Revised Common Lectionary (Semicontinuous)
ਆਸਾਫ਼ ਦਾ ਇੱਕ ਉਸਤਤਿ ਗੀਤ।
83 ਹੇ ਪਰਮੇਸ਼ੁਰ ਚੁੱਪ ਨਾ ਰਹੋ।
ਆਪਣੇ ਕੰਨਾਂ ਨੂੰ ਬੰਦ ਨਾ ਕਰੋ।
ਮਿਹਰ ਕਰਕੇ ਕੁਝ ਤਾਂ ਆਖੋ ਪਰਮੇਸ਼ੁਰ।
2 ਹੇ ਪਰਮੇਸ਼ੁਰ, ਤੁਹਾਡੇ ਵੈਰੀਆਂ ਨੇ ਤੁਹਾਡੇ ਖਿਲਾਫ਼ ਸਾਜਿਸ਼ਾਂ ਘੜੀਆਂ ਅਤੇ ਛੇਤੀ ਹੀ ਉਹ ਹਮਲਾ ਕਰਨਗੇ।
ਉਹ ਤੁਹਾਡੇ ਲੋਕਾਂ ਦੇ ਵਿਰੁੱਧ ਖੁਫ਼ੀਆਂ ਯੋਜਨਾਵਾਂ ਬਣਾਉਂਦੇ ਹਨ।
3 ਤੁਹਾਡੇ ਵੈਰੀ ਉਨ੍ਹਾਂ ਯੋਜਨਾਵਾਂ ਬਾਰੇ ਬਹਿਸਾਂ ਕਰ ਰਹੇ ਹਨ
ਜਿਹੜੀਆਂ ਉਨ੍ਹਾਂ ਲੋਕਾਂ ਦੇ ਵਿਰੁੱਧ ਹਨ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋਂ।
4 ਵੈਰੀ ਆਖ ਰਹੇ ਹਨ, “ਆਓ ਇਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾ ਦੇਈਏ।
ਕੋਈ ਵੀ ਬੰਦਾ ਫ਼ੇਰ ਇਸਰਾਏਲ ਦਾ ਨਾਮ ਚੇਤੇ ਨਹੀਂ ਕਰੇਗਾ।”
5 ਹੇ ਪਰਮੇਸ਼ੁਰ, ਉਹ ਸਾਰੇ ਲੋਕ ਤੁਹਾਡੇ ਨਾਲ ਅਤੇ ਉਸ ਕਰਾਰ ਦੇ ਖਿਲਾਫ਼
ਜੋ ਤੁਸਾਂ ਸਾਡੇ ਨਾਲ ਕੀਤਾ ਸੀ ਲੜਨ ਲਈ ਇਕੱਠੇ ਹੋ ਗਏ ਹਨ।
6-7 ਉਹ ਵੈਰੀ ਸਾਡੇ ਨਾਲ ਲੜਨ ਲਈ ਇੱਕ ਮੁੱਠ ਹੋ ਗਏ: ਉਹ ਅਦੋਮ ਦੇ ਇਸ਼ਮਾਈਲੀ ਲੋਕ ਹਨ।
ਮੋਆਬ ਅਤੇ ਹਗਰੀ ਦੇ ਔਲਾਦ ਗਬਾਲ,
ਅੰਮੋਨ ਅਤੇ ਅਮਾਲੇਕ, ਫ਼ਲਿਸਤ ਦੇ ਲੋਕ ਅਤੇ ਸੂਰ ਦੇ ਵਾਸੀਆਂ ਸਮੇਤ।
ਉਹ ਸਾਰੇ ਲੋਕ ਸਾਡੇ ਖਿਲਾਫ਼ ਲੜਨ ਲਈ ਇੱਕ ਮੁੱਠ ਹੋ ਗਏ ਸਨ।
8 ਅਸ਼ੂਰ ਵੀ ਉਨ੍ਹਾਂ ਲੋਕਾਂ ਨਾਲ ਰਲ ਗਏ ਸਨ।
ਉਨ੍ਹਾਂ ਨੇ ਲੂਤ ਦੀਆਂ ਔਲਾਦਾਂ ਨੂੰ ਬਹੁਤ ਸ਼ਕਤੀਸ਼ਾਲੀ ਬਣਾ ਦਿੱਤਾ ਸੀ।
9 ਹੇ ਪਰਮੇਸ਼ੁਰ, ਵੈਰੀ ਨੂੰ ਇਵੇਂ ਹਰਾ ਦਿਉ ਜਿਵੇਂ ਤੁਸੀਂ ਮਿਦਯਾਨ ਨੂੰ ਹਰਾਇਆ ਸੀ।
ਜਿਵੇਂ ਤੁਸੀਂ ਸੀਸਰਾ ਅਤੇ ਕੋਸ਼ੋਨ ਨੂੰ ਨਦੀ ਕੰਢੇ ਹਰਾਇਆ ਸੀ।
10 ਤੁਸੀਂ ਉਨ੍ਹਾਂ ਨੂੰ ਏਨ-ਦੋਰ ਵਿਖੇ ਹਰਾਇਆ ਸੀ।
ਅਤੇ ਉਨ੍ਹਾਂ ਦੀਆਂ ਲਾਸ਼ਾਂ ਧਰਤੀ ਉੱਤੇ ਸੜੀਆਂ।
11 ਹੇ ਪਰਮੇਸ਼ੁਰ, ਵੈਰੀ ਦੇ ਆਗੂਆਂ ਨੂੰ ਹਰਾ ਦਿਉ।
ਉਵੇਂ ਹੀ ਕਰੋ ਜਿਵੇਂ ਤੁਸੀਂ ਓਰੇਬ ਅਤੇ ਜ਼ਏਬ ਨਾਲ ਕੀਤਾ ਸੀ।
ਉਹੀ ਕਰੋ ਜੋ ਤੁਸੀਂ ਜ਼ਬਹ ਅਤੇ ਸਲਮੁੰਨਾ ਨਾਲ ਕੀਤਾ ਸੀ।
12 ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੇ ਤੁਹਾਡੀ ਜ਼ਮੀਨ ਛੱਡਣ ਲਈ
ਸਾਨੂੰ ਮਜ਼ਬੂਰ ਕਰਨਾ ਚਾਹਿਆ।
13 ਉਨ੍ਹਾਂ ਲੋਕਾਂ ਨੂੰ ਅੱਕ ਦੀ ਫ਼ੰਬੀ ਵਾਂਗ ਬਣਾ ਦਿਉ।
ਜੋ ਹਵਾ ਨਾਲ ਉੱਡ ਜਾਂਦੀ ਹੈ।
ਉਨ੍ਹਾਂ ਲੋਕਾਂ ਨੂੰ ਇਵੇਂ ਖਿੰਡਾ ਦਿਉ ਜਿਵੇਂ ਹਵਾ ਤਿਨਕਿਆਂ ਨੂੰ ਖਿੰਡਾ ਦਿੰਦੀ ਹੈ।
14 ਵੈਰੀ ਨੂੰ ਤਬਾਹ ਕਰ ਦਿਉ ਜਿਵੇਂ ਅੱਗ ਜੰਗਲ ਨੂੰ ਤਬਾਹ ਕਰਦੀ ਹੈ।
ਜਿਵੇਂ ਜੰਗਲੀ ਅੱਗ ਪਹਾੜੀਆਂ ਨੂੰ ਸਾੜ ਸੁੱਟਦੀ ਹੈ।
15 ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਤੂਫ਼ਾਨ ਦੁਆਰਾ ਉਡਾਈ ਜਾਣ ਵਾਲੀ ਧੂੜ ਵਾਂਗ ਦੂਰ ਕੱਢ ਦਿਉ,
ਉਨ੍ਹਾਂ ਨੂੰ ਭੈਭੀਤ ਕਰ ਦਿਉ ਅਤੇ ਉਨ੍ਹਾਂ ਨੂੰ ਇੱਕ ਤੂਫ਼ਾਨ ਵਾਂਗ ਪਰ੍ਹਾਂ ਉਡਾ ਦਿਉ।
16 ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਸਬਕ ਸਿੱਖਾਉ ਤਾਂ ਜੋ ਉਹ ਜਾਣ ਲੈਣ ਕਿ ਅਸਲ ਵਿੱਚ ਉਹ ਕਿੰਨੇ ਕਮਜ਼ੋਰ ਹਨ।
ਫ਼ੇਰ ਉਹ ਤੁਹਾਡੇ ਨਾਮ ਦੀ ਉਪਾਸਨਾ ਕਰਨੀ ਚਾਹੁੰਣਗੇ।
17 ਹੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਡਰਾਉ ਅਤੇ ਉਨ੍ਹਾਂ ਨੂੰ ਸਦਾ ਲਈ ਸ਼ਰਮਸਾਰ ਕਰ ਦਿਉ।
ਉਨ੍ਹਾਂ ਨੂੰ ਬੇਇੱਜ਼ਤ ਕਰੋ ਅਤੇ ਉਨ੍ਹਾਂ ਨੂੰ ਤਬਾਹ ਕਰ ਦਿਉ।
18 ਫ਼ੇਰ ਉਹ ਜਾਨਣਗੇ ਕਿ ਤੁਸੀਂ ਹੀ ਪਰਮੇਸ਼ੁਰ ਹੋ।
ਉਹ ਜਾਣ ਲੈਣਗੇ ਕਿ ਤੁਹਾਡਾ ਨਾਮ ਯਹੋਵਾਹ ਹੈ।
ਉਹ ਜਾਣ ਲੈਣਗੇ ਕਿ ਤੁਸੀਂ ਸਰਬ ਉੱਚ ਪਰਮੇਸ਼ੁਰ ਹੋ,
ਸਾਰੇ ਜਗਤ ਦੇ ਪਰਮੇਸ਼ੁਰ।
5 ਫ਼ਿਰ ਮੈਂ ਆਵਾਂਗਾ ਅਤੇ ਤੁਹਾਡੇ ਕੋਲ ਰਵਾਂਗਾ ਅਤੇ ਨਿਆਉਂ ਕਰਾਂਗਾ। ਮੈਂ ਕਿਸੇ ਉਸ ਵਾਂਗ ਹੋਵਾਂਗਾ ਜੋ ਨਿਆਂਕਾਰਾਂ ਦੇ ਕੋਲ ਲੋਕਾਂ ਦੇ ਚਸ਼ਮਦੀਦ ਗਵਾਹ ਵਾਂਗ ਆਉਂਦਾ ਹੈ, ਜੋ ਉਨ੍ਹਾਂ ਦੀਆਂ ਕਰਨੀਆਂ ਦਾ ਹਿਸਾਬ ਦੱਸੇਗਾ। ਕੁਝ ਲੋਕ, ਮਜਦੂਰਾਂ ਨੂੰ ਮਜਦੂਰੀ ਨਾ ਦੇਕੇ ਧੋਖਾ ਦਿੰਦੇ ਹਨ, ਕੁਝ ਲੋਕ ਯਾਤੀਮਾਂ ਅਤੇ ਵਿਧਵਾਵਾਂ ਨੂੰ ਸਤਾਉਂਦੇ ਹਨ ਅਤੇ ਕੁਝ ਲੋਕ ਵਿਦੇਸ਼ੀਆਂ ਨੂੰ ਨਿਆਂ ਤੋਂ ਵਾਂਝਾ ਰੱਖਦੇ ਹਨ। ਲੋਕ ਭੈ ਨਹੀਂ ਖਾਂਦੇ ਅਤੇ ਮੇਰਾ ਆਦਰ ਨਹੀਂ ਕਰਦੇ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਬਚਨ ਕਹੇ।
ਪਰਮੇਸ਼ੁਰ ਕੋਲੋਂ ਚੋਰੀ
6 “ਮੈਂ ਯਹੋਵਾਹ ਹਾਂ, ਮੈਂ ਬਦਲਿਆ ਨਹੀਂ ਹਾਂ। ਤੁਸੀਂ ਯਾਕੂਬ ਦੀ ਔਲਾਦ ਹੋ, ਅਤੇ ਤੁਸੀਂ ਪੂਰੀ ਤਰ੍ਹਾਂ ਖਤਮ ਨਹੀਂ ਕੀਤੇ ਗਏ। 7 ਪਰ ਤੁਸੀਂ ਮੇਰੀਆਂ ਬਿਧੀਆਂ ਤੋਂ ਬੇਮੁੱਖ ਹੁੰਦੇ ਰਹੇ, ਇੱਥੋਂ ਤੀਕ ਕਿ ਤੁਹਾਡੇ ਪੁਰਖਿਆਂ ਨੇ ਵੀ ਮੇਰੀ ਬਿਵਸਬਾ ਦਾ ਪਾਲਣ ਕਰਨਾ ਛੱਡ ਦਿੱਤਾ। ਤੁਸੀਂ ਮੇਰੇ ਵੱਲ ਪਰਤੋਂ ਮੈਂ ਤੁਹਾਡੇ ਵੱਲ ਮੁੜਾਂਗਾ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਉਂ ਆਖਿਆ,
“ਤੁਸੀਂ ਆਖਦੇ ਹੋ, ‘ਅਸੀਂ ਕਿਵੇਂ ਪਰਤ ਸੱਕਦੇ ਹਾਂ?’
8 “ਪਰਮੇਸ਼ੁਰ ਦੇ ਘਰ ਚੋ ਠੱਗਣਾ ਬੰਦ ਕਰ ਦੇਵੋ ਲੋਕਾਂ ਨੂੰ ਪਰਮੇਸ਼ੁਰ ਦੇ ਘਰ ਚੋ ਵਸਤਾਂ ਨਹੀਂ ਚੁਰਾਉਣੀਆਂ ਚਾਹੀਦੀਆਂ, ਪਰ ਤੁਸੀਂ ਮੇਰੇ ਨਾਲ ਹੀ ਠੱਗੀ ਕੀਤੀ।
“ਤੁਸੀਂ ਕਿਹਾ, ‘ਭਲਾ ਅਸੀਂ ਤੇਰਾ ਕੀ ਚੁਰਾਇਆ ਹੈ?’
“ਤੁਹਾਨੂੰ ਆਪਣੀਆਂ ਵਸਤਾਂ ਦਾ ਦਸਵੰਧ ਮੈਨੂੰ ਦੇਣਾ ਚਾਹੀਦਾ ਹੈ, ਤੁਹਾਨੂੰ ਮੇਰੇ ਲਈ ਖਾਸ ਤੋਹਫ਼ੇ ਭੇਟ ਕਰਨੇ ਚਾਹੀਦੇ ਹਨ, ਪਰ ਤੁਸੀਂ ਮੈਨੂੰ ਅਜਿਹਾ ਕੁਝ ਨਾ ਦਿੱਤਾ। 9 ਇਸ ਤਰ੍ਹਾਂ ਤੁਹਾਡੀ ਪੂਰੀ ਕੌਮ ਨੇ ਮੇਰੇ ਨਾਲ ਠੱਗੀ ਕੀਤੀ। ਇਸੇ ਲਈ ਤੁਹਾਡੇ ਤੇ ਸੰਕਟ ਹਾਵੀ ਹੋ ਰਿਹਾ ਹੈ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।
10 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਇਸ ਪਰੀਖਿਆ ਨੂੰ ਦੇਣ ਦੀ ਕੋਸ਼ਿਸ਼ ਕਰੋ। ਆਪਣਾ ਦਸਵੰਧ ਮੈਨੂੰ ਅਰਪਣ ਕਰੋ। ਉਨ੍ਹਾਂ ਵਸਤਾਂ ਨੂੰ ਮੇਰੇ ਖਜ਼ਾਨੇ ਵਿੱਚ ਦੇਵੋ। ਮੇਰੇ ਭਵਨ ਲਈ ਭੋਜਨ ਲਿਆਓ। ਮੈਨੂੰ ਅਜ਼ਮਾਅ ਲਵੋ। ਜੇਕਰ ਤੁਸੀਂ ਇਸ ਰਸਤੇ ਤੇ ਚੱਲੋਂਗੇ ਤਾਂ ਮੈਂ ਸੱਚਮੁੱਚ ਤੁਹਾਨੂੰ ਵਰਦਾਨ ਦੇਵਾਂਗਾ। ਫ਼ਿਰ ਬਰਕਤਾਂ ਤੁਹਾਡੇ ਉੱਪਰ ਅਕਾਸ਼ ਤੋਂ ਵਰਦੇ ਮੀਂਹ ਵਾਂਗ ਆਉਣਗੀਆਂ। ਹਰ ਵਸਤੂ ਤੁਹਾਨੂੰ ਲੋੜ ਤੋਂ ਵੱਧ ਮਿਲੇਗੀ। 11 ਮੈਂ ਕੀੜਿਆਂ ਨੂੰ ਤੁਹਾਡੀ ਫ਼ਸਲ ਨਸ਼ਟ ਨਹੀਂ ਕਰਨ ਦੇਵਾਂਗਾ। ਤੁਹਾਡੇ ਸਾਰੇ ਅੰਗੂਰੀ ਬਾਗ਼ਾਂ ਵਿੱਚ ਢੇਰਾਂ ਅੰਗੂਰ ਦੀ ਫ਼ਸਲ ਪੈਦਾ ਹੋਵੇਗੀ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।
12 “ਦੂਜੀਆਂ ਕੌਮਾਂ ਦੇ ਮਨੁੱਖਾਂ ਦਾ ਵਤੀਰਾ ਵੀ ਤੁਹਾਡੇ ਨਾਲ ਚੰਗਾ ਹੋਵੇਗਾ। ਤੁਹਾਡਾ ਦੇਸ ਸੱਚਮੁੱਚ ਕਮਾਲ ਦਾ ਹੋ ਜਾਵੇਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।
ਯਿਸੂ ਦਾ ਇੱਕ ਅਧਰੰਗ ਤੋਂ ਪੀੜਤ ਆਦਮੀ ਨੂੰ ਠੀਕ ਕਰਨਾ(A)
2 ਕੁਝ ਦਿਨਾਂ ਬਾਦ ਯਿਸੂ ਕਫ਼ਰਨਾਹੂਮ ਵਿੱਚ ਵਾਪਸ ਪਹੁੰਚਿਆ। ਅਤੇ ਝੱਟ ਹੀ ਇਹ ਖਬਰ ਹਰ ਪਾਸੇ ਫ਼ੈਲ ਗਈ ਕਿ ਉਹ ਵਾਪਸ ਘਰ ਆ ਗਿਆ ਹੈ। 2 ਬਹੁਤ ਸਾਰੇ ਲੋਕ ਉਸਦਾ ਉਪਦੇਸ਼ ਸੁਨਣ ਲਈ ਇਕੱਠੇ ਹੋਏ। ਇਸ ਲਈ ਜਿੱਥੇ ਉਹ ਸੀ ਓੱਥੇ ਘਰ ਦੇ ਬੂਹੇ ਤੇ ਖੜ੍ਹਨ ਦੀ ਜਗ੍ਹਾ ਵੀ ਨਹੀਂ ਸੀ। ਯਿਸੂ ਨੇ ਉਨ੍ਹਾਂ ਲੋਕਾਂ ਨੂੰ ਉਪਦੇਸ਼ ਦਿੱਤੇ। 3 ਇੱਕ ਅਧਰੰਗੀ ਮਰੀਜ ਨੂੰ ਕੁਝ ਲੋਕ ਚੁੱਕ ਕੇ ਯਿਸੂ ਕੋਲ ਲੈ ਆਏ। 4 ਪਰ ਉਹ ਯਿਸੂ ਤੱਕ ਉਸ ਦੇ ਘਰ ਅੰਦਰ ਨਾ ਪਹੁੰਚ ਸੱਕੇ ਕਿਉਂਕਿ ਘਰ ਭੀੜ ਨਾਲ ਖਚਾ-ਖੱਚ ਭਰਿਆ ਸੀ। ਫ਼ਿਰ ਇਹ ਲੋਕ ਛੱਤ ਉੱਪਰ ਚੱਲੇ ਗਏ ਅਤੇ ਜਿੱਥੇ ਯਿਸੂ ਖਲੋਤਾ ਸੀ ਛਤ ਵਿੱਚ ਮੋਘਾ ਬਣਾ ਦਿੱਤਾ। ਫ਼ਿਰ ਉਨ੍ਹਾਂ ਨੇ ਬਿਮਾਰ ਆਦਮੀ ਨੂੰ ਉਸ ਦੇ ਮੰਜੇ ਸਮੇਤ ਮੋਘੇ ਰਾਹੀਂ ਹੇਠਾਂ ਕਰ ਦਿੱਤਾ। 5 ਜਦੋਂ ਯਿਸੂ ਨੇ ਵੇਖਿਆ ਕਿ ਉਨ੍ਹਾਂ ਮਨੁੱਖਾਂ ਨੂੰ ਬਹੁਤ ਵਿਸ਼ਵਾਸ ਸੀ, ਉਸ ਨੇ ਅਧਰੰਗੀ ਮਨੁੱਖ ਨੂੰ ਆਖਿਆ, “ਹੇ ਨੌਜਵਾਨ, ਤੇਰੇ ਸਾਰੇ ਪਾਪ ਮਾਫ਼ ਹੋ ਗਏ ਹਨ।”
6 ਕੁਝ ਨੇਮ ਦੇ ਉਪਦੇਸ਼ਕ ਉੱਥੇ ਬੈਠੇ ਸਨ। ਉਹ ਯਿਸੂ ਨੂੰ ਇਹ ਸਭ ਕਰਦੇ ਵੇਖ ਆਪਣੇ ਮਨਾਂ ਵਿੱਚ ਵਿੱਚਾਰ ਕਰਨ ਲੱਗੇ, 7 “ਇਹ ਮਨੁੱਖ ਇਉਂ ਕਿਵੇਂ ਬੋਲਦਾ ਹੈ? ਇਹ ਪਰਮੇਸ਼ੁਰ ਦੇ ਖਿਲਾਫ਼ ਬੋਲ ਰਿਹਾ ਹੈ। ਇੱਕ ਪਰਮੇਸ਼ੁਰ ਤੋਂ ਬਿਨਾ ਹੋਰ ਕੋਈ ਪਾਪ ਮਾਫ਼ ਨਹੀਂ ਕਰ ਸੱਕਦਾ।”
8 ਯਿਸੂ ਜਾਣਦਾ ਸੀ ਕਿ ਇਹ ਨੇਮ ਦੇ ਉਪਦੇਸ਼ਕ ਉਸ ਬਾਰੇ ਇਉਂ ਸੋਚ ਰਹੇ ਹਨ। ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਸ ਲਈ ਆਪਣੇ ਮਨਾਂ ਵਿੱਚ ਇੰਝ ਦੇ ਵਿੱਚਾਰ ਪਏ ਕਰਦੇ ਹੋ? 9 ਕੀ ਸੁਖਾਲਾ ਹੈ? ਇਸ ਅਧਰੰਗੀ ਮਨੁੱਖ ਨੂੰ ਇਹ ਆਖਣਾ, ‘ਤੇਰੇ ਪਾਪ ਮਾਫ਼ ਹੋ ਗਏ ਹਨ।’ ਜਾਂ ਇਹ ਆਖਣਾ, ‘ਖੜ੍ਹਾ ਹੋ, ਆਪਣਾ ਬਿਸਤਰਾ ਲੈ ਤੇ ਜਾ?’ 10 ਪਰ ਮੈਂ ਤੁਹਾਨੂੰ ਇਹ ਸਾਬਤ ਕਰਾਂਗਾ ਕਿ ਮਨੁੱਖ ਦੇ ਪੁੱਤਰ ਕੋਲ ਧਰਤੀ ਉੱਤੇ ਲੋਕਾਂ ਦੇ ਪਾਪ ਮਾਫ਼ ਕਰਨ ਦੀ ਇਖਤਿਆਰ ਹੈ।” ਤਾਂ ਉਸ ਨੇ ਅਧਰੰਗੀ ਨੂੰ ਆਖਿਆ, 11 “ਮੈਂ ਤੈਨੂੰ ਆਖਦਾ ਹਾਂ, ਉੱਠ ਖੜ੍ਹਾ ਹੋ, ਅਤੇ ਆਪਣਾ ਬਿਸਤਰਾ ਚੁੱਕ ਕੇ ਘਰ ਚੱਲਿਆ ਜਾ।”
12 ਉਹ ਅਧਰੰਗੀ ਉੱਠਿਆ, ਉਸ ਨੇ ਆਪਣੀ ਮੰਜੀ ਚੁੱਕੀ ਅਤੇ ਕਮਰੇ ਵਿੱਚੋਂ ਦੀ ਬਾਹਰ ਹੋ ਗਿਆ। ਸਭਨਾਂ ਨੇ ਇਹ ਦ੍ਰਿਸ਼ ਵੇਖਿਆ ਅਤੇ ਹੈਰਾਨ ਹੋਏ, ਉਨ੍ਹਾਂ ਨੇ ਪਰਮੇਸ਼ੁਰ ਦੀ ਉਸਤਤਿ ਕੀਤੀ ਅਤੇ ਕਿਹਾ, “ਅਸੀਂ ਇਸ ਤਰ੍ਹਾਂ ਦੀ ਹੈਰਾਨੀ ਜਨਕ ਗੱਲ ਪਹਿਲਾਂ ਕਦੇ ਵੀ ਨਹੀਂ ਵੇਖੀ।”
2010 by World Bible Translation Center