Revised Common Lectionary (Semicontinuous)
135 ਯਹੋਵਾਹ ਦੀ ਉਸਤਤਿ ਕਰੋ।
ਯਹੋਵਾਹ ਦੇ ਨਾਮ ਦੀ ਉਸਤਤਿ ਕਰੋ!
ਯਹੋਵਾਹ ਦੇ ਸੇਵਕੋ, ਉਸਦੀ ਉਸਤਤਿ ਕਰੋ!
2 ਉਸਦੀ ਉਸਤਤਿ ਕਰੋ, ਤੁਸੀਂ ਲੋਕ ਜਿਹੜੇ ਯਹੋਵਾਹ ਦੇ ਮੰਦਰ ਵਿੱਚ,
ਸਾਡੇ ਪਰਮੇਸ਼ੁਰ ਦੇ ਮੰਦਰ ਦੇ ਵਰਾਂਡੇ ਵਿੱਚ ਖਲੋਤੇ ਹੋਏ ਹੋ।
3 ਯਹੋਵਾਹ ਦੀ ਉਸਤਤਿ ਕਰੋ, ਕਿਉਂ ਕਿ ਉਹ ਨੇਕ ਹੈ।
ਉਸ ਦੇ ਨਾਮ ਦੀ ਉਸਤਤਿ ਕਰੋ, ਕਿਉਂਕਿ ਇਹ ਖੁਸ਼ੀ ਭਰਿਆ ਹੈ।
4 ਯਹੋਵਾਹ ਨੇ ਯਾਕੂਬ ਨੂੰ ਚੁਣਿਆ ਹੈ।
ਇਸਰਾਏਲ ਪਰਮੇਸ਼ੁਰ ਦਾ ਹੈ।
5 ਮੈਂ ਜਾਣਦਾ ਯਹੋਵਾਹ ਮਹਾਨ ਹੈ!
ਸਾਡਾ ਮਾਲਕ ਸਾਰੇ ਦੇਵਤਿਆ ਨਾਲੋਂ ਵੱਧੇਰੇ ਮਹਾਨ ਹੈ।
6 ਯਹੋਵਾਹ ਕੋਈ ਵੀ ਗੱਲ ਕਰਦਾ ਹੈ, ਜੋ ਵੀ ਉਹ ਸਵਰਗ ਅਤੇ ਧਰਤੀ ਉੱਤੇ,
ਸਾਗਰਾਂ ਤੋਂ ਡੂੰਘੇ ਸਮੁੰਦਰਾ ਵਿੱਚ ਚਾਹੁੰਦਾ ਹੈ।
7 ਪਰਮੇਸ਼ੁਰ ਸਾਰੀ ਧਰਤੀ ਉੱਤੇ ਬੱਦਲਵਾਹੀ ਕਰਦਾ ਹੈ।
ਪਰਮੇਸ਼ੁਰ ਬਿਜਲੀ ਚਮਕਾਉਂਦਾ ਹੈ ਅਤੇ ਵਰੱਖਾ ਕਰਦਾ ਹੈ।
ਯਹੋਵਾਹ ਹਵਾ ਨੂੰ ਸਾਜਦਾ ਹੈ।
8 ਪਰਮੇਸ਼ੁਰ ਨੇ ਮਿਸਰ ਵਿੱਚ ਸਾਰੇ ਪਹਿਲੋਠੇ ਬੰਦਿਆ ਨੂੰ ਅਤੇ ਸਾਰੇ ਜਾਨਵਰਾਂ ਨੂੰ ਤਬਾਹ ਕਰ ਦਿੱਤਾ ਹੈ।
9 ਪਰਮੇਸ਼ੁਰ ਨੇ ਮਿਸਰ ਵਿੱਚ ਬਹੁਤ ਸਾਰੇ ਚਮਤਕਾਰ ਅਤੇ ਕਰਿਸ਼ਮੇ ਕੀਤੇ।
ਪਰਮੇਸ਼ੁਰ ਨੇ ਇਹ ਗੱਲਾਂ ਫ਼ਿਰਊਨ ਅਤੇ ਉਸ ਦੇ ਅਫ਼ਸਰਾਂ ਨਾਲ ਵਾਪਰਨ ਦਾ ਕਾਰਣ ਬਣਾਇਆ।
10 ਪਰਮੇਸ਼ੁਰ ਨੇ ਬਹੁਤ ਸਾਰੀਆਂ ਕੌਮਾਂ ਨੂੰ ਹਰਾ ਦਿੱਤਾ
ਪਰਮੇਸ਼ੁਰ ਨੇ ਸ਼ਕਤੀਸ਼ਾਲੀ ਰਾਜੇ ਮਾਰ ਦਿੱਤੇ।
11 ਪਰਮੇਸ਼ੁਰ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਹਰਾ ਦਿੱਤਾ,
ਪਰਮੇਸ਼ੁਰ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਹਰਾ ਦਿੱਤਾ,
ਪਰਮੇਸ਼ੁਰ ਨੇ ਕਨਾਨ ਦੀਆਂ ਸਾਰੀਆਂ ਕੌਮਾਂ ਨੂੰ ਹਰਾ ਦਿੱਤਾ।
12 ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਧਰਤੀ ਇਸਰਾਏਲ ਨੂੰ ਦੇ ਦਿੱਤੀ।
ਪਰਮੇਸ਼ੁਰ ਨੇ ਉਹ ਧਰਤੀ ਆਪਣੇ ਲੋਕਾਂ ਨੂੰ ਦੇ ਦਿੱਤੀ।
13 ਯਹੋਵਾਹ, ਤੁਹਾਡਾ ਨਾਮ ਸਦਾ ਲਈ ਰੌਸ਼ਨ ਰਹੇਗਾ।
ਯਹੋਵਾਹ ਲੋਕ ਤੁਹਾਨੂੰ ਸਦਾ-ਸਦਾ ਲਈ ਯਾਦ ਕਰਨਗੇ।
14 ਯਹੋਵਾਹ ਨੇ ਕੌਮਾ ਨੂੰ ਸਜ਼ਾ ਦਿੱਤੀ
ਪਰ ਯਹੋਵਾਹ ਆਪਣੇ ਨੌਕਰਾ ਲਈ ਦਯਾਵਾਨ ਸੀ।
15 ਪਰਾਈਆਂ ਕੌਮਾਂ ਦੇ ਲੋਕ ਸਿਰਫ਼ ਸੋਨੇ-ਚਾਂਦੀ ਦੇ ਦੇਵਤੇ ਹੀ ਸਨ,
ਉਨ੍ਹਾਂ ਦੇ ਦੇਵਤੇ ਬੰਦਿਆ ਦੇ ਬਣਾਏ ਹੋਏ ਸਿਰਫ਼ ਬੁੱਤ ਸਨ।
16 ਬੁੱਤਾਂ ਦੇ ਮੂੰਹ ਸਨ ਪਰ ਉਹ ਬੋਲ ਨਹੀਂ ਸੱਕਦੇ ਸਨ,
ਬੁੱਤਾਂ ਦੀਆਂ ਅੱਖਾਂ ਸਨ ਪਰ ਉਹ ਦੇਖ ਨਹੀਂ ਸੱਕਦੀਆਂ ਸਨ।
17 ਬੁੱਤਾਂ ਦੇ ਕੰਨ ਸਨ ਪਰ ਸੁਣ ਨਹੀਂ ਸੱਕਦੇ ਸਨ,
ਬੁੱਤਾਂ ਦੇ ਨੱਕ ਸਨ ਪਰ ਸੁੰਘ ਨਹੀਂ ਸੱਕਦੇ ਸਨ।
18 ਉਹ ਜਿਨ੍ਹਾਂ ਨੇ ਬੁੱਤ ਬਣਾਏ ਸਨ, ਉਹ ਉਨ੍ਹਾਂ ਜਿਹੇ ਹੀ ਹੋਣਗੇ।
ਕਿਉਂ? ਕਿਉਂਕਿ ਉਨ੍ਹਾਂ ਨੇ ਸਹਾਇਤਾ ਲਈ ਬੁੱਤਾ ਉੱਤੇ ਵਿਸ਼ਵਾਸ ਕੀਤਾ।
19 ਇਸਰਾਏਲ ਦੇ ਪਰਿਵਾਰ ਵਾਲਿਉ, ਯਹੋਵਾਹ ਨੂੰ ਅਸੀਸ ਦੇਵੋ!
ਹਾਰੂਨ ਦੇ ਪਰਿਵਾਰ ਵਾਲਿਉ, ਯਹੋਵਾਹ ਨੂੰ ਅਸੀਸ ਦੇਵੋ!
20 ਲੇਵੀ ਦੇ ਪਰਿਵਾਰ ਵਾਲਿਉ, ਯਹੋਵਾਹ ਨੂੰ ਅਸੀਸ ਦੇਵੋ!
ਯਹੋਵਾਹ ਦੇ ਚੇਲਿਉ, ਯਹੋਵਾਹ ਨੂੰ ਅਸੀਸ ਦੇਵੋ।
21 ਯਹੋਵਾਹ ਨੂੰ ਸੀਯੋਨ ਤੋਂ ਅਸੀਸ ਹੈ,
ਉਸ ਦੇ ਘਰ, ਯਰੂਸ਼ਲਮ ਤੋਂ
ਯਹੋਵਾਹ ਦੀ ਉਸਤਤਿ ਕਰੋ।
Warnings Against Idol Worship
14 ਇਸਰਾਏਲ ਦੇ ਕੁਝ ਆਗੂ ਮੇਰੇ ਕੋਲ ਆਏ ਉਹ ਮੇਰੇ ਨਾਲ ਗੱਲ ਬਾਤ ਕਰਨ ਲਈ ਬੈਠ ਗਏ। 2 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 3 “ਆਦਮੀ ਦੇ ਪੁੱਤਰ, ਇਹ ਲੋਕ ਤੇਰੇ ਨਾਲ ਗੱਲ ਕਰਨ ਲਈ ਆਏ ਹਨ। ਉਹ ਤੈਥੋਂ ਮੇਰੀ ਸਲਾਹ ਲੈਣੀ ਚਾਹੁੰਦੇ ਹਨ। ਪਰ ਇਨ੍ਹਾਂ ਲੋਕਾਂ ਦੇ ਪਾਸ ਹਾਲੇ ਤੀਕ ਗੰਦੇ ਬੁੱਤ ਹਨ। ਉਨ੍ਹਾਂ ਨੇ ਉਹ ਚੀਜ਼ਾਂ ਰੱਖੀਆਂ ਹੋਈਆਂ ਹਨ ਜਿਨ੍ਹਾਂ ਨੇ ਇਨ੍ਹਾਂ ਤੋਂ ਪਾਪ ਕਰਵਾਏ। ਉਹ ਹਾਲੇ ਤੀਕ ਉਨ੍ਹਾਂ ਬੁੱਤਾਂ ਦੀ ਉਪਾਸਨਾ ਕਰਦੇ ਹਨ। ਇਸ ਲਈ ਉਹ ਮੇਰੇ ਕੋਲ ਸਲਾਹ ਲਈ ਕਿਉਂ ਆਉਂਦੇ ਹਨ? ਕੀ ਮੈਨੂੰ ਇਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ? ਨਹੀਂ! 4 ਪਰ ਮੈਂ ਇਨ੍ਹਾਂ ਨੂੰ ਜਵਾਬ ਦਿਆਂਗਾ। ਮੈਂ ਇਨ੍ਹਾਂ ਨੂੰ ਸਜ਼ਾ ਦਿਆਂਗਾ! ਤੈਨੂੰ ਚਾਹੀਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਇਹ ਗੱਲਾਂ ਜ਼ਰੂਰ ਦੱਸੇਁ। ‘ਯਹੋਵਾਹ ਮੇਰਾ ਪ੍ਰਭੂ ਆਖਦਾ ਹੈ: ਜੇ ਕੋਈ ਇਸਰਾਏਲੀ ਕਿਸੇ ਨਬੀ ਪਾਸ ਆਉਂਦਾ ਹੈ ਅਤੇ ਮੇਰੀ ਸਲਾਹ ਮਂਗਦਾ ਹੈ, ਤਾਂ ਨਬੀ ਉਸ ਬੰਦੇ ਨੂੰ ਜਵਾਬ ਨਹੀਂ ਦੇਵੇਗਾ ਮੈਂ ਖੁਦ ਉਸ ਬੰਦੇ ਦੇ ਸਵਾਲ ਦਾ ਜਵਾਬ ਦੇਵਾਂਗਾ। ਮੈਂ ਉਸ ਨੂੰ ਜਵਾਬ ਦੇਵਾਂਗਾ ਭਾਵੇਂ ਉਸ ਦੇ ਕੋਲ ਹਾਲੇ ਵੀ ਬੁੱਤ ਹੋਣ, ਭਾਵੇਂ ਉਸ ਨੇ ਉਹ ਚੀਜ਼ਾਂ ਰੱਖੀਆਂ ਹੋਈਆਂ ਹੋਣ ਜਿਨ੍ਹਾਂ ਨੇ ਉਸ ਕੋਲੋਂ ਪਾਪ ਕਰਵਾਏ, ਅਤੇ ਭਾਵੇਂ ਉਹ ਹਾਲੇ ਵੀ ਉਨ੍ਹਾਂ ਮੂਰਤੀਆਂ ਦੀ ਉਪਸਨਾ ਕਰਦਾ ਹੋਵੇ। ਮੈਂ ਉਸ ਨਾਲ ਉਸ ਦੇ ਇਨ੍ਹਾਂ ਸਾਰੇ ਬੁੱਤਾਂ ਦੇ ਬਾਵਜੂਦ ਗੱਲ ਕਰਾਂਗਾ। 5 ਕਿਉਂ ਕਿ ਮੈਂ ਉਨ੍ਹਾਂ ਦੇ ਦਿਲਾਂ ਨੂੰ ਛੁਹਣਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਇਹ ਦਰਸਾਉਣਾ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ, ਭਾਵੇਂ ਉਨ੍ਹਾਂ ਨੇ ਮੈਨੂੰ ਬੁੱਤਾਂ ਕਾਰਣ ਛੱਡ ਦਿੱਤਾ ਹੈ।’
6 “ਇਸ ਲਈ ਇਸਰਾਏਲ ਦੇ ਪਰਿਵਾਰ ਨੂੰ ਇਹ ਗੱਲਾਂ ਦੱਸ। ਉਨ੍ਹਾਂ ਨੂੰ ਦੱਸ, ‘ਯਹੋਵਾਹ ਮੇਰਾ ਪ੍ਰਭੂ ਆਖਦਾ ਹੈ: ਵਾਪਸ ਆ ਜਾਓ ਮੇਰੇ ਵੱਲ ਅਤੇ ਆਪਣੇ ਬੁੱਤਾਂ ਨੂੰ ਛੱਡ ਦਿਓ। ਉਨ੍ਹਾਂ ਭਿਆਨਕ ਝੂਠੇ ਦੇਵਤਿਆਂ ਤੋਂ ਮੂੰਹ ਮੋੜ ਲਵੋ। 7 ਜੇ ਕੋਈ ਵੀ ਇਸਰਾਏਲੀ ਜਾਂ ਇਸਰਾਏਲ ਵਿੱਚ ਰਹਿਣ ਵਾਲਾ ਵਿਦੇਸ਼ੀ ਮੇਰੇ ਕੋਲ ਸਲਾਹ ਲੈਣ ਆਵੇਗਾ ਤਾਂ ਮੈਂ ਉਸ ਨੂੰ ਜਵਾਬ ਦਿਆਂਗਾ। ਮੈਂ ਉਸ ਨੂੰ ਜਵਾਬ ਦਿਆਂਗਾ ਭਾਵੇਂ ਉਸ ਦੇ ਪਾਸ ਹਾਲੇ ਵੀ ਬੁੱਤ ਹੋਣ ਅਤੇ ਭਾਵੇਂ ਉਸ ਨੇ ਉਨ੍ਹਾਂ ਚੀਜ਼ਾਂ ਨੂੰ ਰੱਖਿਆ ਹੋਇਆ ਹੋਵੇ ਜਿਨ੍ਹਾਂ ਨੇ ਉਸ ਕੋਲੋਂ ਪਾਪ ਕਰਵਾਇਆ ਅਤੇ ਭਾਵੇਂ ਉਹ ਉਨ੍ਹਾਂ ਮੂਰਤੀਆਂ ਦੀ ਉਪਾਸਨਾ ਕਰਦਾ ਹੋਵੇ। ਅਤੇ ਇਹ ਜਵਾਬ ਹੈ ਜੋ ਮੈਂ ਉਨ੍ਹਾਂ ਨੂੰ ਦਿਆਂਗਾ: 8 ਮੈਂ ਉਸ ਬੰਦੇ ਦੇ ਖਿਲਾਫ਼ ਹੋ ਜਾਵਾਂਗਾ। ਮੈਂ ਉਸ ਨੂੰ ਬਰਬਾਦ ਕਰ ਦਿਆਂਗਾ। ਉਹ ਹੋਰਨਾਂ ਲੋਕਾਂ ਲਈ ਇੱਕ ਮਿਸਾਲ ਹੋਵੇਗਾ। ਲੋਕ ਉਸ ਉੱਤੇ ਹੱਸਣਗੇ। ਮੈਂ ਉਸ ਨੂੰ ਆਪਣੇ ਲੋਕਾਂ ਵਿੱਚੋਂ ਕੱਢ ਦਿਆਂਗਾ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ! 9 ਅਤੇ ਜੇ ਕੋਈ ਨਬੀ ਗੁਮਰਾਹ ਹੋਇਆ ਹੈ ਤਾਂ ਕਿ ਆਪਣਾ ਖੁਦ ਦਾ ਜਵਾਬ ਦੇ ਦੇਵੇ, ਤਾਂ ਮੈਂ ਉਸ ਨਬੀ ਨੂੰ ਗੁਮਰਾਹ ਕਰਾਂਗਾ। ਮੈਂ ਉਸ ਦੇ ਵਿਰੁੱਧ ਆਪਣੀ ਸ਼ਕਤੀ ਵਰਤਾਂਗਾ। ਮੈਂ ਉਸ ਨੂੰ ਮੇਰੇ ਲੋਕਾਂ, ਇਸਰਾਏਲ ਤਬਾਹ ਕਰ ਦਿਆਂਗਾ। 10 ਇਸ ਲਈ ਦੋਵੇਂ ਜਣੇ, ਜਿਹੜਾ ਬੰਦਾ ਸਲਾਹ ਮੰਗਣ ਆਇਆ ਅਤੇ ਉਹ ਨਬੀ ਜਿਸਨੇ ਜਵਾਬ ਦਿੱਤਾ, ਇੱਕੋ ਜਿਹੀ ਸਜ਼ਾ ਪਾਉਣਗੇ। 11 ਕਿਉਂ ਕਿ ਉਹ ਨਬੀ ਲੋਕਾਂ ਨੂੰ ਮੇਰੇ ਕੋਲੋਂ ਦੂਰ ਕਰਨ ਤੋਂ ਹਟ ਜਾਣ। ਅਤੇ ਇਸ ਲਈ ਕਿ ਮੇਰੇ ਬੰਦੇ ਆਪਣੇ ਪਾਪਾਂ ਨਾਲ ਨਾਪਾਕ ਹੋਣ ਤੋਂ ਹਟ ਜਾਣ। ਫ਼ੇਰ ਉਹ ਮੇਰੇ ਖਾਸ ਬੰਦੇ ਬਣ ਜਾਣਗੇ। ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।’” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।
ਪਤਰਸ ਦਾ ਇੱਕ ਲੰਗੜ੍ਹੇ ਨੂੰ ਠੀਕ ਕਰਨਾ
3 ਇੱਕ ਦਿਨ ਪਤਰਸ ਅਤੇ ਯੂਹੰਨਾ ਮੰਦਰ ਵਾਲੇ ਇਲਾਕੇ ਵੱਲ ਗਏ। ਇਹ ਦੁਪਿਹਰ ਦੇ ਤਿੰਨ ਵਜੇ ਦਾ ਵੇਲਾ ਸੀ, ਇਹ ਮੰਦਰ ਦੀ ਰੋਜ਼ਾਨਾ ਪ੍ਰਾਰਥਨਾ ਦੀ ਸੇਵਾ ਦਾ ਵੇਲਾ ਹੁੰਦਾ ਸੀ। 2 ਜਦੋਂ ਉਹ ਮੰਦਰ ਦੇ ਵਿਹੜੇ ਅੰਦਰ ਜਾ ਰਹੇ ਸਨ, ਉਨ੍ਹਾਂ ਨੇ ਇੱਕ ਆਦਮੀ ਨੂੰ ਵੇਖਿਆ ਜੋ ਲੰਗੜਾ ਜੰਮਿਆ ਸੀ। ਉਹ ਚੱਲ ਨਹੀਂ ਸੱਕਦਾ ਸੀ, ਇਸ ਲਈ ਉਸ ਦੇ ਕੁਝ ਮਿੱਤਰਾਂ ਨੇ ਉਸ ਨੂੰ ਚੁੱਕਿਆ ਹੋਇਆ ਸੀ। ਹਰ ਰੋਜ਼ ਉਸ ਦੇ ਮਿੱਤਰ ਉਸ ਨੂੰ ਲਿਆਉਂਦੇ ਅਤੇ ਉਸ ਨੂੰ ਭੀਖ ਮੰਗਨ ਲਈ ਮੰਦਰ ਦੇ ਬੂਹੇ ਤੇ ਛੱਡ ਜਾਂਦੇ, ਜੋ ਕਿ “ਖੂਬਸੂਰਤ ਬੂਹਾ” ਅਖਵਾਉਂਦਾ ਸੀ। ਉਹ ਆਦਮੀ ਉਨ੍ਹਾਂ, ਸਾਰੇ ਲੋਕਾਂ ਤੋਂ, ਜਿਹੜੇ ਵੀ ਮੰਦਰ ਅੰਦਰ ਜਾਂਦੇ, ਭੀਖ ਮੰਗਦਾ। 3 ਉਸ ਦਿਨ, ਉਸ ਨੇ ਪਤਰਸ ਅਤੇ ਯੂਹੰਨਾ ਨੂੰ ਮੰਦਰ ਦੇ ਵਿਹੜੇ ਅੰਦਰ ਜਾਂਦੇ ਵੇਖਿਆ ਅਤੇ ਉਨ੍ਹਾਂ ਕੋਲੋਂ ਪੈਸਿਆਂ ਦੀ ਭੀਖ ਮੰਗੀ।
4 ਪਤਰਸ ਅਤੇ ਯੂਹੰਨਾ ਨੇ ਉਸ ਵੱਲ ਵੇਖਿਆ ਅਤੇ ਫ਼ੇਰ ਪਤਰਸ ਨੇ ਆਖਿਆ, “ਸਾਡੇ ਵੱਲ ਵੇਖ।” 5 ਉਸ ਆਦਮੀ ਨੇ ਉਨ੍ਹਾਂ ਵੱਲ ਵੇਖਿਆ ਤੇ ਸੋਚਿਆ ਸ਼ਾਇਦ ਉਹ ਉਸ ਨੂੰ ਭੀਖ ਦੇਣਗੇ। 6 ਪਰ ਪਤਰਸ ਨੇ ਆਖਿਆ, “ਮੇਰੇ ਕੋਲ ਕੋਈ ਚਾਂਦੀ ਜਾਂ ਸੋਨਾ ਨਹੀਂ, ਪਰ ਜੋ ਮੇਰੇ ਕੋਲ ਹੈ ਮੈਂ ਤੈਨੂੰ ਦੇਵਾਂਗਾ। ਨਾਸਰਤ ਦੇ ਯਿਸੂ ਮਸੀਹ ਦੀ ਸ਼ਕਤੀ ਨਾਲ ਤੂੰ ਉੱਠ ਕੇ ਖੜ੍ਹਾ ਹੋ ਅਤੇ ਚੱਲ।”
7 ਤਦ ਪਤਰਸ ਨੇ ਉਸ ਲੰਗੜ੍ਹੇ ਦਾ ਸੱਜਾ ਹੱਥ ਫ਼ੜਿਆ ਅਤੇ ਉਸ ਨੂੰ ਉੱਠਾਇਆ, ਤੁਰੰਤ ਹੀ, ਉਸ ਲੰਗੜ੍ਹੇ ਆਦਮੀ ਦੇ ਪੈਰਾਂ ਅਤੇ ਗਿਟਿਆਂ ਵਿੱਚ ਤਾਕਤ ਆ ਗਈ। 8 ਉਹ ਝੱਟ ਆਪਣੇ ਪੈਰਾਂ ਤੇ ਕੁਦਿਆ ਅਤੇ ਚੱਲਣ ਲੱਗ ਪਿਆ ਅਤੇ ਉਨ੍ਹਾਂ ਦੇ ਨਾਲ ਮੰਦਰ ਦੇ ਵਿਹੜੇ ਅੰਦਰ ਗਿਆ। ਉਹ ਚੱਲ ਰਿਹਾ ਸੀ, ਕੁੱਦ ਰਿਹਾ ਸੀ, ਅਤੇ ਪਰਮੇਸ਼ੁਰ ਦੀ ਉਸਤਤਿ ਕਰ ਰਿਹਾ ਸੀ। 9-10 ਸਾਰੇ ਲੋਕ ਜਿਨ੍ਹਾਂ ਨੇ ਉਸ ਨੂੰ ਵੇਖਿਆ, ਉਸ ਨੂੰ ਪਛਾਣ ਗਏ। ਕਿ ਇਹ ਉਹੀ ਹੈ ਜੋ ਮੰਦਰ ਦੇ ਖੂਬਸੂਰਤ ਫ਼ਾਟਕ ਉੱਪਰ ਬੈਠਕੇ ਭੀਖ ਮੰਗਿਆ ਕਰਦਾ ਸੀ ਤਾਂ ਜਦੋਂ ਉਨ੍ਹਾਂ ਨੇ ਉਸੇ ਮਨੁੱਖ ਨੂੰ ਚੱਲ ਕੇ ਮੰਦਰ ਵੱਲ ਆਉਂਦੇ ਪਰਮੇਸ਼ੁਰ ਦੀ ਉਸਤਤਿ ਕਰਦੇ ਵੇਖਿਆ ਤਾਂ ਉਹ ਇਹ ਸਭ ਵੇਖਕੇ ਹੈਰਾਨ ਰਹਿ ਗਏ ਤੇ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਭਾਣਾ ਕਿਵੇਂ ਵਾਪਰਿਆ ਸੀ?
2010 by World Bible Translation Center