਤੇ ਮਿਲਕੋਮ ਦੀ ਉਪਾਸਨਾ ਕਰ ਰਿਹਾ ਹੈ। ਸੁਲੇਮਾਨ ਮੇਰੇ ਰਾਹਾਂ ਤੇ ਨਹੀਂ ਚੱਲਿਆਂ, ਉਸ ਨੇ ਮੇਰੇ ਕਨੂੰਨਾਂ ਅਤੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ, ਅਤੇ ਆਪਣੇ ਪਿਤਾ ਦਾਊਦ ਵਾਂਗ ਸਹੀ ਆਚਰਣ ਨਹੀਂ ਕੀਤਾ। 34 ਇਸ ਲਈ ਮੈਂ ਇਹ ਸਾਰਾ ਰਾਜ ਸੁਲੇਮਾਨ ਦੇ ਪਰਿਵਾਰ ਤੋਂ ਲਵਾਂਗਾ ਪਰ ਸੁਲੇਮਾਨ ਨੂੰ ਉਸਦੀ ਬਾਕੀ ਜ਼ਿੰਦਗੀ ਲਈ ਉਨ੍ਹਾਂ ਦਾ ਸ਼ਾਸਕ ਰਹਿਣ ਦੇਵਾਂਗਾ। ਇਹ ਸਭ ਮੈਂ ਆਪਣੇ ਦਾਸ ਦਾਊਦ ਕਾਰਣ ਕਰਾਂਗਾ। ਮੈਂ ਦਾਊਦ ਨੂੰ ਇਸ ਲਈ ਚੁਣਿਆ ਕਿਉਂ ਕਿ ਉਸ ਨੇ ਮੇਰੇ ਸਾਰੇ ਨੇਮਾਂ ਤੇ ਹੁਕਮਾਂ ਨੂੰ ਮੰਨਿਆ। 35 ਪਰ ਹੁਣ ਮੈਂ ਇਹ ਰਾਜ ਉਸ ਦੇ ਪੁੱਤਰ ਕੋਲੋਂ ਖੋਹ ਲਵਾਂਗਾ। ਯਾਰਾਬੁਆਮ, ਮੈਂ ਤੈਨੂੰ ਦਸ ਘਰਾਣਿਆਂ ਉੱਤੇ ਸ਼ਾਸਨ ਕਰਨ ਦੇਵਾਂਗਾ। 36 ਮੈਂ ਸੁਲੇਮਾਨ ਦੇ ਪੁੱਤਰ ਨੂੰ ਇੱਕ ਪਰਿਵਾਰ ਸਮੂਹ ਉੱਪਰ ਰਾਜ ਕਰਨ ਦੇਵਾਂਗਾ। ਮੈਂ ਅਜਿਹਾ ਇਸ ਲਈ ਕਰਾਂਗਾ ਤਾਂ ਜੋ ਮੇਰੇ ਸੇਵਕ ਦਾਊਦ ਦਾ ਇੱਕ ਉਤਰਾਧਿਕਾਰੀ ਹਮੇਸ਼ਾ ਮੇਰੇ ਸਾਹਮਣੇ ਯਰੂਸ਼ਲਮ ਵਿੱਚ ਰਾਜ ਕਰੇ, ਜਿਸ ਸ਼ਹਿਰ ਨੂੰ ਮੈਂ ਆਪਣੇ ਲਈ ਚੁਣਿਆ ਹੈ। 37 ਪਰ ਤੂੰ ਮੇਰੇ ਦੁਆਰਾ ਚੁਣਿਆ ਗਿਆ ਹੈਂ, ਆਪਣੀ ਇੱਛਾ ਅਨੁਸਾਰ ਹਰ ਚੀਜ਼ ਤੇ ਰਾਜ ਕਰ। ਤੂੰ ਸਾਰੇ ਇਸਰਾਏਲ ਉੱਪਰ ਰਾਜ ਕਰੇਂਗਾ। 38 ਇਹ ਸਭ ਕੁਝ ਮੈਂ ਤਾਂ ਹੀ ਕਰਾਂਗਾ ਜੇਕਰ ਤੂੰ ਮੇਰੀ ਨਿਗਾਹ ਵਿੱਚ ਧਰਮੀ ਰਹੇਂਗਾ ਅਤੇ ਮੇਰੇ ਹੁਕਮਾਂ ਨੂੰ ਮੰਨੇਗਾ। ਜੇਕਰ ਤੂੰ ਦਾਊਦ ਵਾਂਗ ਮੇਰੇ ਹੁਕਮਾਂ ਅਤੇ ਕਨੂੰਨਾਂ ਦੀ ਪਾਲਣਾ ਕਰੇਂਗਾ, ਤਾਂ ਮੈਂ ਤੇਰੇ ਅੰਗ-ਸੰਗ ਹੋਵਾਂਗਾ, ਅਤੇ ਮੈਂ ਤੈਨੂੰ ਇੱਕ ਕਦੇ ਨਾ ਖਤਮ ਹੋਣ ਵਾਲਾ ਖਾਨਦਾਨ ਦੇਵਾਂਗਾ ਜਿਵੇਂ ਕਿ ਮੈਂ ਦਾਊਦ ਲਈ ਕੀਤਾ ਸੀ। ਮੈਂ ਇਸਰਾਏਲ ਤੈਨੂੰ ਸੌਂਪ ਦੇਵਾਂਗਾ। 39 ਸੁਲੇਮਾਨ ਦੀਆਂ ਕਰਨੀਆਂ ਕਾਰਣ, ਮੈਂ ਦਾਊਦ ਦੇ ਉਤਰਾਧਿਕਾਰੀਆਂ ਨੂੰ ਸਜ਼ਾ ਦੇਵਾਂਗਾ, ਪਰ ਮੈਂ ਹਮੇਸ਼ਾ ਲਈ ਉਨ੍ਹਾਂ ਨੂੰ ਸਜ਼ਾ ਨਹੀਂ ਦੇਵਾਂਗਾ।’”
ਸੁਲੇਮਾਨ ਦੀ ਮੌਤ
40 ਸੁਲੇਮਾਨ ਨੇ ਯਾਰਾਬੁਆਮ ਨੂੰ ਮਾਰਨਾ ਚਾਹਿਆ, ਪਰ ਯਾਰਾਬੁਆਮ ਮਿਸਰ ਦੇ ਰਾਜੇ ਸ਼ੀਸ਼ਕ ਕੋਲ ਭੱਜ ਗਿਆ ਅਤੇ ਸੁਲੇਮਾਨ ਦੀ ਮੌਤ ਤੀਕ ਓੱਥੇ ਹੀ ਰਿਹਾ।
ਤ੍ਰੋਆਸ ਵਿੱਚ ਪੌਲੁਸ ਦੀ ਚਿੰਤਾ
12 ਮੈਂ ਤ੍ਰੋਆਸ ਵਿੱਚ ਮਸੀਹ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਗਿਆ ਸਾਂ। ਪ੍ਰਭੂ ਨੇ ਉੱਥੇ ਇੱਕ ਚੰਗਾ ਮੌਕਾ ਪ੍ਰਦਾਨ ਕੀਤਾ ਸੀ। 13 ਪਰ ਮੈਨੂੰ ਸ਼ਾਂਤੀ ਨਹੀਂ ਮਿਲੀ ਕਿਉਂ ਜੋ ਉੱਥੇ ਮੈਨੂੰ ਆਪਣਾ ਭਰਾ ਤੀਤੁਸ ਨਹੀਂ ਮਿਲ ਸੱਕਿਆ। ਇਸ ਲਈ ਮੈਂ ਉਨ੍ਹਾਂ ਨੂੰ ਅਲਵਿਦਾ ਕਹੀ ਅਤੇ ਮਕਦੂਨਿਯਾ ਨੂੰ ਚੱਲਾ ਗਿਆ।
ਮਸੀਹ ਰਾਹੀਂ ਜਿੱਤ
14 ਪਰ ਪਰਮੇਸ਼ੁਰ ਦਾ ਧੰਨਵਾਦ ਹੈ। ਪਰਮੇਸ਼ੁਰ ਸਦਾ ਹੀ ਸਾਡੀ ਮਸੀਹ ਰਾਹੀਂ, ਮਹਾਨ ਜਿੱਤ ਵੱਲ ਅਗਵਾਈ ਕਰਦਾ ਹੈ। ਪਰਮੇਸ਼ੁਰ ਸਾਨੂੰ ਸਾਰੇ ਪਾਸੀਂ ਇੱਕ ਚੰਗੇ ਸੁਗੰਧਿਤ ਇਤ੍ਰ ਦੀ ਤਰ੍ਹਾਂ ਆਪਣਾ ਗਿਆਨ ਫ਼ੈਲਾਉਣ ਲਈ ਇਸਤੇਮਾਲ ਕਰਦਾ ਹੈ। 15 ਸਾਡੀ ਪਰਮੇਸ਼ੁਰ ਨੂੰ ਭੇਟ ਇਹ ਹੈ। ਅਸੀਂ ਲੋਕਾਂ ਵਿੱਚ ਮਸੀਹ ਦੀ ਮਿੱਠੀ ਸੁਗੰਧ ਹਾਂ ਜਿਹੜੇ ਬਚਾਏ ਜਾ ਰਹੇ ਹਨ ਅਤੇ ਉਨ੍ਹਾਂ ਲੋਕਾਂ ਵਿੱਚ ਵੀ ਜਿਹੜੇ ਗੁਆਚੇ ਹੋਏ ਹਨ। 16 ਗੁਆਚੇ ਹੋਏ ਲੋਕਾਂ ਲਈ ਅਸੀਂ ਮੌਤ ਦੀ ਗੰਧ ਹਾਂ ਜਿਹੜੀ ਮੌਤ ਦਿੰਦੀ ਹੈ। ਪਰ ਬਚਾਏ ਜਾਣ ਵਾਲੇ ਲੋਕਾਂ ਲਈ ਅਸੀਂ ਜੀਵਨ ਦੀ ਸੁਗੰਧ ਹਾਂ ਜਿਹੜੀ ਜੀਵਨ ਲਿਆਉਂਦੀ ਹੈ। ਅਤੇ ਇਹ ਕੰਮ ਕਰਨ ਦੇ ਕੌਣ ਯੋਗ ਹੈ? 17 ਬਹੁਤ ਸਾਰੇ ਲੋਕਾਂ ਵਾਂਗ, ਮੁਨਾਫ਼ੇ ਲਈ ਅਸੀਂ ਪਰਮੇਸ਼ੁਰ ਦਾ ਸ਼ਬਦ ਨਹੀਂ ਵੇਚ ਰਹੇ। ਨਹੀਂ! ਪਰ ਅਸੀਂ ਮਸੀਹ ਵਿੱਚ ਪਰਮੇਸ਼ੁਰ ਅੱਗੇ ਸਚਿਆਈ ਨਾਲ ਬੋਲਦੇ ਹਾਂ। ਅਸੀਂ ਪਰਮੇਸ਼ੁਰ ਵੱਲੋਂ ਭੇਜੇ ਬੰਦਿਆਂ ਵਾਂਗ ਬੋਲਦੇ ਹਾਂ।
2010 by World Bible Translation Center